ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Jun 2017

ਪੀੜਤ ਪੰਛੀ

ਕੁਦਰਤ  ਦੇ ਪਸਾਰੇ 'ਚ ਹੌਲੇ -ਹੌਲੇ ਜਿਹੇ ਨੰਗੇ ਪੈਰੀਂ ਆਈ ਪ੍ਰਭਾਤ ਤੋਂ ਬਾਦ ਚੜ੍ਹਦਾ ਸੂਰਜ। ਨਿੱਕੀਆਂ ਨਿੱਕੀਆਂ ਬਦਲੋਟੀਆਂ ਵਿੱਚੋਂ  ਛਣ ਛਣ ਕੇ ਆ ਰਹੀਆਂ ਸਨ ਧੁੱਪ ਕਿਰਨਾਂ। ਬ੍ਰਿਖਾਂ ਦੇ ਗੁਣਗੁਣਾਉਂਦੇ ਪੱਤਿਆਂ 'ਤੇ ਕਦੇ ਕੋਈ ਕੋਈ ਕਣੀ ਡਿੱਗ ਰਹੀ ਸੀ। ਮੈਂ ਖਿੜਕੀ 'ਚੋਂ ਬਾਹਰ ਤੱਕਿਆ। ਮੇਰੇ ਵਿਹੜੇ ਦੀ ਰੁਣ ਝੁਣ ਦੇ ਰੰਗੀਨ ਪ੍ਰਾਹੁਣੇ ਅਜੇ ਆਏ ਨਹੀਂ ਸਨ। ਅਜੇ ਮੈਂ ਬਾਹਰ ਰੱਖੇ ਭਾਂਡੇ 'ਚ ਕੁਝ ਪਰੋਸਿਆ ਵੀ ਤਾਂ ਨਹੀਂ ਸੀ। ਅਚਾਨਕ ਹਵਾ ਦੀ ਸਰਸਰਾਹਟ ਸੰਗ ਇੱਕ ਤਿੱਖੀ ਜਿਹੀ ਸੁਰ ਦਾ ਅਲਾਪ ਸੁਣਾਈ ਦਿੱਤਾ। ਮੈਂ ਉਨ੍ਹਾਂ ਨੂੰ ਹੀ ਤਾਂ ਉਡੀਕ ਰਹੀ ਸਾਂ। ਸੱਤਰੰਗੀ ਤੋਤਿਆਂ ਦਾ ਜੋੜਾ ਮੇਰੇ ਵਿਹੜੇ ਦੀ ਕੰਧ 'ਤੇ ਆ ਬੈਠਾ ਸੀ। ਡੁੱਲ ਰਹੇ ਕਿਰਮਚੀ ਰੰਗ ਪਰਿੰਦਿਆਂ ਦੇ ਖੰਭਾਂ 'ਤੇ ਸੂਹੀ ਪਰਤ ਚਾੜ੍ਹ ਰਹੇ ਲੱਗਦੇ ਸਨ। 
           ਕੁਦਰਤ ਦੇ ਇਨ੍ਹਾਂ ਅਦਨੇ ਜਿਹੇ ਜੀਵਾਂ ਨਾਲ ਮੇਰੀ ਸਾਂਝ ਕੋਈ ਬਹੁਤੀ ਪੁਰਾਣੀ ਨਹੀਂ ਸੀ। ਅਜੇ ਕੁਝ ਦਿਨ ਪਹਿਲਾਂ ਹੀ ਇਨ੍ਹਾਂ 'ਤੇ ਇੱਕ ਸਰਸਰੀ ਜਿਹੀ ਨਿਗ੍ਹਾ ਮਾਰਦਿਆਂ ਮੈਂ ਉਸ ਜੋੜੇ 'ਚੋਂ ਇੱਕ ਤੋਤੇ ਦੇ ਪਹੁੰਚੇ ਕੋਲ ਕੱਪੜਿਆਂ 'ਤੇ ਲਾਉਣ ਵਾਲੀ ਇੱਕ ਚੂੰਡੀ ਪਈ ਵੇਖੀ। ਅਗਲੇ ਦਿਨ ਪਤਾ ਨਹੀਂ ਉਹ ਰੁਣ ਝੁਣ 'ਚ ਆਏ ਹੀ ਨਹੀਂ ਜਾਂ ਮੇਰਾ ਦੇਖਣਾ ਖੁੰਝ ਗਿਆ। ਤੀਜੇ ਦਿਨ ਮੇਰੇ ਕੋਲ ਖੜ੍ਹੀ ਮੇਰੀ ਧੀ ਨੇ ਮੇਰਾ ਧਿਆਨ ਓਸ ਤੋਤੇ ਦੇ ਪਹੁੰਚੇ ਵੱਲ ਦਿਵਾਇਆ। ਇਹ ਤਾਂ ਓਹੀਓ ਜੋੜਾ ਸੀ । ਅਜੇ ਹੁਣੇ ਤਾਂ ਮੈਂ ਭਾਂਡੇ 'ਚ ਰੋਟੀ ਪਾ ਕੇ ਆਈ ਸਾਂ ਤੇ ਓਥੇ ਕੋਈ ਚੂੰਡੀ ਨਹੀਂ ਸੀ। ਗਹੁ ਨਾਲ ਵੇਖਣ 'ਤੇ ਪਤਾ ਲੱਗਾ ਕਿ ਇਹ ਚੂੰਡੀ ਤਾਂ ਓਸ ਦੇ ਪਹੁੰਚੇ 'ਚ ਫਸੀ ਹੋਈ ਸੀ। ਫਿਰ ਮੈਂ ਤਾਰ 'ਤੇ ਲਟਕਦੀਆਂ ਚੂੰਡੀਆਂ ਵੱਲ ਨਜ਼ਰ ਮਾਰੀ। ਓਸ ਰੰਗ ਤੇ ਆਕਾਰ ਦੀ ਕੋਈ ਵੀ ਚੂੰਡੀ ਉੱਥੇ ਨਹੀਂ ਸੀ। ਪਤਾ ਨਹੀਂ ਇਹ ਚੂੰਡੀ ਓਸ ਭੋਲੇ ਪੰਛੀ ਦੇ ਪਹੁੰਚੇ 'ਚ ਕਿਵੇਂ ਤੇ ਕਿੱਥੋਂ ਅੜ ਗਈ ਸੀ। 
           ਮੈਂ ਬਾਹਰ ਵਰਾਂਡੇ 'ਚ ਬਹਿ ਕੇ ਸੱਤਰੰਗੇ ਤੋਤਿਆਂ ਨੂੰ ਨਿਹਾਰ ਰਹੀ ਸਾਂ। ਕੰਧ ਤੋਂ ਉਡਾਰੀ ਮਾਰ ਉਹ ਹਵਾ ਨਾਲ ਝੂਮਦੀ ਫੁੱਲਸ਼ਾਖਾ ਤੋਂ ਹੁੰਦੇ ਹੋਏ ਹੌਲੇ ਹੌਲੇ ਆਣ ਕੇ ਆਪਣਾ ਚੋਗ ਚੁਗਣ ਲੱਗੇ । ਬਹੁਤਾ ਕਰਕੇ ਇਹ ਜੋੜਾ ਸਵੱਖਤੇ ਹੀ ਆ ਜਾਂਦੈ ਜਾਂ ਸਾਰਿਆਂ ਤੋਂ ਪਛੜ ਕੇ। ਪਹੁੰਚੇ 'ਚ ਫਸੀ ਚੂੰਡੀ ਵਾਲੀ ਤੋਤੀ ਸੀ ਜਿਸ ਨੂੰ ਚੱਲਣ ਤੇ ਬੈਠਣ 'ਚ ਸ਼ਾਇਦ ਤਕਲੀਫ਼ ਹੋ ਰਹੀ ਹੋਵੇਗੀ। ਉਸ ਪਹੁੰਚੇ ਨੂੰ ਉਹ ਵਾਰ -ਵਾਰ ਉਤਾਂਹ ਚੁੱਕ ਰਹੀ ਸੀ ਤੇ ਬੇਵਸ ਹੋਈ ਟੇਡੀ ਜਿਹੀ ਹੋ ਕੇ ਬੈਠ ਰਹੀ ਸੀ। ਉਹ ਆਪਣੇ ਸਾਥੀ ਤੋਤੇ ਨਾਲੋਂ ਸੁਸਤ ਤੇ ਉਦਾਸੀਨ ਵੀ ਜਾਪ ਰਹੀ ਸੀ। ਉਸ ਦਾ ਆਪਣੇ ਖੰਭਾਂ ਨੂੰ ਫੜਫੜਾਉਣਾ ਉਸ ਦੀ ਪ੍ਰੇਸ਼ਾਨੀ ਦੀ ਹਾਮੀ ਭਰ ਰਿਹਾ ਸੀ। ਕਹਿੰਦੇ ਨੇ ਕਿ ਕੁਦਰਤ ਨੇ ਪੰਛੀਆਂ ਨੂੰ ਇੱਕ ਐਸੀ ਵਿਲੱਖਣ ਨਿਆਮਤ ਬਖਸ਼ੀ ਐ ਕਿ ਉਹ ਆਪਣਾ ਦਰਦ ਲੁਕਾਉਣਾ ਜਾਣਦੇ ਨੇ ਤਾਂ ਕਿ ਕਿਸੇ ਸ਼ਿਕਾਰੀ ਜਾਨਵਰ ਤੋਂ ਆਪਣੇ ਆਪ ਨੂੰ ਬਚਾ ਸਕਣ। ਪਰ ਇਸ ਦਾ ਇਹ ਕਤਈ ਮਤਲਬ ਨਹੀਂ ਕਿ ਉਨ੍ਹਾਂ ਨੂੰ ਕੋਈ ਦਰਦ ਨਹੀਂ ਹੁੰਦਾ ਹੋਵੇਗਾ। 
