ਦਿਨ ਦਾ ਦੂਜਾ ਪਹਿਰ ਸੀ। ਤਿੱਤਰ ਖੰਭੀ ਬੱਦਲਾਂ ਦੇ ਜਮਘਟ ਕਾਰਨ ਧੁੱਪ ਮੱਧਮ ਜਿਹੀ ਪੈ ਗਈ ਸੀ। ਪਿੰਡ ਦੀ ਫਿਰਨੀ 'ਤੇ ਗਹਿਮਾ -ਗਹਿਮੀ ਸੀ। ਲੋਕਾਂ ਨੂੰ ਤਾਂ ਚਾਅ ਜਿਹਾ ਚੜ੍ਹਿਆ ਲੱਗਦਾ ਸੀ। ਬੁੱਢੇ ਬੋਹੜ ਵਾਲੇ ਖੁੱਲ੍ਹੇ ਪਿੜ 'ਚ ਗੱਡੀਆਂ ਵਾਲਿਆਂ ਦਾ ਕਾਫ਼ਲਾ ਆਣ ਢੁੱਕਿਆ ਸੀ। ਕੋਈ ਉਨ੍ਹਾਂ ਨੂੰ ਗਾਡੀ ਲੁਹਾਰ ਕਹਿ ਰਿਹਾ ਸੀ ਤੇ ਕੋਈ ਵਣਜਾਰੇ।
ਕਹਿੰਦੇ ਨੇ ਕਿ ਸੋਨੇ ਰੰਗੀ ਮਿੱਟੀ 'ਤੇ ਖੁੱਲ੍ਹੇ ਅੰਬਰ ਦੀ ਛੱਤ ਹੇਠ ਮਹਿਕਦੀ ਪੌਣ ਦੀਆਂ ਕੰਧਾਂ ਉਸਾਰ ਉਹ ਆਪਣਾ ਰੈਣ ਬਸੇਰਾ ਸਹਿਜੇ ਹੀ ਬਣਾ ਲੈਂਦੇ ਨੇ। ਅੱਜ ਵੀ ਧੁੱਪ ਛਾਂ ਦੇ ਟੋਟਿਆਂ ਹੇਠ ਬਾਂਸ ਤੇ ਲੱਕੜ -ਤਿੰਬੜ ਜੋੜ ਲਾਏ ਉਨ੍ਹਾਂ ਦੇ ਤੰਬੂਆਂ ਨੇ ਪਿੰਡ ਦਾ ਵਿਹੜਾ ਭਰ ਦਿੱਤਾ ਸੀ। ਤੰਬੂਆਂ ਮੂਹਰੇ ਹੱਥੀਂ ਬਣਾਏ ਘੁਮਾਉਦਾਰ ਰੰਗੀਨ ਪਾਵਿਆਂ ਵਾਲੇ ਮੰਜੇ ਡਾਹੇ ਹੋਏ ਸਨ। ਲਾਲ ,ਫ਼ਿਰੋਜ਼ੀ ਤੇ ਨੀਲੇ ਰੰਗ ਦੀ ਝਾਲਰਾਂ ਵਾਲੀ ਵਿਛਾਈ ਚਾਦਰ ਉਨ੍ਹਾਂ ਦੇ ਰੰਗਾਂ ਦੇ ਸਲੀਕੇ ਦਾ ਝਲਕਾਰਾ ਪਾ ਰਹੀ ਸੀ। ਰੀਝਾਂ ਨਾਲ ਸ਼ਿੰਗਾਰੇ ਗੱਡਿਆਂ ਤੋਂ ਉਨ੍ਹਾਂ ਟੱਪਰੀਵਾਸ ਵਸਤੂਕਾਰਾਂ ਦੀ ਸੰਕਲਪਨਾ ਮੂੰਹੋਂ ਬੋਲਦੀ ਸੀ। ਬਲਦਾਂ ਦੀ ਪਿੱਠ 'ਤੇ ਰੰਗੀਨ ਕੱਪੜੇ, ਗੱਲ ਟੱਲੀਆਂ ਤੇ ਪੈਰੀਂ ਬੱਝੇ ਘੁੰਗਰੂ ਹਵਾਵਾਂ 'ਚ ਸੁਰ ਘੋਲਦੇ ਜਾਪ ਰਹੇ ਸਨ। ਕੋਈ ਜ਼ਮੀਨ ਨਹੀਂ ਕੋਈ ਘਰ ਨਹੀਂ, ਇਨ੍ਹਾਂ ਦੀ ਜਾਇਦਾਦ ਨੇ ਬੱਸ ਇਹ ਗੱਡੇ ਤੇ ਚਾਰ ਕੁ ਸੰਦ ਪਰ ਮਿਹਨਤੀ ਰੰਗ।
