ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Sep 2016

ਘਰ (ਹਾਇਬਨ )

ਉਹ ਹਵਾਈ ਜਹਾਜ਼ ਵਿੱਚ ਮੇਰੀ ਨਾਲ ਦੀ ਸੀਟ 'ਤੇ ਚੁੱਪ -ਚਾਪ ਬੈਠਾ ਸੀ । ਉਹ ਕਾਫੀ ਉਦਾਸ ਲਗਦਾ ਸੀ।  ਮੈਂ ਉਸ ਦੇ ਚਿਹਰੇ ਵੱਲ ਵੇਖਿਆ। ਉਸ ਦੀਆਂ ਅੱਖਾਂ ਸਿੱਲੀਆਂ ਸਨ।  ਉਹ ਕਾਫੀ ਬੇਚੈਨ ਲੱਗਦਾ ਸੀ ਅਤੇ ਘੜੀ - ਮੁੜੀ  ਆਪਣੀ ਘੜੀ ਵੱਲ ਵੇਖਦਾ ਸੀ ਜਿਵੇਂ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰ ਰਿਹਾ ਹੋਵੇ ।


ਮੈਂ ਆਪਣੀ ਸੀਟ 'ਤੇ ਕਾਫੀ ਖੁਸ਼ ਬੈਠਾ ਸੀ , ਜਿਵੇਂ ਕਿਸੇ ਕੈਦ ਤੋ ਰਿਹਾਈ ਵੱਲ ਜਾ ਰਿਹਾ ਹੋਵਾਂ । ਮੇਰੇ ਚਿਹਰੇ 'ਤੇ ਰੌਣਕ ਸੀ ਤੇ ਅੱਖਾਂ ਵਿੱਚ ਖੁਸ਼ੀ ਸੀ। ਘੜੀ ਮੈਂ ਵੀ ਵਾਰ ਵਾਰ ਵੇਖਦਾ ਸੀ ਕਿ ਕਦੋਂ ਜਲਦੀ ਸਫਰ ਖਤਮ ਹੋਵੇਗਾ। ਇਸ ਸਫਰ ਤੋਂ ਜਾਨ ਛੁੱਟੇਗੀ । ਇਹ ਹਵਾਈ ਉੜਾਨ ਸ਼ਿਕਾਗੋ  ਤੋ ਦਿੱਲੀ ਜਾ ਰਹੀ ਸੀ ।

ਮੈਂ ਉਸ ਨੂੰ ਪੁਛਿਆ , "ਤੂੰ ਇੰਨਾ ਉਦਾਸ ਕਿਉਂ ਏਂ ?"

ਉਸ ਨੇ ਬੜੇ ਉਦਾਸ ਜਿਹੇ ਚਿਹਰੇ ਨਾਲ ਅੱਖਾਂ ਵਿੱਚ ਪਾਣੀ ਭਰ ਕੇ ਕਿਹਾ, " ਮੈਂ ਛੇ ਮਹੀਨੇ ਲਈ ਘਰ ਛੱਡ ਕੇ ਇੰਡੀਆ ਜਾ ਰਿਹਾ ਹਾਂ।  ਮੇਰਾ ਘਰ ਤੇ ਬੀਵੀ -ਬੱਚੇ ਇੱਥੇ ਹਨ। ਮੈਨੂੰ ਮੇਰੀ ਕੰਪਨੀ ਨੇ ਛੇ ਮਹੀਨੇ ਲਈ ਇੰਡੀਆ ਭੇਜਿਆ ਹੈ । ਮੇਰਾ ਦਿਲ ਡੁੱਬ  ਰਿਹਾ ਹੈ।  ਮੇਰਾ ਘਰ ਅਤੇ ਸਭ ਕੁਝ ਇੱਥੇ ਹੈ। "

ਮੈਂ ਉਸ ਦੀ ਪੀੜ ਨੂੰ ਪੂਰਾ ਸਮਝ  ਗਿਆ  ਅਤੇ ਮੈਂ ਬਿਨਾਂ ਬੋਲੇ ਉਸ ਦੇ ਹੱਥ ਨੂੰ ਫੜ ਕੇ ਘੁੱਟਿਆ । ਉਹ ਉਮਰ ਵਿੱਚ ਮੇਰੇ ਤੋਂ ਬਹੁਤ ਛੋਟਾ ਸੀ ।

ਥੋੜੇ ਸਮੇਂ ਬਾਅਦ ਉਸ ਨੇ ਮੈਨੂੰ ਪੁੱਛਿਆ ," ਤੁਸੀਂ ਕਾਫੀ ਖੁਸ਼  ਲੱਗ ਰਹੇ ਹੋ।  ਤੁਸੀਂ ਇੰਡੀਆ ਕਿਸ ਕੰਮ ਲਈ ਜਾ ਰਹੇ ਹੋ ?"

