ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Apr 2017

ਪ੍ਰਵਾਸੀ ਕੂੰਜਾਂ (ਹਾਇਬਨ )



        ਚਾਂਦੀ ਰੰਗੀਆਂ ਸਾਵੀਆਂ ਪਹਾੜੀਆਂ ਵਾਲੇ ਅਪ੍ਰਾਕ੍ਰਿਤਕ ਜ਼ਖੀਰੇ 'ਤੇ ਬਣਿਆ ਹਾਂਗਕਾਂਗ ਦਾ ਹਵਾਈ ਅੱਡਾ। ਬਾਅਦ ਦੁਪਹਿਰ ਹਲਕੀ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਸੀ। ਪਹਾੜੀਆਂ ਤੋਂ ਨੀਵੇਂ ਹੋ ਹੋ ਲੰਘਦੇ ਸੁਰਮਈ ਬੱਦਲਾਂ ਵਿੱਚੋਂ ਲੰਘਦੀ ਧੁੱਪ ਕੁਝ ਅਲਸਾਈ ਜਿਹੀ ਜਾਪ ਰਹੀ ਸੀ। ਅਸਮਾਨ 'ਚ ਕਈ ਰੰਗਾਂ ਦਾ ਵਰਤਾਰਾ ਨਜ਼ਰ ਆ ਰਿਹਾ ਸੀ। ਸੁਰਮਈ ਤੋਂ ਘਸਮੈਲੇ ਹੋ ਹਲਕੀ ਸੰਧੂਰੀ ਭਾਅ ਮਾਰਦੇ ਬੱਦਲ ਭਾਂਤ -ਸੁਭਾਂਤੇ ਨਕਸ਼ਾਂ ਨਾਲ  ਅੰਬਰਾਂ 'ਤੇ ਮਨਮਾਨੀਆਂ ਕਰਦੇ ਜਾਪ ਰਹੇ ਸਨ। 
       ਪਤਾ ਨਹੀਂ ਅਚਾਨਕ ਜਹਾਜ਼ੀ ਉਡਾਣਾਂ ਦੀ ਗੜਗੜਾਹਟ ਮੱਧਮ ਪੈ ਗਈ ਸੀ ਜਾਂ ਫੇਰ ਪਰਿੰਦਿਆਂ ਦੀ ਚੁਲਬੁਲੀ ਚਹਿਚਹਾਟ ਦਾ  ਸੁਰ ਉੱਚਾ ਹੋ ਗਿਆ ਸੀ। ਹਵਾਈ ਅਮਲੇ ਨੂੰ ਪ੍ਰਵਾਸੀ ਪੰਛੀਆਂ ਦੇ ਆਗਮਨ ਬਾਰੇ ਮਿਲੀ ਅਗਾਊਂ ਸੂਚਨਾ ਦੇ ਅਧਾਰ 'ਤੇ ਜਹਾਜ਼ੀ ਉਡਾਣਾਂ 'ਤੇ ਕੁਝ ਸਮੇਂ ਲਈ ਪਾਬੰਦੀ ਲੱਗ ਗਈ ਸੀ। ਸੜਕਾਂ 'ਤੇ ਤਾਂ ਆਵਾਜਾਈ ਦਾ ਠੱਪ ਹੋਣਾ ਇੱਕ ਆਮ ਜਿਹੀ ਗੱਲ ਹੈ ਪਰ ਅੱਜ ਤਾਂ  ਇਓਂ ਲੱਗਦਾ ਸੀ ਕਿ ਜਿਵੇਂ ਅੰਬਰਾਂ 'ਚ ਟ੍ਰੈਫਿਕ ਜਾਮ ਹੋ ਗਿਆ ਹੋਵੇ। ਵਿਸਾਖੀ ਤੋਂ ਪਹਿਲਾਂ ਪਹਿਲਾਂ ਇਹ ਕੱਤਕ ਕੂੰਜਾਂ ਭਾਰਤ ਤੇ ਹੋਰ ਦੇਸ਼ਾਂ ਤੋਂ ਵਾਪਸ ਆਪਣੇ ਵਤਨੀਂ ਪਰਤ ਰਹੀਆਂ ਸਨ। 
          ਨਿੱਘੇ ਬਸੰਤੀ ਦਿਨਾਂ 'ਚ ਇਹ ਪ੍ਰਵਾਸੀ ਕੂੰਜਾਂ ਇੱਥੇ ਘੱਟ ਠੰਢ ਵਾਲੇ ਪਿੰਡੀਂ ਆਪਣਾ ਆਰਜ਼ੀ ਡੇਰਾ ਆਣ ਲਾਉਂਦੀਆਂ ਨੇ। ਹਵਾ ਦੇ ਵੇਗ ਤੋਂ ਬੇਪ੍ਰਵਾਹ ਨਿਰੰਤਰ ਉੱਡਦੀਆਂ ਕਿਸੇ ਰੌਸ਼ਨੀ ਦੇ ਉਗਮਣ ਨੂੰ ਨਹੀਂ ਉਡੀਕਦੀਆਂ।ਬਿਨਾਂ ਕਿਸੇ ਕੰਪਾਸ ਤੋਂ ਜੁੜ -ਜੁੜ ਕੇ ਉੱਡਦੀਆਂ ਇੱਕ ਸਾਂਝ ਦਾ ਸਫ਼ਰ ਕਰਕੇ ਮੰਜ਼ਿਲਾਂ ਪਾਉਂਦੀਆਂ ਨੇ ਇਹ ਕੂੰਜਾਂ। ਪਿੰਡ ਵਾਲਿਆਂ ਨੂੰ ਵਿਸ਼ੇਸ਼ ਖਿੱਚ ਪਾਉਂਦੀਆਂ ਨੇ ਇਹ ਪ੍ਰਾਹੁਣੀਆਂ ਜਦੋਂ ਹੱਦਾਂ ਦੀ ਬੇਝਿਜਕ ਉਲੰਘਣਾ ਕਰਦੀਆਂ ਨੇ। ਕੁਝ ਅਰਸੇ ਦਾ ਵਕਤੀ ਪੜਾਅ ਲੰਬੇ ਪੈਂਡਿਆਂ ਦੀ ਥਕਾਨ ਲਾਹ  ਮੁੜ ਤੋਂ ਉਡਾਣ ਭਰਨ ਲਈ ਤਰੋ ਤਾਜ਼ਾ ਕਰ ਦਿੰਦਾ ਹੈ। ਕਹਿੰਦੇ ਨੇ ਸਫ਼ਰਸਾਂਝ ਤਾਂ ਹੁੰਦੀ ਹੀ ਬੜੀ ਮਨੋਹਰ ਤੇ ਕੂਲ਼ੀ ਸਾਂਝ ਹੈ ਜੋ ਸਾਨੂੰ ਤ੍ਰੈਭਵਨ ਦੇ ਹਾਣ ਦਾ ਬਣਾ ਬੇਫ਼ਿਕਰਾ ਸਫ਼ਰ ਕਰਨ ਦੀ ਕਲਾ ਸਿਖਾਉਂਦੀ ਹੈ। 
