ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Jul 2016

ਜੁਗਨੀਨਾਮਾ -ਨਾ ਅੱਖ ਤੇਰੀ ਰੋਈ

ਗੂੜ ਸਿਆਲਾਂ ‘ਚ ਕਈ-ਕਈ ਦਿਨ ਪੈਂਦੀਆਂ ਧੁੰਦਾਂ ਨੇ ਸੂਰਜ ਨੂੰ ਆਪਣੀ ਬੁੱਕਲ ‘ਚ ਲਪੇਟਿਆ ਹੋਇਆ ਸੀ। ਚਾਰ -ਚੁਫੇਰੇ ਸੰਘਣੀ ਧੁੰਦ ਦੀ ਚਾਦਰ ਵਿੱਛੀ ਹੋਣ ਕਰਕੇ ਚਾਰੇ ਪਾਸੇ ਚੁੱਪੀ ਜਿਹੀ ਵਰਤੀ ਹੋਈ ਸੀ | ਜੁਗਨੀ ਆਪਣੀ ਯਾਦਾਂ ਦੀ ਛੱਤੀ ਸਬਾਤ ‘ਚ ਸਾਂਭੇ ਬੇਬੇ ਦੇ ਸੰਦੂਕ,ਚਰਖਾ ਤੇ ਮੰਜੇ -ਪੀੜ੍ਹੀਆਂ ਦੀ ਝਾੜ-ਪੂੰਝ ਕਰਨ ਲੱਗੀ ਹੋਈ ਸੀ। ਅਚੇਤ ਮਨ ਦੇ ਦਰਾਂ 'ਤੇ ਹੋਈ ਦਸਤਕ ਬੇਬੇ ਦੀ ਆਮਦ ਦਾ ਪ੍ਰਤੀਕ ਸੀ। ਸਬਾਤ ‘ਚ ਡਾਹੇ ਮੰਜੇ ‘ਤੇ ਬੈਠਦਿਆਂ ਹੀ ਬੇਬੇ ਨੇ ਆਪਣੀ ਆਦਤ ਮੂਜਬ ਗੱਲਾਂ ਦੀ ਝੜੀ ਲਾ ਦਿੱਤੀ ,"ਨੀ ਮੈਂ ਸਦਕੇ ਜਾਮਾ, ਅਜੇ ਤਾਈਂ ਸਾਂਭਿਆ ਵਿਆ ਮੇਰੇ ਮੰਜੇ -ਪੀੜ੍ਹੀਆਂ ਨੂੰ। ਪੁੱਤ ਜੇ ਚਾਹ ਧਰਨ ਲੱਗੀਂ ਐਂ ਤਾਂ ਐਂ ਕਰੀਂ !ਗੁੜ ਆਲ਼ੀ ਈ ਧਰੀਂ, ਨਾਲ਼ੇ ਚਾਹ ਨੂੰ ਬਾਟੀ ‘ਚ ਪਾ ਕੇ ਲਿਆਈਂ,ਆ ਥੋਡੀਆਂ ਕੱਪੀਆਂ ਜਿਹੀਆਂ ‘ਚ ਮੈਥੋਂ ਨੀ ਪੀਤੀ ਜਾਂਦੀ।ਬੁੜਿਆਂ ਨੂੰ ਤਾਂ ਪੁੱਤ ਪਾਲ਼ਾ ਈ ਮਾਰ ਜਾਂਦੈ,ਹੱਡਾਂ ਨੂੰ ਚੀਰਦੀ ਆ ਠੰਢ।” 
    ਜੁਗਨੀ ਨੇ ਬੇਬੇ ਦੀ ਗੱਲ ਵਿਚਾਲ਼ਿਓਂ ਹੀ ਕੱਟਦਿਆਂ ਸੁਆਲ ਕੀਤਾ,"ਲੈ ਬੇਬੇ ਊਂ ਤਾਂ ਆਖੇਂਗੀ ਬਈ ਵਿੱਚੋਂ ਈ ਟੋਕਤਾ।ਪਰ ਮੈਨੂੰ ਇਉਂ ਦੱਸ ਬਈ ਲੋਕੀਂ ਐਂ ਕਿਉਂ ਕਹਿੰਦੇ ਆ ਕਿ ਕੁੜੀਆਂ ਹੁਣ ਡੋਲੀ ਚੜ੍ਹਨ ਵੇਲ਼ੇ ਰੋਣੋ ਹੱਟ ਗਈਆਂ। ਪਹਿਲਾਂ ਤਾਂ ਧਾਹਾਂ ਮਾਰ-ਮਾਰ ਰੋਂਦੀਆ ਸੀ।” 