       ਪਰਿੰਦਿਆਂ ਦੇ ਅਬੋਲੇ ਬੋਲ ਆਪਣੀ ਪੀੜਾ ਤਾਂ ਬਿਆਨ ਕਰਦੇ ਨੇ ਪਰ ਸਮਝਣ ਵਾਲਾ ਕੋਈ ਨਹੀਂ ਹੁੰਦਾ। ਵਿਚਾਰੀ ਤੋਤੀ ਕੀ ਕਰੇ ਕਿਸ ਕੋਲ ਫ਼ਰਿਆਦ ਕਰੇ ? ਕਿਸੇ ਕੋਲ ਵਿਹਲ ਨਹੀਂ ਉਸ ਦੀ ਪੀੜਾ ਦੀ ਹਾਥ ਪਾਉਣ ਦੀ।ਪਤਾ ਨਹੀਂ ਮੈਨੂੰ ਉਸ ਨਾਲ ਐਨਾ ਮੋਹ ਕਿਉਂ ਹੋ ਗਿਆ। ਮੈਂ ਰੋਜ਼ ਉਸ ਦਾ ਰਾਹ ਤੱਕਦੀ ਆਂ ਤੇ ਜਿਸ ਦਿਨ ਉਹ ਨਾ ਆਵੇ ਤਾਂ ਸਾਰਾ ਦਿਨ ਉਸ ਦੀ ਟਾਏਂ -ਟਾਏਂ ਦੀ ਮੱਧਮ ਜਿਹੀ ਗੂੰਜ ਕੰਨੀਂ ਪੈਂਦੀ ਰਹਿੰਦੀ ਹੈ। ਉਸ ਦੇ ਪਹੁੰਚੇ 'ਚ ਫਸੀ ਚੂੰਡੀ ਨੂੰ ਕੱਢਣ ਦੀਆਂ ਵਿਉਂਤਾਂ ਦੀ ਉਧੇੜ -ਬੁਣ 'ਚ ਧਿਆਨ ਲੱਗਿਆ ਰਹਿੰਦੈ। ਕਹਿੰਦੇ ਨੇ ਕਿ ਬੇਜ਼ੁਬਾਨ ਪੰਛੀਆਂ ਦਾ ਦਰਦ ਉਹੀਓ ਹੋਵੇਗਾ ਜੋ ਅਸੀਂ ਮਹਿਸੂਸਦੇ ਹਾਂ ਤੇ ਇਹਨਾਂ ਨਾਲ ਸਾਡੇ ਮੋਹ ਦਾ ਪੱਧਰ ਸਾਡੀ ਸੱਭਿਅਤਾ ਦੇ ਸ਼ਿਖਰ ਦਾ ਪੈਮਾਨਾ ਵੀ ਹੁੰਦੈ। ਸ਼ਾਇਦ ਉਸ ਨਾਲ ਮੇਰਾ ਇਹ ਲਗਾਓ ਮੈਨੂੰ ਮੇਰੀ ਸੱਭਿਅਤਾ ਦੇ ਹਾਣ ਗੋਚਰਾ ਬਣਾਉਣ 'ਚ ਸਹਾਈ ਹੋਵੇ। 
               ਰੁਣਝੁਣ ਦੀ ਰੌਣਕ ਵਧਣ ਤੋਂ ਪਹਿਲਾਂ ਹੀ ਆਪਣੇ ਹਿੱਸੇ ਦਾ ਚੋਗ ਚੁੱਗ ਓਹ ਸੱਤਰੰਗੀ ਤੋਤਿਆਂ ਦਾ ਜੋੜਾ ਕਦੋਂ ਦਾ ਉਡਾਰੀ ਮਾਰ ਗਿਆ ਸੀ। ਫੁੱਲਾਂ ਲੱਦੀ ਹਿਲਦੀ ਟਹਿਣੀ ਹਾਲੇ ਵੀ ਉਨ੍ਹਾਂ ਦੀ ਮੌਜੂਦਗੀ ਦਾ ਮੈਨੂੰ ਅਹਿਸਾਸ ਕਰਵਾ ਰਹੀ ਸੀ। 

