ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Mar 2017

ਦਲ ਬਦਲੂ

Related imageਸੁਰੇਸ਼ ਨੂੰ ਅੱਗੇ ਪੜਾਈ ਕਰਨ ਲਈ ਹੋਸਟਲ ਗਏ ਨੂੰ ਅਜੇ ਸਾਲ ਵੀ ਨਹੀਂ ਲੰਘਿਆ ਸੀ ਕਿ ਪਿਤਾ ਜੀ ਦਾ ਖ਼ਤ ਮਿਲਿਆ। ਬੇਟੇ ਕੁਝ ਦਿਨਾਂ ਦੀ ਛੁੱਟੀ ਲੈ ਕੇ ਘਰ ਆ ਜਾ ਤੇਰੀ ਮਾਂ ਤੈਨੂੰ ਬਹੁਤ ਯਾਦ ਕਰਦੀ ਹੈ। ਉਸਦੀ ਸਿਹਤ ਠੀਕ ਨਹੀਂ ਰਹਿੰਦੀ। ਸੁਰੇਸ਼ ਨੇ ਸੋਚਿਆ ਕਿ ਜ਼ਰੂਰ ਮਾਂ ਦੀ ਸਿਹਤ ਕੁਝ ਜ਼ਿਆਦਾ ਹੀ ਖ਼ਰਾਬ ਹੋਵੇਗੀ। ਨਹੀਂ ਤਾਂ ਪਾਪਾ ਅਜਿਹਾ ਨਹੀਂ ਲਿਖਦੇ। ਉਸਨੇ ਤੁਰੰਤ ਹਫ਼ਤੇ ਦੀ ਛੁੱਟੀ ਲਈ ਤੇ ਘਰ ਆ ਗਿਆ। 
ਮਾਂ ਸੱਚਮੁੱਚ ਕੁਝ ਜ਼ਿਆਦਾ ਹੀ ਬਿਮਾਰ ਸੀ , ਪ੍ਰੰਤੂ ਪੁੱਤਰ ਨੂੰ ਦੇਖਦਿਆਂ ਹੀ ਝੱਟ ਉੱਠ ਬੈਠੀ। ਜਿਵੇਂ ਪੁੱਤਰ ਦੇ ਆਉਣਾ ਮਾਂ ਲਈ ਸੰਜੀਵਣੀ ਬੂਟੀ ਦਾ ਕੰਮ ਕਰ ਗਿਆ ਸੀ। ਹਫ਼ਤੇ ਬਾਦ ਸੁਰੇਸ਼ ਮਾਂ ਦੇ ਠੀਕ ਹੋਣ 'ਤੇ ਹੋਸਟਲ ਮੁੜ ਗਿਆ। 
ਹੁਣ ਉਹ ਵਿਆਹਿਆ ਗਿਆ। ਬਾਪ ਵੀ ਬਣ ਗਿਆ। ਫਿਰ ਵੀ ਮਾਂ ਦੇ ਪ੍ਰਤੀ ਉਸ ਦੇ ਪਿਆਰ 'ਚ ਕੋਈ ਫ਼ਰਕ ਨਹੀਂ ਪਿਆ। ਪਿਤਾ ਜੀ ਦੇ ਗੁਜ਼ਰ ਜਾਣ ਤੋਂ ਬਾਦ ਉਸ ਨੇ ਮਾਂ ਨੂੰ ਆਪਣੇ ਕੋਲ ਹੀ ਬੁਲਾ ਲਿਆ ਸੀ। ਮਾਂ ਦਾ ਇੱਥੇ ਆਉਣਾ ਹੀ ਸੀ ਕਿ ਸੁਰੇਸ਼ ਤੇ ਉਸ ਦੀ ਪਤਨੀ 'ਚ ਰੋਜ਼ਾਨਾ ਖਟਪਟ ਹੋਣ ਲੱਗੀ। ਪਤਨੀ ਇਸੇ ਮੌਕੇ ਦੀ ਤਲਾਸ਼ 'ਚ ਰਹਿੰਦੀ ਕਿਵੇਂ ਏਸ ਬਲਾ ਨੂੰ ਘਰ ਤੋਂ ਕੱਢਿਆ ਜਾਵੇ। ਰੋਜ਼ ਕੋਈ ਨਾ ਕੋਈ ਕਹਾਣੀ ਘੜ ਕੇ ਪਤੀ ਨੂੰ ਸੁਣਾਉਂਦੀ। ਪਤੀ ਚੁੱਪਚਾਪ ਸੁਣਦਾ ਰਹਿੰਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਮਾਂ ਨੂੰ ਰਾਤ ਪਿਆਸ ਲੱਗੀ। ਉਸ ਨੇ ਫਰਿਜ਼ 'ਚੋਂ ਠੰਢਾ ਪਾਣੀ ਪੀ ਲਿਆ। ਘਰ 'ਚ ਜਿਵੇਂ ਤੂਫ਼ਾਨ ਹੀ ਆ ਗਿਆ। 