          ਜਦੋਂ ਵਗਦੀਆਂ ਪੌਣਾਂ ਰੁਪਹਿਰੀ ਬੱਦਲਾਂ 'ਚ ਨਕਸ਼ ਉਲੀਕ ਰਹੀਆਂ ਸਨ ਤਾਂ ਦੂਰ ਦਰਾਡਿਓਂ ਠੰਢੇ ਮੁਲਕਾਂ 'ਚੋਂ ਲੰਬਾ ਸਫ਼ਰ ਕਰਕੇ ਆਈਆਂ ਹਵਾ 'ਚ ਪੈਲਾਂ ਪਾਉਂਦੀਆਂ ਕੂੰਜਾਂ ਆਪਣੀ ਖੁਸ਼ਆਮਦੀਦ ਹਾਜ਼ਰੀ ਲਾਉਂਦੀਆਂ ਨੇ। ਬੜਾ ਅਲੌਕਿਕ ਨਜ਼ਾਰਾ ਬੱਝਾ ਸੀ ਜਦੋਂ ਨਿਯਮਬੱਧ ਹੋ ਕੇ ਉੱਡ ਰਹੀਆਂ ਸਨ ਅੰਬਰੀਂ ਕੂੰਜਾਂ ਦੀਆਂ ਡਾਰਾਂ। ਖੁੱਲ੍ਹੇ ਅੰਬਰ 'ਚ ਕੂੰਜਾਂ ਦੀਆਂ ਪਾਲਾਂ ਚੂੰਗੀਆਂ ਭਰਦੀਆਂ ਜਾਪ ਰਹੀਆਂ ਸਨ। ਇਓਂ ਲੱਗਦਾ ਸੀ ਜਿਵੇਂ ਕਿਸੇ ਨੇ ਗਾਨੀਆਂ ਬਣਾ -ਬਣਾ ਭੇਜ ਦਿੱਤਾ ਸੀ ਇਨ੍ਹਾਂ ਕੂੰਜਾਂ ਦੀਆਂ ਡਾਰਾਂ ਨੂੰ। ਕਦੇ ਅੰਬਰ ਦੇ ਪਿੰਡ 'ਤੇ ਲਹਿਰਾਂ ਵਾਂਗਰ ਵਲ ਖਾਵੰਦੀਆਂ ਤੇ ਕਦੇ ਉੱਡਣੇ ਖੰਭ ਬੱਦਲਾਂ ਸੰਗ ਕਲੋਲਾਂ ਕਰਦੇ ਜਾਪ ਰਹੇ ਸਨ। 
       ਸਮੁੱਚੇ ਚੌਗਿਰਦੇ 'ਚ ਅਨੋਖੀ ਜਿਹੀ ਚਹਿਕ ਦਾ ਖਿਲਾਰਾ ਸੀ। ਇਓਂ ਲੱਗਦਾ ਸੀ ਕਿ ਜਿਵੇਂ ਕਣ -ਕਣ ਇਨ੍ਹਾਂ ਪ੍ਰਵਾਸੀ ਕੂੰਜਾਂ ਨੂੰ ਪਨਪਣ ਤੇ ਵਿਗਸਣ ਦਾ ਵਰ ਦੇ ਰਿਹਾ ਹੋਵੇ। ਪੂਰੀ ਕਾਇਨਾਤ ਦਾ ਪਸਾਰਾ ਬਣ ਇਹ ਅੰਬਰੀਂ ਨਜ਼ਾਰਾ ਹਰ ਸੋਚ ਭਟਕਣ ਨੂੰ ਦੇ ਰਿਹਾ ਸੀ ਇੱਕ ਠਹਿਰਾਓ ਦਾ ਸਹਾਰਾ ਤੇ ਹਰ ਝੋਲੀ ਪੈ ਰਿਹਾ ਸੀ ਬੱਸ ਆਪੋ -ਆਪ ਸਰਬ ਸੁਖਨ ਦਾ ਨਿਉਂਦਾ। 