ਪੀੜਤ ਪੰਛੀ 
ਖੰਭ ਫੜਫੜਾਵੇ 
ਪਹੁੰਚੇ ਚੂੰਡੀ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 160 ਵਾਰ ਪੜ੍ਹੀ ਗਈ ਹੈ। 
* ਪੀੜਤ  ਪੰਛੀ ਨੂੰ ਰਾਹਤ ਦਿਵਾਉਣ 'ਚ ਸਫ਼ਲਤਾ ਆਖ਼ਿਰ ਮਿਲ ਹੀ ਗਈ ਸੀ। 

11 comments:

  1. ਹਮੇਸ਼ਾ ਦੀ ਤਰ੍ਹਾਂ,ਇੱਕ ਬਹੁਤ ਚੰਗੀ ਵਰਨਣਾਤਮਿਕ ਲਿਖਤ,ਜਿਸ ਵਿਚ ਇੱਕ ਪੀੜਤ ਤੋਤੀ ਦਾ ਪੰਜਾ ਕੱਪੜੇ ਟੰਗਣ ਵਾਲੀ ਚੂੰਡੀ 'ਚ ਫਸਿਆ ਹੋਇਆ ਹੈ। ਲੇਖਕਾ ਉਸ ਦੀ ਤਕਲੀਫ਼ ਭਰੀ ਹਰ ਹਰਕਤ ਨੂੰ ਬੜੇ ਗਹੁ ਨਾਲ ਦੇਖਦੀ ਹੈ ਅਤੇ ਉਹਦੀ ਪੀੜ ਨੂੰ ਨਿੱਜੀ ਪੀੜਾ ਮਹਿਸੂਸ ਕਰਦੀ ਹੋਈ, ਇਸ ਦੁਖਦ ਅਹਿਸਾਸ ਨੂੰ ਆਪਣੇ ਸ਼ਬਦਾਂ ਅਤੇ ਚਿੱਤਰ ਰਾਹੀਂ ਕਮਾਲ ਦੀ ਹੁਨਰਮੰਦੀ ਨਾਲ ਬਿਆਨ ਕਰਦੀ ਹੈ।