   ਮਲਮਲ ਦੀ ਚੁੰਨੀ ਸੰਵਾਰਦਿਆਂ ਬੇਬੇ ਅਤੀਤ ਫ਼ਰੋਲਣ ਲੱਗੀ,” ਪੁੱਤ ਸਾਡੇ ਵੇਲ਼ੇ ਹੋਰ ਸਨ। ਕੁੜੀਆਂ-ਕੱਤਰੀਆਂ ਬਹੁਤਾ ਘਰੋਂ ਬਾਹਰ ਨਹੀਂ ਸੀ ਜਾਂਦੀਆਂ।ਜਿਓਂ ਜੰਮਦੀਆਂ, ਬਿਆਹ ਤਾਈਂ ਬੱਸ ਘਰ ਦੇ ਕੰਮ-ਕਾਜ ਈ ਸਿੱਖਦੀਆਂ। ਨਾਲ਼ੇ ਓਦੋਂ ਬਿਆਹ ਬੀ ਤਾਂ ਨਿਆਣੀਆਂ ਨੂੰ ਹੀ ਦਿੰਦੇ ਸੀ। ਕੁੜੀਆਂ ਦਾ ਵਾਹ ਬਹੁਤੇ ਲੋਕਾਂ ਨਾਲ਼ ਨਹੀਂ ਸੀ ਪੈਂਦਾ। ਆਂਡਣਾ-ਗੁਮਾਂਢਣਾਂ ਨਾਲ਼ ਰਲ਼ ਕੇ ਚਰਖੇ ਕੱਤਦੀਆਂ ਤੇ ਨਾਲ਼ੇ ਢਿੱਡ ਹੌਲਾ ਕਰਦੀਆਂ ਨੂੰ ਸੁਣਦੀਆਂ ਰਹਿੰਦੀਆਂ। ਓਦੋਂ ਪੁੱਤ ਆਉਣ -ਜਾਣ ਦੇ ਸਾਧਨ ਬਹੁਤੇ ਨਾ ਹੋਣ ਕਰਕੇ ਵਿਆਂਦੜਾਂ ਛਿਮਾਹੀਂ- ਸਾਲੀਂ ਕਿਤੇ ਆਵਦੇ ਪੇਕੇ ਆਉਂਦੀਆਂ। ਓਹ ਬੀ ਤਾਂ,ਜੇ ਸਹੁਰੇ ਤੋਰਨ ਨੂੰ ਰਾਜੀ ਹੁੰਦੇ। ਪੁੱਤ ਐਹੋ ਜਿਹੀਆਂ ਗੱਲਾਂ ਸੁਣ-ਸੁਣ ਕੇ ਕੁੜੀਆਂ ਆਵਦੇ ਚਿੱਤ ਨੂੰ ਸੰਸਾ ਲਾ ਲੈਂਦੀਆਂ। ਡੋਲੀ ਚੜ੍ਹਨ ਵੇਲ਼ੇ ਵਿਆਹ ਤੋਂ ਪਹਿਲਾਂ ਚਿੱਤ ‘ਚ ਕਿਆਸੇ ਅਣਦੇਖੇ ਡਰ ਦਾ ਗੁਬਾਰ ਧਾਹੀਂ  ਫੁੱਟਦਾ। ਬਈ ਪਤਾ ਨੀ ਅੱਜ ਏਥੋਂ ਕਿੱਡੀ ਕੁ ਦੂਰ ਚੱਲੀ ਜਾਣਾ। ਓਦੋਂ ਭੋਲ਼ੀਆਂ ਕੁੜੀਆਂ ਨੂੰ ਦੂਰੀ ਦਾ ‘ਦਾਜਾ ਬੀ ਕਿੱਥੇ ਸੀ। ਬਈ ਸਹੁਰਿਆਂ ਦਾ ਪਿੰਡ ਐਥੋਂ ਕਿੰਨੀ ਕੁ ਵਾਟ ‘ਤੇ ਆ ਤੇ ਪਤਾ ਨੀ ਕਦੋਂ ਹੁਣ ਮੁੜਨਾ ਹੋਊ।”
 “ਅੱਛਾ !" ਬੇਬੇ ਲੋਕੀਂ ਤਾਂ ਇਓਂ ਵੀ ਕਹਿੰਦੇ ਨੇ ਕਿ ਬਈ ਹੁਣ ਕੁੜੀਆਂ ਨਿਰਮੋਹੀਆਂ ਹੋ ਗਈਆਂ ਨੇ। ਵਿਛੋੜੇ ਦਾ ਅਹਿਸਾਸ ਹੀ ਕੋਈ ਨਹੀਂ । ਤਾਂਹੀਓਂ ਨਹੀਂ ਰੋਂਦੀਆਂ ਡੋਲੀ ਚੜ੍ਹਨ ਵੇਲ਼ੇ।” 
