ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Jun 2016

ਰੰਗਲੀ ਰੰਗਸ਼ਾਲਾ


ਸਾਵਣ ਮਹੀਨੇ ਨੇ ਆਪਣੇ ਪੂਰੇ ਜਲੌ 'ਚ ਆ ਬੂਹੇ 'ਤੇ ਆਣ ਦਸਤਕ ਦਿੱਤੀ ਸੀ। ਸਾਰੀ ਕਾਇਨਾਤ ਓਸ ਦੀ ਆਮਦ ਨੂੰ ਸ਼ੁਭ ਆਗਮਨ ਕਹਿੰਦੀ ਜਾਪ ਰਹੀ ਸੀ। ਕਾਲੀਆਂ ਘੋਰ ਘਟਾਵਾਂ ਨੇ ਸੂਰਜ ਨੂੰ ਪਿਛਾਂਹ ਧੱਕ ਆਪਣਾ ਜਲਵਾ ਦਿਖਾਉਣ ਦੀ ਤਿਆਰੀ ਖਿੱਚ ਲਈ ਸੀ। ਚੰਚਲ ਸ਼ੋਖ ਹਵਾਵਾਂ ਨੇ ਵੀ ਬੰਦ ਬੂਹੇ ਖੋਲ੍ਹ ਅੰਬਰਾਂ ਵੱਲ ਉਡਾਰੀ ਭਰ ਲਈ ਸੀ। ਖਿੜੀ ਹਰਿਆਲੀ ਨੇ ਹਰ ਸਾਹ 'ਚ ਜਿਉਣ ਦਾ ਸ਼ਗਨ ਧਰ ਦਿੱਤਾ ਸੀ।
     ਕੁਦਰਤ  ਦੀ ਰੂਹਾਨੀ ਉਡਾਣ ਮੈਨੂੰ ਅੰਬਰ ਤੱਕ ਪਰ ਫੈਲਾਉਣ ਦਾ ਆਹਰ ਦਿੰਦੀ ਹੈ। ਇਹਨਾਂ ਰੰਗਲੇ ਪਲਾਂ ਨੂੰ ਮਾਣਦੀ ਮੈਂ ਆਪਣੀ ਬੁੱਕਲ ਵਿੱਚ ਸਮੇਟਣ ਲਈ ਉਤਾਵਲੀ ਹੋ ਉਠਦੀ ਹਾਂ। ਮੀਂਹ 'ਚ ਭਿੱਜਦੇ ਬਚਪਨੀ ਦਿਨ ਚੇਤੇ ਆਉਂਦੇ ਨੇ। ਛਮ -ਛਮ ਬਰਸਾਤ 'ਚ ਪੈਲਾਂ ਪਾਉਂਦਾ ਮੋਰ ਮੇਰੀਆਂ ਅੱਖਾਂ ਸਾਹਵੇਂ ਨੱਚਣ ਲੱਗਦਾ ਹੈ । ਕਿਤਾਬਾਂ 'ਚ ਸਾਂਭ -ਸਾਂਭ ਰੱਖੇ ਮੋਰ ਖੰਭ ਮੇਰੇ ਮੂਹਰੇ ਆ ਬਿਖਰਣ ਲੱਗਦੇ ਨੇ । ਅਛੋਪਲੇ ਹੀ ਅੰਤਰੀਵ 'ਚ ਛੁਪੀਆਂ ਕਲਾਤਮਿਕ ਭਾਵਨਾਵਾਂ ਨੂੰ ਸੱਜਰੇ ਰੰਗਾਂ ਦੀ ਨਿਵੇਕਲੀ ਰੰਗ -ਲੀਲਾ ਰਾਹੀਂ ਸਿਰਜਣ  ਦਾ ਮਨ ਹੋਇਆ। ਮੇਰੀ ਚੇਤਨਾ 'ਚ ਨੱਚਦੇ ਮੋਰ ਨੂੰ ਆਪਣੇ ਹੱਥਾਂ 'ਚ ਲੈਣ ਦੀ ਲੋਚਾ ਮੈਨੂੰ ਆਪ ਮੁਹਾਰੇ ਓਸ ਨੂੰ ਘੜਨ ਦੇ ਆਹਰੇ ਲਾ ਗਈ। 
