ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Apr 2019

ਪਗਡੰਡੀ (ਹਾਇਬਨ )ਡਾ. ਹਰਦੀਪ ਕੌਰ ਸੰਧੂ

緑の芝生の草の上の足跡 写真素材 - 28463142

ਪੱਤਝੜ ਦੀ ਸਵੇਰ ਸਾਫ਼ ਤੇ ਧੁੱਪ ਵਾਲੀ ਸੀ। ਕਈ ਦਿਨਾਂ ਦੀ ਬੂੰਦਾ -ਬਾਂਦੀ ਤੋਂ ਬਾਅਦ ਅੱਜ ਦਿਨ ਦਾ ਹੁਸਨ ਕੁਝ ਵਧੇਰੇ ਹੀ ਨਿਖਰਿਆ ਹੋਇਆ ਲੱਗ ਰਿਹਾ ਸੀ। ਆਲ਼ਾ - ਦੁਆਲ਼ਾ ਭਾਵੇਂ ਬਿਲਕੁਲ ਸ਼ਾਂਤ ਸੀ ਪਰ ਫ਼ੇਰ ਵੀ ਅੱਜ ਸਾਝਰੇ ਹੀ ਅੱਖ ਖੁੱਲ੍ਹ ਗਈ ਸੀ। ਲਾਲ -ਸੁਰਖ਼ ਸੂਰਜ ਦਾ ਗੋਲ਼ਾ ਪੱਤਿਆਂ 'ਚੋਂ ਝਰਦਾ ਵਿਹੜੇ 'ਚ ਖਿਲਰਦਾ ਜਾਪਦਾ ਸੀ। ਮਨ ਦੇ ਵਲਵਲਿਆਂ 'ਚੋਂ ਉਠਦੀਆਂ ਖੁਸ਼ੀ ਭਰੀਆਂ ਤਰੰਗਾਂ ਰੌਸ਼ਨੀ ਦੀਆਂ ਅਣਗਿਣਤ ਰਿਸ਼ਮਾਂ 'ਚ ਘੁਲ਼ਦੀਆਂ ਜਾਪ ਰਹੀਆਂ ਸਨ। 
ਵਕਤ ਅੱਜ ਠੁਮਕ -ਠੁਮਕ ਪੱਬ ਧਰ ਰਿਹਾ ਸੀ। ਪਰ ਮੇਰਾ ਮਨ ਉਸ ਨੂੰ ਮਿਲਣ ਲਈ ਬਹੁਤ ਕਾਹਲ਼ਾ ਸੀ। ਮੈਨੂੰ ਕੱਲ ਹੀ ਪਤਾ ਲੱਗਾ ਸੀ ਕਿ ਉਹ ਮੇਰੇ ਹੀ ਗਰਾਂ ਰਹਿੰਦੀ ਹੈ। ਸਮੇਂ ਦੀ ਧੂੜ 'ਚ ਗੁਆਚੀਆਂ ਪੈੜਾਂ ਅੱਜ ਫ਼ੇਰ ਇੱਕਮਿਕ ਹੋਣ ਜਾ ਰਹੀਆਂ ਸਨ। ਮਾਂ ਨੇ ਰਿਸ਼ਤਿਆਂ ਦੇ ਪਹਿਆਂ ਦੀ ਪਛਾਣ ਸਿਰਜਦੀ ਛੋਹ ਨਾਲ਼ ਵਿਸਰ ਗਈਆਂ ਪਗਡੰਡੀਆਂ ਨੂੰ ਚੇਤੇ ਕਰਾਇਆ," ਉਸ ਦਾ ਪੜਦਾਦਾ ਤੇ ਤੇਰਾ ਦਾਦਾ ਸਕੇ ਭਰਾ ਸਨ। ਇੱਕੋ ਮਾਂ ਜਾਏ ਇੱਕੋ ਵਿਹੜੇ ਖੇਡੇ। ਜਾ ਕੇ ਉਸ ਨੂੰ ਮਿਲ਼ ਆਈਂ।" 
ਕਹਿੰਦੇ ਨੇ ਕਿ ਇਹ ਰਿਸ਼ਤੇ ਸਮੁੰਦਰੋਂ ਡੂੰਘੇ ਦਿਲ ਹੀ ਇਨ੍ਹਾਂ ਨੂੰ ਜਾਣੇ। ਸੁੱਚੇ ਰਿਸ਼ਤੇ ਤਾਂ ਕਰਮਾਂ ਵਾਲ਼ਿਆਂ ਨੂੰ ਮਿਲ਼ਦੇ ਨੇ।