ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Jun 2017

ਇਕਾਂਤ

Image result for solitude art




ਕਾਦਰ ਦੀ ਵੰਨ -ਸੁਵੰਨੀਆਂ ਰੰਗੀਨੀਆਂ ਵਾਲੀ ਕੁਦਰਤ ਚੌਗਿਰਦੇ 'ਚੋਂ ਮਨਫ਼ੀ ਸੀ। ਨਾ ਖੁੱਲ੍ਹਾ ਅੰਬਰ, ਨਾ ਸੂਰਜੀ ਲਿਸ਼ਕੋਰ, ਨਾ ਤੈਰਦੀਆਂ ਬਦਲੋਟੀਆਂ ਨਾ ਪੰਛੀ ਕਲੋਲ। ਨਾ ਰੁਮਕਦੀ ਸੀ ਪੌਣ ਕਿਧਰੇ ਨਾ ਹੀ ਖਿਲਰੇ ਸੀ ਪੱਤੇ, ਰੰਗਾਂ ਦਾ ਲਲਾਰੀ ਗੁੰਮ ਸੀ ਕਿਤੇ। ਚੁਫ਼ੇਰਾ ਰੰਗਹੀਣ ਤਾਂ ਨਹੀਂ ਸੀ ਪਰ ਏਕਲ ਰੰਗ ਜੋ ਰੂਪਮਾਨ ਸੀ ਓਹ ਸੀ ਨਿਰੋਲ ਚਿੱਟਾ,ਉੱਜਲ ਸਫ਼ੈਦ ਜਾਂ ਬੇਦਾਗ਼ ਬੱਗਾ। ਇਓਂ ਲੱਗਦਾ ਸੀ ਜਿਵੇਂ ਚੁਫ਼ੇਰੇ ਬਰਫ਼ ਹੀ ਬਰਫ਼ ਖਿਲਰੀ ਹੋਵੇ। ਚੌਗਿਰਦੇ 'ਤੇ ਤਣਿਆ ਸੀ ਚੁੱਪ ਦਾ ਸਫ਼ੈਦ ਗਿਲਾਫ਼। 
ਉਹ ਇੱਕ ਛੋਟੇ ਜਿਹੇ ਬੰਦ ਕਮਰੇ ' ਬੈਠਾ ਸੀ ਜਿਸ ਵਿੱਚ ਨਾ ਕੋਈ ਝਰੋਖਾ ਸੀ ਨਾ ਕੋਈ ਖਿੜਕੀ ਤੇ ਬੂਹਾ ਵੀ ਅੰਦਰੋਂ ਬੰਦ ਸੀ।ਇਹ ਇੱਕ ਛੋਟੀ ਜਿਹੀ ਪ੍ਰਯੋਗਸ਼ਾਲਾ ਸੀ ਜਿਸ ਵਿੱਚ ਹਰ ਇੱਕ ਵਸਤ ਦੁੱਧ ਰੰਗੀ ਸੀ। ਉਸ ਨੇ ਓਸ ਸਫ਼ੈਦ ਕਮਰੇ ' ਇੱਕਲਿਆਂ ਹੀ ਬਹੱਤਰ ਘੰਟੇ ਗੁਜ਼ਾਰਨੇ ਸਨ ਬਗੈਰ ਕਿਸੇ ਨਾਲ ਕੋਈ ਸੰਪਰਕ ਕੀਤਿਆਂ। ਨਾ ਕੋਈ ਘੜੀ, ਨਾ ਫੋਨ। ਨਾ ਟੀ. ਵੀ. ਨਾ ਕੰਮਪਿਊਟਰ ਤੇ ਨਾ ਹੀ ਕੋਈ ਹੋਰ ਬਿਜਲਈ ਯੰਤਰ। ਨਾ ਕੋਈ ਪੜ੍ਹਨ ਲਈ ਕਿਤਾਬਨਾ ਅਖ਼ਬਾਰ ਤੇ ਨਾ ਕੋਈ ਹੋਰ ਮਨ -ਪ੍ਰਚਾਵੇ ਦਾ ਸਾਧਨ। ਉਸ ਦੇ ਖਾਣ -ਪੀਣ ਲਈ ਭੋਜਨ ਤੇ ਨਿੱਤ ਕਿਰਿਆ ਲਈ ਪਖ਼ਾਨਾ ਸਭ ਕੁਝ ਓਸੇ ਕਮਰੇ ' ਮੌਜੂਦ ਸੀ।              