ਚਾਹ ਵਾਲ਼ੀ ਬਾਟੀ ਨੂੰ ਚੁੰਨੀ ਦੇ ਲੜ ਨਾਲ ਘੁੱਟ ਕੇ ਫੜ੍ਹਦਿਆਂ ਬੇਬੇ ਨੇ ਤੋੜਾ ਝਾੜਿਆ,”ਕੁੜੇ ਫੋਟ! ਲੋਕੀਂ ਕੁੜੀਆਂ ਨੂੰ ਨਿਰਮੋਹੀਆਂ ਆਖਦੇ ਨੇ। ਭਲਾ ਕਿਹੜੀ ਗੱਲੋਂ? ਹੈਂ ! ਜਮਾਨੇ ਦੇ ਬਦਲਣ ਨਾਲ਼ ਲੋਕ ਡੋਲੀਆਂ ਹੁਣ ਘਰੋਂ ਨੀ ਤੋਰਦੇ । ਆ ਕੀ ਕਹਿੰਦੇ ਨੇ,ਬੱਡੇ-ਬੱਡੇ ਹੋਟਲ਼ਾਂ ਨੂੰ। ਕੁੜੇ ਨਾਓਂ ਨੀ ਆਉਂਦਾ,ਲੈ ਚੇਤਾ ਜਮਾ ਹੀ ਖੁੰਝ ਜਾਂਦੈ ਕਿਤੇ-ਕਿਤੇ ਤਾਂ। ” “ਆਹੋ ਬੇਬੇ….ਮੈਨੂੰ ਪਤਾ ਮੈਰੇਜ਼-ਪੈਲੇਸ।" 
“ਆਹੋ ਏਹੀਓ। ਬਿਆਹ ਮੌਕੇ ਓਥੇ ਜਾ ਕੇ ਕੀ ਸਾਲਾਂ ਦਾ ਮੋਹ ਕਿਧਰੇ ਉੱਡ ਜਾਊ। ਘਰ ਨੂੰ ਛੱਡਣ ਦਾ ਬਰਾਗ ਚਿੱਤ ‘ਚ ਕਿਮੇ ਨਾ ਹੋਊ? ਡੋਲੀ ਚੜ੍ਹਦੀਆਂ ਕੁੜੀਆਂ ਰੋਣੋ ਨੀ ਹੱਟੀਆਂ ਪੁੱਤ। ਚਿੱਤ ਤਾਂ ਹੁਣ ਬੀ ਪੁੱਤ ਕੁੜੀਆਂ ਦਾ ਓਨਾ ਈ ਰੋਂਦਾ।ਪਰ ਹੁਣ ਓਹ ਧਾਹਾਂ ਨੀ ਮਾਰਦੀਆਂ। ਦੇਖਣ ਆਲ਼ੇ ਨੂੰ ਲੱਗਦਾ,ਬਈ ਭੋਰਾ ਨੀ ਰੋਈ ਫਲਾਣੀ। ਖਬਨੀ ਰਕਾਨ ਆਬਦੇ ਲਿੰਬੇ-ਪੋਚੇ ਮੂੰਹ ਦੇ ਖਰਾਬ ਹੋਣ ਕਰਕੇ ਨੀ ਰੋਈ। ਹੁਣ ਓਹ ਆਵਦੇ ਨੈਣਾਂ ਨੂੰ ਦਿਲ ਦਾ ਸਾਥ ਦੇਣੋ ਵਰਜ ਦਿੰਦੀਆਂ ਨੇ। ਅੰਦਰੋਂ ਕੈੜੀਆਂ ਹੋ ਗਈਆਂ ਨੇ।ਜਮਾਨੇ ਦੇ ਬਦਲਣ ਨਾਲ਼ ਬਿਆਹ ਹੁਣ ਸੱਤ ਦਿਨਾਂ ਤੋਂ ਸੁੰਗੜ ਕੇ ਸੱਤ ਘੰਟਿਆਂ ਦੇ ਹੋ ਗਏ ਨੇ। ਸਾਂਝੇ ਲਾਣੇ ਰਹੇ ਨੀ ਹੁਣ। ਕੁੜੀ ਨੂੰ ਬੀ ਪਤਾ ਕਿ ਓਹਦੀ ਡੋਲੀ ਤੁਰੀ ਨੀ ਤੇ ਸਭ ਨੇ ਚਲੇ ਜਾਣਾ ਆਬਦੇ-ਆਬਦੇ ਘਰਾਂ ਨੂੰ। ਕੋਈ ਨੀ ਰਹਿੰਦੈ ਪਿੱਛੋਂ। ਜੇ ਓਹ ਹਾਲ-ਦੁਹਾਈਆਂ ਪਾਉਂਦੀ ਡੋਲੇ ‘ਚ ਬੈਠੂਗੀ ਤਾਂ ਓਸ ਦੇ ਮਾਪਿਆਂ ਦਾ ਪਿੱਛੋਂ ਕੌਣ ਬੰਨੂਗਾ ਢਾਰਸ ਫੇਰ?”         