       ਚੁਫੇਰੇ ਪਸਰੀ ਨਿਰਮੋਹੀ ਹਵਾ ਦੇ ਘੇਰੇ ਨੂੰ ਤੋੜਦਾ ਹੁਣ ਮੇਰਾ ਆਪਾ ਰੰਗਾਂ ਦੇ ਵਿਹੜੇ ਆਣ ਬੈਠਾ ਸੀ।  ਰੰਗਾਂ ਲੱਦੇ ਬੁਰਸ਼ ਮੇਰੇ ਪੋਟਿਆਂ ਦੀ ਛੋਹ ਦਾ ਨਿੱਘ ਮਾਨਣ ਲੱਗੇ। ਪਲਾਸਟਿਕ ਦੇ ਚਮਚੇ ਚਮਕੀਲੇ ਰੰਗਾਂ ਨਾਲ ਖਿੜ ਕੇ ਮੋਰ ਖੰਭਾਂ ਦਾ ਸਿਰਜਣ ਅਧਾਰ ਬਣੇ। ਰੂੰ -ਫੰਬੇ ਸੁੰਦਰ ਲੰਬੀ ਧੌਣ ਤੇ ਧੜ ਲਈ ਰੰਗਾਂ ਦੀ ਕਰਮ ਭੂਮੀ ਬਣਦੇ ਗਏ। ਮੋਰ ਖੰਭੀ ਰੰਗਾਂ ਨੂੰ ਛੋਂਹਦੀ ਮੈਂ ਕਾਇਨਾਤ ਨਾਲ ਗੱਲਾਂ ਕਰਨ ਲੱਗੀ ਤੇ ਮੇਰੀ ਕਲਪਨਾ ਉਹ ਸਿਰਜਦੀ ਗਈ ਜਿਸ ਨੂੰ ਮੇਰੇ ਮਨ ਨੇ ਕਦੇ ਦੇਖਣਾ ਚਾਹਿਆ ਸੀ। 
       ਆਪਣੇ ਆਵੇਸ਼ ਤੇ ਮੌਲਿਕ ਅੰਦਾਜ਼ 'ਚ ਮੋਰ ਨੂੰ ਸਿਰਜਦਾ ਮੇਰਾ ਆਪਾ ਹੁਣ ਉਸ ਦੀ ਆਤਮਾ ਨਾਲ ਜਾ ਜੁੜਦਾ ਹੈ। ਮੈਂ ਓਸ ਸੁਪਨਮਈ ਲੋਕ 'ਚ ਪਹੁੰਚ ਜਾਂਦੀ ਹਾਂ ਜਿੱਥੇ ਕੋਈ ਹੱਦਬੰਦੀ ਨਹੀਂ ਸੀ ਅਤੇ ਮੈਂ ਬੇਅੰਤ ਸੰਭਾਵਨਾਵਾਂ ਨੂੰ ਆਪਣੇ ਕਲਾਵੇ ਚ ਲੈ ਰਹੀ ਸਾਂ। ਮੇਰਾ ਵਿਸ਼ਵਾਸ਼ ਦ੍ਰਿੜਤਾ ਦੀਆਂ ਪੌੜੀਆਂ ਚੜ੍ਹਦਾ ਸਿਖਰਲੇ ਟੰਬੇ 'ਤੇ ਜਾ ਬੈਠਦਾ ਹੈ ਜਿੱਥੇ ਹਰ ਵਰਤਾਰੇ ਦਾ ਆਪਣਾ ਵਕਤ ਸੀ ਤੇ ਏਸ ਬਹੁਰੰਗੀ ਸ਼੍ਰਿਸ਼ਟੀ ਨੂੰ ਆਪਣੀ ਜਾਦੂਮਈ ਛੋਹ ਨਾਲ ਓਸ ਨੂੰ ਵਾਪਰਨ ਦੇਣ ਦਾ ਭਰੋਸਾ। 
