30-35 ਸਾਲਾਂ ਨੂੰ ਢੁੱਕੀ, ਖਿੰਡੇ ਵਾਲ਼ ਤੇ ਮੈਲ਼ੇ ਜਿਹੇ ਕੱਪੜੇ ਪਾਈ ਉਹ ਅਕਸਰ ਆਪਣੇ ਆਪ ਨਾਲ਼ ਹੱਥ ਮਾਰ-ਮਾਰ ਗੱਲਾਂ ਕਰਦੀ ਪਿੰਡ ਦੀਆਂ ਬੀਹੀਆਂ 'ਚ ਭਾਉਂਦੀ ਫਿਰਦੀ। ਅਵਾਰਾ ਕੁੱਤਿਆਂ ਤੋਂ ਡਰਦੀ ਆਪਣੇ ਹੱਥ 'ਚ ਇੱਕ ਡੰਡਾ ਜ਼ਰੂਰ ਰੱਖਦੀ। ਵੱਡੇਰੀ ਉਮਰ ਦਿਆਂ ਨੂੰ ਉਹ ਕੁਝ ਨਾ ਕਹਿੰਦੀ ਪਰ ਨਿਆਣਿਆਂ ਨੂੰ ਵੇਖਣ ਸਾਰ ਹੀ ਵਾਹੋ-ਧਾਹੀ ਉਨ੍ਹਾਂ ਦੇ ਪਿੱਛੇ ਡੰਡਾ ਲਈ ਭੱਜਦੀ। ਕਈ ਸ਼ਰਾਰਤੀ ਨਿਆਣੇ ਉਸ ਨੂੰ ਕਮਲ਼ੀ-ਕਮਲ਼ੀ ਕਹਿ ਛੇੜ ਕੇ ਭੱਜਦੇ ਤੇ ਕਈ ਉਸ ਨੂੰ ਦੂਰੋਂ ਆਉਂਦੀ ਨੂੰ ਵੇਖ ਡਰਦੇ ਆਪਣਾ ਰਾਹ ਬਦਲ ਲੈਂਦੇ। ਇਹ ਸਿਲਸਿਲਾ ਕਈ ਸਾਲ ਉਸ ਦੇ ਮਰਨ ਤੱਕ ਜਾਰੀ ਰਿਹਾ।
ਉਸ ਦਿਨ ਮਰਗਤ 'ਤੇ ਇੱਕਠੇ ਹੋਏ ਲੋਕਾਂ ਨੇ ਉਸ ਦੀ ਬੁੱਢੀ ਮਾਂ ਨੂੰ ਇਹ ਕਹਿੰਦੇ ਸੁਣਿਆ, "ਮੈਂ ਤਾਂ ਭਾਈ ਕਿੱਦਣ ਦੀ ਓਸ ਉੱਪਰ ਆਲ਼ੇ ਮੂਹਰੇ ਹੱਥ ਬੰਨਦੀ ਸੀ, ਬਈ ਏਸ ਚੰਦਰੀ ਨੂੰ ਤੂੰ ਮੈਥੋਂ ਪਹਿਲਾਂ ਲੈ ਜਾ। ਮੈਥੋਂ ਮਗਰੋ ਏਸ ਨੂੰ ਕੌਣ ਸਾਂਭੂ? ਜਿੱਦਣ ਦਾ ਇਹਦਾ ਅੱਠਾਂ-ਨਵਾਂ ਵਰ੍ਹਿਆਂ ਦਾ ਪੁੱਤ ਮਿੰਦੀ ਮੁੱਕਿਆ, ਸਹੁਰਿਆਂ ਘਰੋਂ ਕੱਢੀ, ਹਰ ਨਿਆਣੇ 'ਚੋਂ ਆਵਦਾ ਮਿੰਦੀ ਭਾਲ਼ਦੀ ਐ। ਪਿੰਡ ਦੀਆਂ ਬੀਹੀਆਂ 'ਚ ਕਮਲ਼ਿਆਂ ਆਂਗੂ ਫਿਰਦੀ ਦਾ ਦੁੱਖ ਮੈਥੋਂ ਹੁਣ ਝੱਲਿਆ ਨੀ ਸੀ ਜਾਂਦਾ। ਬੀਰ, ਜਦੋਂ ਓਸ ਦੇ ਸਿਰ ਦੇ ਸਾਂਈ ਨੇ ਓਸ ਨੂੰ ਨਹੀਂ ਝੱਲਿਆ ਫੇਰ ਹੋਰ ਕਿਸੇ ਦੀ ਉਹ ਲੱਗਦੀ ਹੀ ਕੀ ਸੀ ?"