    ਉਸ ਦੇ ਇਸ ਭਾਵਪੂਰਨ ਕਥਨ ਵਿਚ ਸਚਾਈ ਹੈ, 'ਸ਼ਾਇਦ ਉਸ ਨਾਲ ਮੇਰਾ ਇਹ ਲਗਾਓ ਮੈਨੂੰ ਮੇਰੀ ਸਭਿਅਤਾ ਦੇ ਹਾਣ ਗੋਚਰਾ ਬਣਾਉਣ Ḕਚ ਸਹਾਈ ਹੋਵੇ।'

    ਲੇਖਕਾ ਇਸ ਹਾਇਬਨ ਦੇ ਅੰਤਲੇ ਸ਼ਬਦਾਂ ਰਾਹੀਂ ਆਪਣੇ ਦਿਲੀ ਅਹਿਸਾਸ ਨੂੰ ਅਭਿਵਿਅਕਤ ਕਰਦੀ ਹੋਈ ਚਰਮ ਸੀਮਾ ਦੀ ਸਿਖਰ ਛੂੰਹਦੀ ਹੈ-'ਫੁੱਲਾਂ ਲੱਦੀ ਹਿੱਲਦੀ ਟਹਿਣੀ ਹਾਲੇ ਵੀ ਉਨ੍ਹਾਂ ਦੀ ਮੌਜੂਦਗੀ ਦਾ ਮੈਨੂੰ ਅਹਿਸਾਸ ਕਰਵਾ ਰਹੀ ਸੀ।'

    ਪੀੜਤ ਪੰਛੀਆਂ ਪ੍ਰਤੀ ਪਿਆਰ ਤੇ ਹਮਦਰਦੀ ਦੀ ਭਾਵਨਾ ਦਰਸਾਉਂਦੀ ਸਿੱਖਿਆਂ ਦਾਇਕ ਅਨਮੋਲ ਰਚਨਾ।
    -0-
    ਸੁਰਜੀਤ ਸਿੰਘ ਭੁੱਲਰ-02-06-2017

    ReplyDelete
    Replies
    1. ਹਾਇਬਨ ਦੀ ਰੂਹ ਤੱਕ ਅੱਪੜ ਓਸ ਪੰਛੀ ਦੀ ਪੀੜਾ ਦੇ ਅਹਿਸਾਸ ਲਈ ਹੁੰਗਾਰਾ ਭਰਨ ਲਈ ਸ਼ੁਕਰੀਆ ਜੀ।
      ਸੱਚੀਂ ਉਸ ਦੀ ਪੀੜਾ ਮੈਨੂੰ ਬੇਚੈਨ ਕਰ ਰਹੀ ਹੈ ਤੇ ਜਦੋਂ ਤੱਕ ਮੈਂ ਓਸ ਨੂੰ ਇਸ ਤੋਂ ਨਿਜਾਤ ਨਹੀਂ ਦਿਵਾ ਦਿੰਦੀ ਸ਼ਾਇਦ ਮੈਨੂੰ ਸਕੂਨ ਨਾ ਮਿਲੇ।

