ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 May 2017

ਇੱਛਾਵਾਂ ਦੇ ਸੁਪਨੇ (ਮਿੰਨੀ ਕਹਾਣੀ)


ਦਫ਼ਤਰ ਜਾਣ ਲਈ ਮੈਨੂੰ ਇਸ ਸ਼ਹਿਰ ਦੀ ਪ੍ਰਸਿੱਧ ਬੀਅਰ ਬਾਰ ਅੱਗੋਂ ਦੀ ਲੰਘ ਕੇ ਜਾਣਾ ਪੈਂਦਾ ਹੈ। ਬਾਰ 'ਤੇ ਲੱਗੇ ਬੋਰਡ ਤੋਂ ਬਿਨਾ ਹੋਰ ਕਿਸੇ ਪਾਸੇ ਮੈਂ ਕਦੇ ਬਹੁਤਾ ਧਿਆਨ ਨਹੀਂ ਦਿੱਤਾ ।ਪਰ ਅੱਜ ਟਰੈਫ਼ਿਕ ਚੌਕ 'ਤੇ ਜਦੋਂ ਸਕੂਟਰ ਰੋਕਿਆ ਤਾਂ ਤਕਰੀਬਨ ਗਿਆਰਾਂ ਬਾਰਾਂ ਸਾਲ ਦੀ ਇੱਕ ਬੱਚੀ ਮੇਰੇ ਕੋਲ ਆਈ ਅਤੇ ਨਿਮਰਤਾ ਨਾਲ ਕਹਿਣ ਲੱਗੀ,'ਜੀ,ਮੈਨੂੰ ਲਿਫ਼ਟ ਦੇ ਸਕਦੇ ਹੋ?'
ਉਸ ਦੀ ਬੇਬਸੀ ਅੱਖਾਂ ਵਿਚੋਂ ਛਲਕਦੀ ਦਿਖਾਈ ਦੇ ਰਹੀ ਸੀ।
"ਬੱਚੀਏ ਕਿੱਥੇ ਜਾਣਾ ਹੈ?'
"ਜੀ, ਸੰਗਤ ਨਗਰ ਤੱਕ । ਅੱਜ ਬੱਸ ਨਹੀਂ ਆਈ ਤੇ ਮੈਂ ਬਹੁਤ ਲੇਟ ਹੋ ਗਈ ਹਾਂ।'
ਮੈਂ ਉਸ ਨੂੰ ਪਿਛਲੀ ਸੀਟ 'ਤੇ ਬੈਠਣ ਨੂੰ ਕਹਿ ਦਿੱਤਾ।
'ਬੇਟੀ,ਸੰਗਤ ਨਗਰ ,ਕਿਸ ਥਾਂ 'ਤੇ ਜਾਣਾ ਹੈ?'
'ਜੀ,ਬੀਅਰ ਬਾਰ ਦੇ ਕੋਲ।"
'ਕੀ ਤੂੰ ਉੱਥੇ ਕੰਮ ਕਰਦੀ ਏ?'
'ਨਹੀਂ ਜੀ, ਉਸ ਦੇ ਨਾਲ ਵਾਲੀ ਥਾਂ , ਜਿੱਥੇ ਕਾਰਾਂ ਖੜੀਆਂ ਹੁੰਦੀਆਂ ਹਨ,ਉਨ੍ਹਾਂ ਨੂੰ ਸਾਫ਼ ਕਰਦੀ ਹੁੰਦੀ ਹਾਂ।'
ਕਿੰਨੇ ਕੁ ਪੈਸੇ ਕਮਾ ਲੈਂਦੀ ਏ?'
'ਜੀ ਵੀਹ ਪੱਚੀ ਰੁਪਈਏ।ਪਰ ਬੀਅਰ ਬਾਰ ਦਾ ਮੈਨੇਜਰ ਕਹਿੰਦਾ ਸੀ ਕਿ ਤੂੰ ਥੋੜ੍ਹੀ ਹੋਰ ਵੱਡੀ ਹੋ ਲੈ,ਫਿਰ ਬੀਅਰ ਬਾਰ ਵਿਚ ਮੈਨੂੰ ਨੌਕਰੀ ਦੇ ਦੇਵੇਗਾ ਅਤੇ ਮਹੀਨੇ ਦੇ ਮਹੀਨੇ ਬੱਝਵੀਂ ਤਨਖ਼ਾਹ ਮਿਲਣ ਲੱਗ ਪਏਗੀ। ਮੈਂ ਫਿਰ ਆਪਣੇ ਛੋਟੇ ਭਰਾ ਨੂੰ ਪੜ੍ਹਾ ਸਕਾਂਗੀ। ਤੁਸੀਂ ਵੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਕਿ ਮੈਂ ਛੇਤੀ ਵੱਡੀ ਹੋ ਜਾਵਾਂ।'ਉਹ ਥੋੜ੍ਹੀ ਦੇਰ ਚੁੱਪ ਰਹਿਣ ਪਿੱਛੋਂ ਫਿਰ ਕਹਿਣ ਲੱਗੀ,'ਜੀ,ਜੱਦੋ ਮੇਰੀ ਤਰੱਕੀ ਹੋ ਗਈ,ਤਾਂ ਮੈਂ ਆਪਣੇ ਮਾਂ ਬਾਪ ਦੀ ਬਹੁਤ ਸੇਵਾ ਕਰਿਆ ਕਰਾਂਗੀ।'

