ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Nov 2015

ਘੜਮੱਸ (ਹਾਇਬਨ)ਸੁਣਨ ਲਈ ਫੋਟੋ 'ਤੇ ਬਣੇ ਤੀਰ ਨੂੰ ਕਲਿੱਕ ਕਰੋ -

ਵਿਭਾਗ ਦੇ ਮੁੱਖੀ ਦਾ ਕਮਰਾ ........ਖੁੱਲ੍ਹਾ, ਹਵਾਦਾਰ ਤੇ ਸ਼ਾਂਤ। ਅੱਜ ਪਹਿਲੇ ਹੀ ਦਿਨ ਮੁੱਖੀ ਦੀ ਗੈਰਮੌਜੂਦਗੀ 'ਚ ਮੇਰਾ ਉਸ ਦੇ ਕਮਰੇ 'ਚ ਜਾਣ ਦਾ ਸਬੱਬ ਬਣਿਆ। ਖੁੱਲ੍ਹੀ ਖਿੜਕੀ 'ਚੋਂ ਬਾਹਰ ਝਾਤੀ ਮਾਰਦਿਆਂ ਕਾਦਰ ਦੀ ਬੁਣਤੀ ਦਾ ਅਜਬ ਖਿਲਾਰਾ ਮੇਰੀ ਰੂਹ ਨੂੰ ਤਾਜ਼ਗੀ ਦੇ ਗਿਆ। ਪਰ ਜਿਓਂ ਹੀ ਮੇਰੀ ਘੁੰਮਦੀ ਨਿਗ੍ਹਾ ਉਸ ਦੇ ਮੇਜ਼ 'ਤੇ ਪਈ, ਇਹ ਸਲੀਕੇ ਦੇ ਘਾਣ ਦੀ ਇੱਕ ਕੋਝੀ ਮਿਸਾਲ ਲੱਗੀ। ਮੇਜ਼ 'ਤੇ ਪਿਆ ਖਿਲਾਰਾ ਮੇਰੀ ਸੋਚ ਨੂੰ ਬਿਖੇਰਦਾ ਜਾਪਿਆ। ਹੁਣ ਬਦਹਵਾਸ ਹੋਈ ਹਵਾ 'ਚ ਆਉਂਦੇ ਅਣਸੁਖਾਵੇਂ ਸਾਹਾਂ ਨਾਲ ਮਨ ਅਸ਼ਾਂਤ ਹੋ ਗਿਆ। 
       ਉਸ ਦੇ ਬਦਰੰਗ ਜਿਹੇ ਮੇਜ਼ 'ਤੇ ਸਭ ਕੁਝ ਖਿਲਰਿਆ -ਪੁਲਰਿਆ ਤੇ  ਉਘੜ -ਦੁਘੜਾ ਹੋਇਆ ਪਿਆ ਸੀ। ਲੱਗਦਾ ਸੀ ਕਿ ਉਸ ਨੇ ਕਦੇ ਸਲੀਕੇ ਦੀ ਘੁੱਟ ਤੱਕ ਨਹੀਂ ਭਰ ਕੇ ਦੇਖੀ ਹੋਣੀ। ਮੇਜ਼ 'ਤੇ ਡੁੱਲੀ ਕੌਫ਼ੀ ਨਾਲ ਜੁੜੇ ਖਿਲਰੇ ਵਰਕੇ, ਰਸੀਦਾਂ ,ਇਮਤਿਹਾਨਾਂ ਦੇ ਪਰਚੇ ਤੇ ਖੁੱਲ੍ਹੀਆਂ ਪਈਆਂ ਕਿਤਾਬਾਂ ਤੋਂ ਸਰਕਦੀ ਮੇਰੀ ਨਿਗ੍ਹਾ ਅੱਧ ਖਾਲੀ ਰੁੜੀ ਪਈ ਪਾਣੀ ਵਾਲੀ ਬੋਤਲ, ਟਾਫੀਆਂ ਦੇ ਪੰਨੇ, ਟੁੱਟੇ ਖਾਲੀ ਡੱਬਿਆਂ ਤੋਂ ਹੁੰਦੀ ਹੋਈ ਮੇਜ਼ 'ਤੇ ਪਈਆਂ ਖਿੜਕੀ ਦੀਆਂ ਟੁੱਟੀਆਂ ਪੱਚਰਾਂ  'ਤੇ ਆ ਟਿਕੀ ਸੀ। ਤਿੰਨ -ਚਾਰ ਖਾਲੀ ਚਾਹ ਵਾਲੇ ਕੱਪਾਂ 'ਚ ਪਏ ਟੁੱਟੇ -ਫੁੱਟੇ ਪੈਨ  -ਪੈਨਸਲਾਂ ਕਿਸੇ ਤਰਤੀਬ ਨੂੰ ਉਡੀਕਦੇ ਲੱਗੇ। ਨੱਕੋ -ਨੱਕ ਭਰੇ ਅੱਧ -ਖੁੱਲ੍ਹੇ ਦਰਾਜਾਂ 'ਚੋਂ ਝਾਕਦਾ ਨਿੱਕ -ਸੁੱਕ ਕਿਸੇ ਸੁੱਚਜੇ ਹੱਥਾਂ ਦੀ ਛੋਹ ਨੂੰ ਤਰਸ ਰਿਹਾ ਸੀ। 
