ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Jul 2016

ਗ਼ੈਰਤ (ਹਾਇਬਨ )

Surjit Bhullar's Profile Photoਮੈਰਿਜ਼ ਪੈਲੇਸ ਦੇ ਅੰਦਰ ਵੜਦਿਆਂ ਡੀ. ਜੇ. ਦੀ ਉੱਚੀ ਆਵਾਜ਼ ਨੇ ਮਨ ਕਾਹਲ਼ਾ ਜਿਹਾ ਪਾ ਦਿੱਤਾ ਸੀ। ਲੱਗਦਾ ਸੀ ਕਿ ਕੁੜੀ ਤੇ ਮੁੰਡੇ ਵਾਲਿਆਂ ਦਾ ਪਰਿਵਾਰ ਵਿਆਹ ਦੀਆਂ ਰਸਮਾਂ ਨਬੇੜ ਹੁਣ ਨੱਚਣ ਗਾਉਣ 'ਚ ਮਸਤ ਸੀ। ਮੈਂ ਏਸ ਸ਼ੋਰ -ਸ਼ਰਾਬੇ 'ਚੋਂ ਅਲੋਪ ਹੋਏ ਸੰਗੀਤਮਈ ਵਾਤਾਵਰਨ ਦੀਆਂ ਧੁੰਨਾਂ ਸੁਨਣ ਦੀ ਕੋਸ਼ਿਸ਼ ਕਰ ਰਿਹਾ ਸਾਂ ਜਦੋਂ ਗੋਰੇ ਬਲਦਾਂ ਦੀਆਂ ਧੌਣਾਂ 'ਚ ਪਈਆਂ ਘੋਗੇ, ਕੌਡੀਆਂ ਤੇ ਟੱਲੀਆਂ ਅਤੇ ਘੋੜੀਆਂ ਦੇ ਗੱਲ੍ਹਾਂ ਚ ਚਾਂਦੀ ਟਿੱਕਿਆਂ ਦੇ ਹਾਰ ਇੱਕ ਸੁਰ ਹੋ ਗੂੰਜ ਉੱਠਦੇ ਸਨ । ਇਸ ਤੋਂ ਵੀ ਕਿਤੇ ਵੱਧ ਸ਼ਿੰਗਾਰੇ ਹੁੰਦੇ ਸਨ ਰਥ ਜੋ ਬਣ ਜਾਂਦੇ ਸੀ ਸੱਜ ਵਿਆਹੀਆਂ ਲਈ ਚਾਵਾਂ ਮਲਾਰਾਂ ਦੇ ਡੋਲੇ। ਉਨ੍ਹਾਂ ਵਿਚ ਸਿਮਟ ਜਾਂਦੀਆਂ ਸਨ, ਸ਼ਰਮ ਹਯਾ ਦੀਆਂ ਮੂਰਤਾਂ , ਪਰਮ ਪ੍ਰੇਮ 'ਚ ਗੜੂੰਦੀਆਂ ਸੂਰਤਾਂ।ਮੋਹ ਵੈਰਾਗ 'ਚ ਹੰਝੂ ਕੇਰਦੀਆਂ ਸਹੇਲੀਆਂ ਇੱਕ ਦੂਜੇ ਦੇ ਗਲ ਲੱਗ ਇੰਜ ਵਿੱਛੜਦੀਆਂ ਜਿਵੇਂ ਕੂੰਜ ਡਾਰ ਤੋਂ ਵੱਖਰੀ ਹੋ ਕੇ ਕੂਕੇ। ਅਜਿਹੇ ਸਮੇਂ ਪਿੰਡ ਦੇ ਜਾਏ ਤੇ ਬਾਹਰੋਂ ਆਏ ਸਭਨਾਂ ਦੇ ਸਿਰਾਂ ਤੇ ਫੈਲ ਜਾਂਦੀ ਸੀ ਕੁਝ ਚਿਰ ਲਈ ਉਦਾਸੀ ਦੀ ਕਾਲੀ ਬਦਲੀ। ਜਦੋ ਤਕ ਬਲਦਾਂ ਦੀਆਂ ਟੱਲੀਆਂ ਦੀਆਂ ਟੁਣਕਾਰਾਂ ਕੱਚੇ ਰਾਹਾਂ ਦੀ ਧੂੜ 'ਚ ਰਲ਼ ਮਿਲ ਨਾ ਜਾਂਦੀਆਂ, ਦਿਸਣੋਂ ਦੂਰ ਨਾ ਹੋ ਜਾਂਦੀਆਂ ਸਖ਼ੀਆਂ, ਸਹੇਲੀਆਂ ਤੇ ਸਾਥਣਾਂ ਸਭ ਆਪਣੀਆਂ ਸੇਜਲ ਅੱਖਾਂ 'ਚ ਮੋਹ ਦੇ ਅੱਥਰੂ ਲੈ ਸੁੱਖਾਂ ਮੰਗਦੀਆਂ, ਖੈਰਾ ਮੰਗਦੀਆਂ ਆਪਣੇ ਆਪਣੇ ਘਰੀਂ ਮੁੜ ਕੇ ਨਾ ਜਾਂਦੀਆਂ। ਓਦੋਂ ਧੀ ਸਾਰੇ ਪਿੰਡ ਦੀ ਸਾਂਝੀ ਇੱਜ਼ਤ ਸੀ। ਪਿੰਡ ਦੀ ਵਹੁਟੀ, ਸਾਰੇ ਪਿੰਡ ਦੀ ਆਬਰੂ।
"ਸਾਬ ਜੀ ਕੀ ਲਓਗੇ ਜੂਸ ਜਾਂ ਪੈਪਸੀ ?" ਅਚਾਨਕ ਵੇਟਰ ਦੀ ਆਵਾਜ਼ ਸੁਣ ਕੇ ਮੈਂ ਸੁਚੇਤ ਹੋ ਗਿਆ। ਓਦੋਂ ਹੀ ਮੈਨੂੰ ਸ਼ਗਨ ਦੇਣ ਦਾ ਖਿਆਲ ਆਇਆ ਤਾਂ ਮੈਂ ਉੱਠ ਕੇ ਲਾੜੇ ਦੇ ਪਿਤਾ ਨੂੰ ਲੱਭਣ ਲੱਗਾ। ਪਰ ਉਹ ਤਾਂ ਧੀਆਂ ਤੇ ਨੂੰਹਾਂ ਦੇ ਨਾਲ ਨੱਚ ਰਿਹਾ ਸੀ ਤੇ ਉਸ ਨੂੰ ਚੱਲ ਰਹੇ ਗਾਣੇ ਦਾ ਸ਼ਾਇਦ ਕੋਈ ਖਿਆਲ ਨਹੀਂ ਸੀ। ਮੇਰੀ ਸੋਚ ਕੁਝ ਵੀ ਸਮਝ ਸਕਣ ਤੋਂ ਅਸਮਰੱਥ ਸੀ। ਲੱਗਦੈ ਸਾਡੀ ਸੋਚ ਅਤੇ ਖ਼ੂਨ ਗੰਧਲਾ ਗਏ ਨੇ। ਕੀ ਇਹ ਸਭ ਕੁਝ ਸੱਭਿਅਕ ਹੈ ?

ਮੈਂ ਫੇਰ ਸੋਚਾਂ ਦੇ ਵਹਿਣ 'ਚ ਵਹਿ ਤੁਰਿਆ ,"ਹੁਣ ਉਹ ਅਪਣੱਤ ਭਰਿਆ ਸਮਾਂ ਕਿੱਥੇ? ਹਾਏ! ਉਹ ਸਮਾਂ ਕਿਵੇਂ ਤੇ ਕਿਉਂ ਅਲੋਪ ਹੋ ਗਿਆ? ਅੱਜ ਅਸੀਂ ਅਸੱਭਿਅਕ ਕਿਉਂ ਹੋ ਗਏ ਹਾਂ ? ਮਾਪੇ ਆਪਣੀਆਂ ਧੀਆਂ ਦੇ ਰੱਖਿਅਕ ਹੁੰਦੇ ਹੋਏ ਸੁਰੱਖਿਆ ਦੇਣੋਂ ਅਸਮਰਥ ਕਿਉਂ ਹੋ ਗਏੇ? ਹੋਰ ਰਿਸ਼ਤਿਆਂ ਦੀ ਗੱਲ ਅੱਗੇ ਕੀ ਤੋਰੀਏ ? ਪਿੰਡਾਂ ਤੇ ਸ਼ਹਿਰਾਂ ਦੀ ਸਾਂਝੀ ਇੱਜ਼ਤ ਰਾਹ- ਸੜਕਾਂ 'ਤੇ , ਬੱਸਾਂ ਤੇ ਕਾਰਾਂ 'ਚ, ਲੋਕਾਂ ਦੇ ਸਾਹਮਣੇ ਕਿਵੇਂ ਦਮ ਤੋੜਦੀ ਹੈ? ਉਸ ਲਈ ਕੋਈ ਥਾਂ ਸੁਰੱਖਿਅਤ ਨਹੀਂ ਰਹੀ? ਘਰਾਂ ਤੋਂ ਖੇਤਾਂ ਅਤੇ ਸਕੂਲਾਂ ਤੋਂ ਘਰ ਤੱਕ ਦੀ ਵਾਪਸੀ ਜਾਂ ਹੋਰ ਕਿਤੇ ਅੱਗੇ ਪਿੱਛੇ ਸਹਿਮ ਭਰੀਆਂ ਸਭ ਥਾਵਾਂ ਅਸੁਰੱਖਿਅਤ ਨੇ। ਕੋਈ ਯਕੀਨ ਨਹੀਂ, ਅਗਲੇਰੇ ਪਲ ਕੀ ਹੋ ਜਾਏ? ਹਰ ਪਾਸੇ ਕੋਰੂਆਂ ਦੇ ਦਰਬਾਰ ਲੱਗੇ ਨੇ। ਉਡੀਕਵਾਨ ਨੇ 'ਦਰੋਪਤੀ'ਦਾ ਚੀਰ ਹਰਨ ਕਰਨ ਲਈ। ਅਸੀਂ ਕਿਉਂ ਮੁੜ ਵਿੱਢ ਲਿਆ ਹੈ ਮਹਾਂਭਾਰਤ ਦਾ ਯੁੱਧ ? 'ਦਰੋਪਦੀ' ਦੀ ਲੁੱਟਦੀ ਪੱਤ ਦੇਖਣ ਲਈ? ਹੁਣ ਕੋਈ ਤਾਂ ਆ ਬਹੁੜੇ ਕ੍ਰਿਸ਼ਨ ਰੂਪੀ ਅਵਤਾਰ ਬਣ ਕੇ? ਨਾਰੀ ਦੀ ਸੁਰੱਖਿਅਤ ਲਈ? ਦੇਸ਼ ਦੇ ਨੀਤੀਵਾਨੋ, ਸੰਵਿਧਾਨ ਦੇ ਰਹਿਬਰੋ! ਹੁਣ ਟਾਲ ਮਟੋਲ ਦਾ ਸਮਾਂ ਨਹੀਂ।ਸੰਵਿਧਾਨ ਨੂੰ ਬੌਣਾ ਨਾ ਕਰੋ। ਜਨਤਾ ਦੀ ਆਵਾਜ਼ ਹੈ।ਗ਼ੈਰਤ ਨੂੰ ਲਲਕਾਰ ਹੈ ।"