ਜੁਗਨੀ ਨੇ ਬੇਬੇ ਦੀਆਂ ਗੁੱਝੀਆਂ ਗੱਲਾਂ ਦਾ ਭੇਦ ਪਾ ਲਿਆ ਸੀ ,”ਹੁਣ ਮੈਂ ਸਮਝੀ, ਉਹ ਧਾਹਾਂ ਨੀ ਮਾਰਦੀਆਂ ਤੇ ਨਾ ਹੁਣ ਓਹ ਅਬਲਾ-ਵਿਚਾਰੀਆਂ ਨੇ।ਨਾਲ਼ੇ ਧਾਹਾਂ ਮਾਰ ਕੇ ਕਿਹੜਾ ਵਿਛੋੜੇ ਦਾ ਦਰਦ ਮੁੱਕ ਜਾਊ । ਤੋਤਲੇ ਦਿਨਾਂ ਦੇ ਸੰਗੀਆਂ ਤੋਂ ਵਿਛੜਨ ਲੱਗੇ ਭਲਾ ਦਿਲ ਦਾ ਰੁੱਗ ਕਿਉਂ ਨੀ ਭਰਿਆ ਜਾਣਾ।ਇਹ ਜ਼ਮਾਨਾ ਡੋਲੀ ਚੜ੍ਹਦੀ ਕੁੜੀ ਨੂੰ ਧਾਹਾਂ ਮਾਰ ਕੇ ਰੋਂਦਿਆਂ ਹੀ ਕਿਓਂ ਵੇਖਣਾ ਲੋਚਦੈ?”            
     ਜੁਗਨੀ ਦੇ ਡੂੰਘੇ ਸੁਆਲ ਬੇਬੇ ਨੂੰ ਸੋਚੀਂ ਪਾ ਗਏ,” ਦੇਖ ਪੁੱਤ, ਬਿਆਹ ਬੀ ਓਹੀ ਆ ਤੇ ਬਿਆਹ ਆਲ਼ੇ ਸਾਰੇ ਰਬਾਜ ਬੀ ਓਹੀਓ ਨੇ। ਪਰ ਆਪਣੇ ਚਿਤੋਂ ਕੋਈ ਇਹਨਾਂ ਨਾਲ਼ ਨਹੀਂ ਜੁੜਦਾ। ਓਸ ਵੇਲ਼ੇ ਚੌਗਿਰਦੇ ‘ਚ ਵਿਛੋੜੇ ਦਾ ਅਹਿਸਾਸ ਉਹੀਓ ਮਹਿਸੂਸ ਕਰੂ ਜੋ ਆਵਦੇ ਮਨੋ ਓਸ ਰਸਮ ਨਾਲ਼ ਜੁੜੇਗਾ ।ਡੋਲੀ ਚੜ੍ਹਦੀ ਕੁੜੀ ਚਾਹੇ ਇੱਕ ਤਿੱਪ ਵੀ ਹੰਝੂ ਨਾ ਕੇਰੇ ਪਰ ਓਸ ਦਾ ਚਿੱਤ ਤਾਂ ਪੁੱਤ ਭੁੱਬੀਂ ਰੋਂਦਾ ਓਸ ਬਖਤ। ਅੱਖਾਂ ਦੇ ਹੰਝੂ ਦਿਲ ‘ਚ ਡਿੱਗਦੇ ਨੇ। ਜਿਹੜੇ ਸਾਂਝੀਵਾਲਤਾ ਦੇ ਭਾਈਵਾਲ਼ ਬਣਦੇ ਨੇ ਕੁੜੀ ਨੂੰ ਤੋਰਨ ਵੇਲੇ,ਓਹੀਓ ਇਹ ਹੰਝੂ ਵੇਖ ਸਕਦੇ ਨੇ। ਢਿੱਡੋਂ ਰੋਂਦੀਆਂ ਨੂੰ ਦੇਖਣ ਲਈ ਪੁੱਤ ਮਿੱਠੇ ਮੋਹ ਆਲ਼ੀ ਨਿਗ੍ਹਾ ਦੀ ਲੋੜ ਐ।” 
   ਬੇਬੇ ਤਾਂ ਕਦੋਂ ਦੀ ਪਰਤ ਚੁੱਕੀ ਸੀ ਪਰ ਗੁਫ਼ਤਗੂ ਦੀ ਸਰਸਰਾਹਟ ਤੇ ਉਸ ਦੇ ਕਦਮਾਂ ਦੀ ਆਹਟ ਜੁਗਨੀ ਨੂੰ ਹੁਣ ਵੀ ਸੁਣਾਈ ਦੇ ਰਹੀ ਸੀ। 

