ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Mar 2016

ਮੈਪਲ ਪੱਤੇ

ਪੱਤਝੜ ਰੁੱਤ ਦੀ ਢਲਦੀ ਸ਼ਾਮ ਸੀ ਪਰ ਅੰਤਾਂ ਦੀ ਗਰਮੀ ਵੀ । ਵਧ ਰਹੀ ਘੁਟਨ ਕਾਰਨ ਮੇਰਾ ਬਾਹਰ ਸੈਰ ਕਰਨ ਨੂੰ ਮਨ ਲੋਚਿਆ।  ਤੁਰਦੇ ਤੁਰਦੇ ਮੇਰੀ ਨਜ਼ਰ ਰੁੱਖਾਂ ਦੇ ਰੰਗ ਵਟਾਉਂਦੇ ਪੱਤਿਆਂ 'ਤੇ ਪਈ। ਰੁੰਡ -ਮੁੰਡ ਹੋਣ ਤੋਂ ਪਹਿਲਾਂ ਮੈਪਲ ਰੁੱਖਾਂ ਦਾ ਜੋਬਨ ਝੱਲਿਆ ਨਹੀਂ ਸੀ ਜਾ ਰਿਹਾ । ਕੁਦਰਤ ਦੀ ਇਸ ਅਲੌਕਿਕ ਲੀਲ੍ਹਾ ਨੂੰ ਤੱਕਦਿਆਂ ਮੇਰੀ ਸੋਚ ਦਾ  ਪੰਛੀ ਮੈਨੂੰ ਸੱਤ ਸਮੁੰਦਰੋਂ ਪਾਰ ਲੈ ਉੱਡਿਆ ।ਅਗਲੇ ਹੀ ਪਲ ਮੈਂ ਉਸ ਦੇ ਵਿਹੜੇ ਜਾ ਬੈਠੀ ਜਿੱਥੇ ਉਹ ਜ਼ਿੰਦਗੀ ਦੀਆਂ ਅਣਗਿਣਤ ਦੁਪਹਿਰਾਂ ਦੀ ਤਪਸ਼ ਝੱਲਦੀ ਹੋਈ ਅੱਜ ਇਹਨਾਂ ਮੈਪਲ ਪੱਤਿਆਂ ਵਾਂਗ ਖਿੜੀ ਰੰਗ ਬਿਖੇਰ ਰਹੀ ਹੈ। 
          ਹੱਲਿਆਂ ਵੇਲੇ ਉਹ ਮਸੀਂ ਸੱਤਾਂ -ਅੱਠਾਂ ਵਰ੍ਹਿਆਂ ਦੀ ਹੋਵੇਗੀ। ਓਸ ਮਨਹੂਸ ਵੇਲੇ ਦੀ ਤ੍ਰਾਸਦੀ ਭਾਵੇਂ ਉਸ ਨੇ ਅੱਖੀਂ ਤਾਂ ਨਹੀਂ ਦੇਖੀ ਸੀ ਪਰ ਜ਼ਿੰਦ ਵਲੂੰਧਰਦੇ ਕਲਜੋਗੀ ਸਮੇਂ ਦਾ ਅਸਰ ਮਨ ਦੇ ਚੇਤਿਆਂ 'ਤੇ ਅਮਿੱਟ ਛਾਪ ਛੱਡ ਗਿਆ ਸੀ। ਉਹ ਰਾਤਾਂ ਨੂੰ ਤ੍ਰਭਕ -ਤ੍ਰਭਕ ਉੱਠ ਬਹਿੰਦੀ ਜਦੋਂ ਸੁਪਨਿਆਂ 'ਚ ਚੈਨ ਲਈ ਭਟਕਦੀਆਂ ਫਿਰਦੀਆਂ ਰੂਹਾਂ ਵਿਖਾਈ ਦਿੰਦੀਆਂ। ਇਹ ਨਰਕਈ ਭੈਅ  ਅਵਚੇਤਨਤਾ 'ਚ ਹਰ ਪਲ ਉਸ ਦੇ ਨਾਲ ਨਾਲ ਹੀ ਤੁਰਦਾ ਗਿਆ। ਰੱਤੀ ਭਰ ਖਤਰੇ ਦੀ ਕਲਪਨਾ ਕਰਦਿਆਂ ਹੀ ਅੱਜ ਵੀ ਉਸਦੀ ਰੂਹ ਕੰਬ ਜਾਂਦੀ ਹੈ।   
     ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਬੰਨਣ ਵਾਲੀ ਉਹ ਸੁਘੜ ਸੁਆਣੀ ਜੀਵਨ ਭਰ ਘਰ ਦੀ ਰੂਹ ਨੂੰ  ਸੁਖਾਵਾਂ ਜਿਹਾ ਰੱਜ ਦਿੰਦੀ ਰਹੀ। ਜ਼ਿੰਦਗੀ ਦਾ ਵਹਿਣ ਆਪਣੇ ਰੋੜ੍ਹ ਨਾਲ ਉਸ ਨੂੰ ਸਾਹਿਤਕ ਦਹਿਲੀਜ਼ 'ਤੇ ਲੈ ਆਇਆ ਜਿੱਥੇ ਸਾਡਾ ਇਹ ਸੁੱਚਾ ਮਿਲਣ ਹੋਇਆ। ਨਾ ਸਾਡਾ ਕੋਈ ਖੂਨ ਦਾ ਰਿਸ਼ਤਾ ਹੈ ਤੇ ਨਾ ਹੀ ਅਜੇ ਤੱਕ ਸਾਡੀ ਕੋਈ ਰਸਮੀ ਮੁਲਾਕਾਤ ਹੀ ਹੋਈ ਹੈ। ਪਰ ਫਿਰ ਵੀ ਅਸੀਂ ਇੱਕ ਦੂਜੇ ਨਾਲ ਨਿੱਤ ਢੇਰ ਗੱਲਾਂ ਕਰਦੇ ਹਾਂ। 