ਡੀ ਜੇ ਦਾ ਸ਼ੋਰ ਹੁਣ ਪਹਿਲਾਂ ਨਾਲੋਂ ਵੀ ਤੇਜ਼ ਹੋ ਗਿਆ ਸੀ ਜੋ ਮੇਰੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਦੀ ਗੱਲ ਸੀ।ਹੁਣ ਮੈਂ ਓਥੋਂ ਵਾਪਿਸ ਆਉਣਾ ਹੀ ਮੁਨਾਸਿਬ ਸਮਝਿਆ।

ਡੀ ਜੇ ਦਾ ਸ਼ੋਰ
ਸਟੇਜ 'ਤੇ ਹੋ ਰਿਹਾ
ਬੇਹੂਦਾ ਨਾਚ।

ਸੁਰਜੀਤ ਸਿੰਘ ਭੁੱਲਰ
ਯੂ. ਐਸ. ਏ.

ਨੋਟ : ਇਹ ਪੋਸਟ ਹੁਣ ਤੱਕ 172 ਵਾਰ ਪੜ੍ਹੀ ਗਈ

6 comments:

  1. सुरजीत जी इस बार का हाइबन बहुत बढिया ढंग से पेश किया गया है ।डीजे का कानफाड़ने वाला शोर वरदास्त से बाहर होता है ।डाँस ग्रूप में बूढे तो पहले पहुँचते हैं घुट पी कर अपने को जवान दिखाने ।देखा है ऐसा आँखों से मैंने ।
    सही कहा है समाज की आँखे खोलने वाला ।
    Kamla Ghataaura

