ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Nov 2018

ਸਿੰਪਲਜ਼ (ਹਾਇਬਨ) ਡਾ. ਹਰਦੀਪ ਕੌਰ ਸੰਧੂ



ਗਰਮੀ ਦੀ ਇੱਕ ਤਪਦੀ ਦੁਪਹਿਰ ਨੂੰ ਸੂਰਜ ਜੋਰਾਂ 'ਤੇ ਭਖ ਰਿਹਾ ਸੀ। ਵਣ ਤ੍ਰਿਣ ਸਭ ਤਿਹਾਇਆ ਜਾਪ ਰਿਹਾ ਸੀ। ਵਗਦੀ ਖੁਸ਼ਕ ਹਵਾ ਚੁਫ਼ੇਰੇ ਦੀ ਰੰਗਤ ਚੂਸ ਰਹੀ ਜਾਪ ਰਹੀ ਸੀ। ਮੌਸਮ ਦੀ ਬੇਰੁਖੀ ਸ਼ਾਇਦ ਕਮਰੇ ਵਿੱਚ ਵੀ ਉਤਰ ਗਈ ਪ੍ਰਤੀਤ ਹੋ ਰਹੀ ਸੀ। ਟੀ. ਵੀ. 'ਤੇ ਚੱਲਦੇ ਇੱਕ ਵਿਗਿਆਪਨ ਨੇ ਚੁਫ਼ੇਰੇ 'ਚ ਅਚਾਨਕ ਇੱਕ ਮਿੱਠੀ ਜਿਹੀ ਝੁਨਕਾਰ ਛੇੜ ਦਿੱਤੀ,"ਸਿੰਪਲਜ਼" ਜਦੋਂ ਨਿੱਕੇ ਜਿਹੇ ਇੱਕ ਮੀਰਕੈਟ ਨੇ ਆਪਣੇ ਵਿਲੱਖਣ ਅੰਦਾਜ਼ 'ਚ ਇੱਕ ਵਾਰ ਫ਼ੇਰ ਸਿੰਪਲਜ਼ ਕਿਹਾ। ਮੇਰੇ ਬੁੱਲਾਂ 'ਤੇ ਮਿੰਨੇ ਮਿੰਨੇ ਪਲਾਂ ਦੀ ਰੁਮਕਣੀ ਖੁਦ-ਬ-ਖੁਦ ਫ਼ੈਲ ਗਈ ਸੀ। 
ਕਹਿੰਦੇ ਨੇ ਕਿ ਹਰ ਸਾਹ ਨਾਲ਼ ਮਨ ਦੇ ਵਿਹੜੇ ਸਰਘੀ ਉਗਾਉਣਾ ਹੀ ਜ਼ਿੰਦਗੀ ਹੈ। ਏਸ ਵਿਗਿਆਪਨ ਵੱਲ ਮੈਂ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਸੀ ਪਰ ਅੰਤ 'ਚ ਨਿੱਕੇ ਜਿਹੇ ਮੀਰਕੈਟ ਦਾ 'ਸਿੰਪਲਜ਼' ਕਹਿਣਾ ਮੈਨੂੰ ਹਮੇਸ਼ਾਂ ਪ੍ਰਭਾਵਿਤ ਕਰਦਾ ਸੀ। ਮੈਂ ਬੇਧਿਆਨੇ ਹੀ ਓਸ ਦੇ ਸਿੰਪਲਜ਼ ਕਹਿਣ ਤੋਂ ਪਹਿਲਾਂ ਹੀ ਸਿੰਪਲਜ਼ ਕਹਿ ਦਿੰਦੀ ਤੇ ਮੇਰੇ ਦੁਆਲ਼ੇ ਮਿੰਨੀ ਜਿਹੀ ਮੁਸਕਰਾਹਟ ਦੀ ਚਹਿਕਣੀ ਖਿਲਰ ਜਾਂਦੀ। ਹੌਲ਼ੀ ਹੌਲ਼ੀ ਮੇਰੀ ਨਿੱਕੜੀ ਵੀ ਏਸ ਚਹਿਕਣੀ 'ਚ ਸ਼ਾਮਿਲ ਹੋ ਗਈ। ਪਹਿਲਾਂ ਸਾਡੀਆਂ ਨਜ਼ਰਾਂ ਟਕਰਾਉਂਦੀਆਂ ਤੇ ਫ਼ੇਰ ਮਿੱਠੇ ਮਿੱਠੇ ਬੋਲਾਂ 'ਚ ਪਨਪ ਰਹੀ ਲੋਰ ਇੱਕਸੁਰ ਹੋ ਜਾਂਦੀ,"ਸਿੰਪਲਜ਼।" 
ਕਹਿੰਦੇ ਨੇ ਕਿ ਖੁਸ਼ਹਾਲੀ ਦੀ ਕੋਈ ਰੁੱਤ ਨਹੀਂ ਹੁੰਦੀ। ਸਗੋਂ ਇਹ ਤਾਂ ਮੁਸਕਰਾਹਟ ਦੀ ਵਹਿੰਗੀ ਦਾ ਅਮੁੱਲਾ ਗਹਿਣਾ ਹੈ। ਮਨ ਦੇ ਵਿਹੜੇ ਚਾਨਣ ਦੀ ਨੈਂਅ ਦਾ ਵਹਿਣਾ ਹੈ। ਉਸ ਦਿਨ ਨਿੱਕੜੀ ਮੇਰੇ ਸਾਹਵੇਂ ਖੜ੍ਹੀ ਸੀ ਪਿੱਠ ਪਿੱਛੇ ਕੁਝ ਲੁਕੋਈ,"ਥੋੜਾ ਸ਼ਰਮਾਉਂਦੈ ਇਹ।" ਉਸ ਦੇ ਮੁਖੜੇ ਦੀ ਸੰਦਲੀ ਭਾਅ ਤੇ ਅੱਖਾਂ ਦੀ ਚਮਕ ਮੈਨੂੰ ਅਧੀਰ ਕਰ ਰਹੀ ਸੀ,"ਦਿਖਾ ਤਾਂ ਸਹੀ ਕੀ ਲੁਕੋਇਆ ਪਿੱਛੇ।" ਹੁਣ ਉਸ ਦੀ ਮੁਸਕਰਾਹਟ ਨੇ ਫਿਜ਼ਾ ਨੂੰ  ਮਹਿਕਾ ਦਿੱਤਾ ਸੀ,"ਸਿੰਪਲਜ਼।" ਪੱਥਰ ਦੀ ਬਣੀ ਅਤਿ ਮਨਮੋਹਕ ਮੀਰਕੈਟ ਦੀ ਰੰਗੀਨ ਮੂਰਤੀ ਮੇਰੀ ਤਲੀ 'ਤੇ ਟਿਕਾਉਂਦਿਆਂ ਉਸ ਨੇ ਜੀਵਨ ਦੇ ਦਿਸਹੱਦਿਆਂ ਨੂੰ ਅਸੀਮ ਵਿਸਥਾਰ ਦੇ ਦਿੱਤਾ ਸੀ। 
ਕਹਿੰਦੇ ਨੇ ਕਿ ਅਜਿਹੇ ਪਲਾਂ ਦੀ ਭਾਸ਼ਾ ਜਿਸ ਨੂੰ ਸਮਝ ਆ ਜਾਵੇ ਉਹ ਰਸੀਆ ਜ਼ਿੰਦਗੀ ਦੇ ਭਵ ਸਾਗਰ ਤੈਰ ਜਾਵੇ। ਪਤਾ ਨਹੀਂ ਨਿੱਕੜੀ ਨੇ ਮੇਰੀ ਏਸ 'ਸਿੰਪਲਜ਼' ਦੀ ਮੁਸਕਾਨ ਨੂੰ ਆਪਣੀ ਸੂਹੀ ਚੁੰਨੀ ਦੇ ਲੜ ਕਦੋਂ ਬੰਨ ਲਿਆ ਸੀ। ਸੁਪਨੇ 