     ਕਹਿੰਦੇ ਨੇ ਕਿ ਰੰਗ ਪਰੰਗ ਕੁਦਰਤ ਸੁਹਜ ਸਲੀਕੇ ਵਿੱਚ ਵਿਚਰਦੀ ਮੋਹਕ ਰੰਗਾਂ ਨਾਲ ਖੇਲਦੀ ਹੈ। ਹੁਣ ਮੇਰੇ ਸਿਰਜੇ ਜਾਣ ਵਾਲੇ ਮੋਰ ਦੇ ਆਕਰਸ਼ਕ ਪੋਸ਼ਾਕੀ ਰੰਗ ਸਿਰਜਣਧਾਰਾ ਨੂੰ ਨਵੇਂ ਅਰਥ ਦੇਣ ਲੱਗਦੇ ਨੇ। ਜਿਓਂ ਹੀ ਹਰਾ ਰੰਗ ਬਿਖਰਿਆ ਦਿਲ ਤੇ ਦਿਮਾਗ ਦੀਆਂ ਭਾਵਨਾਵਾਂ ਇਕਸੁਰਤਾ ਦੇ ਵਹਾਓ 'ਚ ਵਹਿੰਦੀਆਂ ਇੱਕ ਦੂਜੇ 'ਚੋਂ ਆਪਣੇ ਆਪ ਨੂੰ ਵਿਸਥਾਰਨ ਦੀ ਚਾਹਤ ਤੇ ਰਾਹਤ ਦੇ ਰੰਗ 'ਚ ਰੰਗੀਆਂ ਗਈਆਂ। ਸੋਨੇ ਰੰਗੀ ਭਾਅ ਮਾਰਦੇ ਨੀਲੇ -ਬੈਂਗਣੀ ਰੰਗ ਦਾ ਸੁਨਹਿਰੀਪਣ ਮੈਨੂੰ ਆਸ਼ਾਵਾਦੀ ਉਚਾਣਾ ਵੱਲ ਲੈ ਉੱਡਿਆ ਤੇ ਨੀਲ ਲੋਹਿਤ ਰੰਗ ਦਿਲ ਦੀਆਂ ਗਹਿਰਾਈਆਂ ਨੂੰ ਛੁਹਣ ਦੀ ਜਾਂਚ ਸਿਖਾਉਂਦਾ ਅਚੇਤ ਮਨ ਦੀ ਸਰਦਲ 'ਤੇ ਸਕੂਨ ਦੇ ਛਿੱਟੇ ਮਾਰ ਗਿਆ। 
        ਸਾਰੇ ਦਿਨ ਦੀ ਭੱਜ ਦੌੜ ਤੋਂ ਬਾਅਦ ਏਸ ਰੰਗਸ਼ਾਲਾ 'ਚ ਬੈਠਣਾ ਮੈਨੂੰ ਕੁਦਰਤ ਦੀ ਸਾਂਝ ਮਾਨਣ ਦਾ ਗੁਰ ਦੱਸ ਗਿਆ। ਸਾਵਣ ਦੀ ਰਿਮਝਿਮ ਤੋਂ ਬਾਅਦ ਮਹਿਕੀ ਮਿੱਟੀ ਦੀ ਖੁਸ਼ਬੋ ਮੇਰੇ ਮਨ 'ਚ ਆਣ ਵੱਸੀ ਸੀ । ਕਲਹਿਰੀ ਮੋਰ ਵਾਂਗ ਨੱਚਦਾ ਮਨ ਜਦ  ਮੀਂਹ 'ਚ ਭਿੱਜ ਕੇ ਰੂਹ ਨੂੰ ਭਿਉਣ ਦੀ ਕੋਸ਼ਿਸ਼ ਕਰਦਾ ਏ ਤਾਂ ਮੇਰੀ ਅੰਤਰੀਵੀ  ਸੋਚ ਅਮਲੀ ਜਾਮਾ ਪਹਿਨ ਮੇਰੇ ਕੋਲ ਆ ਬਹਿੰਦੀ ਏ। ਹੁਣ ਪੈਲਾਂ ਪਾਉਂਦਾ ਮੋਰ ਮੇਰੇ ਘਰ ਦੀਆਂ ਖਾਮੋਸ਼ ਕੰਧਾਂ ਦਾ ਸ਼ਿੰਗਾਰ ਬਣਿਆ ਮੇਰੀ ਸੱਖਣਤਾ ਨੂੰ ਭਰ ਰਿਹਾ ਹੈ। 