    ReplyDelete
    Replies
    1. ਆਪ ਜੀ ਨੂੰ ਹਾਇਬਨ ਪਸੰਦ ਆਇਆ-ਬਹੁਤ ਧੰਨਵਾਦ ਜੀ। ਤੁਸੀਂ ਤੇ ਅਜਿਹਾ ਦ੍ਰਿਸ਼ ਆਪਣੀ ਅੱਖੀਂ ਦੇਖਿਆ ਹੈ,ਜਿਸ ਬਾਰੇ ਸੁਹਣਾ ਜ਼ਿਕਰ ਕੀਤਾ ਹੈ। ਸੋ ਅਜਿਹੀ ਬਿਰਤੀ ਵਾਲੇ ਲੋਕਾਂ ਤੇ ਰੱਬ ਮਿਹਰ ਕਰੇ,ਕਮਲਾ ਭੈਣ ਜੀ।

      Delete
  2. ਭੁੱਲਰ ਜੀ ਆਪ ਨੇ ਬਹੁਤ ਹੀ ਵਧੀਆ ਢੰਗ ਨਾਲ ਅਜੋਕੇ ਤੇ ਪੁਰਾਤਨ ਢੰਗ ਨਾਲ ਹੋਣ ਵਾਲੇ ਵਿਆਹ ਨੂੰ ਪੇਸ਼ ਕੀਤਾ ਹੈ। ਗੱਡਿਆਂ ਤੇ ਰਥਾਂ ਵਾਲੀਆਂ ਬਤਾਰਾਂ ਮੈਂ ਚਾਹੇ ਨਹੀਂ ਵੇਖੀਆਂ ਪਰ ਆਪ ਦਾ ਹਾਇਬਨ ਪੜ੍ਹ ਕੇ ਉਹ ਦ੍ਰਿਸ਼ ਅੱਖਾਂ ਮੂਹਰੇ ਸਾਕਾਰ ਹੋਣ ਲੱਗਾ। ਟੱਲੀਆਂ ਦੀ ਟੁਣਕਾਰ ਸੁਣਾਈ ਦੇਣ ਲੱਗੀ ਜੋ ਡੀ ਜੇ ਦੇ ਸ਼ੋਰ ਨੂੰ ਮਾਤ ਪਾ ਰਹੀ ਸੀ। ਬਹੁਤ ਚੰਗਾ ਹੈ ਕਿ ਅਸੀਂ ਤਰੱਕੀ ਕੀਤੀ ਹੈ ਅਜੋਕੀ ਤਕਨੀਕ ਵਰਤਣ ਜੋਗੇ ਹੋਏ ਹਾਂ ਇਸ ਗੱਲ ਦੀ ਖੁਸ਼ੀ ਹੈ ਪਰ ਮੋਹ, ਵੈਰਾਗ ਤੇ ਸ਼ਰਮ ਜੋ ਸਾਡੇ ਗਹਿਣੇ ਸਨ ਅਸੀਂ ਗਲੋਂ ਲਾ ਦਿੱਤੇ ਨੇ। ਬੱਸ ਇਸੇ ਗੱਲ ਦਾ ਝੋਰਾ ਹੈ। ਜੀ ਸਦਕੇ ਕੁੜੀਆਂ ਮੁੰਡਿਆਂ ਦਾ ਮੁਕਾਬਲਾ ਕਰਨ , ਹਰ ਖੇਤਰ 'ਚ ਅੱਗੇ ਜਾਣ , ਪਰ ਦੋਹਾਂ ਧਿਰਾਂ 'ਚ ਇੱਕ ਖਾਸ ਤਰਾਂ ਦੇ ਸੰਤੁਲਨ ਦਾ ਹੋਣਾ ਲਾਜਮੀ ਹੈ। ਜਿੱਥੇ ਸ਼ਰਮ ਦੇ ਪਰਦੇ ਦੀ ਲੋੜ ਹੈ ਓਥੇ ਇਸ ਦਾ ਹੋਣਾ ਲਾਜਮੀ ਹੈ।
    ਭੁੱਲਰ ਜੀ ਨੇ ਸਹੀ ਕਿਹਾ ਹੈ ਧੀ ਸਾਰੇ ਪਿੰਡ ਦੀ ਇੱਜ਼ਤ ਤੇ ਵਹੁਟੀ ਸਾਰੇ ਪਿੰਡ ਦੀ ਆਬਰੂ ਹੋਵੇ। ਆਪਣੀ ਸੋਚ ਨੂੰ ਹੋਰ ਗੰਧਲਾ ਨਾ ਕਰੋ।ਅਸੀਂ ਸੱਭਿਅਕ ਵਿਰਸੇ ਦੇ ਮਾਲਕ ਹਾਂ ਜੇ ਆਪਾਂ ਕੁਝ ਹੋਰ ਚੰਗਾ ਨਹੀਂ ਕਰ ਸਕਦੇ ਤਾਂ ਘੱਟੋ -ਘੱਟ ਓਸ ਨੂੰ ਓਸੇ ਤਰਾਂ ਦਾ ਤਾਂ ਰਹਿਣ ਦਿਓ। ਡੀ ਜੇ ਦੇ ਸ਼ੋਰ ਨੂੰ ਸੰਗੀਤਕ ਧੁੰਨਾਂ 'ਚ ਬਦਲਣ ਦੀ ਕੋਸ਼ਿਸ਼ ਕਰੋ।
    ਭੁੱਲਰ ਜੀ ਬਹੁਤ ਵਧੀਆ ਹਾਇਬਨ ਲੈ ਕੇ ਆਏ ਨੇ। ਆਪ ਵਧਾਈ ਦੇ ਪਾਤਰ ਨੇ।