    ਕਪਾਹ ਰੰਗੀਆਂ ਸਫ਼ੈਦ ਕੰਧਾਂ ਤੇ ਸਫ਼ੈਦ ਫ਼ਰਨੀਚਰ। ਚਿੱਟਾ ਸੰਗਮਰਮਰੀ ਫਰਸ਼। ਪੂਣੀ ਵਰਗੇ ਬੱਗੇ ਬੈਡ 'ਤੇ ਬੱਗਾ ਗੱਦਾ,ਬੱਗੀ -ਬੱਗੀ ਚਾਦਰ ਤੇ ਬੱਗਾ ਸਰਾਹਣਾ। ਰੂੰ ਵਰਗਾ ਚਿੱਟਾ ਤੌਲੀਆ, ਚਿੱਟਾ ਸਾਬਣ ਤੇ ਚਿੱਟੇ ਰੰਗ ਦੇ ਟਾਇਲਟ ਪੇਪਰ। ਭੋਜਨ ਵੀ ਸਫ਼ੈਦ ਭਾਂਡਿਆਂ ' ਪਿਆ ਸੀ। ਉਸ ਦੇ ਪਾਏ ਕੱਪੜੇ ਵੀ ਗੁਲਦਾਉਦੀ ਦੇ ਸ਼ਫਾਫ ਫੁੱਲ ਜਿਹੇ ਸਫ਼ੈਦ।ਓਥੇ ਦਿਨ ਤੇ ਰਾਤ ਦਾ ਕੋਈ ਭੇਦ ਨਹੀਂ ਸੀ। ਨਿਰੰਤਰ ਖਿਲਰਦੀ ਦੁੱਧੀਆ ਰੌਸ਼ਨੀ ' ਕਮਰਾ ਹੋਰ ਵੀ ਉੱਜਲਾ ਉੱਜਲਾ ਲੱਗ ਰਿਹਾ ਸੀ।  
    ਕਹਿੰਦੇ ਨੇ ਹਰ ਕੋਈ ਆਪਣੀ ਨਿੱਤ ਦੀ ਭੱਜ ਦੌੜ ਤੋਂ ਕੁਝ ਪਲ ਦੂਰ ਇਕਾਂਤ ' ਬਿਤਾਉਣਾ ਲੋਚਦੈ। ਉਹ ਵੀ ਇਹੋ ਤਜ਼ਰਬਾ ਕਰ ਰਿਹਾ ਸੀ ਕਿ ਸ਼ੋਰ ਸ਼ਰਾਬੇ ਦੀ ਅਣਹੋਂਦ ' ਇਹ ਇਕਾਂਤ ਕਿਸ ਹੱਦ ਤੱਕ ਸੁਹਾਵਣਾ ਲੱਗ ਸਕਦੈ। ਉਹ ਕਿਸੇ ਨੁੱਕਰ ' ਬੈਠ ਆਪਣੇ ਅੰਦਰਲੀ ਚੁੱਪ ਤੇ ਬੇਚੈਨੀ ਨੂੰ ਸੁਣਨਾ ਚਾਹੁੰਦਾ ਸੀ ਜਿੱਥੇ ਉਸ ਦੀ ਬਿਰਤੀ ਨੂੰ ਠੁੰਗਣ ਵਾਲਾ ਕੋਈ ਨਾ ਹੋਵੇ। ਅਸ਼ਾਂਤ ਤੇ ਅਸਹਿਜ ਮਨ ਨੂੰ ਅਰਾਮ ਦਿਵਾਉਣ ਲਈ ਚੁੱਪ ਪਹਿਨ ਕੇ ਵੇਖਣਾ ਚਾਹੁੰਦਾ ਸੀ। ਹੁਣ ਉਹ ਸੀ ਤੇ ਉਸ ਦੀ ਚੁੱਪੀ। ਲੱਗਦਾ ਸੀ ਕਿ ਉਸ ਦੇ ਦੁਆਲੇ ਪਸਰੀ ਚੁੱਪ ਸਕੂਨ ਦੇ ਰਹੀ ਹੋਵੇਗੀ। ਉਹ ਚੁੱਪੀ ਨਾਲ ਇੱਕ ਮਿੱਕ ਹੋ ਓਸ ਚੁੱਪ ਨੂੰ ਬੁਲਾਉਣ ਲੱਗਾ ਜੋ ਉਸ ਨੂੰ ਸ਼ਾਇਦ ਪਹਿਲਾਂ ਕਦੇ ਨਜ਼ਰ ਨਹੀਂ ਆਈ ਸੀ। ਚੁੱਪ ' ਅਣਕਹੇ ਅਹਿਸਾਸ ਧੜਕਣ ਲੱਗੇ ਅਤੇ ਤਲੀਆਂ 'ਤੇ ਜਜ਼ਬਾਤ ਪਿਘਲਦੇ ਰਹੇ  
