ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Nov 2016

ਜਿੰਦ ਇੱਕਲੀ

ਜਿੰਦ ਇੱਕਲੀ ਰਾਤ ਦਾ ਵੇਲਾ 
ਡਰ ਡਰ ਕੇ ਹੀ ਰਹਿਣਾ ।
ਕਰ ਦਰਵਾਜ਼ੇ ਬੰਦ ਮੈਂ ਬੈਠੀ
ਸਾਂਭ ਕੇ ਤਨ ਦਾ ਗਹਿਣਾ ।

ਆਸ ਪਰਾਈ ਉਡ ਨਾ ਜਾਵੇ
ਵਿੱਚ ਪਿੰਜਰੇ ਦੇ ਪਾਵਾਂ ।
ਹੰਝੂਆਂ ਦਾ ਮੈਂ ਚੋਗਾ ਦੇਵਾਂ
ਵੱਡੀ ਕਰਦੀ ਜਾਵਾਂ ।

ਵਿੱਚ ਗਵਾਂਢੇ ਖੜਕਾ ਹੋਇਆ
ਕੌਣ ਪਰਾਉਣਾ ਆਇਆ ।
ਮੇਰਾ ਵੀ ਮਨ ਰੱਖਣ ਦੇ ਲਈ
ਹਵਾ ਨੇ ਭਿੱਤ ਖੜਕਾਇਆ ।

ਸਿਖਰ ਦੁਪਹਿਰੇ ਛਾਂ ਲੱਭਣ ਲਈ
ਘਰੋਂ ਬਾਹਰ ਮੈਂ ਟੁਰ ਪਈ ।
ਰਾਹ ਦੀ ਮਿੱਟੀ ਸਿਰ ਮੂੰਹ ਪੈ ਗਈ
ਛੱਡ  ਰਾਹ ਨੂੰ ਮੁੜ ਗਈ ।
ਜਿਸ ਤਾਰੇ ਵੱਲ ਗਗਨੀ ਤੱਕਿਆ
ਉਹੀ ਸੜ ਕੇ ਮੋਇਆ ।
ਹਰ ਬਿਰਹਨ ਦੇ ਭਾਗ ਨੇ ਕਾਲੇ
ਉਹੀ ਮੇਰੇ ਨਾਲ ਹੋਇਆ ।
ਦਿਨ ਦਾ ਚਾਨਣ ਪਿੰਡੇ ਚੁੱਭੇ
ਕਿਉਂ ਸੂਰਜ ਨੂੰ ਕੋਸਾਂ ।
ਆਪਣੇ ਲੇਖ ਮੈਂ ਆਪੇ ਲਿਖ ਕੇ
ਆਪਣੇ ਲਈ ਪਰੋਸਾਂ ।
ਝੋਲੀ ਮੇਰੀ ਛੇਦ ਨੇ ਲੱਖਾਂ
ਕੀ ਮੰਗਾਂ ਕੀ ਸਾਂਭਾਂ ।
ਕਿਹੜੇ ਵੇਲੇ ਕੀ ਗਵਾਚਾ
ਕਿਸ ਨੂੰ ਦੇਵਾਂ ਉਲਾਂਭਾ ।
ਦਿਲਜੋਧ ਸਿੰਘ 
ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ ਹੈ।

1 comment:

  1. ਮੇਰੀ ਕਵਿਤਾ ਪੋਸਟ ਕਰਨ ਲਈ ਧੰਨਵਾਦ ।
    ਸਰਦ ਸੀਤ ਹਵਾਵਾਂ ਤੋਂ ਬਚਨ ਲਈ ਪੰਛੀ ਗਰਮ ਪਾਣੀਆਂ ਵੱਲ ਉੱਡ ਰਹੇ ਨੇ , ਸੋ ਮੈਂ ਵੀ ਦੇਸ਼ ਵਾਪਿਸ ਆ ਬੈਠਾ ਹਾਂ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