ਢਲਦਾ ਦਿਨ 
ਬੱਦਲਾਂ ਸੰਗ ਉੱਡੇ 
ਕੂੰਜਾਂ ਦੀ ਡਾਰ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।
                                                                             

8 comments:

  1. ਸਾਡਾ ਅਤੇ ਕੂੰਜਾਂ ਦਾ ਕੀ ਫ਼ਰਕ ਹੈ। ਅਸੀਂ ਇੰਨਸਾਨ ਕਿਤੇ ਨਿੱਕੇ ਜਿਹੇ ਸਫ਼ਰ ਤੇ ਵੀ ਜਾਣਾਂ ਹੋਵੇ ਕਿੰਨ੍ਹਾਂ ਲਕਾ ਤੁਕਾ ਬੰਂਨ ਲੈਂਦੇ ਹਾਂ। ਕਈ ਵਾਰ ਕੁਝ ਨਿਗੂਣੀਆਂ ਚੀਜ਼ਾਂ ਨੂੰ ਭੁੱਲ ਜਾਣ ਕਰਕੇ ਆਪਣੇ ਸਾਥੀ ਨਾਲ਼ ਗੁੱਸੇ ਹੋ ਕਿ ਸਫ਼ਰ ਦਾ ਸੱਤਿਆਨਾਸ ਕਰ ਲਈਦਾ ਹੈ। ਸਫ਼ਰ ਸਾਂਝ ਤਾਂ ਬੜੀ ਕੋਮਲ ਸਾਂਝ ਹੁੰਦੀ ਹੈ। ਵੱਡੇ ਵੱਡੇ ਸੂਟਕੇਸ ਭਰ ਲਈਦੇ ਹਨ, ਨਾਲ਼ ਲਿਜਾਣ ਲਈ। ਕਿਊਂ? ਕਿਉਂਕਿ ਸਾਨੂੰ ਆਪਣੇ ਰੱਬ ਤੇ ਵਿਸ਼ਵਾਸ਼ ਨਹੀਂ ਹੁੰਦਾ, ਆਪਣੀ ਯੋਗਤਾ ਤੇ ਵਿਸ਼ਵਾਸ ਨਹੀਂ ਹੁੰਦਾ। ਪਰ ਕੂੰਜਾਂ ਦਾ ਸਮਾਨ ਕੋਣ ਲਿਜਾਂਦਾ ਹੈ? ਉਹ ਆਪਣੀ ਧਰਤ ਛੱਡਣ ਦਾ ਹੇਰਵਾ ਕਿੳੁਂ ਨਹੀਂ ਕਰਦੀਆਂ? ਕੀ ਉਹਨਾ ਦਾ ਆਤਮ ਵਿਸ਼ਵਾਸ਼ ਅਤੇ ਧਾਰਮਿਕ ਅਕੀਦਾ ਇੰਨਸਾਨ ਨਾਲੋਂ ਬਲੰਦ ਹੁੰਦਾ ਹੈ? ਕਾਸ਼ ! ਇਹ ਇੰਨਸਾਨ ਵੀ ਕਦੇ ਕੂੰਜਾਂ ਵਾਂਗਰ ਪ੍ਰਵਾਜ਼ ਭਰ ਸਕੇ। ਇਸ ਤ੍ਰੈਭਵਨ ਦੇ ਹਾਣਦਾ ਹੋ ਕੇ ਭਰਮਣ ਕਰ ਸਕੇ। ਬੇਫ਼ਿਕਰ ਹੋ ਕੇ ਜਾਵੇ, ਬੇਫ਼ਿਕਰ ਹੋ ਕੇ ਮੁੜਨ ਲਈ !!!

    ReplyDelete
    Replies
    1. ਕੂੰਜਾਂ ਤੇ ਅਸੀਂ - ਸਹੀ ਕਿਹਾ ਅਮਰੀਕ ਜੀ ਸਾਨੂੰ ਬੜਾ ਕੁਝ ਸਿੱਖਣ ਦੀ ਲੋੜ ਹੈ ਇਨ੍ਹਾਂ ਕੂੰਜਾਂ ਤੋਂ। ਕੂੰਜਾਂ ਦੇ ਸਫ਼ਰ ਨੂੰ ਬਿਆਨਦਾ ਇਹ ਹਾਇਬਨ ਆਪ ਦੀ ਸੋਚ ਉਡਾਰੀ ਨੂੰ ਸਾਡੇ ਸਫ਼ਰ ਨਾਲ ਜੋੜ ਗਿਆ। ਸਫ਼ਰਸਾਂਝ ਜਾਣੀ ਸਫ਼ਰ ਦੀ ਸਾਂਝ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਸ਼ਬਦਾਂ 'ਚ ਪਰੋਇਆ ਹੈ ਅਮਰੀਕ ਜੀ ਨੇ।
      ਕੂੰਜਾਂ ਨੂੰ ਆਪਣੇ ਰੱਬ 'ਤੇ ਭਰੋਸਾ ਹੈ। ਬੱਸ ਜਿਸ ਦਿਨ ਸਾਨੂੰ ਆਪਣੇ ਰੱਬ 'ਤੇ ਭਰੋਸਾ ਹੋ ਜਾਵੇਗਾ ਤਾਂ ਸਮਝੋ ਅਸੀਂ ਦੁਨੀਆਂ ਜਿੱਤ ਲਵਾਂਗੇ।
      ਆਪਣੇ ਵੱਡਮੁੱਲੇ ਵਿਚਾਰਾਂ ਦੀ ਸਾਂਝ ਪਾਉਣ ਲਈ ਬਹੁਤ ਬਹੁਤ ਧੰਨਵਾਦ ਅਮਰੀਕ ਭਾਜੀ।