ਖ਼ਾਮੋਸ਼ ਫਿਜ਼ਾ -
ਧੀ ਦੀ ਡੋਲੀ ਤੋਰ ਕੇ 
ਹੰਝੂ ਛੁਪਾਵੇ। 

ਡਾ. ਹਰਦੀਪ ਕੌਰ ਸੰਧੂ 

(ਜੁਗਨੀਨਾਮਾ ਦੀ ਪਿਛਲੀ ਕਦੀ ਜੋੜਨ ਲਈ ਇੱਥੇ ਕਲਿੱਕ ਕਰੋ )

ਨੋਟ : ਇਹ ਪੋਸਟ ਹੁਣ ਤੱਕ 123 ਵਾਰ ਪੜ੍ਹੀ ਗਈ

5 comments:

 1. ਨਾ ਅੱਖ ਤੇਰੀ ਰੋਈ ।
  ਬੇਬੇ ਨੇ ਸਾਨੂੰ ਕਿੱਨੇ ਸਹਜ ਸ਼ਵਦਾਂ ਰਾਹੀ ਸਮਝਾ ਦਿੱਤਾ ਜਮਾਨਾ ਚਾਹੇ ਬਦਲ ਗਿਆ ਪਰ ਸਾਡੇ ਮਨ ਦੇ ਭਾਵ ਨਹੀਂ ਬਦਲੇ ਉਹ ਤਾਂ ਉਹੀ ਹਨ ।ਭਾਵੇਂ ਡੋਲੀ ਚੜ੍ਹਨ ਵੇਲੇ ਕੁੜੀਆਂ ਹੁਣ ਨਹੀਂ ਰੋਂਦਿਆਂ । ਹੁਣ ਅੰਜੁ ਵਾਹਰ ਨਹੀ ਵਹਿੰਦੇ ਪਰ ਉਹ ਚਿੱਤ 'ਚ ਵਹਿੰਦੇ ਹਨ ਜੇੜੇ ਕਿਸੇ ਨੂ ਦਿਸਦੇ ਨਹੀਂ ।
  ਰਸਮਾਂ ਚਾਹੇ ਉਹਿ ਹਨ ਲੇਕਿਨ ਸਮਾਜ ਦੇ ਬਦਲਾਵ ਨਾਲ ਅਸ਼ਾਂ ਖੁਦ ਨੂ ਜੋੜ ਲਿਆ ਹੈ ।
  ਬੇਬੇ ਦੀ ਮਨ ਮੋਹਨਿਆ ਗੱਲਾਂ ਰੂਚਿਕਰ ਹਨ ।ਮੁੜ ਫੇਰ ਆਉਨਾ ਬੇਬੇ ਜੀ ।
  Kamla Ghataaura

  ReplyDelete
 2. ਸਮੇਂ ਦੇ ਬਦਲਣ ਨਾਲ ਕਦਰ -ਕੀਮਤਾਂ ਬਦਲ ਗਈਆਂ ਹਨ |ਪਾਰਕ 'ਚ ਲੱਗੇ ਟੈੰਟ ਤੋਂ ਦੋ ਘੰਟਿਆਂ ਵਿਚ ਵਿਆਹ ਨਿਪਟਾ ਕੇ , ਕੁੜੀ ਨੂੰ ਪਾਰਕ ਵਿੱਚੋਂ ਹੀ ਤੋਰ ਦਿੱਤਾ ਜਾਂਦਾ ਹੈ |ਉਹ ਹੁਣ ਕੀ ਰੋਏ ਗੀ | ਵਿਆਹ ਤੋਂ ਪਹਿਲੇ ਹੀ ਕੁੜੀ ਮੁੰਡਾ ਅਜਕਲ ਰ੍ਜ੍ਕੇ ਮਿਲਦੇ ਘੁੰਮਦੇ ਫਿਰਦੇ , ਇਕ ਦੂਜੇ ਦੇ ਘਰ ਘਰ ਖੁੱਲਾ ਦੁੱਲਾ ਆਉਂਦੇ ਜਾਂਦੇ ਹਨ , ਇਸਲਈ ਰੋਣ ਲਈ ਕੋਈ ਕਾਰਣ ਹੀ ਨਹੀਂ ਬਣਦਾ | ਮੋਬਾਇਲ ਫ਼ੋਨਸ ਅਤੇ ਆਵਾ ਜਾਈ ਦੇ ਸਾਧਨਾਂ ਇਹਨੇ ਜਿਆਦਾ ਅਤੇ ਆਸਾਨ ਹੋ ਗਏ ਨੇ ਕਿ ਵਿਛੜਨ ਦੀ ਪੀੜ ਹੀ ਮਹਿਸੂਸ ਨਹੀਂ ਹੁੰਦੀ | ਤੁਹਾਡੀ ਲਿਖਤ ਨੇ ਨਵੇਂ ਪੁਰਾਣੇ, ਸਮੇਂ ਦੀਆਂ ਕਈੰ ਯਾਦਾਂ ਤਾਜਾ ਕਰ ਦਿੱਤੀਆਂ ਹਨ |

  ReplyDelete
 3. ਮੇਰਾ ਨਿੱਜੀ ਵਿਚਾਰ: ਜੁਗਨੀ ਨਾਮਾ -ਨਾ ਅੱਖ ਤੇਰੀ ਰੋਈ
  (ਸੁਰਜੀਤ ਸਿੰਘ ਭੁੱਲਰ)
  ਜੁਗਨੀ ਜਿੱਥੇ ਪੰਜਾਬੀ ਲੋਕ ਗੀਤਾਂ ਨਾਲ ਜੁੜਿਆ ਪਾਤਰ ਹੈ,ਉੱਥੇ ਇਹ ਸਮੇਂ ਦੇ ਨਾਲ ਨਾਲ ਲੇਖਕਾਂ,ਕਲਾਕਾਰਾਂ ਤੈ ਗਾਇਕਾਂ ਦੀ ਵੀ ਰਚਨਾਤਮਿਕ ਪਸੰਦ ਬਣੀ ਹੋਈ ਹੈ,ਜਿਸ ਰਾਹੀਂ ਉਹ ਜ਼ਿੰਦਗੀ ਦੀਆਂ ਹਾਸ ਰਸੀ ਟਿੱਪਣੀਆਂ ਜਾਂ ਤਲਖ਼ੀਆਂ,ਉਦਾਸੀਆਂ ਦੇ ਸੱਚ ਨੂੰ ਸਮੋ ਕੇ ਪੇਸ਼ ਕਰਦੇ ਰਹਿੰਦੇ ਨੇ।ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਪੰਜਾਬੀਆਂ ਦੇ ਸਭਿਆਚਾਰ ਜੀਵਨ ਦੀ ਚੱਲਦੀ ਫਿਰਦੀ ਆਤਮਾ ਹੈ ਅਤੇ ਇਸ ਆਤਮਾ ਦੇ ਸੱਚ ਨੂੰ 'ਜੁਗਨੀ ਨਾਮਾ -ਨਾ ਅੱਖ ਤੇਰੀ ਰੋਈ' -ਵਿਚ ਦੇਖਿਆ ਜਾ ਸਕਦਾ ਹੈ।

  ਡਾ: ਹਰਦੀਪ ਕੌਰ ਸੰਧੂ ਨੇ ਬੜੀ ਸੁਚੱਜੀ ਜੁਗਤ ਨਾਲ ਇਸ ਕਿਰਦਾਰ ਨੂੰ ਪਾਠਕਾਂ ਦੇ ਰੂ-ਬ-ਰੂ ਇਹ ਕਹਿ ਕੇ ਕਰਵਾਇਆ ਹੈ,' ਜੁਗਨੀ ਆਪਣੀ ਯਾਦਾਂ ਦੀ ਛੱਤੀ ਸਬਾਤ 'ਚ ਸਾਂਭੇ ਬੇਬੇ ਦੇ ਸੰਦੂਕ,ਚਰਖਾ ਤੇ ਮੰਜੇ -ਪੀੜ੍ਹੀਆਂ ਦੀ ਝਾੜ-ਪੂੰਝ ਕਰਨ ਲੱਗੀ ਹੋਈ ਸੀ। ਅਚੇਤ ਮਨ ਦੇ ਦਰਾਂ 'ਤੇ ਹੋਈ ਦਸਤਕ ਬੇਬੇ ਦੀ ਆਮਦ ਦਾ ਪ੍ਰਤੀਕ ਸੀ।'ਇਸ ਤੋਂ ਅੱਗੇ ਅਤੀਤ ਦੀਆਂ ਯਾਦਾਂ ਦਾ 'ਪੰਡੋਰਾ ਡੱਬਾ' ਖੁੱਲ ਗਿਆ। ਮਨੋਂ- ਵਾਰਤਾਲਾਪ ਰਾਹੀਂ ਉਸ ਸਮੇਂ ਦੀ ਸਭਿਆਚਾਰਕ ਭਾਈਚਾਰੇ ਦੀ ਸਾਂਝ ਵਾਲਾ 'ਗਲੋਟਾ' ਉਧਡ਼ਣ ਲੱਗਾ ਤੇ ਮਨ ਦੀ 'ਅਟੇਰਨ' ਤੇ ਚੜ੍ਹਦਿਆਂ ਬਹੁਤ ਕੁੱਝ ਦੱਸਦਾ ਗਿਆ। ਘਰੇਲੂ ਵਸਤਾਂ ਦੀ ਵਰਤੋਂ ਬਾਰੇ ਜਿਵੇਂ ਸੰਦੂਕ,ਚਰਖਾ,ਮੰਜੇ-ਪੀੜ੍ਹੀਆਂ ਤੇ ਭਾਂਡੇ(ਬਾਟੀ)ਆਦਿ ਅਤੇ ਵਿਆਹ ਸ਼ਾਦੀ ਦੀਆਂ ਰਸਮਾਂ। ਇਨ੍ਹਾਂ ਰਸਮਾਂ ਰਾਹੀਂ, ਭਾਈਚਾਰੇ ਦੀ ਭਾਗੀਦਾਰੀ ਅਤੇ ਵਿਆਹੁਤਾ ਕੁੜੀਆਂ ਦਾ ਡੋਲੀ ਤੁਰਨ ਤਕ ਦਾ ਮਨੁੱਖੀ ਮਨੋਵਿਗਿਆਨ ਦੇ ਵਿਸ਼ਲੇਸ਼ਣ ਦੇ ਸਫ਼ਰ ਦਾ ਵੇਰਵਾ ਸੁਹਜ ਵਿਧੀ ਨਾਲ ਖੁੱਲ੍ਹਦਾ ਰਿਹਾ।