ਮੈਂ ਉਸ ਦੀਆਂ ਅੱਖਾਂ ਵੱਲ ਦੇਖਦੇ ਬੜੀ ਤਸੱਲੀ ਨਾਲ ਜਵਾਬ ਦਿੱਤਾ ," ਮੈਂ ਖੁਸ਼ ਹਾਂ ਕਿਉਂਕਿ ਮੈਂ ਘਰ ਜਾ ਰਿਹਾ ਹਾਂ , ਦਿੱਲੀ ਮੇਰਾ ਘਰ ਹੈ। "

ਉਹ ਮੇਰੇ ਵੱਲ ਉਦਾਸ ਨਜ਼ਰਾਂ ਨਾਲ ਦੇਖੀ ਜਾ ਰਿਹਾ ਸੀ । ਉਸ ਦੇ  ਕੁਝ ਪੁੱਛੇ ਬਗੈਰ ਮੈਂ  ਉਸ ਨੂੰ ਦੱਸਦਾ ਗਿਆ  ," ਛੇ ਮਹੀਨੇ ਪਹਿਲਾਂ ਮੈਂ ਵੀ ਤੇਰੇ ਵਾਂਗ  ਘਰ ਨੂੰ ਛੱਡ, ਜੰਦਰਾ ਲਾ ਕੇ , ਆਪਣੇ ਬੱਚਿਆਂ ਕੋਲ  ਅਮਰੀਕਾ ਆਇਆ ਸੀ। ਹੁਣ ਵਾਪਸ ਘਰ ਦਾ ਜੰਦਰਾ ਖੋਲਣ ਜਾ ਰਿਹਾ ਹਾਂ । ਛੇ ਮਹੀਨੇ ਦਿੱਲੀ ਆਪਣੇ ਘਰ ਰਹਾਂਗਾ ਅਤੇ ਫਿਰ ਛੇ ਮਹੀਨੇ ਲਈ ਅਮਰੀਕਾ ਆ ਜਾਵਾਂਗਾ | ਇਹ ਸਿਲਸਲਾ ਕਈ ਸਾਲਾਂ ਤੋਂ  ਇਸ ਤਰਾਂ ਹੀ ਚੱਲ ਰਿਹਾ ਹੈ। ਮੇਰੀ ਪਤਨੀ ਨਹੀਂ ਹੈ । ਮੈਂ ਵੀ ਜਦੋਂ ਘਰ ਛੱਡ ਕੇ ਜਾਂਦਾ ਹਾਂ , ਬਿਲਕੁਲ ਤੇਰੇ ਵਰਗੀ ਹੀ ਹਾਲਤ ਹੁੰਦੀ ਹੈ। "

     ਹੁਣ ਉਸ ਦੇ  ਮਨ ਦੀ ਹਾਲਤ ਕੁਝ ਸੰਭਲੀ ਲੱਗਦੀ ਸੀ । ਉਹ ਬੋਲਿਆ ," ਘਰ ਛੱਡਣਾ ਬੜਾ ਮੁਸ਼ਕਲ ਕੰਮ ਹੈ। ਤੁਸੀਂ ਬੜੇ ਹਿੰਮਤ ਵਾਲੇ ਲੱਗਦੇ ਹੋ , ਜਿਹੜੇ ਹਰ ਛੇ ਮਹੀਨੇ ਬਾਅਦ ਇਸ ਪੀੜ ਨੂੰ ਸਹਿੰਦੇ ਹੋ। "

ਮੈਂ ਉਸ ਨੂੰ ਤਸੱਲੀ ਦੇਂਦੇ ਕਿਹਾ , " ਸੋ ਭਾਈ ਮੇਰੇ! ਛੇ ਮਹੀਨੇ ਬਾਅਦ ਤੂੰ ਖੁਸ਼ੀ- ਖੁਸ਼ੀ  ਘਰ ਵੱਲ ਜਾ ਰਿਹਾ ਹੋਵੇਂਗਾ  ਅਤੇ ਮੈਂ ਤੇਰੇ ਤਰਾਂ ਘਰ ਨੂੰ ਛੱਡ ਰਿਹਾ ਹੋਵਾਂਗਾ । ਜੋ ਦੇਸ਼ ਤੇਰੇ ਲਈ ਬਿਗਾਨਾਂ ਹੈ, ਉਹ ਮੇਰਾ ਘਰ ਹੈ  ਅਤੇ ਜੋ ਦੇਸ਼ ਮੇਰੇ ਲਈ ਓਪਰਾ ਹੈ ਉਹ ਤੇਰਾ ਘਰ ਹੈ। " ਹੁਣ ਉਹ ਜਹਾਜ਼ ਵਿੱਚ ਦਿੱਤਾ ਖਾਣਾ ਬੜੀ ਸ਼ਾਂਤੀ ਨਾਲ ਖਾ ਰਿਹਾ ਸੀ | ਮੈਨੂੰ ਆਉਣ ਵਾਲੇ ਸਮੇਂ ਕੁਝ ਉਦਾਸ ਕਰ ਦਿੱਤਾ ਸੀ। 

