ਸੁੱਚੇ ਪੱਥਰ (ਹਾਇਬਨ)
ਕਹਿੰਦੇ ਨੇ ਕਿ ਜਦ ਕੁਦਰਤ ਹਰਿਆਵਲ ਦੀ ਬੰਸਰੀ ਵਜਾਉਂਦੀ ਹੈ ਤਾਂ ਬੁੱਕਲ਼ 'ਚ ਪੂਰਾ ਬ੍ਰਹਿਮੰਡ ਆ ਸਮਾਉਂਦਾ ਹੈ। ਇਓਂ ਲੱਗਦਾ ਸੀ ਜਿਵੇਂ ਕੋਈ ਖੰਭ ਪਸਾਰਦੀ ਤਿਤਲੀ ਨੇ ਕਿਸੇ ਫੁੱਲਵਾੜੀ ਦੇ ਸੁਹੱਪਣ ਨੂੰ ਆਪਣੇ ਕਮਰੇ 'ਚ ਲਿਆ ਸਜਾਇਆ ਹੋਵੇ। ਰੰਗਾਂ ਦੇ ਅਦਭੁੱਤ ਸੁਮੇਲ ਵਾਲ਼ੀ ਵੱਡੀ ਰੰਗੀਨ ਪੇਂਟਿੰਗ ਸਾਹਮਣੇ ਕੰਧ 'ਤੇ ਵਿਖਾਈ ਦੇ ਰਹੀ ਹੈ। ਰੰਗਾਂ ਦੀ ਚੋਣ ਉਸ ਨੇ ਆਪਣੇ ਚੌਗਿਰਦੇ ਵਿੱਚੋਂ ਹੀ ਕੀਤੀ ਲੱਗਦੀ ਹੈ। ਖੁੱਲ੍ਹੇ ਨੀਲੇ ਅੰਬਰ ਦੀ ਛੱਤ ਹੇਠ ਕਾਦਰ ਦੀ ਖੂਬਸੂਰਤੀ ਪੱਤਿਆਂ ਤੋਂ ਵਿਹੂਣੇ ਪਰ ਗ਼ੁਲਾਬੀ ਰੰਗ ਦੀ ਭਾਅ ਮਾਰਦੇ ਰੁੱਖਾਂ 'ਚੋਂ ਝਲਕਦੀ ਉਸ ਦੀਆਂ ਭਾਵਨਾਵਾਂ ਦੀ ਗਵਾਹੀ ਭਰ ਰਹੀ ਸੀ।ਐਨ ਵਿਚਕਾਰ ਵਿੰਗੀ ਟੇਡੀ ਪਗਡੰਡੀ ਆਪਣੇ ਵਿਲੱਖਣ ਅੰਦਾਜ਼ 'ਚ ਪਾਂਧੀਆਂ ਨੂੰ ਮੰਜ਼ਿਲ ਵੱਲ ਪੁਲਾਂਘਾ ਭਰਦੇ ਰਹਿਣ ਵੱਲ ਪ੍ਰੇਰਦੀ ਹੈ। ਦੂਜੀ ਕੰਧ 'ਤੇ ਕਾਲ਼ੇ ਤੇ ਸੁਰਮਈ ਰੰਗੇ ਪੱਤਿਆਂ ਨੂੰ ਕੁਝ ਪਰਛਾਵਿਆਂ ਸੰਗ ਜੀਵਨ ਦੀਆਂ ਮੁਸ਼ਕਲਾਂ ਤੇ ਖ਼ਿਆਲਾਂ ਨੂੰ ਕੈਨਵਸ 'ਤੇ ਲਿਆ ਉਤਾਰਿਆ ਹੈ। ਇੱਕ ਪਾਸੇ ਮੇਜ਼ 'ਤੇ ਇੱਕ ਬੋਨਸਾਈ ਤੁਰਦੀ ਫਿਰਦੀ ਕਲਾ ਦਾ ਪ੍ਰਤੀਕ ਉਸ ਦੀਆਂ ਕਲਾਤਮਿਕ ਛੋਹਾਂ ਨੂੰ ਹੋਰ ਪਕੇਰਾ ਕਰ ਰਿਹਾ ਹੈ। ਖੁੱਲ੍ਹੀਆਂ ਹਵਾਵਾਂ ਦੀ ਖੁਸ਼ਬੂ ਹੁਣ ਵੀ ਉਸ ਦੇ ਦੁਆਲ਼ੇ ਅਠਖੇਲੀਆਂ ਕਰਦੀ ਜਾਪਦੀ ਹੈ।
