ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Jul 2017

ਕਲਪਨਾ (ਕਹਾਣੀ)

ਜਿੰਦਗੀ ਵਿੱਚ ਉਮਰ ਨੂੰ ਸਦਾ ਵਰਿਆਂ ਦੇ ਮਾਪ-ਦੰਡ ਨਾਲ ਨਹੀਂ ਮਿਣਿਆਂ ਜਾਂਦਾ। ਕਈ ਲੋਕ ਇੱਕ ਉਮਰ ਵਿੱਚ ਕਈ ਉਮਰਾਂ ਜੀਅ ਜਾਂਦੇ ਨੇ। ਕਈ ਮਰਜੀਵੜੇ ਸਾਰੀ ਉਮਰ ਕਿਸੇ ਲਈ ਜੀਅ ਜਾਂਦੇ ਨੇ ਤੇ ਕਈ ਆਪਣੇ ਜੋਗਾ ਵੀ ਨਹੀਂ ਜੀਅ ਸਕਦੇ।  ਇਹ ਉਮਰ ਕਿਸੇ ਲਈ ਕਰਜ਼ ਹੋ ਜਾਂਦੀ ਹੈ ਤੇ ਕਿਸੇ ਲਈ ਫ਼ਰਜ਼। 
ਮੇਰੀ ਤਾਂ ਸਾਰੀ ਉਮਰ ਕਰਨਾਲ ਸ਼ਹਿਰ ਵਿੱਚ ਸਿਮਟ ਕੇ ਰਹਿ ਗਈ।  ਹਾਲਾਂਕਿ  ਇਸ ਵਿੱਚ  ਇੱਕ ਨਿੱਕਾ ਜਿਹਾ ਫਲੈਟ ਹੀ ਮੇਰਾ ਆਪਣਾ ਹੈ। ਸਕੂਲ ਤੋਂ ਘਰ ਤੇ ਘਰੋਂ ਸਕੂਲ, ਇਸ ਰਾਹੇ ਟੁਰਦਿਆਂ ਉਮਰ ਦਾ ਵੱਡਾ ਹਿੱਸਾ ਵੀਹ ਗਿਆ। ਹੁਣ ਤਾਂ ਸਕੂਲੋਂ ਰੁਖ਼ਸਤ ਪਾਇਆਂ ਵੀ ਵਰ੍ਹਾ ਹੋ ਚਲਿਆ। 
ਪੂਰਾਂ ਦੇ ਪੂਰ ਇਥੋਂ ਪੜ੍ਹ ਕੇ ਤੁਰ ਗਏ ਨੇ। ਕਦੀ ਕਦੀ ਜਾਪਦੈ ਇਹ ਸਕੂਲ ਹੀ ਮੇਰਾ ਪਰਵਾਰ ਸੀ। ਮੇਰੇ ਪਰਿਵਾਰ ਦੇ ਜੀਅ ਦੁਨੀਆਂ ਦੇ ਹਰ ਕੋਨੇ ਵਿੱਚ ਜਾ ਕੇ ਵੱਸ ਗਏ ਨੇ। ਰਾਜਾ ਵੀਰ ਤੇ ਭੈਣ ਗਿੰਨੀ ਹੁਰੀਂ ਵੀ ਕਦੋਂ ਦੇ ਕੈਨੇਡਾ ਵਸਦੇ ਨੇ। ਜਦ ਵੀ ਮੇਰੀ ਸੋਚ ਬੀਤੇ ਦੇ ਪੰਧ 'ਤੇ ਪਿਛਾਂਹ ਨੂੰ ਸਫ਼ਰ ਕਰਦੀ ਹੈ ਤਾਂ ਕਿੰਨੀਆਂ ਕੌੜੀਆਂ ਮਿੱਠੀਆਂ ਯਾਦਾਂ ਅੰਤਹਿਕਰਣ ਦੇ ਵਿਹੜੇ ਵਿੱਚ ਤਾਂਡਵ ਨਾਚ ਨੱਚਦੀਆਂ ਨੇ। ਮੈਂ ਅਤੀਤ ਤੋਂ ਕਦੀ ਪਾਸਾ ਨਹੀਂ ਮੋੜਿਆ,ਇਹੋ ਤਾਂ ਮੇਰਾ ਉਮਰ ਭਰ ਦਾ ਸਰਮਾਇਆ ਹੈ। ਸੁਪਨੇ ਬੁਣਨ ਦੀ ਰੁੱਤ ਤਾਂ ਉਮਰ ਚੋਂ ਮਨਫ਼ੀ ਹੋ ਚੁੱਕੀ ਸੀ। ਇਕਾਕੀ ਹੁੰਦੇ ਹੋਏ ਵੀ ਇਕੱਲਤਾ ਮਹਿਸੂਸ ਨਹੀਂ ਕਰਦੀ। ਕਦੀ ਲੱਗਦੈ,ਕੁਝ ਵੀ ਤਾਂ ਨਹੀਂ ਬਦਲਿਆ,ਕੋਈ ਵੀ ਮੈਥੋਂ ਦੂਰ ਨਹੀਂ। ਇਹ ਦੂਰੀ ਜਾਂ ਨੇੜਤਾ ਮੀਲਾਂ ਦੀ ਨਹੀਂ ਹੁੰਦੀ। ਰਾਜੇ ਤੇ ਗਿੰਨੀ ਦੇ ਤੋਤਲੇ ਬੋਲ ਅੱਜ ਵੀ ਮੇਰੇ ਕੰਨਾਂ 'ਚ ਉਵੇਂ ਗੂੰਜਦੇ ਹਨ। 