      ਅੰਦਰ ਆਉਂਦੇ ਹੋਏ ਉਹ ਸਮਾਂ ਵੇਖਣਾ ਖੁੰਝ ਗਿਆ ਸੀ ਪਰ ਕੁਝ ਦੇਰ ਬਾਦ ਉਹ ਸੌਂ ਗਿਆ। ਕਰੀਬਨ ਛੇ -ਸੱਤ ਘੰਟਿਆਂ ਦੀ ਨੀਂਦ ਤੋਂ ਬਾਦ ਉਹ ਜਾਗਿਆ ਪਰ ਸਮੇਂ ਦਾ ਅਹਿਸਾਸ ਨਾ ਹੋਣ ਕਾਰਨ ਉਸ ਨੂੰ ਬੀਤਿਆ ਸਮਾਂ ਲੰਮੇਰਾ ਭਾਸਿਆ। ਖਾਣ -ਪੀਣ ਤੋਂ ਵਿਹਲਾ ਹੋ ਸਮਾਂ ਬਿਤਾਉਣ ਲਈ ਕਦੇ ਉਸ ਨੇ ਕਸਰਤ ਕੀਤੀ ਤੇ ਫੇਰ ਗੀਤ ਗਾਏ। ਕਮਰੇ ' ਚੱਕਰ ਲਾਉਂਦਾ ਸਿੱਧੀ ਤੇ ਪੁੱਠੀ ਗਿਣਤੀ ਕਰਨ ਲੱਗਾ। ਮਸੀਂ ਛੇ ਕੁ ਘੰਟੇ ਬੀਤੇ ਹੋਣਗੇ ਜਦੋਂ ਰਾਤ ਦਾ ਭੋਜਨ ਕਰ ਉਹ ਫੇਰ ਸੌਂ ਗਿਆ। ਅੰਦਾਜ਼ੇ ਨਾਲ ਉਹ ਹਰ ਕਿਰਿਆ ਕਰਦਾ ਸਵੈ ਨਾਲ ਗੱਲੀਂ ਲੱਗਾ ਰਿਹਾ। ਸੋਚਾਂ ਦੀ ਧੁੰਦ ਵਿੱਚ ਉਸ ਦੇ ਖ਼ਿਆਲ ਫੜਫੜਾਉਣ ਲੱਗੇ। ਉੱਡਦੀ ਚੇਤਨਾ ਦੇ ਹਰਫ਼ਾਂ ਵੱਲ ਦੌੜਦਾ ਸੰਦਲੀ ਯਾਦਾਂ ਫੁੱਲਾਂ ਦੀਆਂ ਬਿਖਰੀਆਂ ਪੱਤੀਆਂ ਵਾਂਗਰ ਚੁਣਨ ਲੱਗਾ। ਚੁੱਪ ਦੀ ਮੱਠੀ -ਮੱਠੀ ਝਰਨਾਹਟ ਦੇ ਸਰੂਰ ਨੂੰ ਖ਼ਾਮੋਸ਼ੀ ਦੀ  ਬੁੱਕਲ਼ ਮਾਰ ਆਪਣੇ ਅੰਦਰਲੇ ਅਨੰਦ ਨੂੰ ਵਾਚਣ ਦੀ ਅਸਫ਼ਲ ਕੋਸ਼ਿਸ਼ ਕਰਦਾ ਰਿਹਾ। 
         ਸਮਾਂ ਤਾਂ ਆਪਣੀ ਚਾਲ ਤੁਰਦਾ ਜਾ ਰਿਹਾ ਸੀ ਪਰ ਸਮੇਂ ਦੇ ਮਾਪਕ ਦੀ ਅਣਹੋਂਦ ' ਉਹ ਚੌਵੀ ਘੰਟੇ ਅਗਾਂਹ ਚੱਲਿਆ ਗਿਆ। ਉਸ ਨੂੰ ਲੱਗਾ ਕਿ ਨਜਿੱਠੇ ਸਮੇਂ ਦੀ ਮਿਆਦ ਹੁਣ ਪੁੱਗਣ ਵਾਲੀ ਹੈ ਤੇ ਉਹ ਕੁਝ ਮਿੰਟਾਂ ਬਾਦ ਬਾਹਰ ਚੱਲਿਆ ਜਾਵੇਗਾ। ਹੁਣ ਉਹ ਅਸ਼ਾਂਤ ,ਅਸਹਿਜ ਤੇ ਨਿਰਾਸ਼ ਸੀ। ਸ਼ਾਂਤੀ ਲਈ ਇਕਾਂਤ ਤੇ ਖ਼ਾਮੋਸ਼ੀ ਜ਼ਰੂਰੀ ਹੈ ਪਰ ਉਹ ਇੱਕਲਾ ਰਹਿਣਾ ਨਹੀਂ ਚਾਹੁੰਦਾ ਸੀ। ਖ਼ਾਮੋਸ਼ੀ ਦੀ ਨਮੋਸ਼ੀ ਹੁਣ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ। ਉਸ ਦੀ ਭੁੱਖ ਮਰੀ ਵੀ ਨਹੀਂ ਸੀ ਪਰ ਉਹ ਕੁਝ ਖਾਣਾ ਵੀ ਨਹੀਂ ਚਾਹੁੰਦਾ ਸੀ। ਖੁਦ ਦੀ ਸੋਚ ਬੇਲੋੜੀ ਲੱਗ ਰਹੀ ਸੀ ਤੇ ਚੁਫੇਰੇ ਪਸਰੀ ਚੁੱਪ 'ਚੋਂ ਹੁੰਗਾਰੇ ਦੀ ਕੋਈ ਕੰਨੀ ਫ਼ੜਨ ਦੀ ਕੋਸ਼ਿਸ਼ ਕਰ ਰਿਹਾ ਸੀ  ਉਹ ਸੋਚਾਂ ਦਾ ਪ੍ਰਵਾਹ ਦੂਜਿਆਂ ਦੇ ਸ਼ਬਦਾਂ ਰਾਹੀਂ ਪਾਉਣਾ ਲੋਚਦਾ ਸੀ। ਕਿਸ ਬਾਰੇ ਤੇ ਕੀ ਸੋਚ ਰਿਹਾ ਹੁਣ ਯਾਦ ਨਹੀਂ ਸੀ।