ਕਹਿੰਦੇ ਨੇ ਕਿ ਕਾਇਨਾਤ ਖੁਦ ਕੈਦੀ ਨਹੀਂ ਬਣਦੀ ਸਗੋਂ ਧੁਰ ਅੰਦਰ ਤੱਕ ਲਹਿ ਕੇ ਆਪੇ ਨੂੰ ਕੈਦ ਕਰ ਲੈਂਦੀ ਹੈ। ਇਓਂ ਲੱਗਦਾ ਸੀ ਕਿ ਉਹ ਵੀ ਕਾਇਨਾਤ ਬਣ ਫ਼ੈਲਣਾ ਲੋਚਦੀ ਹੈ। ਕੁਦਰਤਦਾਨ ਰਮਣੀਕ ਰਾਹਵਾਂ 'ਤੇ ਉਹ ਨਿੱਤ ਨਵੀਨ ਪੁਲਾਂਘਾਂ ਭਰਦੀ ਹੈ। ਉਸ ਦੀ ਖ਼ਵਾਬਗਾਹ ਕਦੋਂ ਚਿੱਤਰਸ਼ਾਲਾ ਬਣ ਗਈ ਸੀ ਪਤਾ ਹੀ ਨਾ ਲੱਗਾ। ਹੁਣ ਵੀ ਉਹ ਆਪਣੀ ਚਿੱਤਰਸ਼ਾਲਾ 'ਚ ਬੈਠੀ ਪੋਟਿਆਂ ਦੀ ਛੋਹ ਨਾਲ਼ ਰੰਗਾਂ ਨੂੰ ਨਵੇਂ ਅਰਥਾਂ 'ਚ ਢਾਲ਼ ਰਹੀ ਹੈ। ਅੰਤਰੀਵੀ ਮਨ ਦੀ ਆਵਾਜ਼ ਨੂੰ ਸਜੀਵ ਕਰ ਰਹੀ ਹੈ। ਕੈਨਵਸ ਧਰਾਤਲ 'ਤੇ ਅਣਗੌਲ਼ੇ ਬੇਜਾਨ ਪੱਥਰਾਂ ਨੂੰ ਬੜੇ ਸਲੀਕੇ ਨਾਲ ਰੂਹਕਸ਼ ਬਣਾ ਰਹੀ ਹੈ। ਇਹ ਅਣਘੜਤ ਪੱਥਰ ਉਸ ਦੇ ਰੰਗਾਂ 'ਚ ਘੁਲ਼ਦੇ ਲੱਗਦੇ ਨੇ," ਅਣਤਰਾਸ਼ੇ ਪੱਥਰ ਆਪਣੀ ਲਿਸ਼ਕ ਕਦੇ ਇੱਕ ਦੂਜੇ ਨਾਲ਼ ਖਹਿ ਕੇ ਤੇ ਕਦੇ ਤੇਜ਼ ਪਾਣੀ ਦੇ ਵਹਾਓ ਨਾਲ਼ ਅਖ਼ਤਿਆਰ ਕਰਦੇ ਨੇ। ਤਰਲ ਬੂੰਦਾਂ ਝਰਨਿਆਂ ਰੂਪੀ ਛੱਲਾਂ ਸੰਗ ਮਿਲ ਜਦ ਬੇਜਾਨ ਪੱਥਰਾਂ 'ਤੇ ਡਿੱਗਦੀਆਂ ਨੇ ਤਾਂ ਫ਼ਿਜ਼ਾ ਸੰਗੀਤਮਈ ਬਣ ਜਾਂਦੀ ਹੈ। ਸੁੱਚਾ ਸੋਚ ਵਹਾਓ ਅਣਗੌਲ਼ੀ ਸੁੰਦਰ ਪਰ ਪੱਥਰ ਸਮਝੀ ਜਾਣ ਵਾਲ਼ੀ ਆਤਮਾ ਨੂੰ ਤਰਾਸ਼ ਹੀਰਾ ਬਣਾ ਦੇਣ ਯੋਗ ਹੁੰਦੈ। "