ਬਿਖਰੇ ਰੰਗ 
ਰੰਗਾਂ ਦੀ ਰੰਗਸ਼ਾਲਾ 
ਮੋਰ ਦੀ ਪੈਲ। 

ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 166 ਵਾਰ ਪੜ੍ਹੀ ਗਈ

10 comments:

 1. ਹਰਦੀਪ ਦੇ ਇਸ ਹਾਇਬਨ 'ਚ ਜਿੰਨੀ ਬਾਰ ਝਾਤੀ ਮਾਰੋ ਕੁਝ ਨਵਾਂ ਹੀ ਮਿਲਦਾ ਹੈ ।
  ਪਹਿਲੀ ਝਾਤ 'ਚ ਅਸੀਂ ਦੇਖਦੇ ਹਾਂ -
  ਅੱਜ ਸਾਵਨ ਮਹੀਨੇ 'ਤੇ ਮੋਰ ਨਾਲ ਸੰਬਧਿਤ ਕੁਛ ਲਿਖਾ ਹੈ
  ਦੁਸਰੀ ਵਾਰ ਪੜ ਕਰ ਦੇਖਾ ਤੋ ਇਸ ਮੇਂ ਬਚਪਨ ਕੀ ਯਾਦੇ ਵੀ ਪਿਰੋਈ ਹੁਈ ਹੈਂ ।
  ਤੀਸਰੀ ਬਾਰ ਪੜਾ ਲਗਾ ਇਸ ਮੇਂ ਰੰਗ -ਪਰਂਗੋਂ ਕੀ ਵੀ ਬਾਤੇਂ ਹੈਂ ।
  ਚੌਥੀ ਵਾਰ ਪੜਾ ਤੋ ਲਗਾ ਇਸ ਮੇਂ ਰੂਹ ਕੀ ਵੀ ਵਾਤ ਹੈ ।
  ਔਰ ਪਾਂਚਬੀ ਵਾਰ ਪੜਾ ਤੋ ਇੰਝ ਲਗਾ ਜੈਸੇ ਕਿਸੀ ਨੇ ਅਪਨੇ ਭਾਵੋਂ ਕੀ ਰਚਨਾ ਪ੍ਰਕਿਰਿਆ ਕੀ ਰੰਗ ਚਿੱਤਰ ਬਨਾਨੇ ਕੀ ਮੂਵੀ ਬਨਾ ਦੀ ਹੋ ।ਉਸ ਦੀ ਚੇਤਨਾ ਉਸ ਦਾ ਹੱਥ ਛੁੜਾਕੇ ਸੁਪਨਮਈ ਲੋਕ 'ਚ ਉਸ ਨੂ ਲੈ ਜਾਂਦੀ ਹੈ ।ਕਾਇਨਾਤ ਨਾਲ ਜੁੜ ਕੇ ਜੋ ਸਿਰਜਤੀ ਹੈ ਵੋਹ ਤਾਰੀਫ ਦੇ ਕਾਬਿਲ ਹੋਤਾ ਹੈ ।ਘਰ ਕੀ ਦਿਵਾਰੋਂ ਕਾ ਸ਼ਿੰਗਾਰ ਬਨ ਜਾਤਾ ਹੈ ।

  ਅਬ ਇਸ ਕੇ ਲਿਏ ਸਿਰਫ ਏਕ ਹੀ ਸ਼ਬਦ ਹੈ - ਅਦਭੁਤ ।
  ਜੈਸੇ ਕੋਈ ਮਨ ਪਸੰਦ ਨਾਟਕ ਕੋ ਇਕ ਟਕ ਦੇਖਤਾ ਰਹੇ ।ਇਧਰ ਉਧਰ ਕੀ ਸੁਧ ਭੁਲਾ ਕਰ ਇਸੇ ਵੀ ਇਸੀ ਤਰਾਂ ਪੜਾ ਹੈ ਮੈਂਨੇ ।
  ਵਾਹ ! ਹਰਦੀਪ ਤੂੰ ਦਿਲ ਸੇ ਬਿਲਕੁਲ ਬੱਚੀ ਹੋ ਲੇਕਿਨ ਤੇਰੀ ਲੇਖਨੀ ਜਵਾਨ ਹੋ ਰਹੀ ਹੈ ।ਔਰ ਕੁਛ ਵੀ ਲਿਖਤੇ, ਚਿਤਰਕਾਰੀ ਕਰਤੇ ਸਮੇਂ ਤੇਰੀ ਸਹਜ ਸਮਾਧੀ ਲਗ ਜਾਤੀ ਹੈ ਤਬ ਤੂੰ ਇਸ ਲੋਕ ਮੇਂ ਨਹੀ ਹੋਤੀ ।ਤੇਰੀ ਚੇਤਨਾ ਕੁਦਰਤ ਕੇ ਸਾਥ ਜੁੜ ਉਸੀ ਕਾ ਰੂਪ ਹੋਤੀ ਹੈ ।

  Kamla Ghataaura

  ReplyDelete
 2. ਅਤਿ ਸੁੰਦਰ ਚਿੱਤਰਣ !
  Kashmiri Lal Chawla

  ReplyDelete
 3. ਸਾਉਣ ਮਹੀਨਾ ਵਰ੍ਹਦਾ ਮੀਂਹ, ਸੱਤਰੰਗੀ ਪੀਂਘ ਤੇ ਨੱਚਦਾ ਮੋਰ ! ਵਾਹ ਕਮਾਲ ਹੈ। ਰੰਗਸ਼ਾਲਾ ਤਾਂ ਹੈ ਹੀ ਬੇਕਮਾਲ !
  ਮਨ ਦੇ ਵਿਹੜੇ ਪੈਲਾਂ ਪਾਉਂਦੀ ਲੱਗਦੀ ਹੈ।
  ਪ੍ਰੀਤਮ ਕੌਰ

