ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Jun 2014

ਫੈਸ਼ਨ ਮੇਲਾ (ਹਾਇਬਨ )

ਸ਼ਾਮ ਦਾ ਵੇਲ਼ਾ .... ਬਾਜ਼ਾਰ 'ਚ ਰੌਣਕ.......ਢਿੱਲੀ ਜਿਹੀ ਪੈਂਟ ਪਾਈ ਓਹ ਮੇਰੇ ਮੂਹਰੇ ਤੁਰਿਆ ਜਾ ਰਿਹਾ ਸੀ। ਇਉਂ ਲੱਗਦਾ ਸੀ ਕਿ ਜਿਵੇਂ ਪੈਂਟ ਲੱਕ ਦੀਆਂ ਮਿੰਨਤਾਂ ਕਰ ਰਹੀ ਹੋਵੇ ਕਿ  ਇਸ ਨੇ ਤਾਂ ਮੈਨੂੰ ਸੰਭਾਲਣਾ ਨਹੀਂ ਭਰਾਵਾ ਤੂੰ  ਹੀ ਸਹਾਰਾ ਦੇ ਦੇ। ਅੱਗੋਂ  ਪੈਂਟ ਦਾ ਹਾਲ ਤਾਂ ਹੋਰ ਵੀ ਬੁਰਾ ਹੁੰਦਾ । ਪੈਂਟ ਸੜਕ 'ਤੇ  ਘਸ- ਘਸ ਕੇ ਪੌਚਿਆਂ ਕੋਲੋ ਲੀਰਾਂ ਹੋਈ ਜਾ ਰਹੀ ਸੀ। ਨਾਲ ਤੁਰੇ ਜਾਂਦੇ ਇੱਕ ਬਜ਼ੁਰਗ ਤੋਂ ਤਾਂ ਜਿਵੇਂ ਰਿਹਾ ਨਾ ਗਿਆ ਤੇ ਉਸ ਨੂੰ ਸਮਝਾਉਂਦੇ ਹੋਏ ਆਖਿਆ ," ਪੁੱਤਰਾ ਇਹ ਹੁਣ ਪੌਚਿਆਂ ਕੋਲੋ ਘਸ ਗਈ ਹੈ ਇਸ ਨੂੰ ਠੀਕ ਕਰਵਾ ਲੈ ਜਾਂ ਫੇਰ ਇਸ ਨੂੰ ਆਪਣਾ  ਮੋਟਰ ਸਾਇਕਲ ਸਾਫ ਕਰਨ ਨੂੰ ਰੱਖ ਲੈ।"ਅਗੋਂ ਪਤਾ ਕੀ ਜਵਾਬ ਮਿਲਿਆ ....."ਬਜ਼ੁਰਗੋ  ਤੁਹਾਨੂੰ ਨਹੀਂ ਪਤਾ ਅੱਜ ਦੇ ਫੈਸ਼ਨ ਬਾਰੇ। 
ਇਹ ਫੈਸ਼ਨ ਤਾਂ ਅਜੇ ਏਥੇ ਆਪਣੇ ਸ਼ਹਿਰ 'ਚ ਵੀ ਨਹੀਂ ਆਇਆ। ਇਹ ਪੈਂਟ ਤਾਂ ਮੇਰੇ ਭਰਾ ਨੇ ਬਾਹਰੋਂ ਭੇਜੀ ਹੈ। ਸਿਆਣਾ ਬੰਦਾ ਆਪਣੇ  ਮੱਥੇ 'ਤੇ ਹੱਥ ਮਾਰਦਾ ਬੁੜਬੁੜਾਉਂਦਾ ਹੋਇਆ ਓਥੋਂ ਤੁਰ ਜਾਂਦਾ ਹੈ..."ਭਲਾ ਇਹ ਕੀ ਫੈਸ਼ਨ ਹੋਇਆ? ਬਈ ਨਵੀਂ  ਪੈਂਟ ਨੂੰ  ਗੋਡਿਆਂ ਤੋਂ  ਪਾੜ ਲਓ  ਜਾਂ ਬਲੇਡ ਨਾਲ ਗੋਡਿਆਂ ਕੋਲੋਂ ਕੱਟ ਲਓ..... ਜੇ ਕੋਈ ਸਮਝਾਵੇ ਤਾਂ ਘੜਿਆ ਘੜਾਇਆ ਓਹੀਓ ਜਵਾਬ ....ਬਈ ਇਹ  ਫੈਸ਼ਨ ਆ ...... ਥੋਡੀ ਸਮਝੋਂ  ਬਾਹਰ ਆ ।"
          ਅਜੇ ਥੋੜਾ ਅੱਗੇ ਗਿਆ ਤਾਂ ਦੋ ਮੁੰਡੇ ਬਿਨਾਂ ਹੈਲਮਟ ਤੋਂ ਮੋਟਰ- ਸਾਇਕਲ 'ਤੇ ਆਉਂਦੇ ਦਿਖਾਈ ਦਿੱਤੇ। ਭਲਾ ਹੈਲਮਟ ਨਾ ਪਾਉਣਾ ਵੀ ਫੈਸ਼ਨ ਹੋਇਆ। ਬਿਲਕੁਲ ਸਹੀ ਸਮਝਿਆ .... ਜੇ ਉਹ ਹੈਲਮਟ ਪਾ ਕੇ ਚਲਾਉਣਗੇ  ਤਾਂ ਉਹਨਾਂ ਦਾ ਹੇਅਰ ਸਟਾਈਲ ਨਾ ਖਰਾਬ ਹੋ ਜਾਵੇਗਾ ।ਕੰਡੇਰਨੇ ਵਾਂਗ  ਖੜ੍ਹੇ ਕੀਤੇ ਵਾਲ਼ਾਂ ਦਾ ਤਾਂ ਨਾਸ ਹੀ ਮਾਰ ਦੇਵੇਗਾ ਇਹ ਹੈਲਮਟ।ਭਾਂਤ -ਭਾਂਤ  ਦੀਆਂ ਕਰੀਮਾਂ ਲਾ ਕੇ ਵਾਲ ਜੋ ਸੈਟ ਕੀਤੇ ਹੋਏ ਨੇ.. ਜੇ  ਹੈਲਮਟ ਪਾ ਲਿਆ ਤਾਂ ਸਾਰੀ ਕੀਤੀ ਮਿਹਨਤ ਬਰਬਾਦ ਨਾ ਹੋ ਜਾਵੇਗੀ ਵਿਚਾਰਿਆਂ ਦੀ।
            ਰਹਿੰਦੀ ਕਸਰ ਫੋਨਾਂ ਨੇ ਪੂਰੀ ਕਰ ਦਿੱਤੀ। ਈਅਰਫੋਨ ਕੰਨਾਂ ਵਿੱਚ ਲਾ ਕੇ ਨਚਾਰਾਂ ਵਾਂਗੂ ਹਿੱਲਦਾ ਆਪਣੇ ਹੀ ਲੋਰ 'ਚ ਇੱਕ ਹੋਰ ਤੁਰਿਆ ਆਵੇ । ਜਦੋਂ ਉਹ ਦਵਾਈਆਂ ਦੀ ਦੁਕਾਨ 'ਚ ਵੜਨ ਲੱਗਾ ਤਾਂ ਓਥੇ ਖੜ੍ਹੀ ਬੇਬੇ ਨੂੰ ਲੱਗਾ ਕਿ ਖੌਰੇ ਏਸ ਨੂੰ ਕੋਈ ਮਿਰਗੀ ਦਾ ਦੌਰਾ ਪੈ ਗਿਆ ਹੋਵੇ...."ਵੇ ਪੁੱਤ ਸੰਭਲ ਕੇ।" ........"ਬੇਬੇ ਤੂੰ ਘਾਬਰ ਨਾ .... ਇਸ ਨੂੰ ਕੁਝ ਨਹੀਂ ਹੋਇਆ ......ਇਹ ਮਿਰਗੀ ਦਾ ਦੌਰਾ ਨਹੀਂ ਇਹਨਾਂ ਨੂੰ ਤਾਂ ਫੈਸ਼ਨ ਦਾ ਦੌਰਾ ਪਿਆ ਹੋਇਆ ਹੈ।" ਬੇਬੇ ਦੇ ਚਿੱਤ ਦਾ ਡਰ ਤੇ ਗਲਤ ਫਹਿਮੀ ਨੂੰ ਦੂਰ ਕਰਦਿਆਂ ਮੈਂ ਕਿਹਾ। ਜਦੋਂ ਏਹੋ ਜਿਹੇ ਦੋ-ਚਾਰ 'ਕੱਠੇ ਹੋ ਕੇ ਤੁਰਦੇ ਹੋਣ ਤੇ  ਜੇ ਇੱਕ ਢੋਲਕੀ ਵਾਲ਼ਾ ਨਾਲ਼ ਰਲ਼ ਜਾਵੇ ਤਾਂ ਆਮ ਬੰਦਾ ਤਾਂ  ਇਹਨਾਂ ਨੂੰ ਨਚਾਰਾਂ ਦਾ ਟੋਲਾ ਹੀ ਸਮਝੇਗਾ।"

ਪੱਲੇ ਨਾ ਧੇਲਾ  
ਹੱਥ 'ਚ ਮੋਬਾਇਲ 
ਫੈਸ਼ਨ ਮੇਲਾ। 

ਵਰਿੰਦਰਜੀਤ ਸਿੰਘ ਬਰਾੜ 
ਬਰਨਾਲਾ 
ਨੋਟ: ਇਹ ਪੋਸਟ ਹੁਣ ਤੱਕ 48 ਵਾਰ ਵੇਖੀ ਗਈ। 


6 comments:

 1. ਸੁੰਦਰ ਰਚਨਾ ਹੈ ।ਬੜੀਆਂ ਦਿਲਚਸਪ ਗੱਲਾਂ ਲਿਖੀਆਂ ਹਨ ।
  ਲਗਭਗ ਇਕ ਸਾਲ , ਹਾਇਕੁ ਲੋਕ ਤੋਂ ਗੈਰਹਾਜ਼ਰ ਰਹੇ ਹੋ ।

  ReplyDelete
 2. ਵਰਿੰਦਰ, ਬਹੁਤ ਸੋਹਣਾ ਲਿਖਿਆ ਹੈ , ਫੈਸ਼ਨ ਬਾਰੇ .....ਲਿਖਤ ਪਾਠਕ ਨੂੰ ਨਾਲ ਲੈ ਕੇ ਚੱਲਦੀ ਹੈ।
  ਅਸੀਂ ਸਾਰੇ ਇਸ ਤਰਾਂ ਦੇ ਫੈਸ਼ਨ ਨੂੰ ਆਪਣੇ -ਆਲੇ ਦੁਆਲੇ ਵੇਖਦੇ ਹਾਂ - ਪਰ ਕਿਸੇ ਨੇ ਇਸ ਨੂੰ ਸ਼ਬਦੀ ਰੂਪ ਨਹੀਂ ਦਿੱਤਾ ਹੋਣਾ। ਅੰਤ 'ਚ ਲਿਖਿਆ ਹਾਇਕੁ ਇਸ ਨੂੰ ਹੋਰ ਵਿਸ਼ਾਲਤਾ ਦੇ ਗਿਆ।
  ਲਿਖਦੇ ਰਹਿਣਾ -ਇਸ ਵਾਰ ਹਾਜ਼ਰੀ ਬਹੁਤ ਚਿਰ ਬਾਅਦ ਲਵਾਈ ਹੈ।
  ਤੇਰੀ ਅਗਲੀ ਲਿਖਤ ਦੀ ਉਡੀਕ ਰਹੇਗੀ।
  ਤੇਰੀ ਵੱਡੀ ਭੈਣ
  ਦਵਿੰਦਰ

  ReplyDelete
 3. भाई वरिन्द्रजीत सिंह ने आज के फैशनपरस्त युवकों का बहुत प्रभावशाली शब्द चित्र खींचा है ।फैशन की रही सही कसर मोबाइल फोन ने पूरी कर दी है। ईअर फोन कान में लगाकर हिलते -डुलते चलना जैसे कि मिर्गी का दौरा पड़ा । बहुत गहरा व्यंग्य भी है इस हाइबन में । मुझे खुशी हुई कि वरिन्द्रजीत के पास बहुत परिमार्जित भाषा है । इसी कारण हाइबन बहुत रोचक बन गया । बहुत-बहुत बधाई !

  ReplyDelete
 4. ਵਰਿੰਦਰ ਤੇਰਾ ਹਾਇਬਨ ਦਿਲ ਨੂੰ ਟੁੰਬਣ ਵਾਲਾ ਹੈ। ਬਹੁਤ ਸੋਹਣਾ ਲਿਖਿਆ ਹੈ। ਖਾਸ ਕਰਕੇ ਇਹ ਸਤਰਾਂ ਬਹੁਤ ਵਧੀਆ ਲੱਗੀਆਂ ....."ਪੈਂਟ ਲੱਕ ਦੀਆਂ ਮਿੰਨਤਾਂ ਕਰ ਰਹੀ ਹੋਵੇ ਕਿ ਇਸ ਨੇ ਤਾਂ ਮੈਨੂੰ ਸੰਭਾਲਣਾ ਨਹੀਂ ਭਰਾਵਾ ਤੂੰ ਹੀ ਸਹਾਰਾ ਦੇ ਦੇ"....ਜੇ ਹੈਲਮਟ ਪਾ ਲਿਆ ਤਾਂ ਸਾਰੀ ਕੀਤੀ ਮਿਹਨਤ ਬਰਬਾਦ ਨਾ ਹੋ ਜਾਵੇਗੀ ਵਿਚਾਰਿਆਂ ਦੀ...........ਇਹ ਮਿਰਗੀ ਦਾ ਦੌਰਾ ਨਹੀਂ ਇਹਨਾਂ ਨੂੰ ਤਾਂ ਫੈਸ਼ਨ ਦਾ ਦੌਰਾ ਪਿਆ ਹੋਇਆ ਹੈ।"..............ਬਹੁਤ ਸੋਹਣਾ ਵਿਅੰਗ ਹੈ।
  ਸਹੀ ਕਿਹਾ ਦਿਲਜੋਧ ਜੀ ਤੇ ਦਵਿੰਦਰ ਭੈਣ ਜੀ ਨੇ ਕਿ ਇਸ ਵਾਰ ਤੂੰ ਬਹੁਤ ਦੇਰ ਬਾਅਦ ਹਾਜ਼ਰੀ ਲੁਆਈ ਹੈ। ਸਾਨੂੰ ਸਾਰਿਆਂ ਨੂੰ ਤੇਰੀਆਂ ਲਿਖਤਾਂ ਦੀ ਉਡੀਕ ਰਹਿੰਦੀ ਹੈ। ਚੱਲੋ ਹੁਣ ਇੱਕ ਵਧੀਆ ਹਾਇਬਨ ਨਾਲ ਇੱਕ ਨਵੀਂ ਸ਼ੁਰੂਆਤ ਹੋ ਗਈ....ਜਿਸ ਲਈ ਵਧਾਈ ਦੇ ਪਾਤਰ ਹੋ।

  ReplyDelete
 5. ਵਰਿੰਦਰਜੀਤ ਜੀ ,
  ਤੁਸੀ ਬਹੁਤ ਸੋਹਣਾ ਲਿਖਿਆ ਹੈ ਫੈਸ਼ਨ ਬਾਰੇ। ਬਹੁਤ ਹੀ ਦਿਲਚਸਪ ਲਿਖਿਆ ਹੈ, ਤੁਸੀ ਵਧਾਈ ਦੇ ਪਾਤਰ ਹੋ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