ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Nov 2016

ਸਿਰਨਾਵਿਆਂ ਦੇ ਨਾਮ : ਘਰ ਵਾਪਸੀ


ਅਸੀਂ ਸੌਖੇ ਹੋਣ ਅਤੇ ਚੰਗੇ ਜੀਵਨ ਲਈ, ਬਾਕੀ ਸਭ ਕੁਝ ਦੇ ਨਾਲ ਇਸ ਮਿੱਟੀ ਦੀ ਮਹਿਕ ਨੂੰ ਵੀ ਤਿਲਾਂਜਲੀ ਦੇ ਦਿੱਤੀ । ਆਪਣੀ ਮਾਂ ਨਾਲੋਂ ਟੁੱਟਣਾ ਬੜਾ ਔਖਾ ਹੁੰਦਾ ਹੈ।  ਅਸੀਂ ਸਿਰਫ਼ ਮਾਂ ਨਾਲੋਂ ਹੀ ਨਹੀਂ , ਇੱਕ ਯੁੱਗ ਨਾਲੋਂ ਟੁੱਟ ਜਾਂਦੇ ਹਾਂ । ਕਦੇ ਆਉਣ ਲਈ, ਕਦੀ ਪੱਕੇ ਹੋਣ ਲਈ ਅਤੇ ਕਦੇ ਨਾਗਰਿਕਤਾ ਪ੍ਰਾਪਤ ਕਰਨ ਲਈ ਹਾੜ੍ਹੇ ਕੱਢਦੇ ਕੱਢਦੇ ਜ਼ਿੰਦਗੀ ਲੰਘਾ ਲੈਂਦੇ ਹਾਂ । ਜੀਵਨ ਦੀਆਂ ਖ਼ੁਸ਼ੀਆਂ ਹੌਲੀ ਹੌਲੀ ਪੱਲਾ ਛੁਡਾ ਕੇ ਅਲਵਿਦਾ ਕਹਿਣ ਲੱਗ ਪੈਂਦੀਆਂ ਹਨ । ਸਿਹਤ ਜਵਾਬ ਦੇਣ ਲੱਗਦੀ ਹੈ ਤੇ ਤੁੰਦਰੁਸਤੀ ਦੇ ਸੌਦਾਗਰ ਕੂਚ ਕਰ ਜਾਂਦੇ ਹਨ । ਹਾਂ, ਉਹਨਾਂ ਔਖਿਆਈ ਅਤੇ ਇੱਕਲਤਾ ਦੇ ਪਲਾਂ ਵਿੱਚ ਅਤੀਤ ਦੇ ਪਰਛਾਂਵੇ ਠੰਢ ਜਿਹੀ ਪਾ ਦਿੰਦੇ ਹਨ । 

ਵਗਦੇ ਖੂਹ ਦੇ ਕੁੱਤੇ ਦੀ ਟਿੱਕ ਟਿੱਕ, ਜਾਮਣਾ ਦੇ ਰੁੱਖਾਂ 'ਤੇ ਸਿਖਰ ਦੁਪਿਹਰੇ ਬੋਲਦੀਆਂ ਘੁੱਗੀਆਂ ਦਾ ਸੰਗੀਤ, ਗੁਰੂ ਘਰ ਦੇ ਸਪੀਕਰ ਵਿੱਚੋਂ ਤੜਕੇ ਤੜਕੇ ਰਸ ਭਿੰਨੇ ਪਾਠ ਦੀ ਅਵਾਜ਼ ਅਤੇ ਭਰ ਸਿਆਲ਼ਾਂ ਵਿੱਚ ਧੂਣੀ ਸੇਕਦੇ ਠੁਰ ਠੁਰ ਕਰਦੇ ਹੱਥਾਂ ਦੇ ਬਿੰਬ ਸਾਨੂੰ ਸੁਪਨਮਈ ਅਤੀਤ ਦੇ ਯਾਦਮਈ ਸਿਰਨਾਵਿਆਂ ਦਾ ਅਹਿਸਾਸ ਦਿਵਾਉਂਦੇ ਹਨ । 