ਉਹਦੇ ਇਸ ਭੋਲ਼ੇਪਣ ਨੇ ਮੇਰਾ ਦਿਲ ਹਲੂਣ ਕੇ ਰੱਖ ਦਿੱਤਾ। ਮੇਰੀ ਸੋਚ ਬਾਰ ਮੈਨੇਜਰ 'ਤੇ ਆ ਕੇ ਅਟਕ ਗਈ ਸੀ। ਕਿਹੋ ਜਿਹਾ ਹੋਵੇਗਾ ਉਹ ?ਨੇਕ ਜਾਂ--? ਉਸ ਨੇ ਇਸ ਬੱਚੀ ਦੇ ਮਨ ਵਿਚ ਕਿੰਨੇ ਰੰਗੀਨ ਸੁਪਨੇ ਸਜਾ ਦਿੱਤੇ ਹਨ।
ਅਸੀਂ ਹੁਣ ਸੰਗਤ ਨਗਰ ਦੇ ਬੀਅਰ ਬਾਰ ਕੋਲ ਪਹੁੰਚ ਚੁੱਕੇ ਸੀ। ਉਹ ਹੁਣ ਕਾਰ ਪਾਰਕਿੰਗ ਵਾਲੇ ਪਾਸੇ ਜਾਣ ਲੱਗੀ।ਮੈਂ ਉੱਥੇ ਖੜਾ ਕੁਝ ਚਿਰ ਲਈ ਉਹਨੂੰ ਦੇਖਦਾ ਰਿਹਾ। ਦਫ਼ਤਰ ਜਾ ਕੇ ਵੀ ਕੰਮ ਵਿੱਚ ਮਨ ਨਾ ਲੱਗਿਆ। ਸੋਚਦਾ ਰਿਹਾ ਕਿ ਗ਼ਰੀਬੀ ਵੀ ਕੇਹੀ ਮਜਬੂਰੀ ਹੈ, ਜਿੱਥੇ ਫੁੱਲਾਂ ਵਰਗੇ ਪਿਆਰੇ ਬੱਚੇ ਆਪਣਾ ਬਚਪਨ ਬੇਚੈਨੀ ਨਾਲ ਜਵਾਨੀ ਆਉਣ ਦੇ ਇੰਤਜ਼ਾਰ ਵਿੱਚ ਗੁਜ਼ਾਰ ਦਿੰਦੇ ਹਨ। ਮੇਰੀਆਂ ਅੱਖਾਂ ਦੇ ਸਾਹਮਣੇ ਹੁਣ ਉਹ ਗਿਆਰਾਂ ਬਾਰਾ ਸਾਲ ਦੀ ਬੱਚੀ ਜਵਾਨ ਹੁੰਦੀ ਮਹਿਸੂਸ ਹੋਣ ਲੱਗੀ।
ਹੁਣ ਜਦੋਂ ਵੀ ਮੈਂ ਬੀਅਰ ਬਾਰ ਕੋਲੋਂ ਦੀ ਲੰਘਦਾ ਹਾਂ ਤਾਂ ਮੇਰੀਆਂ ਨਜ਼ਰਾਂ ਬਾਰ ਦੇ ਬੋਰਡ ਤੋਂ ਹਟ ਕੇ ਕਾਰ ਪਾਰਕ ਵਾਲੇ ਪਾਸੇ ਨੁੰ ਜਾਂਦੀਆਂ ਨੇ ਤੇ ਮੇਰਾ ਮਨ ਉਦਾਸ ਹੋ ਜਾਂਦਾ ਹੈ ।
-0-
ਸੁਰਜੀਤ ਸਿੰਘ ਭੁੱਲਰ
27-05-2017

ਨੋਟ : ਇਹ ਪੋਸਟ ਹੁਣ ਤੱਕ 110 ਵਾਰ ਪੜ੍ਹੀ ਗਈ ਹੈ। 

6 comments:

 1. ਇੱਛਾਵਾਂ ਦੇ ਸੁਪਨੇ ਬਹੁਤ ਹੀ ਡੂੰਘੀ ਤੇ ਸੂਖਮ ਹੈ। ਕਿਤੇ ਭੋਲਾਪਣ ਹੈ ਮਾਸੂਮੀਅਤ ਹੈ , ਕਿਤੇ ਜ਼ਿੰਦਗੀ ਦਾ ਬੋਝ ਢੋਂਦਾ ਮਾਸੂਮ ਬਚਪਨ ਤੇ ਕਿਤੇ ਸਮਾਜ ਦੇ ਲੁਕੇ ਬੁਰੇ ਅਨਸਰਾਂ ਦਾ ਡਰ ਜਿਸ ਦਾ ਅਹਿਸਾਸ ਉਸ ਭੋਲੇ ਬਚਪਨ ਨੂੰ ਨਹੀਂ ਪਰ ਕਿਸੇ ਸੰਵੇਦਨਸ਼ੀਲ ਨੂੰ ਜ਼ਰੂਰ ਇਹ ਸੋਚ ਚਿੰਤਤ ਕਰਦੀ ਨਜ਼ਰ ਆਉਂਦੀ ਹੈ। ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦੀ ਕਹਾਣੀ ਨਾਲ ਸਾਂਝ ਪਾਉਣ ਲਈ ਭੁੱਲਰ ਜੀ ਵਧਾਈ ਦੇ ਪਾਤਰ ਨੇ।