      Delete
    2. ਸਫ਼ਰ ਸਾਂਝ ਜੀ, ਉਹ ਹਰ ਖ਼ਿਆਲ ਉੱਤਮ ਹੁੰਦਾ ਹੈ, ਜੋ ਤੁਹਾਡੀ ਵਿਚਾਰਧਾਰਾ ਨੂੰ ਟੁੰਬਦਾ ਹੈ ਅਤੇ ਤੁਸੀਂ ਇਸ ਵਰਤਾਰੇ ਦਾ ਹਿਸਾ ਇੱਕ ਸੰਦੇਸ਼ ਵਾਹਿਕ ਦੇ ਰੂਪ ਵਿੱਚ ਅਚੇਤ ਹੀ ਬਣ ਜਾਂਦੇ ਹੋ। ਧੰਨਵਾਦ ਤੇ ਤੁਹਾਡਾ ਏਨੇ ਖ਼ੂਬਸੂਰਤ ਹਾਈਬਨ ਅਤੇ ਅਰਥ ਭਰਪੁਰ ਫ਼ੋਟੋ ਲਈ। ਜੀਓ !

      Delete
  2. ਬਹੁਤ ਹੀ ਸੋਹਣੇ ਸ਼ਬਦਾਂ ਪਰੋਇਅਾ ਇਹ ਹਾਇਬਨ ਕਮਾਲ ਦੀ ਅਤੇ ਸਾ੩ੇ ਲਈ ਸ਼ਬਕ ਦੇਣ ਵਾਲੀ ਰਚਨਾ ਹੈ....ਇਸ ਨੇ ਮੇਰਾ ਮਨ ਮੋਹ िਲਅਾ िਕ िਕੰਨੇ ਸੋਹਣੇ ਸ਼ਬਦ ਨੇ ਪੰਜਾਬੀ ਮਾਂ ਬੋਲੀ ਕੋਲ ਪਰ ਅਸੀ ਇਹ
    ਸਭ ਕੁਝ िਵਸਾਰਨ ਦੀ ਸੁੰਹ ਖਾਧੀ ਹੋਈ ਅਾ ....
    ਲੇਖਕ ਦੀ ਕਲਮ ਨੂੰ ਮੇਰਾ ਸਲਾਮ ......