        ਏਸ ਬੇਤਰਤੀਬ ਖਿਲਾਰੇ 'ਚੋਂ ਮੈਨੂੰ ਉਸ ਦਾ ਅਕਸ ਹੁਣ ਸਾਫ਼ ਦਿਖਾਈ ਦੇ ਰਿਹਾ ਸੀ। ਕਿਸੇ ਚੀਜ਼ ਨੂੰ ਵਿਵਸਥਿਤ ਕਰਕੇ ਰੱਖਣ ਦਾ ਮੋਹ ਤਾਂ ਸ਼ਾਇਦ ਉਸ ਅੰਦਰ ਕਦੇ ਪਣਪਿਆ ਹੀ ਨਹੀਂ ਹੋਣਾ। ਉਸ ਦਾ ਮੇਜ਼ ਕਿਸੇ ਕਬਾੜਖਾਨੇ ਤੋਂ ਘੱਟ ਨਹੀਂ ਜਾਪਦਾ ਸੀ। ਕਦੇ ਇਹ ਮੈਨੂੰ ਉਸ ਦੇ ਵਿਅਸਤ ਹੋਣ ਦਾ ਵਿਖਾਵਾ ਕਰਨ ਦੀ ਆਦਤ ਦਾ ਪ੍ਰਤੀਕ ਲੱਗੇ ਤੇ ਕਦੇ ਉਸ ਦੇ ਆਪੇ ਅੰਦਰ ਪਏ ਘੜਮੱਸ ਦਾ ਸੂਚਕ। ਮੇਰੀ ਸੋਚ 'ਚ ਉਘੜ ਕੇ ਆਇਆ ਓਸ ਦਾ ਆਪਾ ਉਸ ਦੀ ਅਸਲ ਸ਼ਕਸੀਅਤ ਨਾਲ ਓਦੋਂ ਮੇਲ ਖਾ ਗਿਆ ਜਦੋਂ ਇੱਕ ਸਾਥੀ ਨੇ ਉਸ ਦੇ ਗੁਸੈਲ, ਅੜੀਅਲ, ਰੁੱਖੇ, ਆਪਮਤੇ ਜਿਹੇ ਖੁਦਗਰਜ਼ ਸੁਭਾਅ ਹੋਣ ਦੀ ਹਾਮੀ ਭਰੀ ਸੀ । ਕਹਿੰਦੇ ਨੇ ਕਿ ਕੁਦਰਤ ਦੇ ਸਭਿਆਚਾਰ 'ਚ ਵੀ ਬੇਪਰਵਾਹੀਆਂ, ਬੇਤਾਲ ਤੇ ਘੜਮੱਸ ਦੀ ਕੋਈ ਥਾਂ ਨਹੀਂ ਹੁੰਦੀ। ਤੇ ਫੇਰ ਇਸ ਨਿਰਮੋਹੇ ਜਿਹੇ ਰੂਹ ਦੀ ਲਿਆਕਤ ਦੀ ਥੁੜ ਵਾਲੇ ਵਿਅਕਤੀ ਦਾ ਅਕਸ ਏਹੋ ਜਿਹਾ ਹੀ ਤਾਂ ਹੋਵੇਗਾ। ਮੈਂ ਖੁੱਲ੍ਹੀ ਖਿੜਕੀ 'ਚੋਂ ਇੱਕ ਵਾਰ ਫੇਰ ਬਾਹਰ ਤੱਕਿਆ। ਸੂਰਜ ਦੀ ਮਧੱਮ ਲਾਲੀ 'ਚ ਸ਼ਿੰਗਾਰੇ ਰੁੱਖ ਮੈਨੂੰ ਕਿਸੇ ਸਲੀਕੇ ਤੇ ਜਾਂਚ ਦਾ ਕ੍ਰਿਸ਼ਮਾ ਜਾਪੇ। 
ਸੰਧਿਆ ਵੇਲਾ 
ਲਾਲੀ ਦੀ ਲਿਸ਼ਕੋਰ 
ਸੰਧੂਰੀ ਪੱਤੇ। 

ਡਾ. ਹਰਦੀਪ  ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 125 ਵਾਰ ਪੜ੍ਹੀ ਗਈ।

8 comments:

 1. Sample of living world

  ReplyDelete
 2. ਘੜਮੱਸ ਹਾਇਬਨ ਪੜ੍ਹਿਆ ਤੇ ਸੁਣਿਆ ਵੀ। ਬਹੁਤ ਹੀ ਵਧੀਆ ਲੱਗਾ।
  ਦਵਿੰਦਰ

  ReplyDelete
 3. ਈ ਮੇਲ ਰਾਹੀਂ ਮਿਲੇ ਸੁਨੇਹੇ -
  ਕੁਲਦੀਪ =ਹੁਣੇ ਹੁਣੇ ਆਪ ਦਾ ਹਾਇਬਨ ਸੁਣਿਆ, ਕੀ ਤਾਰੀਫ਼ ਕਰਾਂ। ਮਿੱਠੀ ਆਵਾਜ਼ .....ਬਹੁਤ ਹੀ ਵਧੀਆ।
  ਜਸਕਿਰਨ = ਅਨਓਰਗੇਨਾਈਜ਼ਡ ਲੋਕ ਤੇ ਨੇਚੁਰਲ ਕਰੀਏਸ਼ਨ
  ਪ੍ਰੀਤਮ ਕੌਰ = ਬਾਹਰ ਦਾ ਖਿਲਾਰਾ ਤੇ ਮਨ ਦੇ ਖਿਲਾਰੇ ਦੀ ਗੱਲ ਕਹਿੰਦਾ ਹੈ ਇਹ ਹਾਇਬਨ।
  ਰਵਿੰਦਰ ਕੌਰ =ਆਫ਼ਿਸ ਦੇ ਖਿਲਾਰੇ ਦੀ ਤਸਵੀਰ ਬਖੂਬੀ ਖਿੱਚਦਾ ਹਾਇਬਨ।
  ਗੀਤਿਕਾ = ਵਧੀਆ ਹੈ ਪਰ ਕੁਝ ਅਧੂਰਾ ਲੱਗਾ।

  ReplyDelete
 4. ਘੜਮੱਸ ਹਾਇਬਨ ਪੜ੍ਹਨ ਤੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।
  ਸਭ ਨੇ ਆਪਣੇ -ਆਪਣੇ ਵਿਚਾਰਾਂ ਨਾਲ ਸਾਂਝ ਪਾਈ। ਹਰ ਇੱਕ ਦਾ ਵੱਖਰਾ ਨਜ਼ਰੀਆ ਹੁੰਦਾ ਹੈ ਹਰ ਇੱਕ ਚੀਜ਼ ਨੂੰ ਵੇਖਣ ਦਾ।
  ਕਿਸੇ ਨੂੰ ਇੱਥੇ ਬਾਹਰ ਦਾ ਖਿਲਾਰਾ ਨਜਰ ਆਇਆ,ਕਿਸੇ ਨੇ ਕੁਦਰਤ ਦੀ ਦਾਤ ਨੂੰ ਵੀ ਸਲਾਹਿਆ , ਕਿਸੇ ਨੇ ਮਨ ਦੇ ਖਿਲਾਰੇ ਦੀ ਵੀ ਗੱਲ ਕੀਤੀ ਤੇ ਕਿਸੇ ਨੂੰ ਕੁਝ ਅਧੂਰਾ ਵੀ ਲੱਗਾ।
  ਇਹ ਹਾਇਬਨ ਕਿਸੇ ਦੇ ਬੇਤਰਤੀਬ ਖਿਲਾਰੇ ਨੂੰ ਵੇਖਦਿਆਂ ਉਸ ਵਿਅਕਤੀ ਦੀ ਸ਼ਕਸੀਅਤ ਬਾਰੇ ਕਿਆਸਣ ਦੀ ਗੱਲ ਕਰਦਾ ਹੈ। ਉਸ ਵਿਅਕਤੀ ਦੇ ਮੇਜ਼ ਦਾ ਘੜਮੱਸ ਉਸਦੇ ਆਪੇ ਦੇ ਘੜਮੱਸ ਦੀ ਹਾਮੀ ਭਰਦਾ ਹੈ।
  ਹਰਦੀਪ

  ReplyDelete
 5. ਵਧੀਆ ਰਚਨਾ ਹੈ
  ਜਿੰਦਗੀ ਜਿਉਣ ਦੇ ਤਰੀਕੇ ਹਨ ।
  ਮੰਨ ਸੰਤੁਸ਼ਟ ਅਤੇ ਖੁਸ਼ , ਫਿਰ ਸਾਰੀ ਦੁਨਿਆ ਸੋਹਨੀ
  ਮੰਨ ਵਿੱਚ ਕਸ਼ਟ , ਦੁਖ , ਸੋ ਸਭ ਕੁਝ ਕੋਝਾ