  ਅੱਜ ਕਲ ਦੀ ਮਾਡਰਨ ਜੁਗਨੀ ਬਹੁਤ ਚਤਰ ਸੁਜਾਨ ਹੈ। ਉਹ ਸਭ ਕੁੱਝ ਜਾਣਦੀ ਹੋਈ ਭੀ ਬੇਬੇ ਤੋਂ ਆਪਣੀ ਕਲਾ ਰਾਹੀਂ ਜਾਣਕਾਰੀ ਪ੍ਰਾਪਤ ਕਰਦੀ ਪੁੱਛਦੀ ਹੈ,' ਮੈਨੂੰ ਇਉਂ ਦੱਸ, ਬਈ ਲੋਕੀਂ ਐਂ ਕਿਉਂ ਕਹਿੰਦੇ ਆ ਕਿ ਕੁੜੀਆਂ ਹੁਣ ਡੋਲੀ ਚੜ੍ਹਨ ਵੇਲ਼ੇ ਰੋਣੋਂ ਹੱਟ ਗਈਆਂ। ਪਹਿਲਾਂ ਤਾਂ ਧਾਹਾਂ ਮਾਰ-ਮਾਰ ਰੋਂਦੀਆਂ ਸੀ।'ਇਸ ਸਵਾਲ ਬਾਰੇ ਪਾਠਕ ਸੋਚਦੇ ਤਾਂ ਹੋਣਗੇ ਕਿ ਭਲਾ ਬੇਬੇ ਅੱਜ ਕਲ ਦੀ ਨਵੀਂ ਪੀੜ੍ਹੀ ਦੀ ਸਿਆਸੀ ਚਤਰਾਈ ਬਾਰੇ ਕੀ ਕਹਿ ਸਕਦੀ ਹੋਵੇ ਗੀ,ਪਰ ਅਸ਼ਕੇ ਜਾਈਏ(ਸਾਡੀ) ਬੇਬੇ ਦੇ,ਜਿਸ ਬਹੁਤ ਸੁੰਦਰ ਢੰਗ ਨਾਲ ਉਸ ਵੇਲੇ ਦੇ ਲੋਕਾਂ ਦੇ ਰਹਿਣ,ਸਹਿਣ,ਕਹਿਣ ਬਹਿਣ ਬਾਰੇ ਵਿਆਖਿਆ ਭਰਿਆ ਜਵਾਬ ਦੇ ਕੇ ਇਸ ਗੱਲ ਤੇ ਤੋੜਾ ਝਾੜਿਆ,' ਓਦੋਂ ਭੋਲ਼ੀਆਂ ਕੁੜੀਆਂ ਨੂੰ ਦੂਰੀ ਦਾ 'ਦਾਜਾ (ਅੰਦਾਜ਼ਾ)ਬੀ ਕਿੱਥੇ ਸੀ। ਬਈ ਸਹੁਰਿਆਂ ਦਾ ਪਿੰਡ ਐਥੋਂ ਕਿੰਨੀ ਕੁ ਵਾਟ 'ਤੇ ਆ ਤੇ ਪਤਾ ਨੀ ਕਦੋਂ ਹੁਣ ਮੁੜਨਾ ਹੋਊ।"

  ਜੁਗਨੀ ਬੇਬੇ ਨੂੰ ਫਿਰ ਪੁੱਛਦੀ ਹੈ ਕਿ ਹੁਣ ਕੁੜੀਆਂ ਨਿਰਮੋਹੀਆਂ ਹੋ ਗਈਆਂ ਨੇ।ਨਾ ਵਿਛੋੜੇ ਦਾ ਅਹਿਸਾਸ ਤੇ ਨਾ ਹੀ ਡੋਲੀ ਚੜ੍ਹਨ ਵੇਲ਼ੇ ਰੋਂਦੀਆਂ ਨੇ। ਬੇਬੇ ਵੀ ਕਿਹੜੀ ਘੱਟ ਸਿਆਣੀ ਨੀ। ਉਹ ਬੜੇ ਵਿਅੰਗਪੂਰਵਕ ਢੰਗ ਨਾਲ ਕਹਿੰਦੀ ਹੈ,'ਕੁੜੇ ਫੋਟ! ਲੋਕੀਂ ਕੁੜੀਆਂ ਨੂੰ ਨਿਰਮੋਹੀਆਂ ਆਖਦੇ ਨੇ। ਭਲਾ ਕਿਹੜੀ ਗੱਲੋਂ? ਹੈਂ ! ਜ਼ਮਾਨੇ ਦੇ ਬਦਲਣ ਨਾਲ਼ ਲੋਕ ਡੋਲੀਆਂ ਹੁਣ ਘਰੋਂ ਨੀ ਤੋਰਦੇ - ਬੱਡੇ-ਬੱਡੇ ਹੋਟਲ਼ਾਂ ਚੋਂ - - ਬਿਆਹ ਹੁਣ ਸੱਤ ਦਿਨਾਂ ਤੋਂ ਸੁੰਗੜ ਕੇ ਸੱਤ ਘੰਟਿਆਂ ਦੇ ਹੋ ਗਏ।- - ਚਿੱਤ ਤਾਂ ਹੁਣ ਬੀ ਪੁੱਤ ਕੁੜੀਆਂ ਦਾ ਓਨਾ ਈ ਰੋਂਦਾ ਪਰ ਹੁਣ ਉਹ ਧਾਹਾਂ ਨੀ ਮਾਰਦੀਆਂ। -- ਢਿੱਡੋਂ ਰੋਂਦੀਆਂ ਨੂੰ ਦੇਖਣ ਲਈ ਪੁੱਤ ਮਿੱਠੇ ਮੋਹ ਆਲ਼ੀ ਨਿਗ੍ਹਾ ਦੀ ਲੋੜ ਐ। ਪਰ ਆਪਣੇ ਚਿੱਤੋਂ ਕੋਈ ਇਹਨਾਂ ਨਾਲ਼ ਨਹੀਂ ਜੁੜਦਾ। - - ਸਾਂਝੇ ਲਾਣੇ ਰਹੇ ਨੀ ਹੁਣ।'ਤੇ ਫਿਰ ਉਹ ਗੱਲਾਂ ਵੀ ਨਹੀਂ ਰਹੀਆਂ।