    ਮਾਸਟਰ ਸੁਖ ਦਾਨਗੜ

    ReplyDelete
    Replies
    1. ਵੀਰ ਸੁਖਵਿੰਦਰ ਹੁੰਗਾਰਾ ਭਰਨ ਲਈ ਧੰਨਵਾਦ। ਆਪ ਨੇ ਪੰਜਾਬੀ ਬੋਲੀ ਤੇ ਇਸ ਦੇ ਸ਼ਬਦਾਂ ਦੀ ਗੱਲ ਕੀਤੀ ਹੈ। ਸਹੀ ਕਿਹਾ ਸਾਡਾ ਸ਼ਬਦ ਭੰਡਾਰ ਬਹੁਤ ਵਿਸ਼ਾਲ ਹੈ , ਬੱਸ ਲੋੜ ਹੈ ਸ਼ਬਦਾਂ ਨੂੰ ਵਰਤਣ ਤੇ ਸਮਝਣ ਦੀ।
      ਜੇ ਪੜ੍ਹਦੇ ਵਕਤ ਕਿਸੇ ਨੇ ਧਿਆਨ ਦਿੱਤਾ ਹੋਵੇ ਤਾਂ ਆਪ ਦਾ ਧਿਆਨ ਅਪ੍ਰਾਕ੍ਰਿਤਕ ਜ਼ਖੀਰਾ, ਰੁਪਹਿਰੀ ਬੱਦਲ ਜਾਂ ਫੇਰ ਸਰਬ ਸੁਖਨ ਦਾ ਨਿਉਂਦਾ - ਸ਼ਬਦਾਂ ਵੱਲ ਜ਼ਰੂਰ ਗਿਆ ਹੋਵੇਗਾ। ਅਜਿਹੇ ਸ਼ਬਦ ਸਾਡੀ ਬੋਲੀ ਨੂੰ ਕਿੰਨੀ ਮਿੱਠੀ ਬਣਾ ਦਿੰਦੇ ਨੇ ਇਹ ਸੁਆਦ ਤਾਂ ਆਵੇਗਾ ਜੇ ਅਸੀਂ ਇਨ੍ਹਾਂ ਬਾਰੇ ਜਾਣਦੇ ਹੋਈਏ ਜਾਂ ਜਾਨਣ ਦੀ ਕੋਸ਼ਿਸ਼ ਕਰੀਏ।
      ਆਪਣੇ ਸੋਹਣੇ ਵਿਚਾਰਾਂ ਨਾਲ ਸਾਂਝ ਪਾਉਣ ਲਈ ਇੱਕ ਵਾਰ ਫੇਰ ਧੰਨਵਾਦ।

      Delete
  3. ਕੂੰਜਾਂ ਦੇ ਇਸ ਹੌਲੀ ਡੇ ਕਾ ਵਰਨਣ ਵਾਪਸੀ ਕਾ ਨਜਾਰਾ ਉਸ ਪਰ ਆਸਮਾਨੀ ਦਰਿਸ਼ਾਂ ਨੂ ਉਲੀਕਦਾ ਏਹ ਹਾਇਬਨ ਮਨ ਕੋ ਏਸੇ ਵਡਮੁਲੇ ਲੋਕ ਦੇ ਦਰਸ਼ਣ ਕਰਾ ਗਿਆ । ਜੋ ਸਾਧਾਰਣ ਜਨ ਕਲਪਨਾ ਨਹੀ ਕਰ ਸਕਤਾ ਆਸਮਾਣ ਮੇਂ ਪਂਛੀ ਭੀ ਅਪਨੀ ਕਲਾ ਕੋ ਚੌਗਿਰਦੇ ਉਲੀਕ ਕਰ ਖੁਦ ਹੀ ਆਤਮ ਵਿਭੋਰ ਹੋ ਸਕਤੇ ਹੈਂ । ਦੇਖਨੇ ਵਾਲੋਂ ਕੋ ਭੀ ਆਂਨਦ ਦੇ ਸਕਤੇ ਹੈਂ । ਏਹ ਅਦਭੁਤ ਨਜਾਰਾ ਨਹੀ ਤੋ ਕਿਆ ਹੈ ?
    ਕਹਤੇ ਹੈ ਪਰਿਂਦ ੋਂ ਮੇਂ ਦਿਮਾਗ ਨਹੀ ਹੋਤਾ ।ਮੁਝੇ ਯਹ ਗਲਤ ਲਗਤਾ ਹੈ ।ਉਣ ਕੀ ਏਕਤਾ ਪਾਲਾਂ ਬਨਾ ਚਲਨਾ ਦਿਮਾਗ ਕਾ ਹੀ ਤੋ ਕਾਮ ਹੈ । ਹਰਦੀਪ ਕੀ ਹਰ ਰਚਨਾ ਅਨੋਖੇ ਚਿੱਤਰ ਉਲੀਕ ਕਰ ਸਾਹਿਤਅਕ ਹੀ ਨਹੀ ਕੁਦਰਤ ਕੀ ਸੁਂਦਰਤਾ ਕਾ ਚਿੱਤਰ ਭੀ ਖੀਂਚ ਕਰ ਰਖ ਦੇਤੀ ਹੈ ।ਇਸ ਕੀ ਰਚਨਾ ਸੇ ਸਬ ਅਪਨੇ ਮਨ ਮੁਤਾਬਿਕ ਆਨਂਦ ਢੂਂਡ ਲੇਤੇ ਹੈ । ਬਹੁਤ ਬਹੁਤ ਮੁਬਾਰਕ ਜੀੳ ।