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 549 ਵਾਰ ਪੜ੍ਹੀ ਗਈ ਹੈ।
ਆਪਣਿਆਂ ਦਾ ਵਿਛੋੜਾ ਅਕਸਰ ਇਨਸਾਨ ਨੂੰ ਅਜਿਹਾ ਦਰਦ ਦਿੰਦਾ ਹੈ ਕਿ ਉਸ ਦੀ ਅਜਿਹੀ ਹਾਲਤ ਹੋ ਜਾਂਦੀ ਹੈ ਪਰ ਆਮ ਲੋਕ ਇਸ ਨੂੰ ਮਹਿਸੂਸ ਨਹੀਂ ਕਰ ਸਕਦੇ ...
ReplyDeleteਰੱਬ ਦੇ ਕਹਿਰ ਨਾਲ ਜਦੋਂ ਸਮਾਜ ਦੀ ਮਾਰ ਵੀ ਪੈਂਦੀ ਹੈ ਤਾਂ ਦੂਹਰੀ ਸੱਟ ਵੱਜਦੀ ਹੈ । ਜਿਸ ਨਾਲ ਚੰਗੇ ਭਲੇ ਬੰਦੇ ਦਾ ਦਿਮਾਗ਼ੀ ਹਾਲਾਤ ਹਿੱਲ ਜਾਂਦੇ ਨੇ ।
ReplyDeleteਵਾਹਿਗੁਰੂ ਕਿਸੇ ਤੇ ਇਹ ਵਿਛੋੜੇ ਨਾ ਪਾਵੇ।
ਉਸ ਨੂੰ ਦੂਰੋਂ ਆਉਂਦੀ ਨੂੰ ਵੇਖ ਡਰਦਿਆਂ ਰਾਹ ਬਦਲਣ ਵਾਲਿਆਂ 'ਚ ਮੈਂ ਵੀ ਸਾਂ। ਓਦੋਂ ਪਤਾ ਨਹੀਂ ਸੀ ਕਿ ਉਹ ਨਿਆਣਿਆਂ ਨੂੰ ਮਾਰਨ ਨਹੀਂ ਉਨ੍ਹਾਂ ਨੂੰ ਪਿਆਰ ਕਰਨ ਲਈ ਮਗਰ ਭੱਜਦੀ ਹੈ।
ReplyDeleteਵਾਹ ! ਤਸਵੀਰ ਅਤੇ ਕਹਾਣੀ ਦੋਵੇਂ ਸ਼ਾਹਕਾਰ । ਤਸਵੀਰ ਸੱਭ ਕੁਝ ਕਹਿਣ ਦੇ ਸਮਰੱਥ ਹੈ, ਬਚਦਾ ਕਹਾਣੀ ਬਾਖ਼ੂਬੀ ਬਿਆਨ ਕਰ ਦਿੰਦੀ ਹੈ । ਇਹ ਨਿੱਕੀ ਕਹਾਣੀ ਵੱਡਾ ਸੁਨੇਹਾ ਬਣ ਜਾਂਦੀ ਹੈ । ਕਈ ਵਾਰ ਅਸੀਂ ਅਗਿਅਨਤਾ ਵੱਸ ਉਸਦਾ ਹਿੱਸਾ ਬਣ ਜਾਂਦੇ ਹਾਂ, ਸੋਝੀ ਆਉਣ ਉਪਰੰਤ ਜਿਸਦਾ ਪ੍ਛਤਾਵਾ ਸਾਡੀ ਅੰਤਰ ਆਤਮਾਂ ਨੂੰ ਭਰਨਾ ਪੈਂਦਾ ਹੈ । ਜੀਓ !
