ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Aug 2012

ਮੁੰਡੇ ਦੀ ਛਟੀ

ਘਰ 'ਚ ਕਾਕੇ ਦਾ ਜਨਮ ਖੁਸ਼ੀਆਂ ਦੇ ਨਾਲ਼-ਨਾਲ਼ ਸ਼ਗਨਾਂ ਭਰੀ ਚੰਗੇਰ ਵੀ ਲੈ ਕੇ ਆਉਂਦਾ ਹੈ। ਕਾਕੇ ਦੀ ਆਮਦ ਦੀ ਖੁਸ਼ੀ ਮਨਾਉਣ ਨੂੰ 'ਛਟੀ ਮਨਾਉਣਾ' ਕਿਹਾ ਜਾਂਦਾ ਹੈ ਜੋ ਕਾਕੇ ਦੇ ਜਨਮ ਤੋਂ ਵਰ੍ਹੇ ਦੇ ਅੰਦਰ -ਅੰਦਰ ਮਨਾ ਲਈ ਜਾਂਦੀ ਹੈ। ਮੁੰਡੇ ਦੇ ਨਾਨਕੇ ਮੁੰਡੇ ਲਈ ਤੇ ਮੁੰਡੇ ਦੀ ਮਾਂ ਲਈ ਜੋ ਕੱਪੜੇ ਤੇ ਗਹਿਣੇ ( ਟੂੰਬਾਂ/ ਟੂੰਮਾਂ) ਲੈ ਕੇ ਆਉਂਦੇ ਨੇ ਓਸ ਨੂੰ ਸ਼ੂਸ਼ਕ ਕਿਹਾ ਜਾਂਦਾ ਹੈ। ਟੂੰਮਾਂ 'ਚ ਹੱਥਾਂ ਨੂੰ ਚਾਂਦੀ ਦੇ ਕੰਗਣ, ਪੈਰਾਂ ਲਈ ਪਾਉਂਟੇ, ਕੰਨਾ ਨੂੰ ਲੂਲ੍ਹਾਂ , ਸੱਗੀ ਫੁੱਲ ਤੇ ਮੱਥੇ ਲਈ ਸੋਨੇ ਦਾ ਟਿੱਕਾ ਹੁੰਦਾ ਹੈ।ਅੱਜ ਮੈਂ ਮੁੰਡੇ ਦੀ ਛਟੀ ਮਨਾਉਣ ਅਤੇ ਇਸ ਨਾਲ਼ ਜੁੜੇ ਵਿਹਾਰਾਂ ਨੂੰ ਹਾਇਕੁ ਰਾਹੀਂ ਪੇਸ਼ ਕਰ ਰਹੀ ਹਾਂ।

1.
ਘਰ ਦੇ ਬੂਹੇ
ਲਾਗਣ ਬੰਨੇ ਨਿੰਮ
ਦੇਵੇ ਵਧਾਈ

2.
ਮੁੰਡੇ ਦੀ ਛਟੀ
ਨੈਣ ਬੰਨੇ ਤੜਾਗੀ
ਘੁੰਗਰੂ ਪਾ ਕੇ

3.
ਕਾਕਾ ਜੰਮਿਆ
ਸ਼ੂਸ਼ਕ 'ਚ ਆਈਆਂ
ਤਿਓਰ-ਟੂੰਮਾਂ

4.
ਸੁੱਕੇ ਮੇਵੇ ਪਾ
ਪੰਜ ਸੇਰ ਪੰਜੀਰੀ
ਲਿਆਈ ਸੱਸ

5.
ਛਟੀ ਮਨਾਈ
ਪਾਵੇ ਕੰਨਾਂ ਨੂੰ ਲੂਲ੍ਹਾਂ
ਕਾਕੇ ਦੀ ਭੂਆ

6.
ਕਾਕੇ ਦੀ ਛਟੀ
ਕੰਗਣ ਤੇ ਪਾਉਂਟੇ
ਮਾਸੀ ਨੇ ਪਾਏ

7.
ਛਟੀ ਦਾ ਦਿਨ
ਘੂੰਮਰਾਂ ਪਾ ਵਿਹੜੇ
ਨੱਚੇ ਖੁਸਰੇ

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)

5 comments:

 1. ਕਾਕੇ ਦੀ ਛਟੀ..... ਇਕ ਨਵਾ ਅਨਮੋਲ ਅਹਸਾਸ....... ਲੋਕਾਂ ਦੇ ਜਿੰਦੜੀ ਵਿਚ ਆਉਂਦਾ ਹੈ ....ਫੇਰ ਵੀ ਨਵਾ ਹੋਰ ਦਿਲ ਦੇ ਨੇੜ ਲਗਦਾ ਹੈ .....ਵ੍ਧਾਯਿਯਾਂ ਜੀ