  ਇਸ ਪੜਾਅ ‘ਤੇ ਆ ਕੇ ਜੁਗਨੀ ਨੂੰ ਆਪਣੀ ਸਿਆਣਪ ਦਾ ਸੂਹਾ ਸੱਚਾ ਰੰਗ ਫਿੱਕਾ ਪੈਂਦਾ ਜਾਪਦਾ ਹੈ। ਉਹ ਬੇਬੇ ਦੀਆਂ ਕਹੀਆਂ ਸੱਚੀਆਂ ਗੱਲਾਂ ਨੂੰ ਚੁੱਪੀ ਦੇ ਵਾਤਾਵਰਨ 'ਚ ਆਪਣੇ ਹੰਝੂਆਂ ਨੂੰ ਛੁਪਾਉਣ ਦਾ ਅਣਥੱਕ ਯਤਨ ਕਰਦੀ ਰਹੀ।
  ਡਾ ਹਰਦੀਪ ਕੌਰ ਸੰਧੂ ਦੀ ਇਸ 'ਜੁਗਨੀ ਨਾਮਾ' ਵਿਚ ਪੰਜਾਬ ਦੇ ਸਭਿਆਚਾਰ ਦਾ ਅਜਿਹਾ ਸੁੰਦਰ ਝਰੋਖਾ ਪੇਸ਼ ਕੀਤਾ ਹੈ ਜਿਸ ਵਿਚੋਂ ਝਾਤੀ ਪਾਇਆਂ ਸਮੁੱਚੇ ਪੰਜਾਬੀਆਂ ਦੀਆਂ ਰਹੁ ਰੀਤਾਂ ਦੇ ਵੇਰਵੇ ਭਰੇ ਵਿਖਾਵਿਆਂ ਦੇ ਦਰਸ਼ਨ ਹੋ ਜਾਂਦੇ ਹਨ। ਵਿਆਹ ਸਮੇਂ 'ਡੋਲੀ' ਦੀ ਰਸਮ ਵਿਚ ਬਦਲਾਊ ਨੂੰ ਚੰਗੀ ਤਰ੍ਹਾਂ ਬਿਆਨਿਆਂ ਹੈ,ਪਰ ਉਸ ਦੀ ਅੰਤਰੀਵ ਭਾਵਨਾ, ਜੋ ਬੁਨਿਆਦੀ ਰਸਮਾਂ ਹਨ,ਰਹਿੰਦੀ ਦੁਨੀਆ ਤਕ ਰਹਿਣਗੀਆਂ ਕਿਉਂ ਜੋ ਇਸ ਮੌਕੇ ਧੀ ਦੇ ਵਿਛੋੜੇ ਵੇਲੇ ਗਾਏ ਜਾਂਦੇ ਡੋਲੀ ਦੇ ਗੀਤ ਸਾਰੇ ਪੰਜਾਬੀਆਂ ਦੀ ਸਾਂਝ ਹਨ।

  ਇਹ ਰਚਨਾ ਪੰਜਾਬੀ ਵਿਰਸੇ 'ਚ ਅਲੋਪ ਹੋ ਰਹੀਆਂ, ਰਹੁ ਰੀਤਾਂ ਲਈ ਪੁਰਾਤਤਵ ਦਾ ਕੰਮ ਕਰੇਗੀ।

  ਮੈਂ ਡਾ:ਹਰਦੀਪ ਕੌਰ ਸੰਧੂ ਨੂੰ ਅਜਿਹੀ ਜਾਨਦਾਰ ਲਿਖਤ ਤੇ ਵਧਾਈ ਦਿੰਦਾ ਹਾਂ।
  -0-
  -ਸੁਰਜੀਤ ਸਿੰਘ ਭੁੱਲਰ-05-07-2016

  ReplyDelete
 4. इस बार बेबे मिले तो पूछना बेबे की गल अजकल ताँ जवानी में ही याददास्त कमजोर पड़ रही है ।पहलां ताँ लोग ग्रन्थ मुंह जुवानी याद कर लेते थे ।
  अाज के लोगों को क्या हो गया ?

  मैं बेबे से यूँ गुफ्तगू करने लगी थी -जैसे ही तेरे घर से चली ।मैंने रोक लिया - बेबे कदे साडे बेडे भी चक्कर ला जाया कर । और नये स्टाइल में चाय पेश कर दी यानी चाय दूध चीनी अलग अलग पात्रों में सजा कर शहरी रिवाज से ।बेबे वह देख कर क्या कहेगी ।तुम सोचो ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