ReplyDeleteਦੋ ਮਾਔਂ ਦੇ ਦਰਦ ਦੀ ਅੱਖਾਂ ਨਮ ਕਰਨ ਵਾਲੀ ਏਹ ਲਘੁ ਕਥਾ ਬਹੁਤ ਕਮ ਸ਼ਬਦਾਂ 'ਚ ਬਹੁਤ ਕੁਛ ਕਹ ਗਈ ਹੈ। ਜਦ ਦਿਲ ਦੇ ਟੁਕੜੇ ਦਾ ਵਿਛੋੜਾ ਨਹੀ ਸਹਿਆ ਜਾਦਾਂ ਸਟ ਦਿਮਾਗ 'ਚ ਜਾ ਘਰ ਕਰ ਲੈਂਦੀ ਹੈ ੳਹ ਹਾਲਤ ਸਾਡੇ ਸਾਮਨੇ ਹੈ ਕਮਲੀ ਦੇ ਰੂਪ ਵਿਚ । ਦੂਜੀ ਮਾਂ ਦਾ ਦੂਖ ਤਾਂ ਸ਼ਬਦਾਂ ਦਵਾਰਾ ਕਹਿਆ ਹੀ ਨਹੀ ਜਾ ਸਕਦਾ ਜੋ ਅਪਨੀ ਇਕਲੌਤੀ ਧੀ ਦੀ ਚਿਂਤਾ ਚੌਂ ਮੁਕਤ ਹੋਕੇ ਧਰਤੀ ਤੌਂ ਜਾਨਾ ਚਾਹਤੀ ਹੈ । ੳਹ ਧੀ ਵਾਸਤੇ ਜੋ ਅਰਦਾਸ ਕਰਤੀ ਹੈ ਵਹ ਕਿਸੀ ਵੀ ਮਾਂ ਕੇਲਿਏ ਸੁਖਾਲਾ ਨਹੀ ਹੈ ।
ReplyDelete'ਕਮਲੀ' ਤਾਂ ਬੇ-ਕਸੂਰ,ਸਮਾਜ ਦੀ ਮਾਰੀ, ਦੁਖਿਆਰੀ ਤੇ ਦੁਰਕਾਰੀ ਹੋਈ ਬਦਕਿਸਮਤ ਮਾਂ ਸੀ ਜੋ ਆਪਣੇ ਬੱਚੇ ਦੀ ਮੌਤ ਦਾ ਗਹਿਰਾ ਸਦਮਾ ਬਰਦਾਸ਼ਤ ਨਾ ਕਰਦੀ ਹੋਈ,ਆਪਣੇ ਮਨ ਦਾ ਸੰਤੁਲਨ ਗਵਾ ਬੈਠੀ। ਇਸ ਹਾਲਤ ਵਿਚ ਹਰ ਮਨੁੱਖੀ ਦਿਮਾਗ਼ ਦੀ ਆਪਣੀ ਆਪਣੀ ਭਾਵਕ ਕਿਰਿਆ ਹੁੰਦੀ ਹੈ। ਕੋਈ ਵਿਅਕਤੀ ਅਜਿਹਾ ਸਦਮਾ ਮਨ ਤੇ ਬਹੁਤ ਜ਼ਿਆਦਾ ਲਾ ਬੈਠਦਾ ਤੇ ਕੋਈ ਘੱਟ। ਹਾਂ,ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਇਸ ਹਾਲਤ ਵਿਚ ਉਸ ਦੇ ਸਹੁਰਿਆਂ ਵੱਲੋਂ ਏਨਾ ਰੁੱਖਾ ਪਸ਼ੂ ਵਿਵਹਾਰ ਕਰਨਾ ਉਚਿੱਤ ਨਹੀਂ ਸੀ। ਇਹ ਸਾਡੇ ਸਮਾਜ ਦੀ ਤ੍ਰਾਸਦੀ ਹੈ,ਜੋ ਆਉਣ ਵਾਲੇ ਸਮੇਂ 'ਚ ਆਪਣਾ ਹੋਰ ਘਣਾ ਊਣਾ ਵਿਕਰਾਲ ਰੂਪ ਧਾਰਨ ਕਰ ਸਕਦਾ ਹੈ।