ਸੁਰੇਸ਼ ਦੇ ਕੰਮ ਤੋਂ ਵਾਪਿਸ ਆਉਣ 'ਤੇ ਚਾਹ -ਨਾਸ਼ਤਾ ਪ੍ਰੋਸਦੀ ਪਤਨੀ ਬੋਲੀ ," ਤੇਰੀ ਮਾਂ ਦਾ ਢਿੱਡ ਹੈ ਜਾਂ ਖੂਹ। ਸਾਰਾ ਦਿਨ ਖਾ ਖਾ ਕੇ ਵੀ ਨਹੀਂ ਭਰਦਾ। ਰਾਤ ਨੂੰ ਵੀ ਉੱਠ -ਉੱਠ ਖਾਂਦੀ ਰਹਿੰਦੀ ਹੈ। 
"ਕਦੇ ਤਾਂ ਘਰ ਆਉਣ 'ਤੇ ਦੋ ਮਿੰਟ ਅਰਾਮ ਕਰਨ ਦਿਆ ਕਰੋ। ਆਉਂਦਿਆਂ ਹੀ ਸ਼ੁਰੂ ਹੋ ਜਾਨੀ ਹੈਂ। ਮਾਂ ਕੀ ਸੋਚੇਗੀ ?" ਸੁਰੇਸ਼ ਨੇ ਸਖਤੀ ਨਾਲ ਕਿਹਾ। 
ਮਾਂ ਨੂੰ ਸੁਣਾਉਂਦਿਆਂ ਬਹੂ ਨੇ ਫਿਰ ਕਿਹਾ , " ਮੈਂ ਕੁਝ ਗਲਤ ਤਾਂ ਨਹੀਂ ਕਹਿ ਰਹੀ। " ਕੋਲ ਬੈਠੀ ਮਾਂ ਤਾੜ ਗਈ ਸੀ। ਬੋਲੀ ," ਕੁਝ ਖਾਣ ਲਈ ਨਹੀਂ ਉੱਠੀ ਸੀ ਪੁੱਤ , ਗਲਾ ਖੁਸ਼ਕ ਹੋ ਰਿਹਾ ਸੀ , ਸੋਚਿਆ ਨਿੰਬੂ ਪਾਣੀ ਪੀ ਲਵਾਂ। ਠੰਢਾ ਪਾਣੀ ਲਿਆ ਸੀ ਤੇਰੇ ਫਰਿਜ਼ 'ਚੋਂ। ਖਾਧਾ ਕੁਝ ਨਹੀਂ। "
ਪੁੱਤਰ ਦੇ ਦਿਲ ਨੂੰ ਠੇਸ ਲੱਗੀ। ਉਹ ਕੁਝ ਨਹੀਂ ਬੋਲਿਆ। ਪਤਨੀ ਅੱਗੇ ਕੀ ਬੋਲਦਾ। ਖਾਮੋਸ਼ ਰਿਹਾ। ਸਾਰੀ ਜ਼ਿੰਦਗੀ ਪਤਨੀ ਨਾਲ ਕੱਢਣੀ ਹੈ। ਕਿਸੇ ਨੇਤਾ ਵਾਂਗ ਫ਼ਾਇਦੇ ਵਾਲੇ ਪੱਲੜੇ 'ਚ ਚਲਾ ਗਿਆ। ਮਾਂ ਦੀ ਦਿੱਤੀ ਸਫ਼ਾਈ ਉਸ ਨੂੰ ਸ਼ਰਮਿੰਦਾ ਤਾਂ ਕਰ ਗਈ , ਪਰ ਜ਼ੁਬਾਨ 'ਤੇ ਜਿਵੇਂ ਜਿੰਦਰਾ ਲੱਗ ਗਿਆ ਹੋਵੇ। 
ਮਾਂ ਦਿਲ 'ਤੇ ਲੱਗੀ ਇਸ ਗੱਲ ਨਾਲ ਸਾਰਾ ਦਿਨ ਬੁਖ਼ਾਰ ਨਾਲ ਤੜਫ਼ਦੀ ਰਹੀ। ਦੂਸਰੇ ਦਿਨ ਸ਼ਾਮ ਨੂੰ ਪੁੱਤਰ ਨੇ ਘਰ ਆ ਕੇ ਨਾ ਮਾਂ ਨਾਲ ਕੋਈ ਗੱਲ ਕੀਤੀ ਨਾ ਹਾਲ ਪੁੱਛਿਆ। 
ਹੁਣ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ ਸੀ। ਮਾਂ ਨੇ ਪਿੰਡ ਜਾਣ ਦਾ ਫ਼ੈਸਲਾ ਕਰ ਲਿਆ। ਪੁੱਤਰ ਨੂੰ ਦੱਸ ਦਿੱਤਾ। ਉਸ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਨਾ ਜਾ ਮਾਂ , ਪਿੰਡ 'ਚ ਇੱਕਲੀ ਕਿਵੇਂ ਰਹੇਂਗੀ ?" ਉਹ ਤਾਂ ਦਲ ਬਦਲੂ ਹੋ ਚੁੱਕਿਆ ਸੀ। 