      Delete
  2. ਵਾਹ ਹਰਦੀਪ ਕੌਰ ਜੀ। ਜਿਸ ਸ਼ਿੱਦਤ ਨਾਲ ਤੁਸੀਂ ਇਸ ਹਾਈਬਨ ਵਿੱਚ ਪਰਿੰਦਿਆਂ ਦੀ ਮਨੋ ਅਵਸਥਾ, ਪੀੜ੍ਹ ਅਤੇ ਬੇਬਸੀ ਦਾ ਪ੍ਰਭਾਵਸ਼ਾਲੀ ਅਤੇ ਸੰਵੇਦਨਾ ਭਰਪੂਰ ਚਿਤਰਣ ਕੀਤਾ ਹੈ, ਇੰਨਸਾਨੀ ਪ੍ਰਬਿਰਤੀਆਂ ਦੇ ਦਰਪੇਸ਼ ਚੁਣੌਤੀ ਹੈ। ਅਸੀਂ ਦੇਖਣਾ ਭੁੱਲ ਗਏ ਹਾਂ, ਪਰ ਸਵਾਰਥ ਦੀ ਭਾਵਨਾ ਤੋਂ ਬਿਨਾ ਦੇਖਣਾ ਤੇ ਬਿਲਕੁੱਲ ਹੀ ਭੁੱਲ ਗਏ ਹਾਂ। ਸ਼ਾਇਦ ਇਹੀ ਸਾਡੇ ਅਜੋਕੇ ਸਮਾਜ ਦੀ ਤ੍ਰਾਸਦੀ ਹੈ। ਸਾਨੂੰ ਤੇ ਆਪਣੀ ਬੋਲੀ ਬੋਲਣ ਵਾਲਿਆਂ ਦੇ ਨਾਲ ਸਹਿਜ ਸੰਵਾਦ ਦਾ ਢੰਗ ਵਿਸਰ ਗਿਆ ਹੈ। ਪਰਿੰਦਿਆਂ ਨੂੰ ਪਿੰਜਰਿਆਂ ਵਿੱਚ ਰੱਖ ਕੇ ਮਾਨਣ ਵਾਲੇ ਲੋਕ ਭਲਾ ਪਰਿੰਦਿਆਂ ਦੀ ਸਤੰਤਰ ਪ੍ਰਵਾਜ਼ ਦੀ ਗੱਲ ਕਿਵੇਂ ਕਰ ਸਕਦੇ ਹਨ? ਮਾਣ-ਮੱਤੀ ਖ਼ੁਸ਼ੀ ਅਤੇ ਉਮੀਦ ਹੈ ਕਿ ਅਜੇ ਵੀ ਸੁਹਿਰਦ ਭਾਵਨਾਵਾਂ ਵਾਲ਼ੇ ਇੰਨਸਾਨ ਬਚਦੇ ਹਨ, ਜੋ ਪੰਛੀਆਂ ਦੀ ਪੀੜ੍ਹ ਨੂੰ ਬਾਖ਼ੂਬੀ ਸਮਝਣ ਅਤੇ ਚਿਤਰਣ ਦੇ ਸਮਰੱਥ ਹਨ। ਤੁਹਾਡੇ ਹਰ ਸੁਨੇਹੇ ਵਿੱਚ ਕੁਦਰਤੀ ਪਸਾਰੇ ਅਤੇ ਬਹੁ-ਪ੍ਰਤੀ ਕਲਿਆਣ ਦੀ ਸਿਰਮੌਰ ਕਥਾ ਹੁੰਦੀ ਹੈ। ਜੀਓ ! ਅਤੇ ਸੌਗਾਤਾਂ ਵੰਡਦੇ ਰਹੋ !!!

    ReplyDelete
    Replies
    1. ਆਪ ਨੇ ਸਹੀ ਕਿਹਾ ਅਮਰੀਕ ਭਾਜੀ ਅਸੀਂ ਵੇਖਣਾ ਭੁੱਲ ਗਏ ਹਾਂ। ਸਾਡੇ ਆਲੇ ਦੁਆਲੇ ਕੀ ਵਾਪਰ ਰਿਹਾ ਸਾਨੂੰ ਕੋਈ ਪ੍ਰਵਾਹ ਨਹੀਂ ਹੈ। ਬੱਸ 'ਮੈਨੂੰ ਕੀ' ਜਾਂ 'ਮੈਂ ਕੀ ਲੈਣਾ ' ਦੀ ਧਾਰਨਾ ਸੰਗ ਜਿਓਂ ਰਹੇ ਹਾਂ।
      ਤੁਸਾਂ ਕਿਹਾ ਕਿ "ਤੁਹਾਡੇ ਹਰ ਸੁਨੇਹੇ ਵਿੱਚ ਕੁਦਰਤੀ ਪਸਾਰੇ ਅਤੇ ਬਹੁ-ਪ੍ਰਤੀ ਕਲਿਆਣ ਦੀ ਸਿਰਮੌਰ ਕਥਾ ਹੁੰਦੀ ਹੈ।"
      ਸਹੀ ਹੈ ਜਦੋਂ ਕੁਦਰਤ ਸਾਡੇ ਅੰਗ ਸੰਗ ਹੈ ਤਾਂ ਲਿਖਤਾਂ 'ਚੋਂ ਅਲੋਪ ਕਿਉਂ ਹੋਵੇ। ਜਦੋਂ ਘਟਦਾ ਹੈ ਚੰਗਾ ਜਾਂ ਮਾੜਾ ਕਾਇਨਾਤ ਗਵਾਹ ਹੁੰਦੀ ਹੈ ਓਸ ਵਰਤਾਰੇ ਦੀ। ਬੱਸ ਜਦੋਂ ਅਸੀਂ ਕਿਸੇ ਨੂੰ ਓਸ ਬਿਰਤਾਂਤ ਨੂੰ ਸੁਨਾਉਣ ਲੱਗਦੇ ਹਾਂ ਤਾਂ ਕੁਦਰਤ ਨੂੰ ਭੁੱਲ ਜਾਂਦੇ ਹਾਂ। ਬੱਸ ਓਸੇ ਭੁੱਲ ਨੂੰ ਸੁਧਾਰਨ ਦੀ ਕੋਸ਼ਿਸ਼ ਹੁੰਦੀ ਹੈ ਮੇਰੀ ਹਰ ਲਿਖਤ 'ਚ।
      ਆਪ ਦੇ ਨਿੱਘੇ ਹੁੰਗਾਰੇ ਲਈ ਤਹਿ ਦਿਲੋਂ ਸ਼ੁਕਰੀਆ ਜੀ।