  ReplyDelete
 4. ਰੰਗਲੀ ਰੰਗਸ਼ਾਲਾ ਹਾਇਬਨ ਵਿੱਚ ਅਨੇਕਾਂ ਰੰਗ ਬਿਖਰਦੇ ਨੇ। ਕੁਦਰਤੀ ਸੰਵਾਦਾਂ ਨਾਲ ਓਤ ਪੋਤ ਇਹ ਇੱਕ ਬਹੁਤ ਸੁੰਦਰ ਰਚਨਾ ਹੈ।

  ReplyDelete
 5. ਪਤਾ ਨਹੀਂ ਕਿੱਥੇ ਕਿੱਥੇ ਉਡਾਰੀਆਂ ਮਾਰ ਜਾਂਦੇ ਹੋ , ਤੁਹਾਡਾ ਪਿਛਾ ਕਰਣਾ ਬੜਾ ਮੁਸ਼ਕਲ ਹੈ
  ਕੁਦਰਤ ਨਾਲ ਮਿਲ ਬੈਠਣ ਲਈ ਮੰਨ 'ਚ ਕਿੰਨੀ ਸ਼ਾਂਤੀ ਅਤੇ ਕਾਬੂ ਚਾਹੀਦਾ ਇਸ ਦੀ ਕੁੰਜੀ ਤੁਹਾਡੇ ਕੋਲ ਹੈ |ਅਸੀਂ ਬਸ ਪੜ ਲੈਂਦੇ ਹਾਂ ਅਤੇ ਤਾਰੀਫ਼ ਹੀ ਕਰ ਸਕਦੇ ਹਾਂ | ਸੋ ਕਰ ਰਹੇਂ ਹਾਂ

  ReplyDelete
 6. A message via what's app:
  ਸਿਫ਼ਤ ਕਰਨ ਵਾਸਤੇ ਸ਼ਬਦ ਨਹੀਂ ਮਿਲ ਰਹੇ ਤੇ ਜਦੋਂ ਕੋਈ ਨਿ :ਸ਼ਬਦ ਹੋ ਜਾਏ ਤਾਂ ਇੱਕੋ ਸ਼ਬਦ ਤਾਰੀਫ਼ ਕਰ ਸਕਦਾ ਹੈ -
  ਵਾਹ !ਵਾਹ ! ਤੇ ਵਾਹ !
  ਤੇਰੀ ਮੰਮੀ

  ReplyDelete
 7. OMG !ਵਿਸ਼ਵਾਸ਼ ਹੀ ਨਹੀਂ ਹੁੰਦਾ ਕਿ ਇਹ ਮੋਰ ਪਲਾਸਟਿਕ ਦੇ ਚਮਚਿਆਂ ਨਾਲ ਬਣਿਆ ਹੈ। ਪਲਾਸਟਿਕ ਦੇ ਚਮਚਿਆਂ ਦਾ ਐਨਾ ਖੂਬਸੂਰਤ ਤਰੀਕੇ ਨਾਲ ਪ੍ਰਯੋਗ ! ਸੱਚੀ ਵਿਸ਼ਵਾਸ਼ ਕਰਨ ਔਖਾ ਹੈ।
  ਜਸਕਿਰਨ

  ReplyDelete
 8. ਮੇਰਾ ਨਿੱਜੀ ਵਿਚਾਰ:

  ਰੰਗਲੀ ਰੰਗਸ਼ਾਲਾ'(ਹਾਇਬਨ) ਨੂੰ ਪੜ੍ਹ ਕੇ ਲੱਗਿਆ ਕਿ ਲੇਖਕਾ ਦੇ ਮਨ ਵਿਚ ਮੁੱਦਤਾਂ ਤੋਂ ਦੱਬੇ ਅਹਿਸਾਸਾਂ ਨੇ ਇਸ ਵਾਰ ਅਜਿਹੀ ਕਰਵੱਟ ਲਈ ਹੈ ਜੋ ਉਨ੍ਹਾਂ ਨੇ ਮਲੋ ਮਲੀ ਆਪਣਾ ਰੂਪ ਇਸ ਹਾਇਬਨ ਵਿਚ ਉਸ ਤੋਂ ਢਲਵਾ ਲਿਆ ਹੋਵੇ। ਇਹ ਰਚਨਾ ਉਸ ਦੇ ਜਜ਼ਬਾਤਾਂ ਤੇ ਅਹਿਸਾਸਾ ਨੂੰ ਪੂਰੀ ਤਰ੍ਹਾਂ ਬਿਆਨ ਦੀ ਪ੍ਰਤੀਤ ਹੁੰਦੀ ਹੈ। ਇਹੋ ਇੱਕ ਚੰਗੇ ਲੇਖਕ ਦਾ ਗੁਣ ਹੁੰਦਾ ਕਿ ਜੋ ਜਜ਼ਬਾਤ ਉਹਦੇ ਮਨ ਅੰਦਰ ਕੁਰਲਾਹਟ ਪਾਉਣ,ਉਹ ਉਨ੍ਹਾਂ ਨੂੰ ਕਲਮ ਦੇ ਮਾਧਿਅਮ ਰਾਹੀਂ ਬੋਲਣ ਦੀ ਸਮਰੱਥਾ ਬਖ਼ਸ਼ ਦੇਵੇ।
  ਇਸ ਹਾਇਬਨ ਦਾ ਸ਼ੁਰੂ ਬਹੁਤ ਸੁੰਦਰ ਵਿਧੀ ਨਾਲ ਕੀਤਾ ਹੈ- ਸਾਵਣ ਮਹੀਨੇ ਦੀਆਂ ਕਾਲੀਆਂ ਘੋਰ ਘਟਾਵਾਂ ਦਾ ਸੂਰਜ ਨੂੰ ਪਿਛਾਂਹ ਧੱਕ ਆਪਣਾ ਜਲੌ ਦਿਖਾਉਣਾ ਤੇ ਮੀਂਹ 'ਚ ਭਿੱਜਦੇ ਬਚਪਨ ਦੇ ਦਿਨਾਂ ਦੇ ਚੇਤੇ ਦੇ ਨਾਲ ਨਾਲ ਛਮ ਛਮ ਬਰਸਾਤ 'ਚ ਪੈਲਾਂ ਪਾਉਂਦਾ ਮੋਰ ਦਾ ਅੱਖਾਂ ਸਾਹਵੇਂ ਨੱਚਣਾ,ਕਿਨ੍ਹਾਂ ਸੁੰਦਰ ਦ੍ਰਿਸ਼ ਉਲੀਕਿਆ ਹੈ।

  ਲੇਖਕਾ ਦੀ ਇਹ ਰਚਨਾ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਇਸ ਦਾ ਹਰ ਵਾਕ ਇੱਕ ਫੁੱਲ ਹੈ, ਜਿਸ ਦੀ ਆਪਣੀ ਹੀ ਭਿੰਨ ਭਿੰਨ ਖ਼ੁਸ਼ਬੂ ਹੈ,ਜੋ ਤਾਜ਼ਾ ਗੁਲਾਬ ਦੇ ਫੁੱਲਾਂ ਨਾਲੋਂ ਘੱਟ ਨਹੀਂ। ਜਿਵੇਂ ਫੁੱਲ ਦੇ ਨਿਖਾਰ ਵਿਚ ਸਵੇਰ ਦੀ ਹਲਕੀ ਹਲਕੀ ਠੰਢੀ ਪੌਣ ਦਾ ਅਸਰ ਹੁੰਦਾ ਹੈ,ਇਸੇ ਤਰ੍ਹਾਂ ਹੀ ਖ਼ਿਆਲਾਂ ਦੀ ਉਡਾਰੀ ਤੇ ਬਿਆਨ ਦਾ ਅੰਦਾਜ਼ ਵੀ ਕਮਾਲ ਦਾ ਪੜ੍ਹਨ ਨੂੰ ਮਿਲਦਾ ਹੈ।