ਇੱਕ ਸਫਰ 
ਦੋ ਹਨ ਮੁਸਾਫ਼ਿਰ 

ਵੱਖ ਦਿਸ਼ਾਵਾਂ  ।

---ਦਿਲਜੋਧ ਸਿੰਘ ---

ਵਿਸਕੋਨਸਿਨ  ਅਮਰੀਕਾ

ਨੋਟ : ਇਹ ਪੋਸਟ ਹੁਣ ਤੱਕ 107 ਵਾਰ ਪੜ੍ਹੀ ਗਈ

2 comments:

 1. A message via e-mail:

  ਘਰ ਨੂ ਜਾਨ ਦੀ ਖੁਸ਼ੀ ਅਤੇ ਵਾਪਸੀ ਵੇਲੇ ਦੀ ਉਦਾਸੀ ਦਾ ਸਹੀ ਬਰਣਨ ਹੈ ਹਾਇਬਨ ਮੇਂ । ਜੋ ਅਪਨੀ ਜਮੀਨ ਔਰ ਮਿੱਟੀ ਸੇ ਜੁੜੇ ਹੈਂ । ਵੇ ਹੀ ਘਰ ਵਾਪਸੀ ਕੇ ਆਨਂਦ ਨੂ ਦਸ ਸਕਦੇ ਹਨ । ਘਰ ਜਾ ਕਰ ਉਸ ਕੀ ਸਫ਼ਾਈ ਕਰਕੇ ਰਹਿਨ ਲਾਇਕ ਹੋਨੇ ਪਰ ਜਬ ਤਾਲਾ
  ਲਗਾ ਕਰ ਵਾਪਸੀ ਮੇਂ ਆਤੇ ਹੈਂ ਤੋ ਦਿਲ ਮੇਂ ਉਦਾਸੀ ਔੜ ਕਰ ਆਤੇ ਹੈਂ । ਸਾਰੀ ਯਾਦੋਂ ਕੋ ਤਾਲਾ ਲਗਾ ਕਰ । ਪੀਛੇ ਘਰ ਵੀ
  ਉਦਾਸੀ ਮਹਸੂਸ ਕਰਤਾ ਹੈ ।ਹਰ ਪਰਵਾਸੀ ਕੇ ਸਾਥ ਘਰ ਕੇ ਯਹੀ ਏਹਸਾਸ ਹੋਤੇ ਹੈਂ । ਸੁਨਦਰ ਵਰਣਨ ਕੇ ਸਾਥ ਰਚੀ ਰਚਨਾ ਬਹੁਤ ਅੱਛੀ ਲਗੀ ।ਵਧਾਈ ।


  Kamla Ghataaura

  ReplyDelete
 2. ਜਿਹਾ ਸੁੱਖ ਛੱਜੂ ਦੇ ਚੁਬਾਰੇ
  ਨਾ ਬਲਖ ਨਾ ਬੁਖਾਰੇ !
  There's no place like home
  ਦਿਲਜੋਧ ਸਿੰਘ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਘਰ ਵਾਪਸੀ 'ਤੇ ਮਿਲਣ ਵਾਲੇ ਸਕੂਨ ਨੂੰ ਚਿੱਤਰਤ ਕੀਤਾ ਹੈ।
  ਆਪਣਾ ਘਰ ਆਪਣਾ ਹੀ ਹੁੰਦਾ ਹੈ। ਜਿਹੋ ਜਿਹਾ ਮਰਜ਼ੀ ਹੋਵੇ। ਆਪਣੇ ਘਰ ਦੀ ਹਵਾ ਤੇ ਮਿੱਟੀ ਚੋਂ ਆਉਣ ਵਾਲੀ ਮਹਿਕ ਜੀਵਨ ਭਰ ਸਾਹਾਂ 'ਚ ਜਾਨ ਫੂਕਦੀ ਰਹਿੰਦੀ ਹੈ। ਲੇਖਕ ਵੀ ਹਰ ਛੇ ਮਹੀਨੇ ਬਾਅਦ ਆਪਣੀ ਖੁੱਸੀ ਊਰਜਾ ਨੂੰ ਮੁੜ ਤੋਂ ਨਵਿਆਉਣ ਲਈ ਆਪਣੇ ਘਰ ਨੂੰ ਫੇਰਾ ਪਾ ਲੈਂਦਾ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