      Delete
  3. ਪੰਛੀਆਂ ਦੇ ਦਰਦ ਨੂੰ ਦੇਖਣ ਤੇ ਮਹਿਸੂਸਣ ਦੀ ਫੁਰਸਤ ਕਿਸ ਕੋਲ ਹੈ ? ਸਭ ਆਪੋ ਆਪਣੇ ਸਵਾਰਥ ਖਾਤਰ ਭੱਜੇ ਫਿਰਦੇ ਨੇ।

    ReplyDelete
  4. ਇਸ ਭੋਲੇ ਪੰਛੀ ਨੂੰ ਫੜਨ ਦੀ ਕੋਈ ਤਰਕੀਬ ਆਪ ਨੇ ਕਿਤੇ ਅਜਮਾਈ ਹੋਵੇ ਤਾਂ ਜ਼ਰੂਰ ਸਾਂਝੀ ਕਰਨਾ ਜੀਓ। ਤਾਂ ਕਿ ਉਸ ਨੂੰ ਓਸ ਪੀੜਾ ਤੋਂ ਰਾਹਤ ਦਿਵਾਈ ਜਾ ਸਕੇ।
    ਟੋਕਰੀ ਲਾ ਕੇ ਫੜਨ ਵਾਲੀ ਤਰਕੀਬ ਨਾਲ ਇਸ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ ਜੀ।

    ReplyDelete
  5. ਚੋਗ ਨਾਲ ਜਾਲ਼ ਲਾ ਦਿਉ ਭੈਣਜੀ।
    ਤੁਹਾਡਾ ਰਚਿਆ ਹਾਇਬਨ ਯਕੀਨਨ ਕੁਝ ਲੋਕਾਂ ਦੀ ਪਰਿੰਦਿਆਂ ਪ੍ਰਤੀ ਨਾਲ ਪੈਦਾ ਕਰਨ ਵਿੱਚ ਸਹਾਈ ਹੋਵੇਗਾ। ਜਿਉਂਦੇ ਰਹੋ।

    ReplyDelete
    Replies
    1. ਗੁਰਪ੍ਰੀਤ ਹਾਇਬਨ ਰੂਹ ਤੱਕ ਅੱਪੜ ਸ਼ਲਾਘਾ ਕਰਨ ਲਈ ਸ਼ੁਕਰੀਆ। ਵਧੀਆ ਸੁਝਾ ਹੈ। ਜਾਲ ਲਾ ਕੇ ਫੜਨ ਦੀ ਕੋਸ਼ਿਸ਼ ਕਰਾਂਗੇ।