ਕਮਲਾ ਘਟਾਔਰਾ 
(ਹਿੰਦੀ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ )


ਨੋਟ : ਇਹ ਪੋਸਟ ਹੁਣ ਤੱਕ 80 ਵਾਰ ਪੜ੍ਹੀ ਗਈ ਹੈ।

3 comments:

  1. ਕਹਾਣੀ ਬਹੁਤ ਹੀ ਭਾਵਕ ਕਰ ਗਈ। ਦਿਲ ਨੂੰ ਛੂਹ ਗਈ। ਮਾਂ ਪੁੱਤ ਦਾ ਰਿਸ਼ਤਾ ਕਿਵੇਂ ਬਦਲ ਸਕਦੈ ? ਰਿਸ਼ਤਿਆਂ 'ਚ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੁੰਦੈ। ਜੇ ਸੰਤੁਲਨ ਵਿਗੜ ਜਾਵੇ ਤਾਂ ਜ਼ਿੰਦਗੀ ਔਖੀ ਹੋ ਜਾਂਦੀ ਹੈ। ਮਾਂ ਦਾ ਦੁੱਖੀ ਮਨ ਨਾਲ ਪਿੰਡ ਨੂੰ ਮੁੜਨਾ ਪੁੱਤਰ ਨੂੰ ਵੀ ਟੀਸ ਦੇ ਗਿਆ। ਉਸ ਨੇ ਚੁੱਪੀ ਧਾਰ ਤਾਂ ਲਈ ਪਰ ਇਹ ਚੁੱਪੀ ਉਸ ਨੂੰ ਜਿਉਣ ਨਹੀਂ ਦੇਵੇਗੀ।
    ਸਾਂਝ ਪਾਉਣ ਲਈ ਸ਼ੁਕਰੀਆ ਕਮਲਾ ਜੀ।

    ReplyDelete
  2. ਮੇਰਾ ਨਿੱਜੀ ਵਿਚਾਰ: ਦਲ ਬਦਲੂ (ਕਹਾਣੀ) ਬਾਰੇ

    ਭਾਵੇਂ ਵਿਗਿਆਨ ਅਤੇ ਤਕਨੀਕ ਦੇ ਵਿਕਾਸ ਦੇ ਸਿੱਟੇ ਵਜੋਂ ਅੱਜ ਦਾ ਮਨੁੱਖ ਬਹੁਤ ਤਰੱਕੀ ਕਰ ਰਿਹਾ ਹੈ ਪਰ ਨੈਤਿਕ ਅਤੇ ਸਮਾਜਿਕ ਪੱਧਰ 'ਤੇ ਉਸ ਦੀ ਜੀਵਨ ਪਹੁੰਚ ਬਹੁਤ ਨਿਵਾਣ ਵੱਲ ਜਾ ਰਹੀ ਹੈ, ਜਿਸ ਕਾਰਨ ਸਾਡੇ ਸਮਾਜਿਕ ਰਿਸ਼ਤੇ ਵੀ ਪ੍ਰਭਾਵਿਤ ਹੋਣੋਂ ਨਹੀਂ ਬਚ ਸਕੇ।