  ReplyDelete
  Replies
  1. ਇਸ ਕਹਾਣੀ 'ਤੇ ਅਰਥ ਭਰਪੂਰ ਟਿੱਪਣੀ ਲਿਖਣ ਲਈ, ਮੈਂ ਤਹਿ ਦਿਲੋਂ ਸਫ਼ਰ ਸਾਂਝ ਦਾ ਧੰਨਵਾਦ ਕਰਦਾ ਹਾਂ।

   Delete
 2. ਇਹ ਕਹਾਣੀ ਨਹੀਂ ਇਕ ਸੱਚ ਜਾਪਦਾ ਹੈ ਅਤੇ ਇਨਸਾਨ ਦੀ ਫਿਤਰਤ ,ਸੁਪਨੇ ਦਿਖਾਣ ਦੀ, ਮਜਬੂਰੀ ਦਾ ਫਾਇਦਾ ਉਠਾਣ ਦੀ ਅਤੇ ਖਾਸ ਕਰ ਇਕ ਲੜਕੀ ਵਾਲ ਉੱਠਦੀ ਹੋਈ ਨਜ਼ਰ , ਨੂੰ ਦਰਸ਼ਾਂਦਾ ਹੈ. ਇਹ ਸੋਚ ਨੂੰ ਸੁੰਦਰ ਸ਼ਬਦਾਂ ਚ ਪਰੋਣਾ ਕੋਈ ਭੁੱਲਰ ਸਾਹਿਬ ਤੋਂ ਸਿੱਖੇ , ਛੋਟੀ ਜਾਹਿ ਕਹਾਣੀ ਬੜੇ ਢੂੰਗੇ ਅਰਥ ਦਰਸ਼ਾਂਦੀ ਹੋਈ

  ReplyDelete
  Replies
  1. ਤੁਸੀਂ ਕਹਾਣੀ ਦੇ ਵਿਸ਼ੇ ਦੀ ਸੁਚੱਜੀ ਪਕੜ ਨੂੰ ਸਮਝਦਿਆਂ, ਇਸ ਦੇ ਅੰਤਰੀਵ ਭਾਵਾਂ ਨੂੰ ਬਹੁਤ ਸੁਹਣੇ ਸ਼ਬਦਾਂ ਰਾਹੀਂ ਦਰਸਾਇਆ ਹੈ। ਇਸ ਦੇ ਨਾਲ ਹੀ ਆਪ ਨੇ ਮੇਰੀ ਲਿਖਣ ਸ਼ੈਲੀ ਤੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ। ਮੈਂ ਆਪ ਦਾ ਇਨ੍ਹਾਂ ਦੋਹਾਂ ਪੱਖਾਂ ਦੇ ਵਿਚਾਰਾਂ ਤੇ ਬਹੁਤ ਧੰਨਵਾਦ ਕਰਦਾ ਹਾਂ, Yash Verma ਜੀ।

   Delete
 3. jivan de sufne roopi adh khire gulab de khiran di umeed vich sujhvan vi kai vari, kandian di hond ton avesla ho jande han,ih tan kuch kar gujran di lagan vich guachi nasamajh umar di aas hai. is umar di bachi di manosthiti aap ne bahut khub uliki


  hai

  ReplyDelete
  Replies
  1. ਮੇਰੇ ਅਜਨਬੀ ਪਾਠਕ ਅਤੇ ਪ੍ਰਸੰਸਕ ਜੀ, ਤੁਸੀਂ ਕਿਸ਼ੋਰ ਉਮਰ ਦੀ ਸੋਚਣੀ ਬਾਰੇ ਸਹੀ ਕਿਹਾ ਹੈ।ਇਹ ਉਮਰ ਗਰਮ ਲੋਹੇ ਵਰਗੀ ਹੁੰਦੀ ਹੈ,ਜਿਸ ਨੂੰ ਬਹੁਤ ਹੀ ਆਸਾਨੀ ਨਾਲ ਕਿਸੇ ਵੀ ਰੂਪ ਵਿੱਚ ਸਹਿਜੇ ਢਾਲਿਆ ਜਾ ਸਕਦਾ ਹੈ।

   ਆਪ ਵੱਲੋਂ ਟੱਪਣੀ ਅਤੇ ਮੇਰੀ ਲੇਖਣੀ ਦੀ ਪ੍ਰਸ਼ੰਸਾ ਲਈ,ਮੈਂ ਆਪ ਦਾ ਅਤਿ ਰਿਣੀ ਹਾਂ,ਜੀ।

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