      Delete
  6. ਕੁਦਰਤ ਕੇ ਹਰ ਰਂਗ ਰੂਪ ਦੇ ਚਿੱਤਰ ਖਿਚਣ 'ਚ ਹਰਦੀਪ ਜੀ ਬਹੁਤ ਮਾਹਿਰ ਹੈਂ । ਤੋਤੇ ਕੋ ਜੋੜੇ ਕੋ ਖਾਣਾ ਡਾਲਦੇ ਸਮਯ ਉਨਹੋਨੇ ਜੋ ਦੇਖਾ ਉਸੇ ਦੇਖ ਕਰ ਵੇ ਪਂਛੀ ਕੀ ਪੀੜਾ ਸੇ ਪੀਘਲ ਗਈ ਔਰ ਿਉਪਾਯ ਸੋਚਨੇ ਮ ੇਂ ਜੁਟ ਗਈ । ਇਕ ਮਹਾਨ ਇਨਸਾਣ ਕੇ ਅਲਾਬਾ ਔਰ ਕੋਈ ਦੂਸਰੇ ਕੇ ਦੁਖ ਕੋ ਇਤਨੀ ਗਹਰਾਈ ਸੇ ਨਹੀਂ ਲੇਤਾ ।ਲੋਗ ਤੋ ਯਹਾਂ ਕੁਰਲਾਂਦੇ ਇਨਸਾਨ ਕੇ ਪਾਸ ਸੇ ਬਿਨ ਦੇਖੇ ਗੁਜ਼ਰ ਜਾਤੇ ਹੈ ।ਇਸ ਹਾਈਬਨ ਮੇਂ ਬਹੁਤ ਬਾਰੀਕੀ ਸੇ ਪਂਛੀ ਕੀ ਪੀੜਾ ਕੋ ਕਹਾ ਗਯਾ ਹੈ। ਕੋਈ ਵੀ ਜੀਬ ਕਿਉੰ ਨਾ ਹੋਵੇ ਪੀੜਾ ਸਵ ਨੂੰ ਮਹਸੂਸ ਹੁਂਦੀ ਹੈ ।ਦੁਸਰੇ ਕੀ ਪੀੜਾ ਮੇਂ ਖੁਦ ਨੂੰ ਜੋੜ ਕਰ ਦੇਖਾ ਜਾਵੇ ਦਰਦ ਸਮਝ ਔਂਦਾ ਹੈ । ਬਹੁਤ ਸੁਂਦਰ ਸਂਦੇਸ਼ ਦੇਤਾ ਹਾਇਬਨ ਹੈ । ਦੁਸਰੇ ਕੇ ਦੁਖ ਕੋ ਅਪਨੇ ਜੈਸਾ ਸਮਝਨਾ ਚਾਹਿਏ ।

    ReplyDelete
    Replies
    1. ਕਮਲਾ ਜੀ ਆਪ ਦੇ ਨਿੱਘੇ ਹੁੰਗਾਰੇ ਲਈ ਤਹਿ ਦਿਲੋਂ ਸ਼ੁਕਰੀਆ।
      ਜੇ ਆਪਾਂ ਇਨਸਾਨ ਹੀ ਬਣ ਜਾਈਏ ਤਾਂ ਵੀ ਕਾਫੀ ਹੈ। ਜਦੋਂ ਇਨਸਾਨੀਅਤ ਮਰ ਜਾਂਦੀ ਹੈ ਤਾਂ ਦੂਜਿਆਂ ਦੇ ਦੁੱਖ ਦਰਦ ਦੇਖਣ ਤੋਂ ਅਸੀਂ ਅਸਮਰੱਥ ਹੋ ਜਾਂਦੇ ਹਾਂ।
      ਆਪ ਨੇ ਸਹੀ ਕਿਹਾ ਓਸ ਪੀੜਤ ਤੋਤੀ ਦੀ ਪੀੜਾ ਨੂੰ ਸਮਝਣ ਲਈ ਮੈਂ ਨਿਰੰਤਰ ਕਈ ਦਿਨ ਓਸ ਦੇ ਵਰਤਾਓ ਨੂੰ ਦੇਖਿਆ। ਹੁਣ ਉਸ ਨੂੰ ਇਸ ਪੀੜ ਤੋਂ ਰਾਹਤ ਦਿਵਾਉਣਾ ਹੀ ਅਸਲੀ ਇਨਸਾਨੀਅਤ ਹੈ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