ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Jul 2017

ਸ਼ਰੀਂਹ ਦੇ ਫੁੱਲ

Image may contain: plant, flower, nature and outdoor
ਅਜੇ ਵੀ ਮੈਨੂੰ, ਪਿੰਡ ਦੀ ਉਹ ਗਲੀ ਜਿੱਥੇ ਪੰਸਾਰੀ ਦੀ ਦੁਕਾਨ ਸਾਹਮਣੇ ਉੱਚਾ ਜਿਹਾ ਇੱਕ ਕੱਚਾ ਥੜ੍ਹਾ ਹੁੰਦਾ ਸੀ ਤੇ ਇਹਦੇ ਪੈਰਾਂ 'ਚ ਉੱਗਿਆ ਇੱਕ ਸ਼ਰੀਂਹ ਦਾ ਦਰਖੱਤ, ਚੰਗੀ ਤਰਾਂ ਯਾਦ ਹੈ। 
ਪਰ ਇਹ ਯਾਦ ਨਹੀਂ ਕਿ ਕਿਹੜੀ ਰੁੱਤੇ ਉਹਨੂੰ ਫੰਬਿਆਂ ਵਰਗੇ ਪੀਲੇ ਸੰਤਰੀ ਫੁੱਲ ਲੱਗਦੇ ਸਨ ਤੇ ਉਹ ਅਕਸਰ ਹਵਾ ਦੇ ਹਲਕੇ ਜਿਹੇ ਬੁੱਲ੍ਹਿਆਂ ਨਾਲ ਝੜਕੇ ਥ੍ਹੜੇ 'ਤੇ ਪਏ ਰਹਿੰਦੇ ਸਨ। ਬਾਲੜੀ ਉਮਰ ਦਾ ਮੈਂ ਉੱਥੋਂ ਦੀ ਲੰਘਦਾ ਤਾਂ ਬੜੇ ਧਿਆਨ ਨਾਲ ਤਾਜੇ ਡਿੱਗਿਆਂ ਫੁੱਲਾਂ ਨੂੰ ਇੱਕ ਇੱਕ ਚੁੱਕ ਕੇ ਕਮੀਜ਼ ਦੀ ਛੋਟੀ ਜਿਹੀ ਝੋਲੀ ਵਿੱਚ ਇਕੱਠੇ ਕਰ ਲੈਂਦਾ । ਪਰ ਘਰ ਜਾਕੇ ਉਤਸੁਕਤਾ ਨਾਲ ਦੇਖਦਾ  ਤਾਂ ਸਾਰਿਆਂ ਨੂੰ ਮੁਰਝਾਇਆਂ ਦੇਖ ਨਿਰਾਸ਼ਾ ਜਿਹੀ ਹੁੰਦੀ । ਇਹ ਕਿਹੋ ਜਿਹੇ ਫੁੱਲ ਹਨ , ਦੇਖਣ ਨੂੰ ਤਾਂ ਏਨੇ ਸੋਹਣੇ ਪਰ ਨਾ ਮਹਿਕ ......ਮੈਂ ਸੋਚਣ ਲੱਗਦਾ ।
ਕੁਝ ਵਕਤ ਹੋਰ ਲੰਘਦਾ ਤਾਂ ਉਸ ਸ਼ਰੀਂਹ ਦੇ ਦਰਖੱਤ 'ਤੇ ਫੁੱਲਾਂ ਦੀ ਜਗ੍ਹਾ ਹਰੀਆਂ ਹਰੀਆਂ ਫਲੀਆਂ ਲੱਟਕ ਰਹੀਆਂ ਹੁੰਦੀਆਂ ਤੇ ਫਿਰ ਦੇਖਦਿਆਂ ਦੇਖਦਿਆਂ ਹੀ ਉਹ ਪੀਲੇ ਰੰਗ 'ਚ ਬਦਲ ਜਾਂਦੀਆਂ। ਫਿਰ ਜਲਦੀ ਹੀ ਉਹ ਆਪਣੇ ਆਪ ਝੱੜ ਕੇ ਥੱੜੇ 'ਤੇ ਡਿੱਗ ਜਾਂਦੀਆਂ । ਚੰਗੀ ਤਰਾਂ ਹਾਲੇ ਵੀ ਯਾਦ ਹੈ ਕਿ ਉਨਾਂ ਫਲੀਆਂ ਨੂੰ ਚੁੱਕ ਕੇ ਜਦੋਂ ਹੱਲਾਂਦੇ ਤਾਂ ਉਨਾਂ ਵਿਚਲੇ ਸੁੱਕੇ ਹੋਏ ਬੀਅ ਛਣਕਦੇ ਤਾਂ ਕੰਨਾਂ ਵਿੱਚ ਇੱਕ ਅਜੀਬ ਜਿਹਾ ਸੰਗੀਤ ਸੁਣਾਈ ਦਿੰਦਾ ........!

ਕੱਲ੍ਹ ਦੀ ਹੀ ਗੱਲ ਹੈ ਮੈਂ ਏਥੇ ਕੈਲੀਫੋਰਨੀਆਂ 'ਚ  ਡੱਬਲਿਨ ਵਿਖੇ ਜਦ ਸ਼ਾਮ ਦੀ ਸੈਰ ਕਰ ਰਿਹਾ ਸੀ ਤਾਂ ਦੋ ਚਾਰ ਦਰਖੱਤਾਂ ਦਾ ਇੱਕ ਝੁੰਡ ਫੁੱਲਾਂ ਨਾਲ ਲੱਦਿਆ ਨਜ਼ਰ ਆਇਆ ਤਾਂ ਬਚਪਨ ਵਿੱਚ ਸ਼ਰੀਂਹ ਦੇ ਫੁੱਲਾਂ ਵਾਲੀ ਯਾਦ ਮੁੜ ਤਾਜ਼ਾ ਹੋ ਗਈ । ਮੈਂ ਰੁਕ ਗਿਆ ਤੇ ਉਨਾਂ ਫੁੱਲਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨ ਲੱਗਾ। ਏਨੇ ਵੱਰਿਆਂ ਬਾਅਦ ਵੀ ਇਹ ਫੁੱਲ ਮੁਰਝਾਏ ਨਹੀਂ ਸਨ।  ਉਵੇਂ ਦੇ ਉਵੇਂ  ਤੇ ਉਲਟਾ ਅਣਜਾਣੀ ਜਿਹੀ ਮਹਿਕ ਮਹਿਸੂਸ ਹੋ ਰਹੀ ਸੀ ।ਇਸ ਤੋਂ ਪਹਿਲਾਂ ਕਿ ਹਨੇਰਾ ਸੰਘਣਾ ਹੁੰਦਾ ਮੇਰੇ ਕੈਮਰੇ ਨੇ ਇਹ ਨਜ਼ਾਰਾ ਬੁੱਕਲ਼ 'ਚ ਸੰਭਾਲ਼ ਲਿਆ !

ਜਗਦੀਸ਼ ਚੰਦਰ 

ਨੋਟ : ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ ਹੈ।


1 comment:

  1. ਸ਼ਰੀਂਹ ਦੇ ਫੁੱਲਾਂ ਨੇ ਮੈਨੂੰ ਵਾਰ -ਵਾਰ ਰੋਕਿਆ। ਲੱਗਦਾ ਹੈ ਕਿ ਜਿਵੇਂ ਮੇਰੀ ਵੀ ਇਹਨਾਂ ਨਾਲ ਕੋਈ ਪੁਰਾਣੀ ਜਾਣ - ਪਛਾਣ ਹੋਵੇ।
    ਪਤਾ ਹੀ ਨਾ ਲੱਗਾ ਕਦੋਂ ਉਸ ਰੁੱਖ ਦੇ ਕੋਲ ਜਾ ਖੜ੍ਹੀ ਤੇ ਗੱਲਾਂ ਕਰਨ ਲੱਗੀ। ਪਿੰਡ ਦੀਆਂ ਬੀਹੀਆਂ 'ਚ ਫੇਰਾ ਪਵਾਉਣ ਦੇ ਸਮਰੱਥ ਹੈ ਆਪ ਜੀ ਦੀ ਇਹ ਲਿਖਤ। ਸਾਂਝਾ ਕਰਨ ਲਈ ਤਹਿ ਦਿਲੋਂ ਸ਼ੁਕਰੀਆ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