    ReplyDelete
    Replies
    1. ਕਮਲਾ ਜੀ ਆਪ ਨੇ ਹਾਇਬਨ ਪੜ੍ਹ ਕੇ ਕਿਸੇ ਵੱਡਮੁੱਲੇ ਲੋਕ ਦੇ ਦਰਸ਼ਨ ਕਰ ਲਏ। ਕੁਦਰਤ ਤਾਂ ਸਾਡੇ ਆਲੇ ਦੁਆਲੇ ਹਰ ਪਲ ਮੌਜੂਦ ਹੁੰਦੀ ਹੈ। ਪੰਛੀ ਵੀ ਓਸੇ ਦਾ ਹੀ ਹਿੱਸਾ ਨੇ ਜੋ ਇਸ ਕੁਦਰਤ ਨੂੰ ਹਰ ਪਲ ਮਾਣਦੇ ਨੇ। ਬੱਸ ਦੇਖਣ ਵਾਲੀ ਅੱਖ ਚਾਹੀਦੀ ਹੈ। ਸ਼ਾਇਦ ਆਪ ਨੇ ਕਿਤੋਂ ਗ਼ਲਤ ਸੁਣ ਲਿਆ ਕਿ ਪਰਿੰਦਿਆਂ ਦਾ ਦਿਮਾਗ ਨਹੀਂ ਹੁੰਦਾ। ਪਰ ਮੈਨੂੰ ਲੱਗਦੈ ਰੱਬ ਦੇ ਇਹ ਜੀਵ ਤਾਂ ਮਨੁੱਖ ਨਾਲੋਂ ਵੀ ਜ਼ਿਆਦਾ ਸੋਝੀ ਰੱਖਦੇ ਨੇ।
      ਆਪ ਨੇ ਸਹੀ ਕਿਹਾ ਮੇਰੀ ਉਰ ਰਚਨਾ 'ਚ ਕੁਦਰਤ ਸ਼ਾਮਿਲ ਹੁੰਦੀ ਹੈ , ਮੈਂ ਕੀ ਕਰਾਂ ਇਸ ਕੁਦਰਤ ਤੇ ਇਸ ਕਾਇਨਾਤ ਨੂੰ ਮੈਂ ਆਪਣੀ ਲਿਖਤ ਤੋਂ ਵੱਖ ਨਹੀਂ ਕਰ ਸਕਦੀ ਕਿਉਂਕਿ ਜਦੋਂ ਵੀ ਕੋਈ ਵਰਤਾਰਾ ਵਰਤਦਾ ਹੈ ਤਾਂ ਕੁਦਰਤ ਤਾਂ ਅੰਗ ਸੰਗ ਹੀ ਹੋਵੇਗੀ ਚਾਹੇ ਕਿਸੇ ਵੀ ਰੂਪ 'ਚ ਹੋਵੇ।
      ਆਪ ਦੇ ਅਮੁੱਲੇ ਵਿਚਾਰਾਂ ਲਈ ਸਤਿਕਾਰ।

      Delete
  4. Comments on-ਪ੍ਰਵਾਸੀ ਕੂੰਜਾਂ (ਹਾਇਬਨ)

    ਵਿਸ਼ਾ ਕਿਹਾ ਜੀ ਵੀ ਹੋਵੇ,ਸਾਧਾਰਨ ਜਾ ਅਸਧਾਰਨ,ਪਰ ਜਦ ਉਹ ਪਰੇਡ ਲੇਖਕ ਦੇ ਮਨ ਨੂੰ ਟੁੰਬ ਜਾਵੇ,ਦੇਖਣ ਵਾਲੀ ਅੱਖ ਨੂੰ ਭਾਅ ਜਾਵੇ ਤਾਂ ਉਹ ਉਸ ਦੇ ਅਨੁਭਵ ਦੇ ਅਨੇਕ ਰੰਗਾਂ ਨੂੰ ਬਾਰੀਕ ਸ਼ਾਬਦਿਕ ਚਿਤਰਨ ਵਿਚ ਅਜਿਹੀ ਦ੍ਰਿਸ਼ ਕਲਾਮਈ ਕਾਰੀਗਰੀ ਨਾਲ ਚਿਤਰਦਾ ਹੈ ਕਿ ਇੱਕ ਅਨੂਠੀ ਤੇ ਲਾਸਾਨੀ ਕਿਰਤ ਨੂੰ ਜਨਮ ਮਿਲ ਜਾਂਦਾ।