ਅਛੂਹ ਸੁਪਨੇ ਤੇ ਹਕੀਕਤ ਰਲ਼ਗੱਡ ਹੋ ਰਹੇ ਸਨ। ਆਪਣੀ ਹੋਂਦ ਦੇ ਖਿਲਰੇ ਟੁਕੜੇ ਇੱਕਠੇ ਕਰਦਾ ਆਪਣੀ ਰੂਹ ਨੂੰ ਲੱਭ ਰਿਹਾ ਸੀ। ਪਰ ਨਮੋਸ਼ੀ ਦੀ ਖ਼ਮੋਸ਼ੀ ਉਲਝਣ ਹੋਰ ਵਧਾ ਰਹੀ ਸੀ। 
    ਅਚਨਚੇਤ ਉਸ ਦੀ ਚੁੱਪੀ ਦੇ ਵਿਦਰੋਹੀ ਸ਼ੋਰ ਨੇ ਸਮੇਂ ਦੀ ਮਿਆਦ ਤੋਂ ਪਹਿਲਾਂ ਹੀ ਉਸ ਨੂੰ ਬੰਦ ਬੂਹਾ ਖੋਲ੍ਹਣ ਲਈ ਮਜਬੂਰ ਕਰ ਦਿੱਤਾ। ਪਰ ਉਹ ਫਿਰ ਪਿਛਾਂਹ ਪਰਤ ਆਇਆ। ਕਹਿੰਦੇ ਨੇ ਕਿ ਡੂੰਘੀ ਚੁੱਪ ਸਮੇਂ ਨਾ ਸਾਡੇ ਅੰਦਰ ਤੂਫ਼ਾਨ ਉਮੜਦੇ ਨੇ ਨਾ ਝੱਖੜ ਝੁਲਦੇ ਨੇ ਸਗੋਂ ਸੁੰਗੜ ਜਾਂਦੇ ਨੇ ਮਮੋਲੇ  ਚਾਅ ਤੇ ਸਹਿਮ ਜਾਂਦੀ ਹੈ ਪ੍ਰਵਾਜ਼। ਹੁਣ ਉਹ ਸ਼ਾਂਤ ਬੈਠਾ ਸੀ ਚੁੱਪ ਦੇ ਅੰਦਰ ਬਾਹਰ ਠਰੇ ਜਜ਼ਬਾਤਾਂ ' ਡੁੱਬਾ। ਉਸ ਦੀ ਸੋਚ 'ਤੇ ਬਰਫ਼ ਜੰਮ ਗਈ ਸੀ ਤੇ ਉਸ ਦੇ ਆਪੇ ਅੰਦਰ ਉਗੀਆਂ ਬਰਫ਼ੀਲੀਆਂ ਕੰਧਾਂ ਨੇ ਉਸ ਨੂੰ ਸੁੰਨ ਕਰ ਦਿੱਤਾ ਸੀ। ਅਚਾਨਕ ਬੂਹੇ 'ਤੇ ਹੋਈ ਠੱਕ -ਠੱਕ ਨਾਲ ਤ੍ਰਭਕ ਕੇ ਉੱਠਿਆ। ਉਸ ਦੇ ਸਮੇਂ ਦੀ ਮਿਆਦ ਪੂਰੀ ਹੋ ਚੁੱਕੀ ਸੀ। 
           ਇਕਾਂਤ ਹਮੇਸ਼ਾਂ ਸੁਹਾਵਣਾ ਨਹੀਂ ਹੁੰਦਾ। ਕਹਿੰਦੇ ਨੇ ਕਿ ਇੱਕਲਿਆਂ ਤੇਜ਼ ਤਾਂ ਤੁਰਿਆ ਜਾ ਸਕਦੈ ਪਰ ਅਗਾਂਹ ਵਧਣ ਲਈ ਸਾਥ ਜ਼ਰੂਰੀ ਹੈ। ਬਾਹਰ ਆਉਂਦਿਆਂ ਹੀ ਉਸ ਨੂੰ ਚੌਗਿਰਦੇ ' ਦਿੱਤੇ ਕਿਸੇ ਨਿੱਘੇ ਤਰੌਂਕੇ ਦਾ ਅਹਿਸਾਸ ਹੋਇਆ। ਕੁਦਰਤੀ ਹੁਸੀਨਤਾ ਉਸ ਦਾ ਖਾਲੀਪਣ ਭਰਨ ਲੱਗੀ। ਧੁਰ ਅੰਦਰ ਤੱਕ ਲਹਿੰਦਾ ਇੱਕ ਹਵਾ ਦਾ ਬੁੱਲਾ ਉਸ ਨੂੰ ਯੁੱਗ ਜਿਉਣ ਦੀ ਅਸੀਸ ਵਰਗਾ ਲੱਗਿਆ। 