    ReplyDelete
    Replies
    1. ਸਫ਼ਰ ਸਾਂਝ-ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਜੋ ਤੁਸੀਂ ਇਸ ਹਇਬਨ ਨੂੰ ਆਪਣੇ ਬਲੌਗ ਤੇ ਜਗ੍ਹਾ ਦਿੱਤੀ।

      ਮੈਂ ਤੁਹਾਡੇ ਉੱਪਰ ਦੱਸੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ,ਪਰ ਇਸ ਦੇ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਅਜੋਕਾ ਯੁੱਗ ਮੀਡੀਏ ਦਾ ਯੁੱਗ ਹੈ। ਤੁਸੀਂ ਦੇਖਦੇ ਹੀ ਹੋ ਕਿ ਵਿਆਹ ਸ਼ਾਦੀਆਂ ਦੀਆ ਕਈ ਰਸਮਾਂ ਤੇ ਅਜਿਹੇ ਅਡੰਬਰ ਰਚਾਏ ਜਾਂਦੇ ਹਨ ਜੋ ਕਿਸੇ ਜ਼ਮਾਨੇ ਦੇ ਰਜਵਾੜੇ ਜੀਵਨ ਨੂੰ ਵੀ ਮਾਤ ਪਾ ਰਹੇ ਹਨ। ਇਨ੍ਹਾਂ ਦੀ ਕਵਰੇਜ ਵੀ ਚੰਗੀ ਹੁੰਦੀ ਹੈ ਤੇ ਕਈ ਵਾਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਪਾ ਦਿੱਤੀ ਜਾਂਦੀ ਹੈ,ਜਿਸ ਦਾ ਪ੍ਰਭਾਵ ਸਥਾਈ ਨਾ ਰਹਿ ਕੇ ਹੋਰਨਾਂ ਲੋਕਾਂ ਦੇ ਮਨਾਂ ਨੂੰ ਉਕਸਾਉਂਦਾ ਹੈ।ਅਸਲ 'ਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਬੱਸ ਇਸੇ ਯਥਾਰਥ ਵਿਚ ਸਮੂਹ ਦੀ ਥਾਂ ਨਿੱਜੀ ਪਹਿਚਾਣ ਕੇਂਦਰਿਤ ਹੋ ਰਹੀ ਹੈ,ਜੋ ਸਾਡੇ ਸਮਾਜ ਲਈ ਬਹੁਤ ਘਾਤਕ ਹੈ। ਮਨੁੱਖ ਦੀ ਮਾਨਸਿਕਤਾ ਜਿੰਨੀ ਦੇਰ ਤਕ ਸਮੂਹਿਕ ਅਵਚੇਤਨ ਦਾ ਰੂਪ ਧਾਰਨ ਨਹੀਂ ਕਰਦੀ,ਉਨ੍ਹਾਂ ਚਿਰ ਰੱਬ ਹੀ ਰਾਖਾ ਹੈ।

      Delete
  3. ਭੁੱਲਰ ਜੀ ਬਹੁਤ ਵਧੀਆ ਹਾਇਬਨ ਲੈ ਕੇ ਆਏ ਨੇ। ਆਪ ਵਧਾਈ ਦੇ ਪਾਤਰ ਨੇ।

    ReplyDelete
    Replies
    1. ਤੁਹਾਨੂੰ ਹਾਇਬਨ ਪਸੰਦ ਆਇਆ,ਇਹ ਜਾਣ ਕੇ ਮੈਨੂੰ ਖ਼ੁਸ਼ੀ ਹੋਈ।ਮੈਂ ਆਪ ਦਾ ਅਤਿ ਰਿਣੀ ਹਾਂ ਜੀ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