'ਚ ਵੀ ਓਸ ਮੀਰਕੈਟ ਨੂੰ ਲੈਣ ਤੁਰ ਪਈ ਪਰ ਸ਼ਾਇਦ ਓਦੋਂ ਬਣਦੀ ਕੀਮਤ ਅਦਾ ਨਾ ਕਰ ਪਾਈ ਤੇ ਸੱਖਣੀ ਝੋਲ਼ੀ ਮੁੜਨਾ ਪਿਆ। ਏਸ ਸੁਪਨਈ ਅਨੁਭਵ ਨੂੰ ਉਸ ਹਕੀਕਤ 'ਚ ਬਦਲ ਮੇਰੀ ਰੂਹ ਨੂੰ ਖੇੜਿਆਂ ਰੱਤੀ ਕਰ ਦਿੱਤਾ ਸੀ। ਨਿੱਕੜੀ ਹੁਣ ਭਾਵਕ ਵਹਿਣਾ 'ਚ ਵਹਿਣ ਲੱਗੀ,"ਤੂੰ ਪਾਕ ਜਾਪੁ ਜਿਵੇਂ ਕੋਈ ਫ਼ਰਿਸ਼ਤਾ,ਦਿਲ ਭਰੇ ਹੁੰਗਾਰੇ ਏਹੁ ਕੇਹਾ ਰਿਸ਼ਤਾ।" 
ਮੁਸਕਾਨ ਵੰਡਣਾਂ ਕਰਮਯੋਗੀਆਂ ਦੀ ਬੰਦਨਾ ਅਖਵਾਉਂਦੈ। ਇਹਨਾਂ ਹੁਸੀਨ ਪਲਾਂ ਨੇ ਰਿਸ਼ਤਿਆਂ ਦੀ ਖਿੜੀ ਗੁਲਜ਼ਾਰ ਨੂੰ ਖੁਸ਼ਬੂ ਖੁਸ਼ਬੂ ਕਰ ਦਿੱਤਾ ਸੀ। ਨਿੱਕਾ ਮੀਰਕੈਟ ਉਸ ਵਿਗਿਆਪਨ 'ਚੋਂ ਚਾਹੇ ਕਦੇ ਵੀ ਅਲੋਪ ਹੋ ਜਾਵੇ ਪਰ ਮੇਰੀ ਨਿੱਕੜੀ ਨੇ ਉਸ ਨੂੰ ਸੰਦਲੀ ਸਫ਼ਰਨਾਮੇ ਦੀ ਸੁੱਚਮਤਾ 'ਚ ਸ਼ਾਮਿਲ ਕਰ ਲਿਆ ਸੀ। ਮੇਰੇ ਸਾਹਵੇਂ ਪਿਆ ਪੱਥਰ ਦਾ ਮੀਰਕੈਟ 'ਸਿੰਪਲਜ਼' ਕਹਿੰਦਾ ਜੀਵਨ ਸ਼ੈਲੀ ਦੀਆਂ ਤਲੀਆਂ ਨੂੰ ਸ਼ਿੰਗਾਰਦਾ  ਮੁਸਕਾਨ ਦੀ ਮਹਿੰਦੀ ਲਾਉਂਦਾ ਜਾਪ ਰਿਹਾ ਸੀ। ਹੁਣ ਮੌਸਮ 'ਚ ਸੱਚਮੁੱਚ ਸਾਵਾਂਪਣ ਆ ਗਿਆ ਸੀ। ਹਵਾ ਦੀਆਂ ਲਹਿਰਾਂ ਦੀ ਕੂਲ਼ੀ ਛੋਹ ਨੇ ਪੱਤਿਆਂ 'ਚ ਪੈਦਾ ਕੀਤੀ ਕੰਬਣੀ ਸਦਕਾ ਵਾਯੂਮੰਡਲ ਇੱਕ ਨਸ਼ਿਆਈ ਹੋਈ ਗੂੰਜ ਨਾਲ਼ ਭਰ ਗਿਆ ਸੀ। 
ਮੁਸਕਰਾਏ  - 
ਮੇਜ਼ 'ਤੇ ਮੀਰਕੈਟ 
ਨਿੱਕੜੀ ਤੇ ਮੈਂ। 
ਡਾ. ਹਰਦੀਪ ਕੌਰ ਸੰਧੂ 

3 comments:

  1. ਮੇਰਾ ਨਿੱਜੀ ਵਿਚਾਰ:
    ਸਿੰਪਲਜ਼ (ਹਾਇਬਨ ---- ਡਾ. ਹਰਦੀਪ ਕੌਰ ਸੰਧੂ

    ਸਿੰਪਲਜ਼ (ਹਾਇਬਨ) ਨੂੰ,ਜਦ ਮੈਂ ਪਹਿਲੀ ਵਾਰ ਪੜ੍ਹਿਆ ਸੀ ਤਾਂ ਮੇਰੇ ਕੁੱਝ ਬਹੁਤਾ ਪੱਲੇ ਨਹੀਂ ਪਿਆ ਸੀ, ਭਾਵੇਂ ਕਹਾਣੀ ਦੀ ਉਸਾਰੀ ਪ੍ਰਕਿਰਤਿਕ ਮਾਹੌਲ ਸਿਰਜ ਕੇ,ਸੁੰਦਰ ਤਸਵੀਰੀ-ਸ਼ਬਦਾਵਲੀ ਦੀ ਵਰਤੋਂ ਕਰ ਕੇ,ਸੁਹਜ ਕਾਰੀਗਰੀ ਨਾਲ ਬਾਕਮਾਲ ਨੇਪਰੇ ਚੜ੍ਹਾਈ ਹੋਈ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ 'ਮੀਰਕੈਟ' ਸ਼ਬਦ ਮੈਂ ਕਦੇ ਪਹਿਲਾਂ ਸੁਣਿਆ,ਪੜ੍ਹਿਆ ਨਹੀਂ ਸੀ ਅਤੇ ਨਾ ਹੀ ਅਮਰੀਕਾ ਵਿਚ ਇਸ ਬਾਰੇ ਕਿਸੇ ਨੇ ਵਿਗਿਆਪਨ ਦੇ ਤੌਰ 'ਤੇ ਵਰਤੋਂ ਕੀਤੀ ਹੋਵੇ। ਹਾਂ,'ਕੋਕਸ ਕਮਯੂਨਿਕੇਸ਼ਨਜ਼',ਜੋ ਡਿਜੀਟਲ ਕੇਬਲ ਟੈਲੀਵਿਜ਼ਨ, ਦੂਰ ਸੰਚਾਰ ਅਤੇ ਹੋਮ ਆਟੋਮੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਹੈ,ਇਹ ਹਰੇ ਰੰਗ ਦੇ 'ਗੀਕੋ' ਦੀ ਵਰਤੋਂ ਕਰਦੀ ਹੈ,ਜਿਸ ਤਰ੍ਹਾਂ ਆਸਟ੍ਰੇਲੀਆ ਵਾਲੀ ਕੰਪਨੀ 'ਮੀਰਕੈਟ'। ਆਪਣੀ ਇਸ ਅਗਿਆਨਤਾ ਨੂੰ ਘੱਟ ਕਰਨ ਲਈ,ਗੂਗਲ ਸਰਚ-ਇੰਜਨ ਦੀ ਵਰਤੋਂ ਕੀਤੀ ਅਤੇ 'ਮੀਰਕੈਟ' ਬਾਰੇ ਬਹੁਤ ਜਾਣਕਾਰੀ ਪ੍ਰਾਪਤ ਹੋ ਗਈ। ਇਹ ਵੀ ਗਿਆਨ ਪ੍ਰਾਪਤ ਹੋਇਆ ਕਿ 1928 ਵਿਚ ਵਾਲਟ ਡਿਜਨੀ ਨੇ' ਮਿਕੀ ਮਾਊਸ' ਦੀ ਕਲਪਿਤ ਰਚਨਾ ਕੀਤੀ ਸੀ ਅਤੇ ਹੁਣ ਤਕ ਦੁਨੀਆ ਭਰ ਵਿਚ ਅਜਿਹੇ ਸਕੈੱਚਾਂ ਰਾਹੀ ਅਣਗਿਣਤ ਪ੍ਰਕਾਰ ਦੇ ਕਿਰਦਾਰ ਬਣਾਏ ਜਾ ਰਹੇ ਹਨ, ਜੋ ਬਚਿਆਂ ਅਤੇ ਆਮ ਲੋਕਾਂ ਦਾ ਮਨੋਵਿਗਿਆਨਕ ਮਨੋਰੰਜਨ ਕਰ ਰਹੇ ਹਨ।

    ਮੈਂ,ਜਦ ਫਿਰ ਦੂਜੀ ਵਾਰ ਸਿੰਪਲਜ਼ (ਹਾਇਬਨ) ਨੂੰ ਪੜਿਆਂ,ਤਾਂ ਮੈਨੂੰ ਮਹਿਸੂਸ ਹੋਇਆ ਕਿ ਲੇਖਕਾ ਜੋ ਇਸ ਨੂੰ ਵਿਗਿਆਪਨ ਦੇ ਰੂਪ ਵਿਚ,ਕਈ-ਕਈ ਵਾਰ 'ਸਿੰਪਲਜ਼' ਕਹਿੰਦਿਆਂ ਸੁਣਦੀ ਹੈ ਤਾਂ ਜ਼ਰੂਰ ਉਹਦੇ ਸਹਿਜ ਮਨੋਵਿਗਿਆਨਕ ਸੋਚ-ਰੂਪ ਵਿਚ 'ਹਰ ਸਾਹ ਨਾਲ ਮਨ ਦੇ ਵਿਹੜੇ ਸਰਘੀ ਉਗਾਉਣਾ ਹੀ ਜ਼ਿੰਦਗੀ' ਬਣ ਗਿਆ ਹੈ। 'ਮੀਰਕੈਟ' ਨੂੰ 'ਸਿੰਪਲਜ਼' ਕਹਿੰਦਿਆਂ ਸੁਣਨਾ ਹੀ ਉਸ 'ਦੁਆਲੇ ਮਿੰਨੀ ਜਿਹੀ ਮੁਸਕਰਾਹਟ ਦੀ ਚਹਿਕਣੀ' ਖਿੱਲਰਨ ਲੱਗਦੀ ਹੈ। ਫਿਰ ਤਾਂ ਉਸ ਦੀ ਬੇਟੀ ਵੀ ਪੂਰੀ ਤਰ੍ਹਾਂ ਉਸ ਦੇ ਪ੍ਰਭਾਵ ਹੇਠਾਂ ਮੰਤਰ ਮੁਗਧ ਹੋਣ ਲੱਗੀ। ਮਾਂ ਅਤੇ ਧੀ ਦੋਵਾਂ ਦੀਆਂ ਸੋਚ ਪ੍ਰਕਿਰਿਆਵਾਂ ਵਿਚ ਸਮਾਨਤਾ ਆ ਗਈ। ਹੁਣ ਉਸ ਦੀ ਬਾਲੜੀ-ਬੁੱਧ 'ਤੇ 'ਮੀਰਕੈਟ' ਦਾ 'ਸਿੰਪਲਜ਼' ਕਹਿਣਾ ਹੀ ਜੀਵਨ ਦੀ ਖ਼ੁਸ਼ੀ ਦਾ ਸੋਮਾ ਬਣ ਗਿਆ ਸੀ। ਉਹ 'ਰਿਸ਼ਤਿਆਂ ਦੀ ਖਿੜੀ ਗੁਲਜ਼ਾਰ ਨੂੰ ਖ਼ੁਸ਼ਬੂ-ਖ਼ੁਸ਼ਬੂ' ਕਰਨ ਲੱਗਾ। ਉਹ 'ਮੀਰਕੈਟ' ਨੂੰ ਭੌਤਿਕ ਰੂਪ ਵਿਚ ਆਪਣੇ ਆਲੇ-ਦੁਆਲੇ ਦੇਖਣ ਦੇ ਸੁਪਨੇ ਬੀਜਣ ਲੱਗੀ। ਉਸ ਨੇ ਸਹੀ ਸਮਾਂ ਆਉਣ 'ਤੇ ਆਪਣੀ ਇਹ ਅਧੂਰੀ ਸੱਧਰ ਨੂੰ 'ਹਕੀਕਤ 'ਚ ਬਦਲ' ਕੇ ਪੱਥਰ ਦਾ 'ਮੀਰਕੈਟ' ਘਰ ਲੈ ਆਂਦਾ,ਜਿਸ ਨੇ ਮਾਂ ਦੀ 'ਰੂਹ ਨੂੰ ਵੀ ਖੇੜਿਆਂ ਰੱਤੀ' ਕਰ ਦਿੱਤਾ।

    ਇਹ ਵੀ ਤਾਂ ਮਨੋਵਿਗਿਆਨਕ ਮਨੁੱਖੀ ਵਤੀਰੇ 'ਤੇ ਪ੍ਰਭਾਵ ਹੀ ਹੈ ਕਿ ਹਾਇਬਨ ਦੇ ਸ਼ੁਰੂ ਵਿਚ 'ਸੂਰਜ ਜ਼ੋਰਾਂ 'ਤੇ ਭਖ ਰਿਹਾ ਸੀ ਅਤੇ ਮਨ ਦੀ ਤ੍ਰਿਪਤੀ ਪਿੱਛੋਂ 'ਵਾਯੂ-ਮੰਡਲ ਇੱਕ ਨਿਸ਼ਆਈ ਹੋਈ ਗੂੰਜ ਨਾਲ ਭਰ ਗਿਆ ਸੀ।' ਹਰ ਪਾਸੇ ਮੁਸਕਰਾਹਟ ਫੈਲ ਗਈ ਸੀ।

    ਇਹ ਹਾਇਬਨ ਮਨੋਵਿਗਿਆਨ ਵਿਵਹਾਰ, ਭਾਵਨਾਵਾਂ, ਚੇਤੰਨ ਅਤੇ ਸਮੇਂ -ਸਮੇਂ ਦਿਮਾਗ਼ੀ ਪ੍ਰਭਾਵਾਂ ਦਾ ਸੁਮੇਲ ਹੈ,ਜਿਸ ਨੂੰ ਡਾ. ਹਰਦੀਪ ਕੌਰ ਸੰਧੂ ਨੇ ਬਹੁਤ ਸੋਹਣੇ ਕਲਾਤਮਕ ਢੰਗ ਨਾਲ ਰੂਪਮਾਨ ਕੀਤਾ ਹੈ।
    -0-
    ਸੁਰਜੀਤ ਸਿੰਘ ਭੁੱਲਰ- 06-11-2018

    ReplyDelete
  2. nice article. you can send article also for our daily punjabi newspaper https://epaper.azadsoch.in

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