ਹਵਾ ਦਾ ਬੁੱਲਾ 
ਹੌਲ਼ੀ ਹੌਲ਼ੀ ਪਿਘਲੇ 
ਯਖ਼ ਬਰਫ਼। 

ਡਾ. ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤੱਕ 178 ਵਾਰ ਪੜ੍ਹੀ ਗਈ ਹੈ। 

13 comments:

  1. ਵਾਹ ! ਹਰਦੀਪ ਕੌਰ ਜੀ। ਇਹ ਲਿਖਤ ਬਹੁਤ ਹੀ ਵਿਲੱਖਣ ਅਤੇ ਅਰਥ ਭਰਪੂਰ ਅਹਿਸਾਸ ਦਿਵਾਉਂਦੀ ਹੈ। ਇੰਨਸਾਨੀ ਜੀਵਨ ਦੀਆਂ ਉਹਨਾ ਪ੍ਰਤਾਂ ਨੂੰ ਦ੍ਰਿਸ਼ਟੀ ਗੋਚਰਾ ਕਰਦੀ ਹੈ, ਜੋ ਸਾਡੇ ਸੁਪਨਿਆਂ ਅਤੇ ਪਛਤਾਵਿਆਂ ਦੀ ਧਰਾਤਲ ਵਿੱਚ ਸਦਾ ਹੀ ਵਿੱਦਮਾਨ ਰਹਿੰਦੀਆਂ ਹਨ। ਸਾਡੇ ਅਤੀਤ, ਚੌਗਿਰਦੇ, ਭਵਿੱਖ, ਕਹੇ ਅਣਕਹੇ, ਹੋਏ ਅਣਹੋੲੇ ਦੀ ਯਥਾਰਥਿਕ ਬਾਤ ਪਾਉਂਦੀ ਹੈ। ਸਾਨੂੰ ਸਾਡੀ ਹਾਜ਼ਿਰ ਨਾਜ਼ਰ ਪੂੰਜੀ ਪ੍ਰਤਿਭਾ ਦੀ ਉਂਗਲ਼ ਫ਼ੜਾ ਕੇ ਇਸ ਛਿਣ ਨੂੰ ਜੀਣ, ਮਾਨਣ ਅਤੇ ਥੀਣ ਲਈ ਪ੍ਰੇਰਨਾ ਸਰੋਤ ਬਣਦੀ ਹੈ। ਇਸ ਕਮਾਲ ਦੀ ਲਿਖ਼ਤ ਲਈ ਤਹਿ ਦਿਲੋਂ ਸਤਿਕਾਰ ਅਤੇ ਸ਼ੁਕਰਾਨਾ। ਜੀਓ !

    ReplyDelete
    Replies
    1. This comment has been removed by the author.

      Delete
  2. ਆਪਣੇ ਆਲੇ ਦੁਆਲੇ ਤੋਂ ਪਰੇਸ਼ਾਨ ਇਨਸਾਨ ਇਕੱਲ ਭਾਲਦਾ ਹੈ ਤੇ ਇਸ ਇਕੱਲ ਚ ਉਹ ਕੁਝ ਸਮਾਂ ਵੀ ਤਨਹਾ ਨਹੀਂ ਰਹਿ ਸਕਦਾ ।
    ਬਹੁਤ ਵਧੀਆ ਪੋਸਟ

    ReplyDelete
  3. bahut vadhia tajurba te us da byaan .par tasveer da ik hor vi pehlu hai,Insaan di sab ton vadi majboori hai ki oh khud kol nahi baath sakda ,apne aap nal galan nahi kar sakda kion ki jo oh sansar nu pesh karda hai us vich bara sach jhooth ralia hunda hai, khud age jhooth chalda nahi,sach dekhan di himmat insaan vich nahi tade tan hameshan us mehfil vich baith ke khsh rehnda hai jith us di kadar hove ih vi ik ajmaiya sach hai .

    ReplyDelete
    Replies
    1. ਸਭ ਤੋਂ ਪਹਿਲਾਂ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਕੁਲਰਾਜ ਕੌਰ ਜੀ ਹਾਇਬਨ ਨੂੰ ਪਸੰਦ ਕਰਨ ਲਈ।
      ਆਪਣੇ ਕਹੇ ਦੀ ਜਾਂ ਕੰਮ ਦੀ ਕਦਰ ਕਰਨ ਵਾਲਿਆਂ ਕੋਲ ਬੈਠਣਾ ਮਾੜੀ ਰੁਚੀ ਨਹੀਂ ਹੈ। ਉਸ ਵਰਗੀ ਸੋਚ ਵਾਲੇ ਹੀ ਉਸ ਦੀ ਕਦਰ ਕਰਨਗੇ। ਹਾਂ ਆਪੇ ਨਾਲ ਗੱਲਾਂ ਕਰਨਾ ਤੇ ਆਪਾ ਜਾਨਣਾ ਇਸ ਸਾਡੇ ਆਪੇ 'ਤੇ ਹੀ ਨਿਰਭਰ ਹੈ। ਅਸੀਂ ਵਿੱਚੋਂ ਕੀ ਹਾਂ ਜੇ ਇਹ ਜਾਣ ਜਾਈਏ ਤਾਂ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਰੁਚੀ ਤੋਂ ਨਿਜਾਤ ਪਾ ਲਵਾਂਗੇ।

      Delete
  4. Excellent...meaningful description of nature...stay happy bhainji...