    ਪ੍ਰਵਾਸੀ ਕੂੰਜਾਂ (ਹਾਇਬਨ) ਵੀ ਅਜਿਹੀ ਇੱਕ ਘਟਨਾ ਹੈ,ਜੋ ਹਾਂਗਕਾਂਗ ਦੇ ਹਵਾਈ ਅੱਡੇ ਤੇ ਵਾਪਰੀ,ਜਦ ਪ੍ਰਵਾਸੀ ਕੂੰਜਾਂ ਆਪਣੀ ਲਗਨ ਨਾਲ,ਉਸ ਦੇ ਹਵਾਈ ਖੇਤਰ ਉੱਤੋਂ ਦੀ ਉਡਾਣ ਭਰਦੀਆਂ ਆਪਣੇ ਦੇਸ਼ ਪਰਤ ਰਹੀਆਂ ਸਨ- ਢਲਦੇ ਦਿਨ ਤੇ ਬਦਲਾਂ ਸੰਗ। ਜਿਸ ਦੇ ਕਾਰਨ ਅੰਬਰਾਂ 'ਚ ਟਰੈਫ਼ਿਕ ਕੁੱਝ ਸਮੇਂ ਲਈ ਜਾਮ ਕਰਨਾ ਪਿਆ।

    ਇਸ ਹਾਇਬਨ ਵਿਚ ਹਰ ਮਹੀਨ ਖ਼ਿਆਲ ਨੂੰ,ਸ਼ਬਦ ਫੁੱਲ ਦੀ ਪੱਤੀ ਵਾਂਗ,ਸਹਿਜਤਾ ਤੇ ਸੁਹਜਤਾ ਨਾਲ ਇਸ ਤਰ੍ਹਾਂ ਆਪਣੀ ਆਪਣੀ ਥਾਂ ਤੇ ਸਜਾਇਆ ਹੈ ਕਿ ਇੱਕ ਖ਼ੂਬਸੂਰਤ ਗੁਲਦਸਤਾ ਬਣਾ ਕੇ ਪਾਠਕਾਂ ਅੱਗੇ ਪੇਸ਼ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੀ ਸਿਆਣਪ ਅਨੁਸਾਰ ਅਨੰਦ ਮਾਨ ਸਕਣ।

    ਕੂੰਜਾਂ ਦੀ ਮਨੋਵਿਗਿਆਨਕ ਸੋਚ ਬਾਰੇ ਕੁੱਝ ਕਹਿਣ ਦੀ ਲੋੜ ਨਹੀਂ ਸਮਝਦਾ। ਗੁਰੂ ਨਾਨਕ ਦੇਵ ਜੀ ਹੋਰਾਂ ਨੇ ਤਾਂ ਬਹੁਤ ਪਹਿਲਾਂ ਉਨ੍ਹਾਂ ਦੇ ਮਨਾਂ ਦੀ ਪਰਤਾ ਖੌਲਦੇ ਸਚਾਈ ਦਰਸਾਈ ਹੈ।

    ਡਾ. ਹਰਦੀਪ ਕੌਰ ਸੰਧੂ ਹੋਰਾਂ ਦੀ ਬਹੁਪੱਖੀ ਚੇਤਨਾ ਦੇ ਇਸ ਪ੍ਰਮਾਣ ਰੂਪ ਨੂੰ ਵੀ ਮੇਰੇ ਵਲ਼ੋਂ ਮੁਬਾਰਕਬਾਦ।

    ਸੁਰਜੀਤ ਸਿੰਘ ਭੁੱਲਰ -13-04-2017

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