ਉਹ ਹੁਣ ਦਸਾਂ ਵਰ੍ਹਿਆਂ ਦਾ ਹੋ ਗਿਆ ਸੀ। ਘਰਦਿਆਂ ਨੇ ਅਜੇ ਤੱਕ ਉਸ ਨੂੰ ਸਕੂਲ ਪੜ੍ਹਨੇ ਨਹੀਂ ਪਾਇਆ ਸੀ। ਪਿੰਡ ਦੀਆਂ ਬੀਹੀਆਂ 'ਚ ਦਿਨ ਭਰ ਨਿਆਣਿਆਂ ਸੰਗ ਦੁੜੰਗੇ ਲਾਉਂਦਾ ਉਹ ਭਾਉਂਦਾ ਫਿਰਦਾ।ਲਾਗਲੇ ਪਿੰਡ ਅਧਿਆਪਕ ਲੱਗੀ ਉਸ ਦੀ ਮਾਸੀ ਇੱਕ ਦਿਨ ਉਸ ਨੂੰ ਆਪਣੇ ਨਾਲ ਲੈ ਗਈ ਤੇ ਸਕੂਲ ਦਾਖਲ ਕਰਵਾ ਦਿੱਤਾ। ਉਸ ਲਈ ਹੁਣ ਸਭ ਕੁਝ ਓਪਰਾ ਸੀ। ਨਵਾਂ ਪਿੰਡ, ਨਵਾਂ ਸਕੂਲ ਤੇ ਨਵੇਂ ਸਾਥੀ। ਪਰ ਕੁਝ ਸਮੇਂ ਬਾਦ ਉਹ ਨਵੀਂ ਥਾਵੇਂ ਰਚ -ਮਿਚ ਗਿਆ।
ਇੱਕ ਦਿਨ ਉਸ ਦੇ ਦਿਮਾਗ ਦੀ ਸਾਫ਼ ਸਲੇਟ ਉੱਤੇ ਮਾਂ -ਬੋਲੀ ਦੇ ਅੱਖਰ ਉਕਰੇ ਜਾ ਰਹੇ ਸਨ। " ਪੱਪਾ ਪਤੰਗ, ਫੱਫਾ ਫ਼ੱਟੀ " ਮਾਸੀ ਉਸ ਨੂੰ ਪੈਂਤੀ ਸਿਖਾ ਰਹੀ ਸੀ। ਉਹ ਵਿੱਚੇ ਟੋਕਦਾ ਹੋਇਆ ਬੋਲਿਆ, " ਤੇ ਮੰਮਾ ਮਾਸੀ। ਹੋਰ ਗੱਲਾਂ ਦੀਆਂ ਗੱਲਾਂ, ਅੱਜ ਤਾਂ ਲੱਜਤਾਂ ਹੀ ਆ ਗਈਆਂ। ਇਹ ਅੱਖਰ ਤਾਂ ਆਪੇ ਬੋਲੀ ਜਾਂਦੇ ਨੇ। ਮੇਰੇ ਨਾਲ਼ ਗੱਲਾਂ ਕਰੀ ਜਾਂਦੇ ਨੇ, ਹੈ ਕਿ ਨਾ ਮਾਸੀ। " ਆਪਣੇ ਅੰਦਰ ਚਿਰਾਂ ਤੋਂ ਪੁੰਗਰਦੀ ਭਾਸ਼ਾ ਦੇ ਅੱਖਰਾਂ ਨਾਲ ਉਹ ਚਾਈਂ -ਚਾਈਂ ਫੇਰ ਗੱਲੀਂ ਲੱਗ ਗਿਆ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 217 ਵਾਰ ਪੜ੍ਹੀ ਗਈ ਹੈ।