    ReplyDelete
    Replies
    1. ਨਿੱਘੇ ਹੁੰਗਾਰੇ ਲਈ ਸ਼ੁਕਰੀਆ ਜੀ ।

      Delete
  5. ਸੁੰਦਰ ਇਕਾਂਤ

    ReplyDelete
  6. ਮਨ 'ਚ ਵਿਰਾਗ ੳਪਜਿਆ ਹੋਵੇ ਤਾਂ ਕਿਸੀ ਨੂੰ ਏਕਾਂਤ ਤਲਾਸ਼ਣ ਦੀ ਲੋੜ ਨਹੀਂ ਹੁਂਦੀ ।ਵਹ ਕਿਤੇ ਵੀ ਹੋਵੇ ਅਪਨੇ ਨੂੰ ਅਕੇਲਾ ਮਹਸੂਸ ਕਰ ਸਕਦਾ ਹੈ , ਭੀੜ ਮੇਂ ਭੀ । ਸਾਰਾ ਸ਼ੋਰ ਸ਼ਰਾਵਾ ਤੋ ਮਨ ਕੀ ਜਅਸਧਿਰਤਾ ਔਰ ਅਂਦਰ ਉਠਦੇ ਵਿਚਾਰਾਂ ਦਾ ਹੋਤਾ ਹੈ ।ਮਨ ਬਿਚ ਝਖੜ ਚਲ ਰਹਾ ਹੋਵੇ ਤੋ ਏਕਾਂਤ ਭੀ ਸਕੂਨ ਨਹੀ ਦੇ ਸਕਤਾ ਹੈ । ਯਹਾਂ ਏਕ ਐਕਸਪੇਰੀਮੇਂਟ ਪਰ ਲਿਖੇ ਹਾਈਵਨ ਕੀ ਤਰੀਫ ਕਰਨੇ ਕੋ
    ਸ਼ਬਦ ਨਹੀਂ ਮਿਲ ਰਹੇ ।ਲਗਤਾ ਹੈ ਹਮ ਪੜ ਨਹੀਂ ਰਹੇ ਜੈਸੇ ਉਸੇ ਜੀ ਰਹੇਂ ਹੈਂ ।ਹਰ ਔਰ ਵਰਫਨੁਮਾਂ ਸਫੇਦੀ ਮੇਂ । ਵਕਤ ਨਹੀਂ ਗੁਜਰ ਰਹਾ ਸਾਂਸ ਘੁਟਤੀ ਮਹਸੂਸ ਹੋਤੀ ਹੈ । ਖੂਬਸੁਰਤੀ ਸੇ ਭਰੇ ਇਸ ਵਰਣਨ ਕੀ ਤਾਰੀਫ ਕੈਸੇ ਕਰੂੰ ? ਮੇਰੇ ਪਾਸ ਸ਼ਬਦੋਂ ਕੀ ਘਾਟ ਹੈ ।ਜਿਤਨੀ ਤਾਰੀਫ ਕਰੂੰ ਕਮ ਹੋਗੀ । ਵਧਾਈ ਸੁਂਦਰ ਰਚਨਾ ਕੇ ਲਿਏ ਹਰਦੀਪ ਜੀ ।

    ReplyDelete
    Replies
    1. ਹਾਇਬਨ ਨੂੰ ਪਸੰਦ ਕਰਨ ਲਈ ਕਮਲਾ ਜੀ ਬਹੁਤ ਬਹੁਤ ਧੰਨਵਾਦ। ਆਪ ਨੇ ਜਿੰਨਾ ਸ਼ਬਦਾਂ ਨਾਲ ਇਸ ਲਿਖਤ ਦੀ ਸਲਾਹਣਾ ਕੀਤੀ ਹੈ ਮੈਂ ਅਤਿ ਰਿਣੀ ਹਾਂ ਆਪ ਦੀ। ਲਿਖਦੇ ਸਮੇਂ ਮੈਨੂੰ ਵੀ ਇਹੋ ਲੱਗਾ ਸੀ ਕਿ ਮੈਂ ਓਸ ਪਾਤਰ ਦੇ ਨਾਲ ਨਾਲ ਹੋ ਵਿਚਰ ਰਹੀ ਹੋਵਾਂ। ਸਹੀ ਕਿਹਾ ਆਪ ਨੇ ਸ਼ੋਰ ਸ਼ਰਾਬ ਮਨ ਦੇ ਅੰਦਰ ਦੀ ਅਵਸਥਾ ਹੈ ਤੇ ਜੇ ਅੰਦਰ ਅਸਥਿਰਤਾ ਹੋਵੇ ਤਾਂ ਅਸੀਂ ਇਕਾਂਤ 'ਚ ਵੀ ਇਕਾਂਤ ਨਹੀਂ ਪਾ ਸਕਦੇ।

      Delete
  7. A message via Whatsapp-
    ਬਹੁਤ ਵਧੀਆ ਲਿਖਤ ਹੈ। ਰੱਬ ਤੈਨੂੰ ਲਿਖਣ ਦੀ ਤਾਕਤ ਤੇ ਹੌਸਲਾ ਦੇਵੇ। ਸਦਾ ਚੜ੍ਹਦੀ ਕਲਾ 'ਚ ਰੱਖੇ।
    ਤੇਰੀ ਮੰਮੀ

