ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Apr 2019

ਤੰਦ ਸਫ਼ਰ (ਹਾਇਬਨ) ਡਾ. ਹਰਦੀਪ ਕੌਰ ਸੰਧੂਮਿੱਸਾ ਜਿਹਾ ਮੌਸਮ ਸੀ ਬੇ-ਇਤਬਾਰਾ ਜਿਹਾ। ਕਦੇ ਮੱਧਮ ਜਿਹੀ ਧੁੱਪ ਕੋਸੀ -ਕੋਸੀ ਲੱਗਦੀ ਤੇ ਕਦੇ ਸਿਆਹ ਹੋਏ ਬੱਦਲ਼ ਧੁੰਦ ਜਿਹੀ ਬਣ ਕੇ ਲੰਘ ਜਾਂਦੇ। ਨਾ ਬਹਾਰਾਂ ਦੀ ਰੁੱਤ ਸੀ ਤੇ ਨਾ ਹੀ ਰੁਮਕਦੀਆਂ ਪੌਣਾਂ ਦਾ ਮੌਸਮ। ਕੋਈ ਸੁਖਨ ਸੁਗੰਧੀ ਮਨ ਨੂੰ ਮੁਅੱਤਰ ਨਹੀਂ ਕਰ ਰਹੀ ਸੀ। ਮੈਂ ਮਹੀਨ ਰੇਸ਼ਮੀ ਪਰਦੇ ਨੂੰ ਪਰ੍ਹਾਂ ਕਰਦਿਆਂ ਖਿੜਕੀ 'ਚੋਂ ਬਾਹਰ ਝਾਤੀ ਮਾਰੀ। ਇਓਂ ਲੱਗਾ ਜਿਵੇਂ ਰੱਬ ਨੇ ਕਿਸੇ ਵਿਸ਼ਾਲ ਕੈਨਵਸ 'ਤੇ ਚਿੱਤਰਕਾਰੀ ਕੀਤੀ ਹੋਵੇ। 
ਮੇਰੇ ਚੌਗਿਰਦੇ ਵਿੱਚ ਹੁਣ ਸਿੱਥਲਤਾ ਆ ਗਈ ਸੀ। ਮਨ ਦੀਆਂ ਪਿਲੱਤਣਾਂ ਦਾ ਰੰਗ ਵਜੂਦ 'ਤੇ ਹਾਵੀ ਹੁੰਦਾ ਜਾਪ ਰਿਹਾ ਸੀ।ਮੇਰੇ ਸਾਹਵੇਂ ਪਈ ਸੱਖਣੀ ਕੈਨਵਸ ਅਤੇ ਬਿਖਰੇ ਰੰਗ ਮੇਰੇ ਹੱਥਾਂ ਦੀ ਛੋਹ ਨੂੰ ਬੜੇ ਚਿਰ ਤੋਂ ਉਡੀਕ ਰਹੇ ਸਨ। ਕੀ ਚਿਤਰਨਾ ਹੈ ਪਤਾ ਨਹੀਂ ਲੱਗ ਰਿਹਾ ਸੀ ? ਮੇਰੇ ਰੰਗ ਏਸ ਕੈਨਵਸ ਨੂੰ ਕੱਜਣ ਤੋਂ ਮਹਿਰੂਮ ਹੋਣ ਦੇ ਰਾਹ 'ਤੇ ਕਿਉਂ ਖਿਲਰ ਗਏ ਸਨ ? ਸ਼ਾਇਦ ਵਕਤ ਹੀ ਏਸ ਗੱਲ ਦੀ ਹਾਮੀ ਭਰ ਸਕਦਾ ਸੀ।  
ਸਮੇਂ ਦੀ ਸਰਦਲ 'ਤੇ ਹੌਲ਼ੇ -ਹੌਲ਼ੇ ਪੱਬ ਧਰਦਿਆਂ ਮੈਂ ਅਵਚੇਤਨ 'ਚ ਕਿਧਰੇ ਗੁਆਚਦੀ ਜਾ ਰਹੀ ਸੀ। ਬਚਪਨ ਵਿੱਚ ਜਿੱਥੇ ਮਹਿਕਾਂ ਵਰਗੇ ਸੁਪਨੇ ਬੁਣਦਿਆਂ ਪਾਕ ਤਰੰਗਾਂ ਦਾ ਮਸਤਕ 'ਚ ਘੁਲਣਾ ਆਮ ਜਿਹਾ ਵਰਤਾਰਾ ਸੀ। ਗੁੜਤੀ 'ਚ ਮਿਲ਼ੀ ਤੇ ਮਨ 'ਚ ਵਸਦੀ ਕਲਾ ਕੈਨਵਸ ਦੀ ਅਣਹੋਂਦ ਦਾ ਵੀ ਅਹਿਸਾਸ ਨਾ ਹੋਣ ਦਿੰਦੀ। ਕਦੇ ਕਿਸੇ ਪੱਥਰ ਨੂੰ ਕੈਨਵਸ ਬਣਾ ਲੈਂਦੀ ਤੇ ਕਦੇ ਪਰਚੇ ਦੇਣ ਵਾਲ਼ੇ ਪੁਰਾਣੇ ਸਕੂਲੀ ਫੱਟੇ ਨੂੰ। ਹੁਣ ਓਸ ਖੁਰਦਰੇ ਜਿਹੇ ਧਰਾਤਲ 'ਤੇ ਬਣਾਈ ਮਨਮੋਹਣੀ ਰੰਗੀਨ ਗੁੱਡੀ ਦਾ ਚਿੱਤਰ ਮੇਰੇ ਸਾਹਵੇਂ ਆਣ ਖਲੋਤਾ ਸੀ। ਸੂਹੇ ਰੱਤੇ ਰੰਗ ਦੀ ਝਾਲਰ ਵਾਲ਼ੀ ਫ਼ਰਾਕ ਤੇ ਪੈਰੀਂ ਮੌਜੇ ਪਾਈ ਖੂਬਸੂਰਤ ਜਿਹੀ ਗੁੱਡੀ ਮੇਰੀ ਕਲਪਨਾ 'ਚੋਂ ਨਿਕਲ਼ ਸਜੀਵ ਹੋਣ ਲੱਗੀ । ਰੰਗ -ਬੁਰਸ਼ ਸੰਗ ਮੇਰੇ ਪੋਟਿਆਂ ਦੀ ਛੋਹ ਨਾਲ਼ ਫ਼ੇਰ ਜਿਵੇਂ ਉਹ ਨੱਚਣ ਲੱਗ ਗਈ ਹੋਵੇ। ਕਿੰਨਾ ਹੀ ਚਿਰ ਉਹ ਸਾਡੇ ਘਰ ਕੰਧ ਦਾ ਸ਼ਿੰਗਾਰ ਬਣੀ ਰਹੀ। ਨਿੱਕੇ ਹੁੰਦਿਆਂ ਮੇਰੀ ਮਾਂ ਇੰਝ ਹੀ ਮੈਨੂੰ ਰੀਝਾਂ ਨਾਲ਼ ਸਜਾਉਂਦੀ ਸੀ। ਓਦੋਂ ਸ਼ਾਇਦ  ਇਹ ਮੈਂ ਖੁਦ ਨੂੰ ਹੀ ਚਿਤਰਿਆ ਹੋਵੇ ਪਤਾ ਨਹੀਂ ? 
ਜੀਵਨ ਨੂੰ ਸੰਦਲੀ ਪਲਾਂ ਦਾ ਸੰਧਾਰਾ ਬਣਾਉਂਦੀਆਂ ਪੈੜਾਂ ਨੇ ਵਿਆਹ ਮਗਰੋਂ ਮੈਨੂੰ ਅਗਲੇਰੇ ਪੰਧ ਦਾ ਰਾਹੀ ਬਣਾ ਦਿੱਤਾ ਸੀ । ਪਰ ਕਲਾ ਮੇਰੇ ਅੰਗ -ਸੰਗ ਹੋ ਤੁਰਦੀ ਰਹੀ। ਮਾਂ ਦੀ ਪੁਆਈ ਕਸੀਦੇ ਸੰਗ ਸਾਂਝ ਦੀ ਅਮੁੱਲੀ ਸੌਗਾਤ ਨੂੰ ਮੈਂ ਬੜੇ ਸਲੀਕੇ ਨਾਲ਼ ਸਾਂਭ ਕੇ ਰੱਖਿਆ ਹੋਇਆ ਸੀ। ਇੱਕ ਦਿਨ ਅਚਨਚੇਤ ਓਸੇ ਰੰਗੀਨ ਗੁੱਡੀ ਨੂੰ ਧਾਗਿਆਂ ਸੰਗ ਪਰੁੰਨਣ ਦਾ ਖ਼ਿਆਲ ਆਇਆ। ਉਸ ਗੁੱਡੀ ਨੇ ਕਸੀਦੇ ਦਾ ਭਾਗ ਬਣਦਿਆਂ ਬੁਰਸ਼ ਤੋਂ ਰੰਗ -ਪਰੰਗ ਧਾਗਿਆਂ ਤੱਕ ਦਾ ਸਫ਼ਰ ਤਹਿ ਕੀਤਾ। ਇਹ ਤੰਦ ਸਫ਼ਰ ਕਤਈ ਸੁਖਾਵਾਂ ਨਹੀਂ ਸੀ। ਬੁਰਸ਼ ਛੋਹਾਂ ਰਾਹੀਂ ਰੰਗਾਂ ਦੇ ਮਾਧਿਅਮ ਹੋਈ ਚਿੱਤਰਕਾਰੀ ਨੂੰ ਗਿਣਵੇਂ ਤੋਪਿਆਂ 'ਚ ਢਲਣ ਲਈ ਸਹਿਜ ਤੇ ਠਰ੍ਹੰਮਾ ਅਤਿਅੰਤ ਲੋੜੀਂਦੇ ਸਨ। ਇਨ੍ਹਾਂ ਦੋਹਾਂ ਦੇ ਸਹੀ ਸੁਮੇਲ ਨੇ ਅਣਭੋਲ ਗੁੱਡੀ ਦੇ ਮੁੱਖੜੇ 'ਤੇ ਨੂਰ ਡਲਕਣ ਲਾ ਦਿੱਤਾ ਸੀ । ਫ਼ੇਰ ਓਹੀਓ ਫ਼ਰਾਕ ਤੇ ਓਹੀਓ ਮੌਜੇ । ਬੜੇ ਚਾਵਾਂ ਨਾਲ ਉਸ ਦੇ ਵਾਲਾਂ 'ਚ ਸੂਹੇ ਫ਼ੁੱਲ ਵੀ ਗੁੰਦੇ। ਇਉਂ ਲੱਗਦਾ ਸੀ ਜਿਵੇਂ ਕਿਸੇ ਪਰੀ ਨੇ ਆਣ ਖ਼ਾਮੋਸ਼ ਕੰਧਾਂ ਨੂੰ ਬੋਲਣ ਲਾ ਦਿੱਤਾ ਹੋਵੇ। ਪਰ ਏਸ ਵਾਰ ਸਾਹ -ਜਿੰਦ ਵਰਗੀ ਨੇੜਤਾ ਜਿਹੀ ਮੇਰੀ ਲਾਡੋ ਨੂੰ ਸ਼ਾਇਦ ਮੈਂ ਕਿਆਸਿਆ ਹੋਵੇ। ਹੁਣ ਲਾਡੋ ਵੀ ਰੰਗ ਬੁਰਸ਼ ਤੋਂ ਤੰਦ ਸਫ਼ਰ ਦੀ ਮੇਰੇ ਸੰਗ ਭਾਗੀ ਬਣਦੀ ਰਹਿੰਦੀ ਹੈ। 
ਅਚਨਚੇਤ ਮੈਨੂੰ ਫੇਰ ਓਸ ਸੱਖਣੀ ਕੈਨਵਸ ਦਾ ਫ਼ੇਰ ਖ਼ਿਆਲ ਆਇਆ। ਏਸ ਵਾਰ ਆਪੂੰ ਹੀ ਉਹ ਤਸਵੀਰ ਉੱਘੜਨ ਲੱਗੀ ਜੋ ਏਸ ਕੈਨਵਸ ਦਾ ਸ਼ਾਇਦ ਕਦੇ ਭਾਗ ਬਣੇ। ਹੌਲ਼ੀ -ਹੌਲ਼ੀ ਤਿੰਨ ਆਕਾਰ ਸਾਕਾਰ ਹੋਣ ਲੱਗੇ। ਸਿਰ 'ਤੇ ਗਾਗਰਾਂ ਚੁੱਕੀ ਮਾਂ, ਲਾਡੋ ਤੇ ਮੈਂ। ਮਾਂ ਦੀ ਗਾਗਰ 'ਚੋਂ ਛਲਕਦਾ ਅੰਮ੍ਰਿਤ ਸਾਡੇ ਦੋਹਾਂ ਦੇ ਵਜੂਦ ਨੂੰ ਸਰਸ਼ਾਰ ਕਰੀ ਜਾ ਰਿਹਾ ਸੀ।ਹੁਣ ਬਾਹਰ ਹਲਕੀ ਕਿਣਮਿਣ ਹੋਣ ਲੱਗੀ ਸੀ। ਹਵਾ ਦੇ ਰੁਮਕਦੇ ਬੁੱਲਿਆਂ ਸੰਗ ਆਉਂਦੀਆਂ ਫ਼ੁਹਾਰ ਬੂੰਦਾਂ ਕਿਸੇ ਅਣਮੁੱਲੀ ਮਹਿਕ ਦਾ ਅਹਿਸਾਸ ਕਰਵਾ ਰਹੀਆਂ ਸਨ। ਰੰਗਾਂ ਦੀ ਵਿਲੱਖਣਤਾ 'ਚ ਹਰ ਸ਼ੈਅ ਖੁਦ ਗੱਲਾਂ ਕਰਦੀ ਜਾਪਦੀ ਸੀ। 

ਖੁੱਲ੍ਹੀ ਖਿੜਕੀ 
ਭਿੱਜ ਰਹੀ ਫ਼ੁਹਾਰ 
ਲਾਡੋ ਮੈਂ ਤੇ ਮਾਂ। 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