         ਕਹਿੰਦੇ ਨੇ ਦਿਲੀ ਸਾਂਝ ਦਾ ਰਿਸ਼ਤਾ ਉਮਰਾਂ ਨਾਲ ਨਹੀਂ ਮਾਪਿਆ ਜਾਂਦਾ ਸਗੋਂ ਇਹ ਤਾਂ ਸੁਹਜ ਸੋਚ ਦੀ ਇਕਸੁਰਤਾ ਦਾ ਵਹਾਓ ਹੁੰਦਾ ਹੈ। ਸ਼ਾਇਦ ਇਸੇ ਗੱਲ ਦੀ ਹਾਮੀ ਭਰਦਾ ਹੈ ਸਾਡਾ ਇਹ ਗੂੜ੍ਹਾ ਰਿਸ਼ਤਾ। ਇੱਕ ਪਾਸੇ ਦੀ ਚੁੱਪੀ ਦੂਜੇ ਨੂੰ ਬੇਚੈਨ ਕਰ ਦਿੰਦੀ ਹੈ। ਤਾਂਹੀਓ ਤਾਂ ਕਦੇ ਉਹ ਮੈਨੂੰ ਸੰਸਿਆਂ ਦੀਆਂ ਕੰਧਾਂ ਉਹਲੇ ਖੜੋਤੀ ਆਪਮਤੇ ਜਿਹੇ ਗੱਲਾਂ ਕਰਦੀ ਜਾਪਦੀ ਹੈ , "ਪੱਕੇ ਫਲ ਦਾ ਕੀ ਭਰੋਸਾ ਕਦੋਂ ਟਹਿਣੀਓਂ ਝੜ ਜਾਵੇ। " ਤੇ ਕਦੇ ਮੋਹ ਤੇ ਅਪਣੱਤ 'ਚ ਭਿੱਜੀ ਆਪਣਾ ਆਪਾ ਮੇਰੇ ਮੂਹਰੇ ਲਿਆ ਖਿਲਾਰਦੀ ਹੈ, "ਸੱਚੇ ਦਿਲ ਦੀ ਨੇੜਤਾ 'ਚ ਇੱਕ ਮਿੱਕ ਹੋ ਤੇਰੇ ਨਾਲ ਗੱਲਾਂ ਕਰਦਿਆਂ ਕੋਈ ਓਹਲਾ ਨਹੀਂ ਰਿਹਾ। ਤੇਰੇ ਨਾਲ ਗੱਲਾਂ ਕਰਦੀ ਮੈਨੂੰ ਇਓਂ ਲੱਗਦਾ ਹੈ ਜਿਵੇਂ ਮੈਂ ਮੇਰੇ ਆਪੇ ਨਾਲ ਹੀ ਗੱਲਾਂ ਕਰ ਰਹੀ ਹੋਵਾਂ। ਮੇਰੇ ਅੰਦਰ ਦੇ ਸੁੱਤੇ ਕਲਾਕਾਰ ਨੂੰ ਜਗਾ ਕਲਮ ਫੜਾਉਣ ਵਾਲੀ ਤੂੰ ਹੀ ਤਾਂ ਹੈਂ।" 
          ਉਮਰਾਂ ਦੀ ਢਲਦੀ ਸ਼ਾਮ ਨੇ ਉਸ ਦੇ ਪਰਛਾਵਿਆਂ ਨੂੰ ਸਿਖਰ 'ਤੇ ਪਹੁੰਚਾ ਦਿੱਤਾ ਹੈ ਜਿੱਥੇ ਦੇਹ ਅਰੋਗਤਾ ਦਾ ਕੋਈ ਭਰੋਸਾ ਨਹੀਂ ਰਹਿੰਦਾ। ਕਿਸੇ ਸਧਾਰਨ ਜਿਹੇ ਰੋਗ ਦੀ ਪੀੜਾ 'ਚ ਉਸ ਮੈਨੂੰ ਆਪਣੇ ਖਿਆਲਾਂ 'ਚ ਵੀ ਚਿਤਵਿਆ। ਅਛੋਪਲੇ ਹੀ ਮੈਂ ਉਸ ਦੀ ਸੁਪਨ ਨਗਰੀ ਦੀਆਂ ਬਰੂਹਾਂ 'ਤੇ ਜਾ ਖਲੋਈ ਸਾਂ । ਕਿਸੇ ਅਰਸ਼ੀ ਫਰਿਸ਼ਤੇ ਸੰਗ, ਜਿਸ ਦੀ ਹਾਜ਼ਰੀ 'ਚ ਉਸਨੇ ਸਾਡੇ ਮੋਹ ਦੇ ਰਿਸ਼ਤੇ ਦੀ ਗੰਢ  ਨੂੰ ਹੋਰ ਪੀਢੀ ਕੀਤਾ ਸੀ। ਉਸਦੇ ਮਨ ਦੇ ਬੁਝੂੰ -ਬੁਝੂੰ  ਕਰਦੇ ਦੀਵੇ ਉੱਚੀਆਂ ਲਾਟਾਂ ਨਾਲ ਜਗਣ ਲੱਗ ਪਏ ਸਨ। 
          ਪੈਰਾਂ ਹੇਠ ਆਏ ਪੱਤਿਆਂ ਦੀ ਖੜ -ਖੜ ਨੇ ਮੈਨੂੰ ਮੇਰੇ ਖਿਆਲਾਂ ਦੀ ਡਗਰ 'ਚੋਂ ਮੋੜ ਲਿਆਂਦਾ। ਹੁਣ ਮੈਂ ਤਰੋ -ਤਾਜ਼ਾ ਮਹਿਸੂਸ ਕਰ ਰਹੀ ਸਾਂ। ਕੁਦਰਤ ਨਾਲ ਲਿਵਲੀਨ ਹੁੰਦੀ ਮੈਂ ਕਾਇਨਾਤ ਦੇ ਅਲਬੇਲੇ ਰੰਗਾਂ ਨੂੰ ਮੁੜ ਤੋਂ ਨਿਹਾਰਨ ਲੱਗੀ। 