    ReplyDelete

  8. 'ਇਕਾਂਤ' ਹਾਇਬਨ

    'ਇਕਾਂਤ' ਹਾਇਬਨ ਦਾ ਮੁੱਖ ਉਦੇਸ਼ ਇਹ ਹੈ ਕਿ ਮਨੁੱਖੀ ਮਨ ਨਿੱਤ ਦੀ ਭੱਜ ਦੌੜ ਤੋਂ ਥੱਕ ਕੇ ਇਕਾਂਤ ਵਿਚ ਸਵੈ ਇੱਛਾ ਅਨੁਸਾਰ ਕੁੱਝ ਸਮੇਂ ਲਈ ਰਹਿ ਕੇ ਆਪਣੀ ਅੰਦਰਲੀ ਚੁੱਪ ਤੇ ਬੇਚੈਨੀ ਨੂੰ ਸੁਣਨਾ ਚਾਹੁੰਦਾ ਤਾਂ ਜੋ ਉਸ ਦਾ ਦਿਮਾਗ਼ ਇਸ ਬਾਰੇ ਕਿੰਜ ਸੋਚਦਾ ਅਤੇ ਪ੍ਰਤੀਕ੍ਰਿਆ ਕਰਦਾ ਹੈ।

    ਵਿਸ਼ੇ ਦੀ ਪਿੱਠ ਭੂਮੀ ਸਿਰਜਣ ਲਈ, ਇਸ ਵਿਚ ਇੱਕੋ ਸਮੇਂ ਕਾਦਰ ਦੀ ਕੁਦਰਤ ਦੇ ਕਈ ਰੂਪਾਂ ਨੂੰ ਸ਼ਬਦੀ ਸੁੰਦਰਤਾ ਨਾਲ ਬਹੁਤ ਸੁਹਣੇ ਤਰੀਕੇ ਨਾਲ ਦਰਸਾਉਂਦਿਆਂ,ਸੂਰਜੀ ਲਿਸ਼ਕੋਰ(ਚਿੱਟੇ)ਦਾ ਖ਼ਾਸ ਵਰਣਨ ਕੀਤਾ ਗਿਆ ਹੈ ਅਤੇ ਅਗਲੇ ਦੋ ਪੈਰਿਆਂ ਵਿਚ ਵੀ ਕਮਰੇ( ਪ੍ਰਯੋਗਸ਼ਾਲਾ) 'ਚ ਬਿਜਲਈ ਦੁੱਧੀਆਂ ਰੌਸ਼ਨੀ ਦੇ ਨਾਲ ਨਾਲ ਵਿਸਥਾਰ ਨਾਲ ਅੰਦਰਲੇ ਸਾਰੇ ਸਾਜ਼ੋ ਸਾਮਾਨ ਨੂੰ ਸਫ਼ੇਦ ਹੀ ਦਿਖਾਇਆ ਹੈ। ਜਿਸ ਬਾਰੇ ਲੇਖਕਾ ਕਹਿੰਦੀ ਹੈ ਕਿ'ਓਥੇ ਦਿਨ ਤੇ ਰਾਤ ਦਾ ਕੋਈ ਭੇਦ ਨਹੀਂ ਸੀ।'ਬਾਹਰ ਰੂਪੀ ਚਾਨਣੇ ਨਾਲ ਸਮਾਨਤਾ ਦਿਖਾਉਣਾ ਸੀ।

    'ਇਕਾਂਤ' ਵਾਰੇ ਦੁਨੀਆ ਵਿਚ ਬਹੁਤ ਖੋਜ ਕੀਤੀ ਜਾ ਚੁੱਕੀ ਹੈ। ਮੈਂ ਕੇਵਲ ਇਸ ਬਾਰੇ ਮਸਕੀਨ ਜੀ ਹੋਰਾਂ ਦਾ ਹਵਾਲਾ ਦੇਵਾਂਗਾ ਜਿਨ੍ਹਾਂ ਅਨੁਸਾਰ,'ਇਕਾਂਤ ਤੋ ਬਿਨਾ ਆਪਣੇ ਆਪ ਨੂੰ ਪੜ੍ਹਨਾ ਬੜਾ ਔਖਾ ਹੈ। ਜਦ ਜੀਵਨ ਵਿੱਚ ਇਕਾਂਤ ਨਸੀਬ ਹੋਵੇ, ਤਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਕਿ ਵਾਸਤਵਿਕ ਵਿਚ ਅਸੀਂ ਕੀ ਹਾਂ । ਆਮ ਲੋਕ ਇਕਾਂਤ ਨੂੰ ਕਰੋਪੀ ਸਮਝਦੇ ਹਨ ਕਿਉਂ ਜੋ ਦਰਅਸਲ ਤਨਹਾਈ ਵਿੱਚ ਮਨੁੱਖ ਦੀ ਅਸਲੀ ਤਸਵੀਰ ਉਸ ਦੇ ਸਾਹਮਣੇ ਆ ਜਾਂਦੀ ਹੈ, ਤੇ ਅਸਲੀ ਰੂਪ ਚਿੰਤਾ, ਦੁੱਖ, ਕ੍ਰੋਧ, ਲੋਭ, ਤੇ ਭੈ ਨਾਲ ਭਰਿਆ ਹੋਇਆ ਹੈ।'