ਪਾਪਾ ਦੀ ਮੌਤ ਕਿਆਮਤ ਬਣ ਕੇ ਆਈ ਤਾਂ ਸੋਚਾਂ ਕਿ ਇਸ ਜ਼ਿੰਦਗੀ ਦਾ ਕੀ ਬਣੇਗਾ। ਪਾਪਾ ਸਕੂਲ ਅਧਿਆਪਕ ਸਨ। ਉਨਾਂ ਵਾਲੀ ਨੌਕਰੀ ਮੈਨੂੰ ਮਿਲ ਗਈ ਤੇ ਉਹਨਾਂ ਵਾਲੀ ਜ਼ਿੰਮੇਵਾਰੀ ਵੀ। ਜਿੰਦਗੀ ਦੀ ਆਰਥਿਕ ਗੱਡੀ ਉਸੇ ਚਾਲ ਨਾਲ ਰੁੜ ਪਈ। ਪਾਪਾ ਦੇ ਜਾਣ ਦਾ ਵੱਡਾ ਘਾਟਾ ਮੈਨੂੰ ਪਿਆ। ਮੇਰੇ ਸੋਹਲ ਸੁਪਨੇ ਕਰਵਟ ਲੈਣ ਤੋਂ ਪਹਿਲਾਂ  ਹੀ ਜ਼ਿੰਮੇਵਾਰੀਆਂ ਨੇ ਵਲੂੰਧਰ  ਸੁੱਟੇ। ਮਾਂ ਅੱਖਾਂ ਭਰ ਕੇ ਮੇਰੇ ਵੱਲ ਵੇਖਦੀ। ਪਰ ਮੈਂ ਆਪਣੀ ਉਦਾਸੀ ਨੂੰ ਛੁਪਾ ਕੇ ਸਦੀਵ ਮੁਸਕਰਾਹਟ ਦਾ ਨਕਾਬ ਪਾ ਲਿਆ। ਮੇਰੇ ਮਨ ਨੂੰ ਸਕੂਨ ਸੀ,ਪਾਪਾ ਦੀ ਆਤਮਾ ਜਦੋਂ ਵੀ ਪਿਛਾਂਹ ਝਾਤ ਮਾਰਦੀ ਹੋਣੀ ਆਂ, ਮੇਰੀ ਕਾਰਗੁਜ਼ਾਰੀ ਤੇ ਪੂਰੀ ਸੰਤੁਸ਼ਟ ਹੁੰਦੀ ਹੋਏਗੀ। ਹੁਣ ਮੈਂ ਆਪਣੀ ਉਮਰ ਦੇ ਨਾਲ ਪਾਪਾ ਦੀ ਉਮਰ ਵੀ ਜਿਉਂ ਰਹੀ ਸਾਂ। 

ਨਵੀ ਹਾਲੇ ਵੀ ਮੇਰੀਆਂ ਸੋਚਾਂ ਵਿੱਚ ਕਿਤੇ ਖੜਾ ਸੀ। ਨਵੀ ਦੀ ਖ਼ਾਮੋਸ਼ ਤੱਕਣੀ ਕਿੰਨਾ ਕੁਝ ਆਖਦੀ, ਪਰ ਮੈਂ ਸਭ ਕਾਸੇ ਤੋਂ ਬੇਖਬਰ ਤੇ ਭੋਲੀ ਭਾਲੀ ਬਣਨ ਦਾ ਢੌਂਗ ਕਰਦੀ ਰਹਿੰਦੀ। ਜਦੋਂ ਕਿ ਮੈਂ ਭਲੀ ਭਾਂਤ ਜਾਣਦੀ ਸਾਂ, ਦੋ ਨੈਣ ਮੇਰਾ ਰਾਹ ਤੱਕਦੇ ਰਹਿੰਦੇ ਨੇ। ਇਹ ਦੋ ਨੈਣ ਮੇਰੇ ਤਸੱਵਰ 'ਚ ਇੰਜ ਵਸ ਗਏ ਜਿਵੇਂ ਮੇਰੀ ਉਮਰ ਦਾ ਹਿੱਸਾ ਹੋਣ। ਸਰਘੀ ਵੇਲੇ ਅੱਖਾਂ ਖੋਹਲਦੀ,ਇਹ ਦੋ ਨੈਣ ਕੰਧ ਤੇ ਆ ਚਿਪਕਦੇ। ਘਰੋਂ ਸਕੂਲ ਜਾਣ ਲੱਗਦੀ ਤਾਂ ਇਹ ਦੋ ਨੈਣ ਦਰਵਾਜ਼ੇ 'ਤੇ ਇੰਤਜ਼ਾਰ ਕਰ ਰਹੇ ਹੁੰਦੇ।ਉਂਜ ਤਾਂ ਮੈਂ  ਗਿੰਨੀ ਤੇ ਰਾਜੇ ਲਈ ਜਿਉਂਦੀ ਸਾਂ,ਪਰ ਲੱਗਦਾ ਸੀ ਜੀਣ ਦੇ ਮਕਸਦ 'ਚ ਇਹ ਦੋ ਅੱਖਾਂ ਵੀ ਸ਼ਾਮਲ ਨੇ। ਇੰਨਾ ਦੇ ਤਸੱਵਰ ਬਿਨਾ ਤਾਂ ਜਣੀਂ ਨਬਜ਼ ਰੁਕਦੀ ਜਾਪਦੀ। 

ਝਬਦੇ ਹੀ ਗਿੰਨੀ ਤੇ ਰਾਜਾ ਵੱਡੇ ਹੋ ਗਏ। ਮਾਂ ਮੈਨੂੰ ਵਿਆਹ ਲਈ ਪ੍ਰੇਰਦੀ। ਮੈਂ ਵਿਆਹ  ਤੋਂ ਮੁਕਰੀ ਨਹੀਂ ਸਾਂ,ਪਰ ਮੈਂ ਰਾਜੇ ਤੇ ਗਿੰਨੀ ਬਾਰੇ ਸੋਚਦੀ ਸਾਂ। ਰਾਜੇ ਨੂੰ ਨੌਕਰੀ ਮਿਲ ਜਾਏ, ਗਿੰਨੀ ਦੀ ਸ਼ਾਦੀ ਹੋ ਜਾਏ। ਪਰ ਮਾਂ ਹੋਰ ਜਾਵੀਏ ਤੋਂ ਸੋਚਦੀ ਸੀ। ਛੋਟੀ ਦਾ ਪਹਿਲੋਂ ਵਿਆਹ ਕਰਕੇ ਮੈਂ ਰਹਿੰਦੀ ਰਹਿੰਦੀ ਰਹਿ ਨਾ ਜਾਵਾਂ। ਮੇਰੇ ਲਈ ਵਿਆਹ ਦੀ ਅਹਿਮੀਅਤ ਜ਼ਿੰਮੇਵਾਰੀਆਂ ਤੋਂ ਉਪਰ ਨਹੀਂ ਸੀ। ਸੋਚਦੀ ਸਾਂ, ਇਧਰੋਂ ਫ਼ਾਰਗ ਹੋਣ ਬਾਅਦ ਜਦੋਂ ਵੀ ਠੀਕ ਲੱਗਾ, ਸ਼ਾਦੀ ਕਰ ਲਵਾਂਗੀ। ਆਪਣੇ ਪੈਰਾਂ 'ਤੇ ਖਲੋਤੀ ਸਾਂ। ਆਪਣੇ ਭਵਿੱਖ ਦੀ ਬਹੁਤੀ ਚਿੰਤਾ ਨਹੀਂ ਸੀ। ਪਰ ਮਾਂ ਦਾ ਅਨਿਸ਼ਚਤ ਭਵਿੱਖ ਮੇਰੇ ਨੈਣਾਂ ਚ, ਰੇਗਿਸਤਾਨ ਵਾਂਗ ਫ਼ੈਲਿਆ ਪਿਆ ਸੀ। ਰਾਜੇ ਦੀ ਨੌਕਰੀ ਲੱਗਜੇ, ਰਾਜੇ ਦਾ ਵਿਆਹ ਹੋ ਜਾਏ....ਕਿੰਨਾ ਕੁਝ ਅਣਕਿਆਸਿਆ, ਅਣਵਾਪਰਿਆ..ਮੇਰੀਆਂ ਸੋਚਾਂ 'ਚ ਵਾਪਰਦਾ ਵੇਖ ਮੈਂ ਤ੍ਰਭਕ ਜਾਂਦੀ। 

ਗਿੰਨੀ ਦਾ ਵਿਆਹ ਕੈਨੇਡਾ ਹੋ ਗਿਆ। ਲੜਕਾ ਪਾਪਾ ਦੇ ਦੋਸਤ ਦਾ ਸੀ। ਦਰਅਸਲ ਰਾਠੌਰ ਅੰਕਲ ਤੇ ਪਾਪਾ ਵਿੱਚ ਪਹਿਲਾਂ ਦੀ ਹੋਈ ਵਚਨ ਬੱਧਤਾ ਸੀ ਕਿ ਉਹ ਮੇਰਾ ਤੇ ਕੁਕੂ ਦਾ ਵਿਆਹ ਕਰਕੇ ਦੋਸਤੀ ਨੂੰ ਉਮਰਾਂ ਦੀ ਸਾਕਦਾਰੀ ਵਿੱਚ ਬਦਲ ਲੈਣਗੇ। ਉਂਦਾਂ ਵੀ ਅੰਕਲ ਜਦੋਂ ਸਕੂਲ ਪੁਰਾਣੇ ਸੰਗੀ ਸਾਥੀਆਂ ਨੂੰ ਮਿਲਣ ਗਏ ਤਾਂ ਮੇਰੇ ਕਿਰਦਾਰ -ਵਿਹਾਰ ਦੀ ਉਨਾਂ ਨੂੰ ਪੁਖ਼ਤਾ ਮਹਿਕ ਆਈ ਤੇ ਅੰਕਲ ਵਾਅਦੇ ਮੁਤਾਬਕ ਮਹਿਕ ਨੂੰ ਆਪਣੇ ਬੇਟੇ ਘਰ ਵਸਾਉਣਾ ਚਾਹੁੰਦੇ ਸਨ। ਮੈਂ ਤਾਂ ਬੜੀ ਬੇਬਾਕੀ ਨਾਲ ਆਪਣੀ ਮਜ਼ਬੂਰੀ ਦਾ ਖ਼ੁਲਾਸਾ ਕੀਤਾ। ਪਰ ਅੰਕਲ ਨੇ ਕਿਹਾ ਕਿ ਗਿੰਨੀ, ਰਾਜੇ ਤੇ ਮਾਂ ਦਾ ਫ਼ਿਕਰ  ਨਾ ਕਰਾਂ ਕਿਉਂਕਿ ਕੈਨੇਡਾ ਜਾ ਕੇ ਕੁਝ ਸਮੇਂ ਬਾਦ ਸਭ ਦੀ ਪਟੀਸ਼ਨ ਕਰ ਸਕਦੀ ਹਾਂ। ਉਥੇ ਤਾਂ ਬੱਚੇ ਨਾ ਵੀ ਪੁਛਣ, ਤਾਂ ਵੱਡੇਰਿਆਂ ਨੂੰ ਸਰਕਾਰ ਵੀ ਸਹਾਰਾ ਦਿੰਦੀ ਹੈ। ਓਪਰੇ ਭਵਿੱਖ ਤੋਂ ਤ੍ਰਹਿੰਦੀ  ਮੈਂ ਅੰਕਲ ਨੂੰ ਹਾਂ ਦਾ ਪੱਲਾ ਨਾ ਫੜਾ ਸਕੀ। 


ਦਰਅਸਲ ਮੇਰੀ ਤੇ ਅੰਕਲ ਦੀ ਗੱਲਬਾਤ 
ਦੇ ਦਰਮਿਆਨ ਨਵੀ ਦੀਆਂ ਅੱਖਾਂ ਆ ਖਲੋਤੀਆਂ, ਜਿਵੇਂ  ਸੁਆਲ ਕਰਦੀਆਂ ਹੋਣ, ਤੂੰ ਕਰਨਾਲ ਦੀ ਧਰਤੀ ਛੱਡ ਕੇ ਜੀਅ ਸਕੇਂਗੀ। ਕੁਕੂ ਦੀ ਨਜ਼ਰ ਮੈਨੂੰ ਛੱਡ ਗਿੰਨੀ 'ਤੇ ਮਿਹਰਵਾਨ ਹੋ ਗਈ ਤੇ ਉਸ ਨੇ ਕੈਨੇਡਾ ਵਾਲੀ ਫ਼ਰਾਖਦਿਲੀ ਨਾਲ ਆਖ ਵੀ ਦਿੱਤਾ ਕਿ ਉਸ ਦੀ ਦਿਲਚਸਪੀ ਗਿੰਨੀ ਵਿੱਚ ਹੈ। ਸੋ ਗੱਲ ਮੇਰੇ ਤੇ ਅੰਕਲ ਦੇ ਹੱਥੋਂ ਨਿਕਲ ਕੇ ਕੁਕੂ ਦੇ ਹੱਥ ਚਲੀ ਗਈ ਤੇ ਸਹਿਜੇ ਨੇਪਰੇ ਚੜ ਗਈ। 

ਸਮਾਂ ਤਾਂ ਖੰਭ ਲਾ ਕੇ ਦੌੜਦਾ ਏ। ਮਾਂ, ਰਾਜੇ ਤੇ ਗਿੰਨੀ ਨੂੰ ਕੈਨੇਡਾ ਵਸਦਿਆਂ ਸਾਲਾਂ ਬੀਤ ਗਏ ਨੇ। ਰਾਜੇ ਦਾ ਵਿਆਹ ਕੈਨੇਡਾ ਹੀ ਕਰ ਦਿੱਤਾ ਸੀ। ਮੈਂ ਤਾਂ ਸਭ ਕਾਸੇ ਤੋਂ ਫਾਰਗ ਸਾਂ। ਮੈਂ ਆਪਣੇ ਜੀਵਨ ਤੋਂ ਸੰਤੁਸ਼ਟ ਸਾਂ। ਮਾਂ ਵੀ ਰਾਜੇ ਦੇ ਬੱਚਿਆਂ ਵਿੱਚ ਵਿਅਸਤ ਹੋ ਚੁੱਕੀ ਸੀ। 

ਅਚਾਨਕ ਨਵੀ ਦੀ ਅਮਰੀਕਾ ਉਡਾਰੀ ਬਾਅਦ ਕਰਨਾਲ ਮੇਰੇ ਲਈ ਬਿਗਾਨਾ ਹੋ ਗਿਆ। ਹੁਣ ਤਾਂ ਜਿਵੇਂ ਕਰਨਾਲ ਸ਼ਹਿਰ ਦਾ ਦਿਲ ਧੜਕਣੋਂ ਹਟ ਗਿਆ। ਨਵੀ ਦੇ ਜਾਣ ਬਾਅਦ ਮੈਂ ਬੁਰੀ ਤਰਾਂ ਡੋਲ ਗਈ ਸਾਂ। ਜ਼ਿੰਦਗੀ ਦੇ ਕੀਤੇ ਸਭ ਫ਼ੈਸਲੇ ਗਲਤ ਜਾਪਣ ਲੱਗੇ। ਇਸ 'ਚ ਨਵੀ ਦਾ ਕਸੂਰ ਨਹੀਂ ਸੀ, ਉਸ ਨੇ ਸਾਲਾਂ ਬੱਧੀ ਉਡੀਕਿਆ ਸੀ। ਜੇ ਮੇਰੇ ਆਪਣੇ ਪਰਿਵਾਰ ਪ੍ਰਤੀ  ਫ਼ਰਜ਼ ਸਨ ਤਾਂ ਉਸ ਦੇ ਵੀ ਤਾਂ ਹੋਣੇ ਨੇ। ਉਹ ਨੇ ਵੀ ਤਾਂ ਆਪਣੀ ਗਰਿਸਤੀ ਵਸਾਉਣੀ ਸੀ। 

ਨਵੀ ਦੇ ਜਾਣ ਤੋਂ ਕੁਝ ਦਿਨ ਬਾਦ ਮੇਰੇ ਸਕੂਟਰ ਦਾ ਬੱਸ ਨਾਲ ਅੈਕਸੀਡੈਂਟ ਹੋ ਗਿਆ। ਲੱਤ ਦੀ ਹੱਡੀ ਟੁੱਟ ਜਾਣ ਕਰਕੇ ਹਸਪਤਾਲ ਰਹਿਣਾ ਪਿਆ ਤੇ ਮਗਰੋਂ ਕਈ ਮਹੀਨੇ ਘਰ । ਗਿੰਨੀ ਤੇ ਮਾਂ ਨੂੰ ਫ਼ੋਨ ਕੀਤਾ, ਇਹ ਵੇਲਾ ਸੀ, ਕੀਤੀ ਕੁਰਬਾਨੀ 'ਚੋਂ ਥੋੜਾ ਇਵਜ ਮੰਗਣ ਦਾ। ਗਿੰਨੀ ਬਿਗਾਨੇ ਘਰ ਸੀ, ਨਵੀਂ ਨੌਕਰੀ, ਛੋਟੀ ਜਿਹੀ ਬੇਟੀ। ਦੋਸਤ ਅੰਕਲ ਦੀ ਸਿਫ਼ਾਰਸ਼ ਵੀ ਵਿਅਰਥ ਗਈ। ਰਾਜੇ ਦੇ ਘਰ ਨਵਾਂ ਜੀਅ ਆਉਣ ਵਾਲਾ, ਸੋ ਮਾਂ ਦਾ ਆਉਣਾ ਤਾਂ ਬਿਲਕੁਲ ਨਾਮੁਮਿਕਨ ਸੀ। 


ਇਹ ਸਭ ਕੁਝ ਸੁਣ ਕੇ ਮੇਰੇ ਅੰਦਰੋਂ ਕੁਝ ਟੁੱਟ ਗਿਆ। ਇਹ ਟੁੱਟਣਾ ਉਸ ਅੰਡੇ ਵਾਂਗ ਸੀ, ਜਿਸ ਦੇ ਟੁੱਟਣ ਬਾਦ ਸ਼ਿਸ਼ੂ ਨਵੀਂ ਦੁਨੀਆਂ ਵੇਖਦੈ ਜਾਂ ਜਿਵੇਂ ਕੁਕਨੁਸ ਦੀ ਮੌਤ ਬਾਅਦ ਉਸ ਦੀ ਰਾਖ ਚੋਂ, ਇੱਕ ਨਵਾਂ ਕੁਕਨੁਸ ਜਨਮ ਲੈਂਦਾ। ਜਾਪਿਆ ਮੈਂ ਇਕ ਜਨਮ ਭੋਗ ਕੇ ਨਵਾਂ ਜਨਮ ਲੈ ਲਿਆ। ਥੋੜਾ ਗੁਆ ਕੇ ਬਹੁਤਾ ਪਾ ਲਿਆ।ਮੇਰੇ ਪੜ੍ਹਾਏ ਵਿਦਿਆਰਥੀ ਮੇਰੇ ਆਸੇ ਪਾਸੇ ਘੁੰਮਦੇ ਫਿਰਦੇ। ਮੇਰੀ ਰੱਜ ਕੇ ਸੇਵਾ ਕਰਦੇ। ਨਿੱਕੇ ਜਿਹੇ ਕੱਦ ਦੀ ਨੰਨੀ ਕੁੜੀ ਨੇ ਮੇਰੀ ਸਾਰੀ ਪੀੜ ਹਰ ਲਈ। ਹੁਣ ਮੈਂ ਸੀਮਤ ਨਹੀਂ ਰਹੀ ਸਾਂ। ਮੇਰਾ ਬੇਥਾਹ ਵਿਸਥਾਰ ਹੋ ਗਿਆ ਸੀ। ਮੈਂ ਤਾਂ ਕਿਣਕਾ ਕਿਣਕਾ ਹੋ ਕੇ ਵਰਤ ਗਈ ਸਾਂ। ਵਿਦਿਆਰਥੀਆਂ ਦੀਆਂ ਦੁਆਵਾਂ ਦਵਾ ਬਣ ਗਈਆਂ। ਮੈਂ ਨੌ ਬਰ ਨੌ ਹੋ ਗਈ। ਮੈਨੂੰ ਤਾਂ ਜੀਣ ਦਾ ਵੱਲ ਆ ਗਿਆ। ਜ਼ਿੰਦਗੀ ਦੇ ਮਾਅਨੇ ਸਮਝ ਆ ਗਏ। ਮੇਰਾ ਪਰਿਵਾਰ ਗਿੰਨੀ ,ਰਾਜਾ ਤੇ ਮਾਂ ਹੀ ਨਹੀਂ  ਸਨ। ਮੇਰਾ ਪਰਿਵਾਰ ਨਵੀ ਦੀਆਂ ਯਾਦਾਂ ਹੀ ਨਹੀਂ। ਮੇਰਾ ਪਰਿਵਾਰ ਤਾਂ ਬੇਹੱਦ ਵਿਸਤ੍ਰਿਤ ਸੀ। 

ਮੇਰਾ ਪਰਿਵਾਰ ਅੰਤਰ ਰਾਸ਼ਟਰੀ ਪੱਧਰ 'ਤੇ ਤਾਂ ਸੀ । ਜਿਸ ਦਿਨ ਮੇਰੀ ਪੜ੍ਹਾਈ ਬੱਚੀ ਵਿਗਿਆਨੀ ਬਣ ਕੇ ਪੁਲਾੜ੍ਹ ਤੱਕ ਪਹੁੰਚੀ ,ਜਾਪਿਆ ਮੈਂ ਤਾਂ ਬ੍ਰਹਿਮੰਡ  ਤੱਕ ਵਿਸਤ੍ਰਿਤ ਹੋ ਗਈ ਹਾਂ। ਮੇਰੀ ਤਾਂ ਪਰਿਭਾਸ਼ਾ ਬਦਲ ਗਈ। ਮੇਰੇ ਵਿਦਿਆਰਥੀਆਂ ਦੀਆਂ ਜਿੱਤਾਂ ਮੇਰੀ ਪ੍ਰਾਪਤੀ ਸਨ। 
ਮੇਰਾ ਸਿਰ ਅਧਿਆਪਨ ਕਿੱਤੇ ਅੱਗੇ ਝੁਕ ਜਾਂਦਾ। ਇਹ ਕਿੱਤਾ ਜਿਸ ਵਿੱਚ ਗੁਰੂ ਆਪਣੇ ਸ਼ਗਿਰਦ ਨੂੰ ਆਪਣੇ ਤੋਂ ਵੱਧ ਕਾਮਯਾਬ ਵੇਖਣਾ ਲੋਚਦੈ । ਸ਼ਿਸ਼ ਦੀ ਕਾਮਯਾਬੀ ਉਸ ਨੂੰ ਆਪਣੀ ਲੱਗਦੀ ਹੈ। ਮੈਨੂੰ ਲੱਗਦੈ ਜੇ ਇੱਕ ਉਮਰ ਵਿੱਚ ਹੋਰ ਜ਼ਿੰਦਗੀ ਜਿਉਣੀ ਹੋਵੇ, ਸਿਰਫ਼ ਅਧਿਆਪਕ ਲਈ ਸੰਭਵ ਹੈ। ਉਹ ਆਪਣੇ ਅਧੂਰੇ ਸੁਪਨੇ ਸ਼ਗਿਰਦਾਂ 'ਚ ਪੂਰੇ ਹੁੰਦੇ ਵੇਖਦੈ। ਇੰਜ ਇੱਕ ਅਧਿਆਪਕ ਸ਼ਗਿਰਦਾਂ ਰਾਹੀਂ ਕਿੰਨੀਆਂ ਉਮਰਾਂ ਭੋਗ ਲੈਂਦਾ,ਅੰਦਾਜ਼ਾ ਲਾਉਣਾ ਅੌਖਾ। 
ਅੱਜ ਜਦੋਂ ਮੈਂ ਕਲਪਨਾ ਦੀ ਸਪੇਸ ਸ਼ਟਲ ਦਾ ਪੁਲਾੜ 'ਚੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਹਾਂ,ਮੈਂ ਖੁਸ਼ੀ 'ਚ ਗੁੱਧੀ ਪਈ ਹਾਂ। ਮੈਨੂੰ ਫ਼ਖਰ ਸੀ ਦੁਨੀਆਂ ਦੀ ਪ੍ਰਸਿੱਧ ਵਿਗਿਆਨੀ ਕੁੜੀ ਨੂੰ ਇਲਮ ਤਾਲੀਮ ਦੀ ਪੌੜੀ 'ਤੇ ਪਹਿਲਾ ਕਦਮ ਮੈਂ ਧਰਵਾਇਆ। ਉਹਦੀ ਤੋਤਲੀ ਜ਼ੁਬਾਨ ਨੂੰ ਜ਼ਿੰਦਗੀ  ਦਾ ਪਹਿਲਾ ਊੜਾ-ਅੈੜਾ ਮੈਂ ਰਟਾਇਆ। ਪਰ ਅਚਾਨਕ ਸੱਤੇ ਵਿਗਿਆਨੀਆਂ ਸਮੇਤ ਤਬਾਹ ਹੋਣਾ ਸੁਣ ਕੇ ਮੈਂ ਯੱਖ ਹੋ ਜਾਂਦੀ ਹਾਂ। ਉਮਰ ਦੇ ਇੰਨੇ ਉਤਰਾ ਚੜ੍ਹਾਅ ਦੇਖ ਕੇ ਪਹਿਲੀ ਵਾਰ ਮਹਿਸੂਸ ਹੋਇਆ ਕਿ ਮੇਰੀ ਨਬਜ਼ 'ਚ ਖੜੋਤ ਆ ਗਈ ਹੈ ਤੇ ਮੈਂ ਕਣ ਕਣ ਹੋ ਕੇ ਰੇਤ ਵਾਂਗ ਭੁਰ ਗਈ ਹਾਂ। 
ਮੇਰੀ ਕਲਪਨਾ ਉਮਰਾਂ ਦੀ ਜਮਾਂ ਮਨਫ਼ੀ ਤੋਂ ਪਾਰ ਚਲੀ ਗਈ ਹੈ। ਉਹ ਤਾਂ ਧਰੁਵ ਤਾਰਾ ਬਣ ਗਈ ਹੈ ਦੂਰ ਆਕਾਸ਼ ਵਿੱਚ ਨਵੀਆਂ ਉਮਰਾਂ ਲਈ ਚਾਨਣ ਮੁਨਾਰਾ, ਪੱਥ-ਪ੍ਰਦਰਸ਼ਕ। 
ਮੈਂ  ਤਾਂ ਹਾਲੇ ਵੀ ਆਪਣੀ ਉਮਰ ਦਾ ਬੋਝ ਮੋਢਿਆਂ 'ਤੇ ਚੁੱਕੀ ਅਣਥੱਕ ਤੋਰ ਟੁਰਦੀ ਜਾ ਰਹੀ ਆਂ। 

ਮਨਜੀਤ ਕੌਰ ਸੇਖੋਂ
ਕੈਲੇਫ਼ੋਰਨੀਆ -ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 60 ਵਾਰ ਪੜ੍ਹੀ ਗਈ ਹੈ।


5 comments:

 1. ਸਭ ਤੋਂ ਪਹਿਲਾਂ ਤਾਂ ਮੈਂ ਮਨਜੀਤ ਕੌਰ ਸੇਖੋਂ ਜੀ ਨੂੰ ਜੀ ਆਇਆਂ ਆਖਦੀ ਹਾਂ। ਸਫ਼ਰ ਸਾਂਝ ਨਾਲ ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ।
  ਕਲਪਨਾ ਕਹਾਣੀ ਨਹੀਂ ਇੱਕ ਹੱਡਬੀਤੀ ਹੈ। ਦਿਲ ਦੀਆਂ ਗਹਿਰਾਈਆਂ 'ਚੋਂ ਨਿਕਲ ਕੇ ਆਈ ਗਾਥਾ। ਪੜ੍ਹਦਿਆਂ ਕਦੇ ਅੱਖਾਂ ਨਮ ਹੋਈਆਂ ਤੇ ਕਦੇ ਉਸ ਸੁੱਚੀ ਰੂਹ ਨੂੰ ਸਲਾਮ ਕੀਤਾ ਜਿਸ ਨੇ ਸਾਰੀ ਉਮਰ ਨਿਸ਼ਕਾਮ ਸੇਵਾ ਕਰਦਿਆਂ ਹਰ ਪਲ ਦੂਜਿਆਂ ਦੇ ਲੇਖੇ ਲਾ ਦਿੱਤਾ। ਬਹੁਤ ਹੀ ਸੂਖਮ ਤੇ ਵਧੀਆ ਸ਼ਬੜਚੋਣ ਨਾਲ ਕਹਾਣੀ ਨੂੰ ਪਾਠਕਾਂ ਦੀ ਝੋਲੀ ਪਾਇਆ। ਕਹਾਣੀ ਦਾ ਵੇਗ ਪਾਠਕਾਂ ਨੂੰ ਉਂਗਲ ਲਾ ਆਪਣੇ ਨਾਲ ਤੋਰੀ ਗਿਆ।
  ਕਰਨਾਲ ਦੇ ਉਸ ਅਧਿਆਪਕ ਨਾਲ ਮੁਲਾਕਾਤ ਹੋਈ ਜਿਸ ਨੇ ਨਾ ਜਾਣੇ ਕਿੰਨਿਆਂ ਨੂੰ ਜੀਵਨ ਦੇ ਸੁਵੱਲੇ ਰਾਹ 'ਤੇ ਤੋਰਨ ਦਾ ਮਾਰਗ ਦਰਸ਼ਨ ਕਰਵਾਇਆ। ਉਹ ਅਧਿਆਪਕਾ ਜਿਸ ਨੇ ਕਲਪਨਾ ਜਿਹੀ ਸਖਸ਼ੀਅਤ ਨੂੰ ਘੜਨ 'ਚ ਆਪਣਾ ਯੋਗਦਾਨ ਪਾਇਆ। ਮੈਂ ਤਾਂ ਧੰਨ ਹੋ ਗਈ ਅਜਿਹੇ ਅਧਿਆਪਕ ਨੂੰ ਮਿਲ ਕੇ। ਅਧਿਆਪਨ ਕਿੱਤੇ ਨੂੰ ਕਿੰਨਾ ਮਾਣ ਦਿੱਤਾ ,"ਇਹ ਕਿੱਤਾ ਜਿਸ ਵਿੱਚ ਗੁਰੂ ਆਪਣੇ ਸ਼ਗਿਰਦ ਨੂੰ ਆਪਣੇ ਤੋਂ ਵੱਧ ਕਾਮਯਾਬ ਵੇਖਣਾ ਲੋਚਦੈ । ਸ਼ਿਸ਼ ਦੀ ਕਾਮਯਾਬੀ ਉਸ ਨੂੰ ਆਪਣੀ ਲੱਗਦੀ ਹੈ।"
  ਜ਼ਿੰਦਗੀ ਨੂੰ ਕਿਵੇਂ ਰਵਾਨੀ ਨਾਲ ਤੋਰੀ ਰੱਖੀਏ ਇਹ ਕਹਾਣੀ ਇਹੋ ਰਾਹ ਦਿਖਾਉਂਦੀ ਹੈ। ਉਹ ਸਾਰੇ ਬ੍ਰਿਹਮੰਡ ਨੂੰ ਆਪਣਾ ਪਰਿਵਾਰ ਦੱਸਦੀ ਹੈ-ਜਦੋਂ ਉਹ ਕਹਿੰਦੀ ਹੈ -ਜਾਪਿਆ ਮੈਂ ਤਾਂ ਬ੍ਰਹਿਮੰਡ ਤੱਕ ਵਿਸਤ੍ਰਿਤ ਹੋ ਗਈ ਹਾਂ।
  ਸਾਂਝ ਪਾਉਣ ਲਈ ਇੱਕ ਵਾਰ ਫੇਰ ਧੰਨਵਾਦ। ਆਸ ਕਰਦੇ ਹਾਂ ਕਿ ਆਪ ਇਓਂ ਹੀ ਸਾਂਝ ਪਾਉਂਦੇ ਰਹੋਗੇ।
  ਹਰਦੀਪ (ਸਫ਼ਰ ਸਾਂਝ)

  ReplyDelete
 2. ਦਿਲ ਬੇਝਿਜਕ ”ਵਾਹ” ਕਹਿਣ ਲਈ ਹੁੰਗਾਰਾ ਭਰਦਾ ਹੈ। ਜੀਵਨ ਦੀਆਂ ਅਣਗਿਣਤ ਪਰਤਾਂ ਖੋਹਲ ਕੇ ਸਲੀਕੇ ਨਾਲ ਸਮੇਟਣਾ ਹੀ ਜ਼ਿੰਦਗੀ ਹੈ। ਕਹਾਣੀ ਅਸਲ ਅਤੇ ਅਨੁਭਵੀ ਜੀਵਨ ਸੱਚ ਦੀ ਗਵਾਹ ਬਣਦੀ ਹੈ, ਉਹ ਸੱਚ ਚਾਹੇ ਲੇਖ਼ਿਕਾ ਦਾ ਹੋਵੇ ਜਾਂ ਲੇਖ਼ਿਕਾ ਵਰਗੀਆਂ ਹੋਰ ਹਜ਼ਾਰਾਂ ਸੰਘਰਸ਼ਮਈ ਜੀਵਨ ਕਣੀਆਂ ਦਾ। ਇਹ ਕਹਾਣੀ ਜ਼ਿਮੇਵਾਰੀ, ਕਰਮ, ਕੁਰਬਾਨੀ, ਕਿੱਤੇ ਪ੍ਰਤੀ ਪ੍ਰਤੀਬੱਧਤਾ, ਕੋਮਲ ਮਨੁੱਖੀ ਭਾਵਨਾਵਾਂ ਅਤੇ ਜੀਵਨ ਸੰਘਰਸ਼ ਨੂੰ ਹਾਂ-ਪੱਖੀ ਜਾਵੀਏ ਤੋਂ ਪਰਖਣ ਨਿਰਖਣ ਦੀ ਬਹੁਤ ਹੀ ਖ਼ੂਬਸੂਰਤ, ਕਲਾਤਮਿਕ ਅਤੇ ਵਿਵਹਾਰਿਕ ਪਹੁੰਚ ਨੂੰ ਸ਼ਲੋਕਾਂ ਵਰਗੇ ਸ਼ਬਦਾਂ ਨਾਲ ਸਿਰਜਣ ਦੀ ਅਦਭੁੱਤ ਕਲਾ ਦਾ ਕਮਾਲ ਹੈ। ਪਾਠਕ ਸਿਰਫ਼ ਕਹਾਣੀ ਪੜ੍ਹ ਹੀ ਨਹੀਂ ਰਿਹਾ ਹੁੰਦਾ, ਸਗੋਂ ਜੀਅ ਰਿਹਾ ਹੁੰਦਾ ਹੈ। ਕਹਾਣੀ ਦੇ ਸੋਨ ਸੁਨਿਹਰੀ ਸੁਨੇਹਿਆਂ ਦਾ ਪ੍ਰਭਾਵ ਵਕਤੀ ਨਾ ਹੋ ਕੇ ਸਦੀਵੀ ਬਣ ਜਾਂਦਾ ਹੈ। ਕਹਾਣੀ ਵਿੱਚ ਚਿੱਤਰੇ ਮਾਨਵੀ ਬਿੰਬ ਰੰਗਦਾਰ ਸ਼ੀਸ਼ਿਆਂ ਵਿੱਚੋਂ ਦਿਸਦੇ ਹੋਏ ਵੀ ਆਪਣੇ ਅਸਤਿਤਵ ਤੇ ਪਹਿਰਾ ਦਿੰਦੇ ਪ੍ਰਤੀਤ ਹੁੰਦੇ ਹਨ। ਜੀਓ, ਅਤੇ ਹਜ਼ਾਰਾਂ ਦੀਵੇ ਜਗਾਵੋ !!!

  ReplyDelete
 3. Jagroop kaur10.7.17

  ਸਜਦਾ ਭੈਣ ਜੀ ਮਨਜੀਤ ਕੌਰ ਸੇਖੋਂ ਜੀ ਦੀ ਕਲਮ ਨੂੰ, ਬਹੁਤ ਖੂਬਸੂਰਤੀ ਨਾਲ ਪਾਤਰਾਂ ਦੇ ਚਿੱਤਰਣ ਕੀਤਾ ਹੈ । ਮੈਂ ਕੁਸ਼ ਜਿਆਦਾ ਨਹੀਂ ਕਹਿ ਸਕਦੀ...ਮੇਰੇ ਸ਼ਬਦ ਬਹੁਤ ਨਿਗੂਣੇ ਹੋਣਗੇ ਭੈਣ ਜੀ ਦੀ ਕਲਮ ਅੱਗੇ"
  . ਬਹੁਤ ਬਹੁਤ ਦੁਆਵਾਂ ਤੇ ਸਤਿਕਾਰ ਭੈਣ ਜੀ

  ReplyDelete
 4. ਕਹਾਨੀ ਕਲਪਨਾ
  ਇਸ ਕਹਾਨੀ ਨੂੰ ਮਨਜੀਤ ਕੌਰ ਜੀ ਨੇ ਛੋਟੇ ਸੇ ਸ਼ਹਰ ਕਰਨਾਲ ਸੇ ਸ਼ੁਰੂ ਕਰਕੇ ਹਮੇ ਪੁਲਾੜ ਦੀ ਭੀ ਸੈਰ ਕਰਾ ਦੀ ।ਯਹ ਕਹਾਨੀ ਜਿਸ ਰਵਾਨੀ ਕੇ ਸਾਥ ਚਲਤੀ ਹੈ ਪਤਾ ਨਹੀ ਚਲਤਾ ਹਮ ਕਹਾਨੀ ਪੜ ਰਹੇਂ ਹੈਂ ਯਾ ਚਲਤਿਤਰ ਦੇਖ ਰਹੇਂ ਹੈਂ । ਕਹਾਨੀ ਕਲਾ ਕੇ ਗੁਣੋਂ ਕੋ ਨਿਭਾਤੇ ਹੁਏ ਜੀਵਨ ਕੇ ਅਨੇਕ ਤੱਥੋਂ ਕੋ ਸਾਥ ਲਿਏ ਆਗੇ ਲੇ ਜਾਕਰ ਏਕ ਟੀਚਰ ਕੇ ਕਾਮ ਕੀ ਉਪਲਬਧੀ ਗਿਨਾ ਕਰ ਅਪਨੇ ਜੀਵਨ ਕੋ ਸਾਰਥਕ ਹੁਆ ਸਮਝਤੀ ਹੈ ।ਜੋ ਸੋਲਹ ਆਨੇ ਸਹੀ ਹੈ । ਅਪਨੀ ਪੜ੍ਹਾਈ ਬੱਚੀ ਵਿਗਿਆਨੀ ਬਨ ਪੁਲਾੜ੍ਹ ਤਕ ਪਹੁੰਚ ਗਈ ਉਸ ਕੇ ਜੀਵਨ ਕੇ ਅਪੂਰੇ ਰਹ ਗਏ ਸੁਪਨਿਆਂ ਕਾ ਗਮ ਭੁਲਾ ਦੇਤੀ ਹੈ ।ਲੇਕਿਨ ਅਫਸੋਸ ਇਸ ਬਾਤ ਕਾ ਕਿ ਕਲਪਨਾ ਕੀ ਉਪਲਬਧਿਅੋਂ ਕੀ ਖੁਸ਼ੀ ਸਂਸਾਰ ਉਸ ਕੇ ਸਾਥ ਬਾਂਟ ਨਹੀ ਸਕਾ । ਕਹਾਨੀ ਏਕ ਔਰ ਤੋ ਏਕ ਲੜਕੀ ਕੀ ਕਾਮਯਾਬੀ ਸਾਰੇ ਜਗ ਕੋ ਵਿਸਮਿਤ ਕਰ ਗਈ ।ਦੁਸਰੀ ਏਕ ਟੀਚਰ ਕੀ ਕਹਾਨੀ ਪਰਿਵਾਰ ਕਾ ਬੋਝ ਉਠਾਤੀ ਅਪਨੇ ਸਪਨੋਂ ਕੀ ਬਲੀ ਦੇਕਰ ਭੀ ਜਰੁਰਤ ਵਕਤ ਉਸੇ ਅਕੇਲਾ ਛੋੜ ਗਈ । ਕੋਈ ਸਹਾਈ ਨਹੀ ਹੁਆ ਬਹੁਤ ਦੁਖ ਪਹੁਂਚਾ ਗਈ ।

  ReplyDelete
 5. ਇਹ ਲਿਖਤ ਜ਼ਿੰਦਗੀਨਾਮਾ ਹੈ , ਜ਼ਿੰਦਗੀ ਨੂੰ ਛੋਟੀ ਜਿਹੀ ਕਹਾਣੀ ਵਿਚ ਸਮੇਟ ਕੇ ਪੇਸ਼ ਕੀਤਾ ਹੈ ,ਮੈਨੂੰ ਲਗਦਾ ਹੈ ਕਿ ਬਾਕੀ ਕੁਝ ਲਿਖਣ ਲਈ ਛਡਿਆ ਹੀ ਨਹੀਂ ।ਪਾਠਕ ਸਾਰੀ ਕਹਾਣੀ ਪੜ ਕੇ ਹੀ ਰੁਕਦਾ ਹੈ । ਇਸ ਤਰਾਂ ਦੀ ਜ਼ਿੰਦਗੀ ਹੋਰ ਵੀ ਬਹੁਤ ਲੋਗ ਜਿਉਂਦੇ ਨੇ , ਪਰ ਲਿਖ ਕੇ ਇਸ ਤਰਾਂ ਪੇਸ਼ ਕਰਨਾ ,ਘਟ ਲੋਗਾਂ ਨੂੰ ਹੀ ਆਉਂਦਾ ਹੈ । ਲਫ਼ਜ਼ਾਂ ਦੀ ਚਿੱਤਰਕਾਰੀ ਕਰਕੇ ਪਾਠਕ ਨੂੰ ਉਲਝਾਇਆ ਨਹੀਂ ਕਿ ਲਿਖਤ ਦਾ ਸਿਰ ਪੈਰ ਦਾ ਪਤਾ ਹੀ ਨਾਂ ਲੱਗੇ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