ਸੂਹੇ -ਰੰਗਲੇ 
ਝੜਨ ਤੋਂ ਪਹਿਲਾਂ 
ਮੈਪਲ ਪੱਤੇ।                                                                                                                                    ਡਾ . ਹਰਦੀਪ ਕੌਰ ਸੰਧੂ      

   ਨੋਟ: ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ                                                                                                                                                                                                                                                    

4 comments:

 1. ਹਰਦੀਪ ਤੇਰੀ ਭਾਵ ਨਗਰੀ ਵਿਚ ਕੋਈ ਇਕ ਝਾਤ ਭੀ ਮਾਰ ਦੇਵੇ ਤਾ ਓਹ ਤੇਰੀ ਰਚਨਾ ਦਾ ਪਾਤਰ ਬਨ ਜਾਂਦਾ ਹੈ ।ਤੇਰੇ ਨਿਘੇ ਪਿਆਰ ਦੀ ੳਹ ਪਾਤਰ ਇਸ ਲਿਖਤ ਨੂ ਪੜ ਕੇ ਜਰੂਰ ਖੁਸ਼ ਹੋਵੇਗੀ ।ਤੂ ਕਿਸੇ ਭੀ ਲਿਖਤ ਨੂ ਏਨਾ ਰੋਚਕ ਬਨਾ ਦੇਂਦੀ ਹੈ ਕਿ ਪੜਨੇ ਵਾਲੇ ਕੋ ਕਹਾਨੀ ਪੜਨੇ ਜੈਸਾ ਆਨੰਦ ਪਰਾਪਤ ਹੋਤਾ ਹੈ ।ਅੋਰ ਪਾਠਕਾਂ ਨੂ ਭੀ ੲੈਸਾ ਲਗੇਗਾ ੲੈਸਾ ਮੇਰਾ ਵਿਚਾਰ ਹੈ ।ਤੇਰੀ ਕਲਮ ਇਸੀ ਤਰਹ ਚਲਦੀ ਰਹੇ ਏਹ ਹੀ ਕਾਮਨਾ ਹੈ ।,