ਉਸ ਬਾਰੇ ਲਗਾਈਆਂ ਕਿਆਸ ਅਰਾਈਆਂ ਨੂੰ ਆਖ਼ਿਰ ਉਸ ਦੀ ਨਿੰਮੀ ਮੁਸਕਾਨ ਨੇ ਹੁਣ ਵਿਰਾਮ ਲਾ ਦਿੱਤਾ ਸੀ। ਉਸ ਦੀ ਨਿੱਘੀ ਗਲਵੱਕੜੀ ਨੇ ਅਣਕਿਹਾ ਬਹੁਤ ਕੁਝ ਆਪੂੰ ਹੀ ਕਹਿ ਦਿੱਤਾ ਸੀ। ਫਿਜ਼ਾਵਾਂ 'ਚ ਕਿਸੇ ਮਿੱਠੇ ਸੁਰ ਦੀ ਲੱਗੀ ਛਹਿਬਰ ਸੁਣਾਈ ਦੇਣ ਲੱਗੀ । ਮੇਰੇ ਮਨ ਦੀ ਕੈਨਵਸ 'ਤੇ ਉਲੀਕਿਆ ਅਣਜਾਣ ਚਿਹਰਾ ਉਸ ਦੀ ਮਾਸੂਮੀਅਤ ਨਾਲ਼ ਮੇਚ ਖਾ ਰਿਹਾ ਸੀ। ਉਸ ਦੇ ਬੁੱਲਾਂ 'ਤੇ ਸੁਖਦ ਪਲਾਂ ਦੀ ਰੁਮਕਣੀ ਸੀ, " ਮੈਂ ਵੀ ਅੱਜ ਸਵੱਖਤੇ ਹੀ ਜਾਗ ਗਈ ਸਾਂ। ਬੱਸ ਥੋਨੂੰ ਹੀ 'ਡੀਕਦੀ ਸੋਚ ਰਹੀ ਸਾਂ ਕਿ ਇਹ ਮਿਲਣੀ ਕਿਹੋ ਜਿਹੀ ਹੋਵੇਗੀ ?" ਉਹ ਬਹੁਤ ਕੁਝ ਤੇ ਸਾਰਾ ਕੁਝ ਮੇਰੇ ਨਾਲ਼ ਹੁਣੇ ਹੀ ਸਾਂਝਾ ਕਰਨਾ ਲੋਚਦੀ ਸੀ। ਉਹ ਨਿਰੰਤਰ ਗੱਲਾਂ ਕਰੀ ਜਾ ਰਹੀ ਸੀ। 
ਜੀਵਨ ਸਮੁੰਦਰ 'ਚ ਗੋਤੇ ਲਾਉਂਦਿਆਂ ਕਈ ਵਾਰ ਅਸੀਂ ਸੁੱਚੀਆਂ ਲਹਿਰਾਂ ਜਿਹੇ ਰਿਸ਼ਤਿਆਂ ਦਾ ਭਾਗ ਬਣਦੇ ਹਾਂ। ਸੰਗੀਤਕ ਸੰਵਾਦ ਰਚਾਉਂਦੇ ਹਾਂ। ਮੇਰੇ ਕੋਲ਼ ਵੀ ਮੇਰੀ ਮਾਂ ਦਾ ਦਿੱਤਾ ਯਾਦਾਂ ਦਾ ਭਰਿਆ ਛੱਜ ਸੀ ਜੋ ਮੈਂ ਅੱਜ ਉਸ ਦੀ ਝੋਲ਼ੀ ਪਾਉਣ ਆਈ ਸਾਂ। " ਕੁੰਡਾ ਖੋਲ੍ਹ ਹਰਨਾਮ ਕੁਰੇ । ਪੱਠਿਆਂ ਦੀ ਭਰੀ ਸਾਈਕਲ 'ਤੇ ਲੱਦੀ ਬਾਹਰ ਖੜ੍ਹੇ ਬਾਪੂ ਨੇ ਉੱਚੀ ਹਾਕ ਮਾਰੀ। ਅੰਦਰ ਧਾਰ ਕੱਢਦੀ ਬੇਬੇ ਨੇ ਗੋਡਿਆਂ 'ਚ ਲਈ ਬਾਲਟੀ ਪਰ੍ਹਾਂ ਧਰਦਿਆਂ "ਜੀ ਮੈਂ ਆਉਂਨੀ ਆਂ" ਕਹਿੰਦਿਆਂ ਆਣ ਝੱਟ ਕੁੰਡਾ ਖੋਲ੍ਹ ਦਿੱਤਾ ਤੇ ਆਪ ਫ਼ੇਰ ਧਾਰ ਕੱਢਣ ਬਹਿ ਗਈ।" ਉਸ ਦੇ ਪੜਦਾਦੇ ਤੇ ਪੜਦਾਦੀ ਦਾ ਮੇਰੀ ਮਾਂ ਦੁਆਰਾ ਚਿੱਤਰਿਆ ਰੇਖਾ ਚਿੱਤਰ ਮੈਂ ਇੰਨ -ਬਿੰਨ ਮੂਹਰੇ ਲਿਆ ਧਰਿਆ ਸੀ । ਵਿਹੜੇ ਤੇ ਮਨ ਸਾਂਝੇ ਸਨ ਉਦੋਂ। ਜਦੋਂ ਕਦੇ ਮੇਰੀ ਮਾਂ ਨੇ ਤਾਈ ਕਾ ਵਿਹੜਾ ਵੀ ਸੰਭਰ ਦੇਣਾ ਤਾਂ ਤਾਏ ਵਾਸਤੇ ਖ਼ਾਸ ਤੌਰ 'ਤੇ ਬਣਾਈ ਮੋਠਾਂ ਦੀ ਦੁੱਧ ਪਾ ਰਿੰਨ੍ਹੀ ਦਾਲ਼ ਦਾ ਸੁਆਦ ਉਹ ਮਾਂ ਨੂੰ ਜ਼ਰੂਰ ਦਿਖਾਉਂਦੀ। 