ਰੂਪ ਤੇ ਸਾਦਗੀ ਦੀਆਂ ਮੂਰਤਾਂ ਲੱਗ ਰਹੀਆਂ ਸਨ ਵਣਜਾਰਣ ਤ੍ਰੀਮਤਾਂ। ਰੱਜ ਕੇ ਦਿੱਤੈ ਸੁਹੱਪਣ ਰੱਬ ਨੇ। ਤਿੱਖੇ ਨੈਣ ਨਕਸ਼ , ਰੰਗ ਮੁਸ਼ਕੀ ਤੇ ਵੰਗ ਵਰਗੀਆਂ।ਕੌਡੀਆਂ,ਮਣਕਿਆਂ ਤੇ ਸ਼ੀਸ਼ੇ ਜੜੀਆਂ ਕਾਲ਼ੇ, ਪੀਲੇ ਤੇ ਲਾਲ ਰੰਗ ਦੀਆਂ ਤੰਗ ਘੇਰੇ ਵਾਲੀਆਂ ਲੰਮੀਆਂ ਕੁੜਤੀਆਂ ਤੇ ਵੱਡੇ ਘੇਰੇ ਵਾਲੇ ਉੱਚੇ ਘੱਗਰੇ।ਕੱਸ ਕੇ ਕੀਤੀਆਂ ਮੀਢੀਆਂ ਤੇ ਰੰਗੀਨ ਲੰਮੇ ਪਰਾਂਦੇ। ਪੈਰਾਂ 'ਚ ਚਾਂਦੀ ਰੰਗੇ ਸਗਲੇ ਤੇ ਪੰਜਾਬੀ ਜੁੱਤੀ। ਨੱਕ ਚ ਨੱਥਲੀ, ਮੱਥੇ 'ਤੇ ਖੁਣਵਾਇਆ ਚੰਨ ਤੇ ਸਿਤਾਰਿਆਂ ਭਰੀਆਂ ਚੁੰਨੀਆਂ ਲਈ ਲੱਗਦੀਆਂ ਸੀ ਜਿਵੇਂ ਅਰਸ਼ੋਂ ਉਤਰੀਆਂ ਹੂਰਾਂ ਹੋਣ। ਮਜਬੂਤ ਜੁੱਸਿਆਂ ਵਾਲੇ ਅਣਖੀ ਬੰਦੇ। ਲੰਮੇ ਕੁੜਤੇ ਤੇੜ ਚਾਦਰੇ। ਗੱਲ ਕਾਲੇ ਰੰਗ ਦੀ ਤਵੀਤੀ ,ਕੰਨਾਂ 'ਚ ਨੱਤੀਆਂ ਤੇ ਬੇਤਰਤੀਬੇ ਵਲਾਂ ਵਾਲੇ ਰੰਗੀਨ ਸਾਫ਼ੇ ਤੇ ਨੋਕਦਾਰ ਜੁੱਤੀ। ਚਿਲਮਾਂ ਦੇ ਸੂਟੇ ਤੇ ਹੁੱਕੇ ਦੇ ਕਸ਼ ਖਿੱਚਦੇ ਤੇਜ਼ ਦੌੜਦੀ ਦੁਨੀਆਂ ਤੋਂ ਬੇਪਰਵਾਹ ਜਾਪ ਰਹੇ ਸਨ।
ਨਿੱਤ ਖੂਹ ਪੁੱਟ ਕੇ ਪਾਣੀ ਪੀਣ ਵਾਲੇ ਉਦਮੀ ਲੋਕ। ਮਰਦ ਸਾਰੀ ਦਿਹਾੜੀ ਭੱਠੀ ਤਪਾ ਕੇ ਭੂਕਨੇ, ਚਿਮਟੇ, ਖੁਰਚਣੇ, ਝਾਰਨੀਆਂ ਤੇ ਖੇਤੀ ਦੇ ਸੰਦ ਬਣਾਉਂਦੇ। ਬੱਠਲਾਂ ਤੇ ਬਾਲਟੀਆਂ ਦੇ ਥੱਲੇ ਤੇ ਪੀਪਿਆਂ ਦੇ ਢੱਕਣ ਲਾਉਂਦੇ।