  ਲੋਕੀ ਆਪਣੇ ਪ੍ਰੇਮੀ ਨੂੰ ਮਿਲਣ ਲਈ ਤਰਸਦੇ ਰਹਿੰਦੇ ਨੇ ਤੇ ਇਹ ਲੇਖਕਾ ਆਪਣੇ ਮਨ ਮੰਦਰ 'ਚ ਖ਼ਿਆਲੀ ਮੋਰ ਦੀ ਮਿਲਣੀ ਨੂੰ ਤਰਸਦੀ ਹੈ ਅਤੇ ਫਿਰ ਇੱਕ 'ਰੰਗਲੀ ਰੰਗਸ਼ਾਲਾ'ਦੀ ਵਿਧੀ ਨਾਲ ਉਸ ਨੂੰ ਆਪਣੇ ਸਨਮੁੱਖ ਕਰ ਹੀ ਲੈਂਦੀ ਹੈ। ਰੰਗਾਂ ਦੇ ਸੁਮੇਲ ਨੂੰ ਕਿਸ ਖ਼ੂਬੀ ਨਾਲ ਚਿਤਰਿਆ ਹੈ-'ਮੇਰੀ ਚੇਤਨਾ 'ਚ ਨੱਚਦੇ ਮੋਰ ਨੂੰ ਆਪਣੇ ਹੱਥਾਂ 'ਚ ਲੈਣ ਦੀ ਲੋਚਾ ਮੈਨੂੰ ਆਪ ਮੁਹਾਰੇ ਉਸ ਨੂੰ ਘੜਨ ਦੇ ਆਹਰੇ ਲਾ ਗਈ। ਮੋਰ ਖੰਭੀਂ ਰੰਗਾਂ ਨੂੰ ਛੋਹ ਦੀ ਮੈਂ ਕਾਇਨਾਤ ਨਾਲ ਗੱਲਾਂ ਕਰਨ ਲੱਗੀ ਤੇ ਮੇਰੀ ਕਲਪਨਾ ਉਹ ਸਿਰਜਦੀ ਗਈ ਜਿਸ ਨੂੰ ਮੇਰੇ ਮਨ ਨੇ ਕਦੇ ਦੇਖਣਾ ਚਾਹਿਆ ਸੀ।-- - ਹੁਣ ਪੈਲਾਂ ਪਾਉਂਦਾ ਮੋਰ ਮੇਰੇ ਘਰ ਦੀਆਂ ਖ਼ਾਮੋਸ਼ ਕੰਧਾਂ ਦਾ ਸ਼ਿੰਗਾਰ ਬਣਿਆ ਮੇਰੀ ਸੱਖਣਤਾ ਨੂੰ ਭਰ ਰਿਹਾ ਹੈ।' ਇਹ ਨਿਰਜੀਵ ਮੋਰ ਨੂੰ ਸਰੀਰਕ ਰੂਪ ਦੇ ਕੇ,ਲੇਖਕਾ ਇਸ ਪੱਖੋਂ ਤੇ ਖ਼ੁਸ਼ ਹੈ ਕਿ ਉਸ ਦੇ ਬਚਪਨ ਦੀ ਇੱਛਾ ਪੂਰਤੀ ਹੋ ਗਈ ਹੈ। ਉਹਦਾ ਸਿਰਜਿਆ ਮੋਰ ਉਹ ਦੇ ਘਰ ਦੀਆਂ ਖ਼ਾਮੋਸ਼ ਕੰਧਾਂ ਦਾ ਸ਼ਿੰਗਾਰ ਤਾਂ ਬਣ ਗਿਆ ਹੈ, ਪਰ ਇਸ ਦੇ ਨਾਲ ਹੀ ਉਸ ਦੇ ਮਨ ਅੰਦਰਲੀ ਚੀਸ ਵੀ ਬਾਹਰ ਆ ਕੇ ਆਪਣੀ ਹੂਕ ਮਾਰ ਗਈ, ਜਦ ਉਹ ਕਹਿੰਦੀ ਹੈ ਕਿ '- -ਮੇਰੀ ਸੱਖਣਤਾ ਨੂੰ ਭਰ ਰਿਹਾ ਹੈ।'

  ਸੋ, ਇਸ ਰੰਗਾਂ ਦੀ ਰੰਗਸ਼ਾਲਾ ਵਿਚ ਵੱਖ ਵੱਖ ਬਿਖਰੇ ਰੰਗ ਦੇ ਸਹੀ ਮਿਸ਼ਰਨ ਦੇ ਉਪਯੋਗ ਨਾਲ ਮੋਰ ਦੀ ਪੈਂਦੀ ਪੈਲ,ਪਾਠਕ ਆਪਣੀ ਆਤਮਾ ਰਾਹੀਂ ਦੇਖ ਸਕਦਾ ਹੈ।