    ਮਸਕੀਨ ਜੀ ਦੇ ਨਜ਼ਰੀਏ ਅਨੁਸਾਰ ਲੇਖਕਾ ਦਾ ਇਹ ਕਹਿਣਾ ਕਿ 'ਇਕਾਂਤ ਹਮੇਸ਼ਾ ਸੁਹਾਵਣਾ ਨਹੀਂ ਹੁੰਦਾ।'ਠੀਕ ਹੈ। ਤਾਂਹੀਓਂ ਤਾਂ ਹਾਇਬਨ ਦਾ ਪਾਤਰ ਕਮਰਿਓਂ ਬਾਹਰ ਆਉਂਦਿਆਂ ਹੀ ਚੌਗਿਰਦ ਵਿਚ ਕੁਦਰਤੀ ਹੁਸਨ ਦੇ ਅਹਿਸਾਸ ਨੂੰ ਮਾਣਨ ਲੱਗਦਾ ਹੈ।
    ਉਂਜ ਵੀ ਇੱਕ ਕਹਾਵਤ ਹੈ ਕਿ ਤਵੇ ਤੇ ਜੇ ਇੱਕ ਪਾਸੇ ਰੋਟੀ ਪਈ ਰਹੇ ਤਾਂ ਜਲ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖੀ ਮਨ ਵੀ ਸਦਾ ਬਦਲਾਓ ਭਾਲਦਾ ਹੈ ਪਰ ਇਸ ਦੇ ਨਾਲ ਸਕਾਰਾਤਮਿਕ ਨਜ਼ਰੀਆ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਅਕਤੀ ਵਧੇਰੇ ਸਫਲ ਅਤੇ ਸੰਪੂਰਨ ਜ਼ਿੰਦਗੀ ਦਾ ਅਨੰਦ ਮਾਣ ਸਕੇ।

    ਇਸ ਹਾਇਬਨ ਵਿਚ ਵੀ ਡਾ ਹਰਦੀਪ ਕੌਰ ਸੰਧੂ ਹੋਰਾਂ ਦੀ ਲਿਖਣ ਸ਼ਕਤੀ ਬਹੁਤ ਹੀ ਉੱਚੀਆਂ ਛੋਹਾਂ ਦੇ ਦਰਸ਼ਨ ਕਰਵਾਉਂਦੀ ਹੇ।ਅਜਿਹੇ ਸੂਖਮ ਵਿਸ਼ੇ ਨੂੰ ਇਸ ਤਰਾਹ ਦੀ ਸੁਹਜ ਸ਼ੈਲੀ ਤੇ ਉਪ ਨਾਵਾਂ ਨਾਲ ਅਰਥਾਂ ਭਰਪੂਰ ਪੇਸ਼ ਕਰਨਾ,ਕੇਵਲ ਉਸ ਦੀ ਕਲਮ ਨੂੰ ਰੱਬੀ ਬਖ਼ਸ਼ ਸਦਕਾ ਹੈ। ਅਜਿਹੀਆਂ ਰਚਨਾਵਾਂ ਪੰਜਾਬੀ ਸਾਹਿਤ ਵਿਚ ਮੀਲ ਪੱਥਰ ਹੋਣਗੀਆਂ,ਇਹ ਮੇਰਾ ਵਿਸ਼ਵਾਸ ਹੈ।
    -0-
    ਸੁਰਜੀਤ ਸਿੰਘ ਭੁੱਲਰ-14-07-2017


    ReplyDelete
    Replies
    1. ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਸੁਰਜੀਤ ਸਿੰਘ ਭੁੱਲਰ ਜੀ , ਹਾਇਬਨ ਨੂੰ ਗਹਿਰਾਈ ਨਾਲ ਪੜ੍ਹ ਕੇ ਆਪਣੇ ਵਿਚਾਰ ਸਾਂਝੇ ਕਰਨ ਲਈ।
      ਮੇਰੀ ਹਰ ਲਿਖਤ 'ਚ ਕੁਦਰਤ ਹਾਜ਼ਰ ਹੁੰਦੀ ਸੀ। ਇਸ ਵਾਰ ਕੁਦਰਤ ਨੂੰ ਮਨਫ਼ੀ ਕਰਕੇ ਵੇਖਣਾ ਸੀ ਚੌਗਿਰਦਾ ਕਿਹੋ ਜਿਹਾ ਲੱਗਦੈ।
      ਇਹ ਫਰਕ ਸਿਰਫ਼ ਉਹੀਓ ਜਾਣ ਸਕਦੇ ਨੇ ਜੋ ਕੁਦਰਤ ਨੂੰ ਹਾਜ਼ਰ ਮੰਨਣਾ ਤੇ ਵੇਖਣਾ ਸਿੱਖ ਗਏ ਨੇ।
      ਆਪ ਨੇ ਇਸ ਲਿਖਤ ਦੀ ਸ਼ਲਾਘਾ ਕਰਦਿਆਂ ਜੋ ਮਾਣ ਮੈਨੂੰ ਦਿੱਤਾ ਹੈ ਮੈਂ ਉਸ ਦਾ ਸਤਿਕਾਰ ਕਰਦੀ ਹਾਂ। ਆਪ ਦੀ ਵਿਆਖਿਆ ਨਾਲ ਇਹ ਹਾਇਬਨ ਹੋਰ ਉਚਾਈਆਂ 'ਤੇ ਜਾ ਬੈਠਾ ਹੈ। ਬਹੁਤ ਬਹੁਤ ਧੰਨਵਾਦ ਜੀਓ। ਇਸੇ ਤਰਾਂ ਸਾਂਝ ਪਾਉਂਦੇ ਰਹਿਣਾ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