  ReplyDelete
 2. ਆਪ ਨੇ ਸਹੀ ਕਿਹਾ ਕਮਲਾ ਜੀ ਕਿ ਮੇਰੀ ਭਾਵ ਨਗਰੀ 'ਚ ਜੇ ਕੋਈ ਝਾਤ ਮਾਰੇ ਤਾਂ ਉਹ ਮੇਰੀ ਰਚਨਾ ਦਾ ਪਾਤਰ ਬਣ ਜਾਂਦਾ ਹੈ। ਪਰ ਇਹ ਝਾਤ ਕਿਹੋ ਜਿਹੀ ਹੋਵੇਗੀ ? ਜਿਸ ਝਾਤ 'ਚ ਮੋਹ ਹੋਵੇ- ਨਫ਼ਰਤ ਨਹੀਂ, ਚਾਹਤ ਹੋਵੇ -ਈਰਖਾ ਨਹੀਂ, ਚੰਗਾਈ ਨੂੰ ਸਲਾਹੁਣ ਦਾ ਜਿਗਰਾ ਹੋਵੇ -ਸਾੜਾ ਨਹੀਂ। ਕਿਸੇ ਨੂੰ ਆਪਣਾ ਕਹਿਣ ਵਾਲਾ ਹੀ ਨਹੀਂ, ਆਪਣਾ ਬਨਾਉਣ ਵਾਲਾ ਹੋਵੇ, ਕਿਸੇ ਨੂੰ ਖ਼ਾਸ ਕਹਿਣ ਵਾਲਾ ਹੀ ਨਹੀਂ, ਸਗੋਂ ਖਾਸ ਮਹਿਸੂਸ ਕਰਵਾਉਣ ਵਾਲਾ ਹੋਵੇ, ਕਿਸੇ ਨੂੰ ਦਰਦ ਨਾ ਦੇਣ ਵਾਲਾ ਨਹੀਂ, ਸਗੋਂ ਕਿਸੇ ਦੇ ਦਰਦ ਨੂੰ ਸਮਝਣ ਵਾਲਾ ਹੋਵੇ, ਕਿਸੇ ਤੋਂ ਉਮੀਦ ਕਰਨ ਵਾਲਾ ਨਹੀਂ, ਸਗੋਂ ਕਿਸੇ ਦੀ ਉਮੀਦ ਨਾ ਟੁੱਟਣ ਦੇਣ ਵਾਲਾ ਹੋਵੇ। ਐਸਾ ਵਿਅਕਤੀ ਹੀ ਮੇਰੀ ਰਚਨਾ ਦਾ ਪਾਤਰ ਬਣਦਾ ਹੈ।
  ਮੇਰਾ ਇਹ ਹਾਇਬਨ ਪੜ੍ਹ ਕੇ ਇਸ ਦੀ ਪਾਤਰ ਖੁਸ਼ ਹੋਵੇਗੀ, ਜੇ ਆਪ ਨੂੰ ਅਜਿਹਾ ਲੱਗਿਆ ਤਾਂ ਮੈਂ ਸਮਝਦੀ ਹਾਂ ਕਿ ਮੇਰਾ ਲੇਖਣ ਸਫ਼ਲ ਹੋਇਆ। ਰਚਨਾ ਪੜ੍ਹ ਕੇ ਜੇ ਪਾਠਕ ਨੂੰ ਰਸ ਆਉਂਦਾ ਹੈ, ਅਨੰਦ ਆਉਂਦਾ ਹੈ-ਇੱਕ ਲੇਖਕ ਲਈ ਇਸ ਤੋਂ ਵੱਡਮੁੱਲਾ ਹੋਰ ਕੀ ਹੋ ਸਕਦਾ ਹੈ । ਆਪ ਦਾ ਦਿਲੀ ਆਸ਼ੀਰਵਾਦ ਮਿਲਿਆ ਜਿਸ ਲਈ ਧੰਨਵਾਦ ਵਰਗਾ ਸ਼ਬਦ ਬਹੁਤ ਛੋਟਾ ਹੈ।
  ਹਰਦੀਪ

  ReplyDelete
 3. ਦਾਰਸ਼ਨਿਕ ਕਲਮ ਦਾ ਕਮਾਲ

  ReplyDelete
 4. ਦਾਰਸ਼ਨਿਕ ਅੱਖ ਦਾ ਕਮਾਲ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