ਇਸ ਪਾਸੇ ਸਰਕਾਰ ਤੇ ਲੋਕਾਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ।
ReplyDeleteਇਸ ਘਟਨਾ ਦਾ ਅੰਤ ਬਹੁਤ ਦੁਖਦਾਈ ਹੈ ਪਰ ਕਮਲੀ ਦੀ ਮਾਂ ਲਈ ਕਿਸੇ ਹੱਦ ਤਕ ਤਸੱਲੀ ਬਖ਼ਸ਼। ਇਹ ਗੱਲ ਸਭ ਜਾਣਦੇ ਹਨ ਕਿ ਮਨੋਂ ਰੋਗੀ ਨੂੰ ਆਪਣੇ ਆਪ ਦਾ ਕੁੱਝ ਪਤਾ ਨਹੀਂ ਚੱਲਦਾ ਕਿ ਉਹ ਕੀ ਕਰਦਾ ਹੈ ਤੇ ਕੀ ਕਹਿੰਦਾ ਹੈ? ਉਸ ਦੀ ਰੇਖ ਦੇਖ ਕਰਨ ਵਾਲਿਆਂ ਵਾਸਤੇ, ਵਾਸਤਵ ਵਿਚ ਬਹੁਤ ਹੀ ਕਠਨ ਕਾਰਜ ਹੁੰਦਾ ਹੈ। ਮੈਂ ਨਿੱਜੀ ਤੌਰ ਤੇ ਕਈ ਐਸੇ ਕੇਸ ਜਾਣਦਾ ਹਾਂ ਜਿੱਥੇ ਉਨ੍ਹਾਂ ਦੇ ਕਰੀਬੀ ਇਹ ਕਹਿੰਦੇ ਸੁਣੇ ਹਨ ਕਿ ਪ੍ਰਮਾਤਮਾ ਸਾਡੇ ਤੋਂ ਪਹਿਲਾਂ ਇਸ ਦੀ ਮਿੱਟੀ ਨੂੰ ਕਿਉਂਟ ਲੈ,ਇਹ ਨੂੰ ਹੋਰ ਦੇ ਹੱਥਾਂ 'ਚ ਰੁਲਨੋਂ ਬਚਾ ਦੇਈਂ।
ਲੇਖਕਾ ਨੇ ਇਸ ਬਲੌਗ ਰਾਹੀਂ ‘'ਕਮਲੀ'’ ਦੇ ਨਕਾਰਾਤਮਿਕ ਜਜ਼ਬਾਤੀ ਪਰੇਸ਼ਾਨੀ ਦਾ ਸ਼ਬਦ ਚਿੱਤਰ ਬਹੁਤ ਜਜ਼ਬਾਤੀ ਰੰਗਤ ਵਿਚ ਰੰਗਿਆ ਹੈ ਅਤੇ ਅੰਤਲੇ ਯਥਾਰਥ ਨੂੰ ਸਿਰਜਦਿਆਂ ਤਾਂ ਆਪਣੀ ਕਲਮ ਦੀ ਪਰਪੱਕਤਾ ਦਾ ਕਮਾਲ ਕਰ ਦਿਖਾਇਆ ਹੈ।
ਮੇਰੇ ਵੱਲੋਂ ਡਾ. ਹਰਦੀਪ ਕੌਰ ਸੰਧੂ ਹੋਰਾਂ ਨੂੰ ਇਸ ਪ੍ਰਭਾਵ ਪੂਰਨ ਲੇਖਣੀ ਤੇ ਮੁਬਾਰਕ।
-0-
- ਸੁਰਜੀਤ ਸਿੰਘ ਭੁੱਲਰ - 03-11-2016