  ਰੰਗਲੀ ਰੰਗਸ਼ਾਲਾ'(ਹਾਇਬਨ) ਬਹੁਤ ਹੀ ਵਧੀਆ ਮਿਆਰੀ ਕਿਰਤ ਹੈ ਜੋ,' ਅੰਤਰੀਵ 'ਚ ਛੁਪੀਆਂ ਕਲਾਤਮਿਕ ਭਾਵਨਾਵਾਂ" ਦਾ ਪੂਰਨ ਪ੍ਰਗਟਾ ਕਰਦੀ ਹੈ।ਡਾ:ਹਰਦੀਪ ਕੌਰ ਸੰਧੂ ਦੇ ਇਸ ਕਥਨ ਵਿਚ ਪੂਰੀ ਸਚਾਈ ਹੈ,ਜਿਸ ਨਾਲ ਮੈਂ ਪੂਰਨ ਸਹਿਮਤ ਹਾਂ।
  -ਸੁਰਜੀਤ ਸਿੰਘ ਭੁੱਲਰ-14-06-2016

  ReplyDelete
 9. A message via e-mail:
  ਦੀਪੀ ਤੇਰੀ ਲੇਖਣੀ ਬਹੁਤ ਹੀ ਉੱਚੇ ਸਤਰ ਦੀ ਹੈ। ਤੇਰੀ ਰੰਗਸ਼ਾਲਾ ਨੇ ਇੱਕ ਸੁੰਦਰ ਰੰਗ ਪੇਸ਼ ਕੀਤਾ ਹੈ। ਵਾਹ !ਵਾਹ !ਤੇ ਵਾਹ !
  ਤੇਰੀ ਮਾਸੀ
  ਪ੍ਰੋ ਸੁਰਿੰਦਰ ਕੌਰ ਸਿੱਧੂ

  ReplyDelete
 10. ਹਰਦੀਪ ! ਮੈਨੂੰ ਹਾਇਬਨ ਬਾਰੇ ਕੋਈ ਗਿਆਨ ਨਹੀਂ ਸੀ ਲੇਕਿਨ ਆਪ ਦੀ ਅਧ੍ਭੁਤ ਲੇਖਨ ਕਲਾ ਤੋਂ ਪਤਾ ਲੱਗਾ ਕੀ ਹਾਇਬਨ ਰਾਹੀਂ ਆਪਣੇ ਦਿਲ ਦੀ ਆਵਾਜ਼ ਜਾਹਰ ਕਰਨਾ ਕਿਸੇ ਹਾਰੀ ਸਾਰੀ ਦਾ ਕਮ ਨਹੀਂ . ਇਹ ਰੰਗਸ਼ਾਲਾ ਇਤਨੀ ਅਛੀ ਲਗੀ ਕਿ ਇੱਕ ਸਰੂਰ ਜਿਹਾ ਆ ਗਿਆ . ਨਾਲ ਹੀ ਮੈਂ ਆਪਣੇ ਬਚਪਨ ਦੇ ਦਿਨਾਂ ਵਿਚ ਪਹੁੰਚ ਗਿਆ ਜਦ ਸਾਡੇ ਖੂਹ ਤੇ ਮੋਰ ਆਮ ਹੀ ਫਿਰਦੇ ਰੈਹਂਦੇ ਸਨ ਲੇਕਿਨ ਹੁਣ ਉਥੇ ਮੋਰਾਂ ਦਾ ਨਾਮੋ ਨਿਸ਼ਾਨ ਨਹੀਂ ਹੈ . ਉਹ ਮੀਂਹ ਵਿਚ ਸਾਥੀਆਂ ਨਾਲ ਹੋ ਹੋ ਕਰਨਾ, ਕੁਦਰਤ ਨਾਲ ਖੇਲਨਾ ਹੀ ਸੀ . ਕੁਦਰਤ ਨਾਲ ਮੋਹ ਭੀ ਇੱਕ ਮੈਡੀਟੇਸ਼ਨ ਹੀ ਹੁੰਦੀ ਹੈ .ਮੇਰੀ ਪਤਨੀ ਭਾਵੁਕ ਗੱਲਾਂ ਬੋਲ ਨਹੀਂ ਸਕਦੀ ਲੇਕਿਨ ਉਸ ਨੂੰ ਫੁੱਲਾਂ ਨਾਲ ਖਾਸ ਲਗਾ ਅਤੇ ਮੋਹ ਹੈ .ਇਸ ਦੀ ਇੱਕ ਝਲਕ ਮੈਂ ਇੱਕ ਕਹਾਣੀ ਰਾਹੀਂ ਲਿਖਣ ਦੀ ਕੋਸ਼ਿਸ਼ ਕਰਾਂਗਾ .ਹਾਇਬਨ ਬਹੁਤ ਮਜ਼ੇਦਾਰ ਲਗਾ .

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