ਕਹਿੰਦੇ ਨੇ ਕਿ ਪੱਥਰਾਂ ਨੂੰ ਪਾਰਸ ਕਿਰਤੀ ਦੇ ਹੱਥ ਬਣਾਉਂਦੇ ਨੇ। ਬੁਰਸ਼ ਰੰਗਾਂ ਸੰਗ ਨ੍ਰਿਤ ਕਰਦੀਆਂ ਉਸ ਦੀਆਂ ਕਲਾਈਆਂ ਲਫ਼ਜ਼ਾਂ ਤੋਂ ਪਾਰ ਦੀ ਕੋਈ ਬਾਤ ਪਾਉਂਦੀਆਂ ਜਾਪ ਰਹੀਆਂ ਨੇ, " ਸੁੱਕੀ ਮਿੱਟੀ ਦੇ ਡੱਲਿਆਂ 'ਤੇ ਪਈ ਤ੍ਰੇਲ ਨਾਲ਼ ਉੱਠਦੀ ਮਿਟਿਆਲੀ ਮਹਿਕ ਪੌਣਾਂ 'ਚ ਘੁਲ਼ਦੀ ਮਨ ਨੂੰ ਧੂਹ ਪਾਉਂਦੀ ਹੈ। ਰਾਹ ਪਏ ਪੱਥਰ ਵੀ ਕਾਇਨਾਤ ਦਾ ਹੀ ਹਿੱਸਾ ਨੇ। ਗੱਲ ਤਾਂ ਨਜ਼ਰੀਏ ਦੀ ਏ। ਤਰਾਸ਼ਣ ਨਾਲ਼ ਅਮੁੱਲੇ ਬਣ ਜਾਂਦੇ ਨੇ ਤੇ ਇਸੇ ਦੌਲਤ ਨਾਲ਼ ਰੂਹ ਮੰਦਰ ਦੀ ਸਿਰਜਣਾ ਹੁੰਦੀ ਹੈ।"
ਪਰਦੇ ਤੋਂ ਸੱਖਣੀ ਖਿੜਕੀ ਰਾਹੀਂ ਫ਼ੈਲਦੀਆਂ ਧੁੱਪ ਕਿਰਨਾਂ 'ਚ ਉਸ ਦਾ ਜਾਦੂਮਈ ਸਪਰਸ਼ ਹੱਥਲੀ ਕਲਾ ਕਿਰਤ ਨੂੰ ਹੋਰ ਸੰਜੀਵਤਾ ਦੇ ਰਿਹਾ ਸੀ। ਸੱਜਰੇ ਰੰਗਾਂ ਦੀ ਨਿਵੇਕਲੀ ਰੰਗ ਲੀਲਾ ਉਸ ਦੀਆਂ ਕਲਾਤਿਮਕ ਤਲੀਆਂ 'ਤੇ ਅਲੌਕਿਕ ਸਿਰਜਣਾ ਦਾ ਸ਼ਗਨ ਧਰਦੀ ਜਾਪ ਰਹੀ ਸੀ। ਉਸ ਦੀ ਕਲਾ ਦਾ ਅੰਗ ਅੰਗ ਕਿਸੇ ਅਨੂਠੇ ਪ੍ਰਤੀਬਿੰਬ ਨੂੰ ਸਿਰਜਦਾ ਹੁਣ ਕੋਈ ਉੱਚਤਮ ਬਾਤ ਪਾ ਰਿਹਾ ਸੀ ਤੇ ਉਸ ਨਾਲ਼ ਸਮਾਂ ਹੁੰਗਾਰਾ ਭਰ ਰਿਹਾ ਸੀ। ਉਸ ਨੇ ਅੰਗੜਾਈ ਭਰਦਿਆਂ ਮੋਹ ਭਰੀ ਤੱਕਣੀ ਨਾਲ਼ ਆਪਣੀ ਖ਼ਵਾਬਗਾਹ 'ਚ ਖਿੜੇ ਚਾਨਣ ਦੀ ਲੋਅ 'ਚ ਅੱਜ ਕਿਸੇ ਅਨੰਤ ਸੁਹੱਪਣ ਨੂੰ ਛੂਹ ਲਿਆ ਸੀ।
ਰੰਗ ਗੜੁਚੇ
ਕੈਨਵਸ 'ਤੇ ਖਿੰਡੇ
ਪੱਥਰ ਸੁੱਚੇ।
ਡਾ. ਹਰਦੀਪ ਕੌਰ ਸੰਧੂ
ਪੱਥਰ ਸੁੱਚੇ।
ਡਾ. ਹਰਦੀਪ ਕੌਰ ਸੰਧੂ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