  ReplyDelete
 2. ਛਟੀ ਮਨਾਈ
  ਪਾਵੇ ਕੰਨਾਂ ਨੂੰ ਲੂਲ੍ਹਾਂ
  ਕਾਕੇ ਦੀ ਭੂਆ
  ਬਹੁਤ ਖੂਬਸੂਰਤ ਹਾਇਕੁ। ਉਪਰੋਕਤ ਸਾਰੇ ਹਾਇਕੁ ਵਿਲੱਖਣ ਏਸ ਗੱਲੋਂ ਵੀ ਹਨ ਕਿ ਇਹਨਾਂ ਵਿਚ ਮਾਲਵੇ ਦੀ ਇਲਾਕਾਈ ਠੇਠ ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਬੜੇ ਸੋਹਣੇ ਢੰਗ ਨਾਲ ਕੀਤੀ ਗਈ ਹੈ। ਪੜ੍ਹ ਕੇ ਹੈਰਾਨੀ ਵੀ ਹੋਈ, ਕਿ ਮੈਂ (ਦੁਆਬੇ ਦੇ ਇਲਾਕੇ ਤੋਂ) ਛਟੀ,ਸ਼ੂਸ਼ਕ,ਲੂਲ੍ਹਾਂ,ਪਾਉਂਟੇ,ਘੂੰਮਰਾਂ ਆਦਿ ਸ਼ਬਦ ਕਦੇ ਸੁਣੇ ਵੀ ਨਹੀਂ। ਸਿਆਣਿਆਂ ਸੱਚ ਹੀ ਕਿਹਾ ਹੈ ਕਿ ਬੋਲ-ਚਾਲ ਵਾਲੀ ਬੋਲੀ ਬਾਰਾਂ ਕੋਹਾਂ ਤੇ ਬਦਲ ਜਾਂਦੀ ਹੈ। ਏਸੇ ਕਰਕੇ ਹੀ ਸ਼ਾਇਦ,ਭਾਸ਼ਾ ਵਿਗਿਆਨੀਆਂ ਨੇ ਪੰਜਾਬੀ ਸਾਹਿਤ ਦੀ ਇਕ ਸਾਂਝੀ ਬੋਲੀ ਦਾ ਸੰਕਲਪ ਘੜਿਆ ਹੋਵੇਗਾ,ਤਾਂ ਜੋ ਇਹਨਾਂ ਸਾਰੀਆਂ ਇਲਾਕਾਈ ਬੋਲੀਆਂ ਨੂੰ ਇਕ ਸੂਤਰ ਵਿਚ ਪਰੋਇਆ ਜਾ ਸਕੇ ਅਤੇ ਇਹਨਾਂ ਵਿਚਲੇ ਮਨ-ਮੋਟਾਅ ਖ਼ਤਮ ਕਰਕੇ ਇਸ ਨੂੰ ਵਿਸ਼ਵ ਪੱਧਰ ਤੇ ਉਭਾਰਿਆ ਜਾ ਸਕੇ।

  ਪਰਚੇ ਦੇ ਅਗਾਂਹ ਵਧਦੇ ਕਦਮਾਂ ਲਈ ਆਪ ਸਭ ਨੂੰ ਵਧਾਈ।

  ReplyDelete
 3. ਉਦੈਵੀਰ ਜੀ ਤੇ ਭੁਪਿੰਦਰ ਵੀਰ,
  ਹਾਇਕੁ ਦੀ ਰੂਹ ਤੱਕ ਪਹੁੰਚਣ ਲਈ ਸ਼ੁਕਰੀਆ। ਪੰਜਾਬੀ ਬੋਲੀ ਬਾਰੇ ਮਹਿੰਦਰ ਸਿੰਘ ਰੰਧਾਵਾ(ਵਾਈਸ ਚਾਂਸਲਰ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੀ ਰਹੇ ਹਨ)ਦਾ ਕਹਿਣਾ ਹੈ ਕਿ ਪੰਜਾਬੀ, ਪੰਜਾਬ ਦੀਆਂ ਫ਼ਸਲਾਂ ਤੇ ਜੰਗਲੀ ਦਰਖ਼ਤਾਂ ਵਾਂਗ ਪੰਜਾਬ ਦੀ ਧਰਤੀ 'ਚੋਂ ਉੱਗੀ ਹੈ।ਏਸੇ ਕਰਕੇ ਇਹ ਨਰੋਈ ਬੋਲੀ ਹੈ ਜੋ ਆਪਣੇ ਆਪ ਜੋਰ ਨਾਲ਼ ਵੱਧ -ਫੁੱਲ ਰਹੀ ਹੈ।
  ਬੱਸ ਏਸੇ ਤੋਂ ਸੇਧ ਲੈ ਕੇ ਮੈਂ ਪੰਜਾਬੀ ਦੇ ਓਹ ਸ਼ਬਦ ਜੋ ਕਿਸੇ ਇੱਕ ਖਾਸ ਇਲਾਕੇ ਨਾਲ਼ ਸਬੰਧ ਰੱਖਦੇ ਹੋਣ ਜਾਂ ਅਲੋਪ ਹੋ ਰਹੇ ਨੇ ....ਆਪਣੇ ਹਾਇਕੁ 'ਚ ਪਰੋਣ ਦਾ ਯਤਨ ਕਰਦੀ ਹਾਂ। ਪੰਜਾਬ ਦੇ ਪੇਂਡੂ ਭਾਈਚਾਰੇ ਨੂੰ ਪਾਠਕਾਂ ਤੱਕ ਪਹੁੰਚਾਉਣਾ ਤੇ ਓਸ ਤੋਂ ਸੇਧ ਲੈਣ ਦੀ ਕੋਸ਼ਿਸ਼ ਮੈਂ ਹਰ ਹੀਲੇ ਕਰਦੀ ਹਾਂ ਤੇ ਕਰਦੀ ਰਹਾਂਗੀ।
  ਇਹ ਪਰਚਾ ਆਪ ਸਭ ਦੇ ਪਿਆਰ ਸਦਕਾ ਦਿਨ -ਬ-ਦਿਨ ਅੱਗੇ ਵੱਧ ਰਿਹਾ ਹੈ। ਬੱਸ ਏਸੇ ਤਰਾਂ ਸਾਥ ਬਣਾਈ ਰੱਖਣਾ।
  ਹਰਦੀਪ

  ReplyDelete
 4. ਸਾਰੇ ਹਾਇਕੁ ਬਹੁਤ ਖੂਬ ਹਨ ਜੀ

  ReplyDelete
 5. Anonymous5.9.12


  ਸਾਰੇ ਹੀ ਹਾਇਕੁ ਬਹੁਤ ਹੀ ਪਿਆਰੇ ..........

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