  ReplyDelete
 6. ਬੇਤਰਤੀਬ ਖਿਲਾਰੇ ਨੂ ਦੇਖ ਕੇ ਲੇਖਕ ਦਾ ਮਨ ਉਸ ਮੁਖੀ ਦੀ ਸ਼ਕਸ਼ੀਅਤ ਦੀ ਕਲਪਨਾ ਨਾਲ ਜੁੜਦਾ ਹੈ। ਹਾਇਬਨ ਵਰਣਨ ਦਾ ਸੁੰਦਰ ਨਮੂਨਾ ਹੈ ਹਰਦੀਪ ਜੀ । ਖੂਬਸੂਰਤ ਸ਼ਬਦ ਚਿਤਰ ਹੈ। ਇਸ ਤੋਂ ਇਲਾਵਾ ਇਹ ਮਨੋਵਿਗਿਆਨ ਦਾ ਤਥ ਭੀ ਜਾਹਿਰ ਕਰਦਾ ਹੈ ਕੀ ਇਨਸਾਨ ਦੀ ਰਹਿਤ ਬਹਿਤ ਉਸ ਦੇ ਸ੍ਵਭਾਵ ਨੂ ਦਿਖੋੰਦੀ ਹੈ। ਬਧਾਈ।

  ReplyDelete
 7. An E-mail message -
  प्रिय हरदीप जी,
  सति श्री अकाल।
  तुम्हारी कलम के लेखन की सुंदरता तो पहले ही देख ली थी आज आवाज़ की मधुरता से भी पहचान हो गयी। प्रवाहमय लेखन को आवाज़ भी उसी अन्दाज से लेकर आगे बढ़ती है। कहीं अटकाव नही। सही शब्द चयन का करिश्मा है यह। हिंदी का हाइबन मैंने पहले पढ़ा था। पंजाबी का बाद में। पंजाबी में कुछ शब्द मेरे लिये अपरिचित थे। जब कभी कोई रचना समझ नही आती मैं टिप्पणी नही करती।
  बंड की त्रासदी बारे में भी कुछ मैंने सुना था वह आवाज भी शायद तुम्हारी ही थी। अब उसे दुबारा सुनुँगी।
  आश्चर्य होता है पढ़ कर की लेखक की पैनी नजर कहीं से भी अपने लेखन के लिए सब्जेक्ट चुन सकती है।
  बहुत अच्छा लिखा।
  तुम्हारी रचनाओं का इंतजार हमेशा रहेगा।

  कमला

  ReplyDelete
 8. ਦਿਲਜੋਧ ਜੀ ਤੇ ਕਮਲਾ ਜੀ
  ਘੜਮੱਸ ਹਾਇਬਨ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਬੱਸ ਹੋਰ ਕੀ ਚਾਹੀਦਾ ਹੈ ਜਦੋਂ ਪਿਆਰ ਕਰਨ ਵਾਲੇ ਐਨੇ ਮੋਹ ਨਾਲ ਭਿੱਜੇ ਬੋਲਾਂ ਨਾਲ ਲੇਖਣ ਦਾ ਸੁਆਗਤ ਕਰਨ ਤਾਂ ਲਿਖਤ ਦਾ ਮਕਸਦ ਖੁਦ -ਬ -ਖੁਦ ਪੂਰਾ ਹੋ ਜਾਂਦਾ ਹੈ। ਰਹੀ ਗੱਲ ਵਿਸ਼ੇ ਦੇ ਚੁਣਨ ਦੀ -ਸਾਡਾ ਆਲਾ ਦੁਆਲਾ ਲੇਖਣ ਦੇ ਵਿਸ਼ਿਆਂ ਨਾਲ ਭਰਪੂਰ ਹੈ, ਬੱਸ ਜ਼ਰਾ ਕੁ ਧਿਆਨ ਨਾਲ ਵੇਖਣ ਦੀ ਲੋੜ ਹੈ। ਹਾਇਕੁ -ਲੋਕ 'ਤੇ ਜਿੰਨੀਆਂ ਵੀ audio ਪੋਸਟਾਂ ਹਨ ਇਹ ਮੇਰੀ ਆਵਾਜ਼ 'ਚ ਹੀ ਹਨ। ਚਾਹੁੰਦੀ ਹਾਂ ਕਿ ਸਾਡੇ ਲੇਖਕ ਆਪਣੀ ਆਵਾਜ਼ ਨਾਲ ਵੀ ਸਾਂਝ ਪਾਉਣ।
  ਸਮੇਂ -ਸਮੇਂ 'ਤੇ ਹੋਰ ਰਚਨਾਵਾਂ ਲੈ ਕੇ ਹਾਜ਼ਰ ਹੋਣ ਦੀ ਕੋਸ਼ਿਸ਼ ਕਰਦੀ ਰਹਾਂਗੀ।
  ਹਰਦੀਪ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