    ਮਾਪੇ ਆਪਣੀ ਸਮਾਜਿਕ ਜੀਵਨ ਦੀ ਚਿਰ-ਸਥਾਈ ਕਾਇਮੀ ਰੱਖਣ ਲਈ ਪੁੱਤਰਾਂ ਦੀ ਵਧੇਰੇ ਤਾਂਘ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਬੁਢਾਪੇ ਵਿਚਲੀ ਧੁੱਪ ਛਾਂ ਦਾ ਫ਼ਿਕਰ ਨਾ ਰਹੇ। ਪਰ ਅਜੋਕੇ ਸਮੇਂ ਵਿਚ ਇਹ ਵੀ ਨਿਰੋਲ ਵਹਿਮ ਹੀ ਸਾਬਤ ਹੋ ਰਿਹਾ ਹੈ ਕਿਉਂਕਿ ਲੜਕੇ ਦੇ ਵਿਆਹੁਤਾ ਜੀਵਨ ਵਿਚ ਆਮ ਤੌਰ ਤੇ ਉਸ ਦੀ ਪਤਨੀ ਸੁਤੰਤਰ ਰਹਿਣਾ ਪਸੰਦ ਕਰਦੀ ਹੈ, ਜਿਸ ਕਰਨ ਪਿਤਰੀ ਸੇਵਾ ਦਾ ਆਧਾਰ ਤਾਂ ਮਨਫ਼ੀ ਹੀ ਕਰ ਦਿੱਤਾ ਜਾਂਦਾ ਹੈ।

    ਕਮਲਾ ਘਟਾਔਰਾ ਦੀ 'ਦਲ ਬਦਲੂ' ਕਹਾਣੀ ਦੀ ਪਾਤਰ 'ਮਾਂ' ਵੀ ਅਜਿਹਾ ਸੰਤਾਪ ਹੰਢਾਉਣ ਲਈ ਆਪਣੀ ਬਹੂ ਰਾਣੀ ਦੇ ਵੱਸ ਪੈ ਕੇ, ਉਸ ਦੇ ਹੱਥੋਂ ਮਜਬੂਰ ਹੋ ਗਈ ਹੈ ਅਤੇ ਅੰਤ ਘੁੱਟਣ ਤੇ ਹੀਣਤਾ ਨਾ ਸਹਾਰਦੀ ਹੋਈ ਪਿੰਡ ਵਾਪਸ ਜਾਣ ਦਾ ਫ਼ੈਸਲਾ ਕਰ ਲੈਂਦੀ ਹੈ। ਪੁੱਤਰ ਤੋਂ ਇੱਕ ਵਾਰੀ ਵੀ ਇਹ ਨਹੀਂ ਸਰਿਆ ਕਿ ਉਹ ਉਸ ਨੂੰ ਰੋਕ ਸਕੇ।

    ਇਹ ਸੰਕੇਤਕ ਕਹਾਣੀ ਦਾ ਵਿਸ਼ਾ ਭਾਵੇਂ ਹੁਣ ਬਹੁਤ ਪਰਵਾਰਾਂ ਵਿਚ ਦੇਖਣ ਨੂੰ ਮਿਲ ਜਾਂਦਾ ਹੋ ਪਰ ਫਿਰ ਵੀ ਆਪਣੀ ਗੋਂਦ ਉਸਾਰੀ ਕਾਰਨ ਬਹੁਤ ਮਿਆਰੀ ਹੈ। ਮਾਪਿਆਂ ਨੂੰ ਆਪਣੀ ਸੋਚ ਤਬਦੀਲ ਕਰਨ ਲਈ ਸੁਚੇਤ ਤੇ ਸਾਵਧਾਨ ਕਰਦੀ ਹੈ ਕਿ ਉਹ ਆਪਣੀ ਬਾਕੀ ਉਮਰ ਕਿਸ ਤਰ੍ਹਾਂ ਸੁਤੰਤਰ ਰਹਿ ਕੇ ਅਮਨ ਅਮਾਨ ਨਾਲ ਗੁਜ਼ਾਰ ਸਕਣ।

    ਕਮਲਾ ਘਟਾਔਰਾ,ਦਾ ਇਹ ਵਧੀਆਂ ਉੱਦਮ ਹੇ। ਮੇਰੇ ਵੱਲੋਂ ਵਧਾਈ ਪਹੁੰਚੇ।
    -0-
    ਸੁਰਜੀਤ ਸਿੰਘ ਭੁੱਲਰ-23-03-2017

    ReplyDelete
  3. ਰਿਸ਼ਤਿਆਂ ਦੇ ਵੱਖ ਵੱਖ ਰੂਪ , ਕੋਈ ਕੁਝ ਤਿਆਗਦਾ ਹੈ ,ਕੋਈ ਕਬਜ਼ਾ ਕਰਦਾ ਹੈ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