ਉਹਨਾਂ ਸਿਰਨਾਵਿਆਂ ਵਿੱਚ ਸਾਡੀ ਵਾਕਫ਼ੀ ਦਾ ਧਰਾਤਲ ਬਦਲ ਚੁੱਕਿਆ ਜਾਂ ਗ਼ੁੰਮ ਹੋ ਗਿਆ ਹੁੰਦਾ ਹੈ । ਆਪਣੇ ਘਰ ਦੀਆਂ ਪੁਰਾਣੀਆਂ ਭੁਰ ਰਹੀਆਂ ਅਤੇ ਤਿੜਕ ਰਹੀਆਂ ਯਾਦ ਰੂਪੀ ਕੰਧਾਂ, ਨਿਰਵਸਤਰ ਹੋਏ ਕਮਰਿਆਂ ਅਤੇ ਸਿਰਫ਼ ਦਰਵਾਜੇ ਤੇ ਪੁਰਾਣੇ ਯੁੱਗ ਦੇ ਜੰਗਾਲ ਖਾਧੇ ਕੁੰਡੇ ਵਿੱਚ ਫਸੇ ਜਿੰਦੇ ਜਦੋਂ ਸਾਨੂੰ ਜੀਅ ਆਇਆਂ ਕਹਿੰਦੇ ਹਨ ਤਾਂ  ਉਦੋਂ ਸਾਨੂੰ ਲੰਘ ਚੁੱਕੇ ਸਾਲਾਂ, ਗੁਜਰ ਗਏ ਜੀਆਂ, ਭੁੱਲ ਗਏ ਰਿਸ਼ਤਿਆਂ ਅਤੇ ਨਾਵਾਂ ਦਾ ਦੁਖਾਂਤਿਕ ਰੂਹਾਨੀ ਅਨੁਭਵ ਹੁੰਦਾ ਹੈ । ਫਿਰ ਅਸੀਂ ਉਸ ਭਰਮ ਦੇ ਦਰਸ਼ਨ ਕਰਕੇ ਨਿਰਾਸ਼ਤਾ ਅਤੇ ਉਪਰਾਮਤਾ ਦੀ ਅਰਧ-ਅਵਸਥਾ ਦੇ ਆਲਮ ਵਿੱਚ "ਘਰ ” ਨੂੰ ਵਾਪਸ ਪਰਤ ਆਉਂਦੇ ਹਾਂ, ਬੇਘਰਿਆਂ ਵਾਂਗਰ ।

ਅਮਰੀਕ ਪਲਾਹੀ 
ਸਰੀ -ਬ੍ਰਿਟਿਸ਼ ਕੋਲੰਬੀਆ 
ਨੋਟ : ਇਹ ਪੋਸਟ ਹੁਣ ਤੱਕ 80 ਵਾਰ ਪੜ੍ਹੀ ਗਈ ਹੈ।


4 comments:

  1. ਦਿਲ ਨੂੰ ਧੂਹ ਪਾਉਂਦੀ ਵਾਰਤਾ। ਪੜ੍ਹਦੇ ਪੜ੍ਹਦੇ ਹਰ ਪਾਠਕ ਆਪਣੇ ਪਿੰਡ ਜਾ ਅੱਪੜੇਗਾ। ਬੀਤਿਆ ਸਮਾਂ ਚਾਹੇ ਕਿਤੇ ਵੀ ਹੋਵੇ ਯਾਦ ਆਉਂਦਾ ਹੈ। ਬਹੁਤ ਸੋਹਣੇ ਬਿੰਬਾਂ ਨਾਲ ਆਪ ਨੇ ਪਿੰਡ ਦੇ ਨਜ਼ਾਰਿਆਂ ਨੂੰ ਚਿੱਤਰਿਆ ਹੈ। ਪਲਾਹੀ ਜੀ ਨੇ ਸਹੀ ਕਿਹਾ ਹੈ ਹੁਣ ਇਸ 'ਚੋਂ ਬਹੁਤਾ ਕੁਝ ਅਲੋਪ ਹੋ ਗਿਆ ਹੈ ਜਾਂ ਹੋ ਰਿਹਾ ਹੈ। ਮਨ ਨਿਰਾਸ਼ ਤਾਂ ਜ਼ਰੂਰ ਹੋਵੇਗਾ ਪਰ ਸਾਨੂੰ ਉਸ ਅਤੀਤ 'ਚੋਂ ਯਾਦਾਂ ਦੀਆਂ ਠੰਡੀਆਂ ਛਾਂਵਾਂ ਮਾਣਦਿਆਂ ਹੁਣ ਵਾਲੀ ਪੀੜ੍ਹੀ ਨਾਲ ਸਾਂਝ ਪਾਉਂਦਿਆਂ ਜਿੰਨਾ ਹੋ ਸਕੇ ਜਿਉਂਦਾ ਰੱਖਣ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਸਮੇਂ ਨਾਲ ਸਭ ਕੁਝ ਬਦਲਦਾ ਹੈ ਤੇ ਬਦਲਣਾ ਹੀ ਜ਼ਿੰਦਗੀ ਹੈ। ਅਤੀਤ ਨੂੰ ਯਾਦ ਕਰਦਿਆਂ ਨਿਰਾਸ਼ ਹੋਣ ਦੀ ਬਜਾਏ ਉਸ ਦੇ ਅਸਲੀ ਮੰਤਵ ਨੂੰ ਗਤੀਸ਼ੀਲ ਕਰਦੇ ਰਹਿਣਾ ਚਾਹੀਦਾ ਹੈ। ਬਹੁਤ ਹੀ ਵਧੀਆ ਵਾਰਤਾ ਨਾਲ ਸਾਂਝ ਪਾਉਣ ਲਈ ਸ਼ੁਕਰੀਆ ਜੀਓ।

    ReplyDelete
  2. ਦਿਲ ਨੂੰ ਪਿੱਛੇ ਛੱਡੇ ਘਰਾਂ ਦਾ ਮੋਹ ਜਗਾਂਦੀ ਬਿਂਬ ਦਵਾਰਾ ਚਿੱਤਰ ਖਿਚਦੀ ਏਹ ਰਚਨਾ ਪੜ ਕੇ ਕੁਝ ਪਲਾਂ ਲੇਈ ਮਨ ਉਨ੍ਹਾਂ ਦਿਨਾਂ 'ਚ ਜੀ ਲਿਆ । ਬਹੁਤ ਸੁਂਦਰ ਰਚਨਾ ਲਿਖਨੇ ਕੇ ਲਿਏ ਅਮਰੀਕ ਜੀ ਦਿਲੋਂ ਮੁਬਾਰਕਵਾਦ ।

    ReplyDelete
  3. Jagroop kaur23.11.16

    ਬਹੁਤ ਹੀ ਸੋਹਣੀ ਵਾਰਤਾ ਅਮਰੀਕ ਜੀ , ਯਾਦਾਂ ਜੋ ਦਿਲ ਨੂੰ ਛੂੰਹਦੀਆਂ ਨੇ ..ਮੈਨੂੰ ਤਾਂ ਜਾਪਦਾ ਏ ਕਿ ਮੇਰੇ ਦਿਲ ਦੇ ਜਜਬਾਤ ਬਿਆਨ ਕਰ ਦਿਤੇ ਨੇ ।
    .ਬਹੁਤ ਬਹੁਤ ਵਧਾਈ ਵੀਰ ਅਮਰੀਕ ਜੀ

    ReplyDelete
  4. ਆਰਥਿਕ ਕਾਰਣ ਸਭ ਤਰਾਂ ਦੀਆਂ ਭਾਵਨਾਵਾਂ 'ਤੇ ਭਾਰੂ ਹੋ ਗੁਜ਼ਰਦੇ ਹਨ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