ਸਾਡੇ ਨੈਣਾਂ ਦੀ ਆਬਸ਼ਾਰ ਗੱਲਾਂ ਦੇ ਬੇਰੋਕ ਵਹਾਓ 'ਚ ਇੱਕ ਦੂਜੇ ਨਾਲ਼ ਅਭੇਦ ਹੁੰਦੀ ਰਹੀ। ਉਸ ਨੇ ਪਿੰਡੋਂ ਆਈ ਮੇਵਿਆਂ ਵਾਲ਼ੀ ਪੰਜੀਰੀ ਜਦੋਂ ਮੇਰੇ ਸਾਹਵੇਂ ਲਿਆ ਧਰੀ ਤਾਂ ਮੈਂ ਛੋਪਲੇ ਹੀ ਓਸ ਖੂਹੀ ਵਾਲ਼ੇ ਵਿਹੜੇ ਜਾ ਖਲੋਈ। ਓਹ ਵੱਡੀ ਸਬਾਤ ਜਿਸ 'ਚ ਸੰਦੂਕਾਂ ਦੀਆਂ ਪਾਲ਼ਾਂ ਨਾਲ਼ ਦੋਹਾਂ ਘਰਾਂ ਦੀ ਨਿਸ਼ਾਨਦੇਹੀ ਕੀਤੀ ਸੀ ਮੇਰੀਆਂ ਅੱਖਾਂ ਦੇ ਹੁਣ ਐਨ ਸਾਹਵੇਂ ਸੀ। ਘਰ ਦੇ ਉਹ ਸਾਰੇ ਜੀਅ ਜਿਨ੍ਹਾਂ ਰਿਸ਼ਤਿਆਂ ਨੂੰ ਦਿਲਾਂ 'ਚ ਵਸਾਇਆ ਧੁੰਦਲੀਆਂ ਯਾਦਾਂ 'ਚੋਂ ਨਿਕਲ਼ ਬਾਹਰ ਆਣ ਖਲੋਏ ਸਨ। ਓਸ ਪਿਆਰ ਨੂੰ ਮੁੜ ਜੀਵੰਤ ਕਰਦਿਆਂ ਅੱਜ ਫ਼ੇਰ ਮੈਂ ਮਾਣ ਰਹੀ ਸਾਂ। ਕਿਸ਼ਮਿਸ਼ ਬਦਾਮਾਂ ਵਾਲ਼ੀ ਖੀਰ ਖਾਂਦਿਆਂ ਇਓਂ ਲੱਗਾ ਜਿਵੇਂ ਲੰਮੇ ਤੇ ਥਕੇਂਵੇਂ ਵਾਲ਼ੇ ਸਫ਼ਰ ਤੋਂ ਬਾਅਦ ਪਿੰਡ ਪਰਤ ਆਏ ਹੋਈਏ। ਚੌਗਿਰਦੇ ਨੂੰ ਸੂਹੀ ਚਾਨਣ-ਰੁੱਤ ਨਾਲ ਰੰਗਦੀ ਧੁੱਪ ਨਾਲ਼ ਹਰੇ ਕਚੂਰ ਘਾਹ 'ਤੇ ਪਈਆਂ ਮੀਂਹ ਦੀਆਂ ਬੂੰਦਾਂ ਹੁਣ ਵਾਸ਼ਪ ਬਣ ਹਵਾ 'ਚ ਰਲ਼ ਰਹੀਆਂ ਸਨ। ਨਵੀਆਂ ਫੁੱਟਦੀਆਂ ਆਸ ਕਰੂੰਬਲਾਂ ਨੂੰ ਕਿਸੇ ਬਹਾਰ ਦਾ ਸੁਨੇਹਾ ਦਿੰਦੀਆਂ,' ਕਿਰੇ ਵਕਤ ਤਲੀ ਤੋਂ ਕਿਸੇ ਗਰਦਿਸ਼ ਗੁਆਚੇ ਪਲ, ਚੱਲ ਸ਼ਗਨਾਂ ਦਾ ਤੇਲ ਚੋਈਏ ਸਬੱਬੀਂ ਜੁੜੀ ਏ ਮਹਿਫ਼ਲ।'
ਮੀਂਹ ਮਗਰੋਂ 
ਸੱਜਰੀ ਪਗਡੰਡੀ 
ਸਾਵੇ ਘਾਹ 'ਤੇ 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