ਮੱਝਾਂ ਦੇ ਟੁੱਟੇ ਸੰਗਲ, ਦੇਸੀ ਜਿੰਦਰੇ ਤੇ ਹੋਰ ਟੁੱਟ -ਫੁੱਟ ਸੰਵਾਰਦੇ। ਫੇਰ ਨਿੱਤ ਸਰਘੀ ਵੇਲੇ ਇਹ ਕਿਰਤੀ ਕਣੀਆਂ ਆਪਣੇ ਹੁਨਰ ਦਾ ਹੋਕਾ ਲਾਉਂਦੀਆਂ ਹਰ ਬੂਹੇ ਜਾ ਢੁੱਕਣਗੀਆਂ , " ਬੱਠਲਾਂ ਨੂੰ ਥੱਲੇ ਲਵਾ ਲੈ ,ਚਿਮਟੇ ਖੁਰਚਣੇ ਲੈ ਲੈ ਨੀ ਬੀਬੀ ਚਿਮਟੇ ਖੁਰਚਣੇ। ਨੀ ਝਾਰਨੀ ਲਏਂਗੀ, ਬੜੇ ਕੰਮ ਆਵੇਗੀ, ਹਾਂ ! ਨੀ ਲੰਬੜਦਾਰਨੀਏ , ਸਰਦਾਰਨੀਏ ! ਦਿੰਦੀ ਨੀ ਹੁਣ ਪੱਠਿਆਂ ਦੀ ਟੋਕਰੀ।" ਝੋਲੀ ਭਰ ਦਾਣਿਆਂ ਜਾਂ ਪੱਠਿਆਂ ਦੀ ਟੋਕਰੀ ਬਦਲੇ ਉਹ ਲੋਕਾਂ ਦਾ ਕੰਮ ਕਰ ਦਿੰਦੇ ਤੇ ਆਪਣੀਆਂ ਲੋੜਾਂ ਦੀ ਪੂਰਤੀ ਕਰ ਲੈਂਦੇ।
ਲੰਮੇ ਰਾਹਾਂ ਦੇ ਸਫ਼ਰ 'ਤੇ ਤੁਰਦੇ ਰਹਿਣਾ ਉਨ੍ਹਾਂ ਦੇ ਹਿੱਸੇ ਆਇਆ ਹੈ। ਕਹਿੰਦੇ ਨੇ ਕਿ ਮਹਾਰਾਣਾ ਪ੍ਰਤਾਪ ਦੀ ਅਕਬਰ ਕੋਲ਼ੋਂ ਹੋਈ ਹਾਰ ਮਗਰੋਂ ਇਨ੍ਹਾਂ ਰਾਜਪੂਤ ਵੰਸ਼ੀਆਂ ਦੇ ਪੁਰਖੇ ਚਿਤੌੜ ਦੀ ਮਿੱਟੀ ਛੱਡ ਟੱਪਰਵਾਸੀ ਕਬੀਲੇ 'ਚ ਪ੍ਰਵਰਤਿਤ ਹੋ ਗਏ ਸਨ । ਜਦੋਂ ਤੱਕ ਗੁਆਚਿਆ ਵਕਾਰ ਬਹਾਲ ਨਹੀਂ ਹੋ ਜਾਂਦਾ ਇੱਕ ਥਾਂ ਟਿੱਕ ਕੇ ਨਾ ਬੈਠਣ ਦੀ ਸਹੁੰ ਖਾ ਲਈ ਤੇ ਉਹ ਸਫ਼ਰ ਪੀੜ੍ਹੀ ਦਰ ਪੀੜ੍ਹੀ ਹੁਣ ਤੱਕ ਜਾਰੀ ਹੈ। ਇੱਕ ਵਿਲੱਖਣ ਜਿਹੇ ਯਕੀਨ ਤੇ ਰਿਵਾਜ਼ਾਂ 'ਚ ਬੱਝੇ। ਸੁੱਚਾ ਸਿਦਕ, ਧਾਰਮਿਕ ਸ਼ਰਧਾ ਤੇ ਸਹਿਜ ਬਿਰਤੀ ਦੀ ਮਿੱਸ ਵਾਲੇ ਅਣਗੌਲੇ ਲੋਕ।
ਹੁਣ ਦਿਨ ਢਲਣ ਵਾਲਾ ਹੀ ਸੀ। ਘਰ ਦਾ ਨਿੱਕ -ਸੁੱਕ ਸਾਂਭਿਆ ਜਾ ਚੁੱਕਾ ਸੀ। ਨਿਆਣੇ ਚੁੱਲ੍ਹਿਆਂ ਲਈ ਇੱਟਾਂ -ਰੋੜੇ ਚੁੱਗ ਲਿਆਏ ਤੇ ਔਰਤਾਂ ਬਾਲਣ। ਦੇਖਦੇ ਹੀ ਦੇਖਦੇ ਪੱਛਮ 'ਚ ਸੰਧੂਰੀ ਬਾਟਾ ਡੁੱਲਣ ਤੋਂ ਪਹਿਲਾਂ ਹੀ ਇੱਕ ਨਵਾਂ ਪਿੰਡ ਬੰਨ ਦਿੱਤਾ। ਕੁੱਤੇ, ਮੁਰਗੇ, ਬੱਕਰੀਆਂ, ਬਲਦਾਂ ਸਮੇਤ ਘਰ ਦੇ ਸਾਰੇ ਜੀਅ ਹੁਣ ਗੱਡਿਆਂ ਦੇ ਥੱਕੇ ਪਹੀਆਂ ਕੋਲ ਬਲਦੇ ਚੁੱਲ੍ਹਿਆਂ ਮੂਹਰੇ ਆ ਬੈਠੇ ਸਨ। ਭਾਵੇਂ ਸਮੇਂ ਦੀ ਮਾਰ ਹੇਠ ਇਨ੍ਹਾਂ ਅਕੀਦਤਯੋਗ ਹੱਥਾਂ ਦਾ ਹੁਨਰ ਹੁਣ ਜੰਗਾਲਿਆ ਗਿਆ ਹੈ। ਪਰ ਨਵੀਂ ਸਰਘੀ ਦੀ ਆਮਦ ਨਾਲ ਆਪਣੇ ਹੁਨਰ ਦੇ ਹੁੰਗਾਰਿਆਂ ਨੂੰ ਮੁੜ ਜੀਵੰਤ ਕਰਨ ਦੀ ਆਸ ਲਈ ਹੁਣ ਉਹ ਆਪਣੀ ਹੀ ਧੁਨ 'ਚ ਮਸਤ ਬੈਠੇ ਨੇ ਲੰਮੇ ਸਫ਼ਰਾਂ ਦੀ ਥਕਾਨ ਨੂੰ ਠਹਿਰਾਓ ਦੀ ਟਕੋਰ ਕਰਨ।
ਲੰਮਾ ਸਫ਼ਰ -
ਥੱਕੇ ਗੱਡਿਆਂ ਕੋਲ਼
ਬੈਠਾ ਟੱਬਰ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 261 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 261 ਵਾਰ ਪੜ੍ਹੀ ਗਈ ਹੈ।
ਸਬਰ ਸੰਤੋਖ ਦੀ ਮਿਸਾਲ , ਮਿਹਨਤਕਸ਼ ਕਿਰਤੀ ਕੌਮ ਨੂੰ ਸਲਾਮ । ਭੈਣ ਜੀ ਹਰਦੀਪ ਕੌਰ ਜੀ ਬਹੁਤ ਵਧਾਈ ਦੇ ਪਾਤਰ ਹੋ...ਬਹੁਤ ਸੋਹਣੇ ਢੰਗ ਨਾਲ ਬਿਆਨਿਆ ਹੈ ।
ReplyDeleteਬਚਪਨ ਵਿੱਚ ਸੁਣੀਆਂ ਅਵਾਜ਼ਾਂ ਕੰਨਾਂ ਵਿੱਚ ਵੱਜਦੀਆਂ ਪ੍ਰਤੀਤ ਹੁੰਦੀਆਂ ਨੇ .....
ਗਡਰੀਆ ਕਬੀਲੇ ਦਾ ਵਿਵਰਣ ਬਿਲਕੁਲ ਸਹੀ ਤਸਵੀਰ ਹੈ । ਉਹਨਾਂ ਦਾ ਰੰਗ ਰੂਪ, ਰਹਿਣ ਸਹਿਣ, ਕੰਮ ਕਾਜ ਸਭ ਕੁਝ ਸੋਹਣੇ ਤਰੀਕੇ ਨਾਲ ਬਿਆਨਿਆ ਹੈ । ਪਲ ਜਿਹੜੇ ਕਬੀਲੇ ਦੇ ਲੋਕ ਸ਼ਹਿਰਾਂ ਵਿੱਚ ਸੜਕਾਂ ਕੰਡੇ ਪੱਕੇ ਬੈਠ ਗਏ ਹਨ ਉਹਨਾਂ ਦੀ ਜੀਵਨ ਸ਼ੈਲੀ ਬਿਲਕੁਲ ਬਦਲ ਗਈ ਹੈ , ਕੁੰਮ ਚਾਵੇ ਜ਼ਿਆਦਾ ਲੋਹਾਰਾਂ ਦਾ ਹੀ ਕਰਦੇ ਹਨ ਪਰ ਉਹਨਾਂ ਦੇ ਡੰਗਰ , ਰੰਗ ਬਰੰਗੇ ਗੱਡੇ , ਕਪੜੇ , ਜੀਵਨ ਦੇ ਰੰਗ ਢੰਗ ਸਭ ਗਾਇਬ ਹੋ ਗਏ ਹਨ । ਸੋਹਣੀ ਰਚਨਾ ਹੈ , ਦਿਲ ਨੂੰ ਚੰਗੀ ਲੱਗੀ ।
ReplyDeleteਆਪਣੇ ਆਪ ਤੋ ਰੱਬ ਦੇ ਦਿਤੇ ਤੋ ਤੇ ਆਪਣੀ ਜਿੰਦਗੀ ਤੋ ਸੰਤੁਸ਼ਟ ਲੋਕ
ReplyDelete
ReplyDeleteਇਹਨਾ ਲੋਕਾ ਦੇ ਵਾਰੇ ਵਾਰੇ ਜਾਇਏ ਜਿੰਨਾ ਨੇ ਆਪਣਾ ਸਭਿਆਚਾਰ ਸੰਭਾਲ ਕੇ ਰੱਖਿਆ ਹੋਇਆ
ਗੱਡੀਆਂ ਵਾਲੇਆਂ ਦਾ ਉਨ੍ਹਂਾ ਦੇ ਔਜ਼ਾਰਾਂ ਦਾ ਕੱਮ ਕਾਰ ਦਾ ਪੂਰਾ ਵਿਵਰਣ ਬੜੀਮਨ ਨੂ ਖਿੱਚਣ ਵਾਲੀ ਸ਼ੈਲੀ ਚ' ਲਿਖੀ ਰਚਨਾ ਹੈ । ਸਾਡੀ ਗਲੀ 'ਚ ਵੀ ਔਂਦੇ ਸਣ ।ਬਹੁਤ ਵਾਰ ਕੌਲੋਂ ਗਈ ਉਨ੍ਹਾਂ ਦੇ ਬਸੇਰੇ ਤੌਂ ,ਪਰ ਜੋ ਤੂਂ ਦਿਖਾਆ ੳਹ ਨਹੀ ਦੇਖੀਆ ,ਤੂਂ ਤਾਂ ਇਕ ਇਕਚੀਜ ਦਿਖਾ ਦਿੱਤੀ ਉਨਾਂ ਦੀ ।ਵਾਹ ਲਿਖਾਰੀ ਹੋ ਤੋ ਏਸਾ ।
ReplyDeleteਬਾਕਮਾਲ ਜਾਣਕਾਰੀ ਪ੍ਰਦਾਨ ਕਰਦੀ ਪੋਸਟ ।
ReplyDeleteਬਹੁਤ ਵਧੀਅਾ ਵਰਨਣ ਕੀਤਾ ਹੈ ਜੀ
ReplyDelete