ਓ ਮੇਰੇ ਅਭਾਗੇ ਮਨ ! ਅੰਨ੍ਹੇ ਮੋਹ 'ਚ ਫਸੇ, ਅੰਨ੍ਹੇ ਪ੍ਰੇਮੀ , ਪੱਖਪਾਤੀ ਤੂੰ। ਤੂੰ ਖੁਦ ਨੂੰ ਇੱਕ ਡੱਬੀ 'ਚ ਬੰਦ ਕਰਕੇ, ਸ਼ਾਹੂਕਾਰ ਕੋਲ ਗਹਿਣੇ ਰੱਖ ਕੇ ਮੈਨੂੰ ਬਿਲਕੁਲ ਭੁੱਲ ਗਿਆ। ਇੱਕ ਲੰਬੇ ਸੰਭਾਵਿਤ ਜੀਵਨ ਭਰ ਦੀ ਕੈਦ। ਸੂਦ -ਦਰ -ਸੂਦ ਵਿਆਜ ਚੁਕਾਉਂਦਿਆਂ ਤੇਰਾ ਲੱਕ ਟੁੱਟ ਗਿਆ। ਬੱਸ ਸ਼ਾਹੂਕਾਰ ਬਦਲਦੇ ਰਹੇ ਤੇ ਕਰਜ਼ਾ ਨਿਰੰਤਰ ਵੱਧਦਾ ਗਿਆ। ਹਰ ਵਾਰ ਕਰਜ਼ੇ ਦੀਆਂ ਸ਼ਰਤਾਂ ਕਠੋਰ ਤੋਂ ਕਠੋਰਤਮ ਹੁੰਦੀਆਂ ਗਈਆਂ। ਨਤੀਜਾ ? ਕੈਦ ਵੀ ਬਿਖਮ ਹੁੰਦੀ ਗਈ।
ਮੈਨੂੰ ਇੱਕਲਤਾ ਨੇ ਆ ਘੇਰਿਆ। ਪਿੱਛੇ ਰਹਿ ਗਈ। ਤੈਨੂੰ ਲੱਭਣ ਅੰਨੀ ਗਲੀਆਂ 'ਚ ਭਟਕਦੇ -ਭਟਕਦੇ ਬੇਦਮ ਹੋ ਗਈ। ਪਰ ਤੂੰ ਤਾਂ "ਕਾਲੇ ਜਾਦੂ' ਦੀ ਡੱਬੀ 'ਚ ਕੈਦ ਸੀ। ਮੇਰੀ ਪੁਕਾਰ ਤੇਰੇ ਤੱਕ ਕਿਵੇਂ ਪਹੁੰਚਦੀ ?ਤਾਜ਼ੀ ਪੌਣ ਦਾ ਕੋਈ ਬੁੱਲਾ ਤੇਰੇ ਤੱਕ ਕਿਵੇਂ ਆਉਂਦਾ ?
ਤੂੰ ਦਗੇਬਾਜ਼, ਵਿਸ਼ਵਾਸਘਾਤੀ , ਬੇਈਮਾਨ। ਮੇਰੇ ਹੋ ਕੇ ਵੀ ਕਦੇ ਮੇਰੇ ਨਾ ਹੋਏ। ਜਿੰਨਾ ਤੈਨੂੰ ਹੋਰ ਨੇੜੇ ਕਰਨ ਦਾ ਯਤਨ ਕਰਦੀ , ਓਨਾ ਹੀ ਤੂੰ ਗੈਰਾਂ ਦੇ ਨੇੜੇ ਹੁੰਦਾ ਗਿਆ। ਜਿੰਨਾ ਮੋਹ ਤੇਰੇ 'ਤੇ ਲੁਟਾਉਂਦੀ, ਓਨੇ ਹੀ ਨਿਰਮੋਹ ਨਾਲ ਤੂੰ ਮੈਨੂੰ ਪਰੇ ਧਕੇਲ ਦਿੰਦਾ।
ਬੇਚੈਨ ਉਡੀਕ 'ਚ ਯੁੱਗਾਂ ਦਾ ਸਮਾਂ ਬੀਤ ਗਿਆ। ਫਿਰ ਇੱਕ ਦਿਨ ਤੈਨੂੰ ਪਾਉਣ ਦੀ ਆਸ ਦੇ ਨਿਰਦਈ ਫੰਦਿਆਂ ਨੂੰ ਹੀ ਮੈਂ ਤੋੜ ਦਿੱਤਾ। ਜਾ, ਭਟਕ, ਮਰੇਂ ਜਾਂ ਜੀਵੇਂ। ਮੈਂ ਤੈਥੋਂ ਕੁਝ ਵੀ ਲੈਣਾ -ਦੇਣਾ ਨਹੀਂ ਹੈ। ਕੈਦ 'ਚ ਸੜਦੇ -ਗਲਦੇ ਰਹਿ ਤਾਂ ਵੀ ਮੇਰੇ 'ਤੇ ਕੋਈ ਅਸਰ ਨਹੀਂ ਪੈਣ ਵਾਲਾ।
ਅਸਹਿ ਵੇਦਨਾ ਦੀ ਅਤਿਅੰਤ ਛਟਪਟਾਹਟ ਤੋਂ ਮੁਕਤੀ ਪਾਉਣ ਲਈ ਮੈਂ ਤੇਰੇ ਨਾਲ ਹੀ ਵਿਦਰੋਹ ਕਰ ਬੈਠੀ। ਸੁਤੰਤਰਤਾ ਦਾ ਆਪਣਾ ਅਨੰਦ ਹੈ ਜੋ ਮੈਂ ਪਾ ਲਿਆ ਹੈ।
ਤੋੜ ਸਲਾਖਾਂ
ਆਜ਼ਾਦ ਹੈ ਪਰਿੰਦਾ
ਅਤੇ ਖੁਸ਼ ਵੀ।
ਡਾ. ਸੁਧਾ ਗੁਪਤਾ
ਹਿੰਦੀ ਤੋਂ ਅਨੁਵਾਦ - ਡਾ ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ।