ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Mar 2015

ਧੰਨ ਹੋ ਤੁਸੀਂ ਪੰਛੀਓ

ਅਸਮਾਨੀ ਚਮਕਦੇ ਤਾਰਿਆਂ ਸੰਗ ਰੁਸ਼ਨਾਉਂਦਾ ਮੇਰਾ ਪਿੰਡ,ਪਿੰਡ ਵਾਲਾ ਘਰ ਤੇ ਪਿੰਡ ਦੇ ਰੁੱਖ। ਇੱਕ ਰਾਤ ਤਾਰਿਆਂ ਦੀ ਛਾਵੇਂ ਬੈਠਾ ਮੈਂ ਆਪਣੀ ਮਹਿਬੂਬਾ ਤੋਂ ਵੀ ਪਿਆਰੇ ਜਾਪਦੇ ਪਿੰਡ ਨੂੰ ਤੱਕਦਾ ਖਿਆਲਾਂ 'ਚ ਗੁਆਚ ਗਿਆ ਸਾਂ......" ਮੈਨੂੰ ਪਿਆਰ ਏ ਆਪਣੇ ਘਰ ਨਾਲ, ਆਪਣੇ ਪਿੰਡ ਨਾਲ ਤੇ ਮੇਰੇ ਆਪਣੇ ਪਿੰਡ ‘ਚ ਵੱਸਦੇ ਰੁੱਖਾਂ ਨਾਲ|ਜਿਵੇਂ ਕਾਦਰ ਨੂੰ ਮੇਰੇ ਤੋਂ ਵੀ ਵੱਧ ਪਿਆਰ ਹੋਵੇ ਮੇਰੇ ਪਿੰਡ ਨਾਲ | ਮੈਂ ਜਦੋਂ ਵੀ ਸਫਰ 'ਤੇ ਹੁੰਦਾ ਤਾਂ ਬੜਾ ਯਾਦ ਆਉਂਦਾ ਮੈਨੂੰ ਆਪਣਾ ਘਰ, ਪਿੰਡ ਤੇ ਪਿੰਡ ‘ਚ ਵੱਸਦੇ ਰੁੱਖ |ਇਹਨਾਂ ਨੂੰ ਮੈਂ ਆਪਣੇ ਸੁਪਨਿਆਂ ‘ਚ ਹਰਦਮ ਆਪਣੇ ਸੰਗ ਰੱਖਦਾ | ਮੇਰਾ ਘਰ ਸਾਂਭੀ ਬੈਠਾ ਮੇਰੇ ਵਾਂਗੂੰ ਯਾਦਾਂ, ਖੁਸ਼ੀ-ਗਮੀ ਮੇਰੇ ਸੰਗ ਮਨਾਉਂਦਾ |ਕਿੰਨਾ ਕੁਝ ਸਮਾਈ ਬੈਠਾ ਆਪਣੇ ਦਿਲ ‘ਚ, ਮੇਰੇ ਵਾਂਗੂੰ ਜਜ਼ਬਾਤੀ ਮੇਰਾ ਘਰ। ਇਹਨਾਂ ਰੁੱਖਾਂ ਸੰਗ ਇੰਝ ਲੱਗਦਾ ਜਿਵੇਂ ਮੇਰੀ ਜਨਮ-ਜਨਮ ਦੀ ਸਾਂਝ ਹੋਵੇ, ਮੇਰੇ ਹਮਰਾਜ਼ ਏ ਰੁੱਖ |ਰੁੱਖਾਂ ਸੰਗ ਮੇਰੀ ਰੂਹ ਦੀ ਸਾਂਝ।"
.........ਤੇ ਫੇਰ ਇੰਝ ਲੱਗਾ ਜਿਵੇਂ ਕਿਸੇ ਨੇ ਮੇਰੇ ਮੋਢੇ 'ਤੇ ਹੱਥ ਰੱਖ ਮੈਨੂੰ ਹਲੂਣਿਆ ਹੋਵੇ, "ਬਾਪੂ ਜੀ ਤੁਸੀਂ.......?"
" ਆਹੋ ਪੁੱਤਰਾ ਜਿਸ ਰੂਹ ਦੀ ਸਾਂਝ ਦੀਆਂ ਤੂੰ ਗੱਲਾਂ ਕਰਦੈਂ ...........ਏਹੋ ਸਾਂਝ ਏ ਮੇਰੀ ਓਸ ਘਰ ਨਾਲ ਜੋ ਸੰਨ ਸੰਤਾਲੀ ਤੋਂ ਬਾਦ ਮੇਰੇ ਤੋਂ  ਵਿੱਛੜ ਚੁੱਕਾ ... ਪਿੰਡ ਪਚਾਸੀ ਚੱਕ (ਸਰਗੋਧਾ,ਪਾਕਿਸਤਾਨ)......ਮੈਂ ਬੱਸ ਆਹ ਦਿਨ ਵੇਲੇ ਹੀ ਤੁਹਾਡੇ ਕੋਲ ਹੁੰਦਾ,ਰਾਤ ਵੇਲੇ ਤਾਂ ਆਪਣੇ ਪਿਛਲੇ ਪਿੰਡ ਦੀ ਹੀ ਪਰਿਕਰਮਾ ਕਰਦਾ ਰਹਿਨਾ... ਖ਼ਾਬਾਂ ਦੇ ਘੋੜੇ ਤੇ ਚੜ੍ਹ, ਜਿੱਥੇ ਜੰਮੇ ਪਲੇ..... ਜਿਸ ਦੀ ਮਿੱਟੀ ‘ਚ ਪਹਿਲਾ ਆਸਣ ਲਾਇਆ |ਜਿਉਂ-ਜਿਉਂ ਪਹੁ ਫੁੱਟਣ ਦਾ ਖਿਆਲ ਆਉਂਦਾ..... ਮੈਂ ਖ਼ਾਬਾਂ ਦੇ ਘੋੜੇ ਨੂੰ ਅੱਡੀ ਲਾਉਂਦਾ ਕਿ ਪਹੁ ਫੁੱਟਣ ਤੋਂ ਪਹਿਲਾਂ-ਪਹਿਲਾਂ ਜਾ ਮਿਲਾਂ ਉਹਨਾਂ ਰੁੱਖਾਂ ਨੂੰ ਤੇ ਆਪਣੇ ਭਰਾਵਾ ਜਿਹੇ ਹਮਸਾਇਆ ਨੂੰ ਤੇ ਨਿੱਘੀ ਜਿਹੀ ਗਲਵੱਕੜੀ ਪਾਵਾਂ ਤੇ ਆਖਾਂ ਕਿ ਮੈਂ ਉਦਾਸ ਹਾਂ।" 
          ਮੈਂ ਬਾਪੂ ਜੀ ਦਾ ਹੱਥ ਫੜ ਉਹਨਾਂ ਨੂੰ ਦਿਲਾਸਾ ਦੇਣਾ ਚਾਹਿਆ ....ਪਰ ਓਥੇ ਕੋਈ ਨਹੀਂ ਸੀ। ਚੱਕ ਪਚਾਸੀ ਨੂੰ ਇੱਕ ਵਾਰ ਫਿਰ ਦੇਖਣ ਦੀ ਆਸ ਮਨ ‘ਚ ਲੈ-ਕੇ ਇਸ ਫਾਨੀ ਸੰਸਾਰ ਨੂੰ ਓਹ ਤਾਂ ਕਦੋਂ ਦੇ ਅਲਵਿਦਾ ਕਹਿ ਗਏ ਸਨ | ਕਿੰਨਾ ਔਖਾ ਤੇ ਦੁੱਖਦਾਈ ਹੋਵੇਗਾ , ਸੰਗੀਆਂ-ਸਾਥੀਆਂ ਹਮਸਾਇਆ ਸੰਗ ਤੋੜ ਵਿਛੋੜਾ | ਕਿੰਨਾ ਔਖਾ ਤੇ ਦੁੱਖਦਾਈ ਸੀ, ਮਹਿਬੂਬ ਜਿਹੇ ਪਿਆਰੇ ਪਿੰਡ ਨੂੰ ਅਲਵਿਦਾ ਕਹਿਣਾ |ਮੈਨੂੰ ਕਈ ਦਿਨ ਤਾਪ ਚੜ੍ਹਿਆ ਰਿਹਾ | ਉਹਨਾਂ ਦੇ ਤੁਰ ਜਾਣ ਦਾ ਦੁੱਖ ਸੀ, ਜਾਂ ਦੁੱਖ ਸੀ ਉਹਨਾਂ ਦੀਆਂ ਯੱਖ ਹੋਈਆਂ ਅੱਖੀਆਂ ਵਿੱਚ ਤਰਦੇ ਕੁਝ ਖ਼ਾਬਾਂ ਦਾ ਜੋ ਉਸ ਦਿਨ ਕੰਡਿਆਲੀ ਤਾਰ ਦੇ ਖੁਸ਼ਕ ਸਾਗਰ ਦੀ ਭੇਟ ਚੜ੍ਹ ਗਏ ਸਨ | ਕੁਝ ਸਵਾਲ ਨੇ ਜੋ ਮੇਰੀ ਰੂਹ ਨੂੰ ਬੇਚੈਨ ਕਰਦੇ ਨੇ ਤੇ ਤੜਫ ਉੱਠਦੀ ਏ ਮੇਰੀ ਰੂਹ ….| ਕੰਡਿਆਲੀ ਤਾਰ ਦਾ ਪਹਿਰਾ ਹੋਣ ਦੇ ਬਾਵਜੂਦ ਵੀ ਕਿਉਂ ਪਾਣੀਆਂ ਆਪਣੀ ਦਿਸ਼ਾ ਨਹੀਂ ਬਦਲੀ ? ਪੰਛੀਆਂ ਨੂੰ ਕੰਡਿਆਲੀ ਤਾਰ ਦਾ ਚਿੱਤ -ਚੇਤਾ ਜਾਂ ਭੈਅ ਕਿਉਂ ਨਹੀਂ ਆਉਂਦਾ ? ਮੈਂ ਵੀ ਇੱਕ ਨਿਡਰ ਪੰਛੀ ਬਣਨਾ ਲੋਚਦਾ ਤੇ ਹੱਦਾਂ ਸਰਹੱਦਾਂ ਤੋਂ ਪਾਰ ਆਪਣੇ ਬਜੁਰਗਾਂ ਦੇ ਪਿੰਡ ਨੂੰ, ਪਿੰਡ ‘ਚ ਵੱਸਦੇ ਰੁੱਖਾਂ ਨੂੰ ਤੇ ਮਾਖਿਓ ਮਿੱਠੀ ਪੰਜਾਬੀ ਬੋਲੀ ਬੋਲਦੇ ਹਮਸਾਇਆ ਨੂੰ ਜਾ ਦੱਸਾਂ......ਕਿ ਮੇਰੇ ਬਾਪੂ ਜੀ ਤੁਹਾਨੂੰ ਆਖਰੀ ਸਾਹ ਤੱਕ ਨਹੀਂ ਭੁੱਲੇ | ਅੰਬਰੀ ਉੱਡਦੇ ਪੰਛੀਆਂ ਨੂੰ ਤੱਕਦਾ ਤਾਂ ਰੂਹ ਨਸ਼ਿਆ ਉੱਠਦੀ ਏ ਤੇ ਜ਼ੁਬਾਨ 'ਤੇ ਇਹੀ ਲਫ਼ਜ਼ ਨੱਚ ਉੱਠਦੇ ਨੇ, ਧੰਨ ਹੋ ਤੁਸੀਂ ਪੰਛੀਓ,ਧੰਨ ਹੋ ਤੁਸੀਂ ………. ।

ਰੰਗਲੇ ਪੰਛੀ
ਉੱਡਣ ਅਸਮਾਨੀ
ਹੱਦ ਨਾ ਬੰਨੇ।


ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ
ਜ਼ਿਲ੍ਹਾ- ਪਟਿਆਲਾ


ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ। 

3 comments:

 1. ਇੱਕ ਲੰਮੇ ਅਰਸੇ ਬਾਅਦ ਇੱਕ ਵਧੀਆ ਹਾਇਬਨ ਨਾਲ ਹਾਜ਼ਰੀ ਲੁਆਉਣ ਲਈ ਬਹੁਤ -ਬਹੁਤ ਸ਼ੁਕਰੀਆ।
  ਸੋਹਣੇ ਅੰਦਾਜ਼ 'ਚ ਆਪਣੇ ਘਰ ਤੇ ਪਿੰਡ ਦੇ ਮੋਹ ਨੂੰ ਬਿਆਨ ਕੀਤਾ ਹੈ।
  ਇੱਕ ਹੂਕ ......... ਸੰਨ ਸੰਤਾਲੀ ਦੀ ਹੂਕ ...........
  ਜੋ ਸਾਡੇ 'ਚੋਂ ਕੁਝ ਕੁ ਨੂੰ ਹੀ ਸੁਣਾਈ ਦਿੰਦੀ ਹੈ.......... ਸੁਨਾਉਣ ਦਾ ਉਪਰਾਲਾ ਕਾਮਯਾਬ ਹੋ ਨਿਬੜਿਆ।
  ਆਪ ਦੀਆਂ ਹੋਰ ਲਿਖਤਾਂ ਦੀ ਉਡੀਕ ਰਹੇਗੀ। ਸਾਂਝ ਬਣਾਈ ਰੱਖਣਾ।
  ਹਰਦੀਪ

  ReplyDelete
 2. ਪੜ੍ਹ ਕੇ ਬਹੁਤ ਚੰਗਾ ਲੱਗਾ - ਬਹੁਤ ਵਧੀਆ ਹਾਇਬਨ ਹੈ ਵੀਰ ਜੀ।

  ReplyDelete
  Replies
  1. ਬਹੁਤ ਬਹੁਤ ਧੰਨਵਾਦ ਵੀਰ ਜੀ।

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