ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Jul 2017

ਅੱਗ ਦੀ ਸਾਂਝ


ਬਾਹਰ ਦਾ ਦਰਵਾਜ਼ਾ ਖੜਕਿਆ, “ਕੌਣ ਏਂ?” ਮਾਂ ਨੇ ਉੱਚੀ ਆਵਾਜ਼ ਨਾਲ ਪੁੱਛਿਆ |
“ਮੈਂ ਹਾਂ ਮਿੰਦੋ,ਬੂਹਾ ਖੋਲੋ,” ਬਾਹਰੋਂ ਮਿੰਦੋ ਜੋ ਸਾਡੇ ਘਰ ਤੋਂ ਦੋ ਘਰ ਛੱਡ ਕੇ ਰਹਿੰਦੀ ਸੀ,ਜਵਾਬ ਦਿੱਤਾ |ਮਾਂ ਚੌਕੇ ‘ਚ ਬੈਠੀ ਹਾਂਡੀ ਵਿੱਚ ਕੜਛੀ ਮਾਰ ਰਹੀ ਸੀ | ਚੁੱਲੇ ‘ਤੇ ਰਾਤ ਲਈ ਦਾਲ ਧਰੀ ਸੀ | ਤ੍ਰੈਕਾਲਾਂ ਦਾ ਵਕਤ ਸੀ। ਅਜੇ ਦਿਨ ਕਾਫੀ ਰਹਿੰਦਾ  ਸੀ | ਉਹਨਾਂ ਸਮਿਆਂ ‘ਚ ਲੋਕ ਰਾਤ ਦਾ ਰੋਟੀ -ਪਾਣੀ ਲੋ ਹੁੰਦਿਆ ਹੀ ਕਰ ਲੈਂਦੇ ਸੀ। ਬਿਜਲੀ ਘਰਾਂ ‘ਚ ਹੁੰਦੀ ਕੋਈ ਨਹੀਂ ਸੀ। ਰੋਟੀ ਪਾਣੀ ਤੋਂ ਨਿਬੜ ਕੇ ਸੌਣਾ ਹੀ ਹੁੰਦਾ ਸੀ। ਹੋਰ ਤਾਂ ਕੋਈ ਕੰਮ ਹੁੰਦਾ ਨਹੀਂ ਸੀ |ਲਾਲਟੈਨ ਦੀ ਰੋਸ਼ਨੀ ਦੀ ਤਰਾਂ ਜਿੰਦਗੀ ਵਿੱਚ ਵੀ ਕੋਈ ਚਮਕ ਦਮਕ ਨਹੀਂ ਹੁੰਦੀ ਸੀ |ਗਰਮੀਆਂ ਵਿੱਚ ਰਾਤ ਅਠ ਵੱਜੇ ਹੀ ਸੌਣ ਲਈ ਮੰਜੀਆਂ ਵਿਛ ਜਾਂਦੀਆਂ ਸਨ |
ਮਾਂ ਨੇ  ਬੂਹਾ ਖੋਲਿਆ ਤੇ ਮਿੰਦੋ ਅੰਦਰ ਲੰਘ ਆਈ। ਹੱਥ  ਵਿੱਚ ਪਾਥੀ ਫੜੀ ਸੀ | ਮਾਂ ਸਮਝ ਗਈ ਕਿ ਕਿਉਂ ਆਈ ਏ। ਫਿਰ ਵੀ ਪੁੱਛ ਲਿਆ, "ਕਿੰਝ ਆਉਣਾ ਹੋਇਆ, ਮਿੰਦੋ?"
“ਬੱਸ ਰਾਤ ਦਾ ਰੋਟੀ ਪਾਣੀ ਕਰਣਾ ਸੀ, ਅੱਗ ਲੈਣ ਆਈ ਸੀ |ਸੋਚਿਆ, ਮਾਸੀ ਚੌਂਕਾ ਚੁੱਲ੍ਹਾ ਛੇਤੀ ਸ਼ੁਰੂ ਕਰ ਦੇਂਦੀ ਏ।  ਤੁਸੀਂ ਸ਼ਾਮ ਨੂੰ  ਚਾਹ ਜੁ ਪੀਣੀ ਹੁੰਦੀ ਏ, ਇਹ ਸੋਚ ਤੁਹਾਡੇ ਵੱਲ ਆ ਗਈ ਹਾਂ,” ਮਿੰਦੋ ਬੋਲਦੀ ਬੋਲਦੀ ਚੌਂਕੇ ਕੋਲ  ਜਾ ਖਲੋਤੀ |
“ਕੋਈ ਗੱਲ ਨਹੀਂ ,ਲੈ ਲੈ ਜਿੰਨੀ ਚਾਹੀਦੀ ਹੈ | ਹੋਰ ਸੁਣਾ ,ਘਰ ਸਭ ਰਾਜੀ ਬਾਜੀ ਨੇ, ਆ ਬੈਠ ਜਾ ਘੜੀ|" ਮਾਂ ਨੇ ਕਹਿੰਦਿਆਂ,ਲੱਤ ਨਾਲ ਮੰਜੀ, ਜੋ ਚੌਂਕੇ ਕੋਲ ਪਈ ਸੀ ਅੱਗੇ ਸਰਕਾ ਦਿਤੀ |
“ਨਹੀਂ ਮਾਸੀ, ਫਿਰ ਆ ਕੇ  ਬੈਠਾਂਗੀ। ਹਫਤਾ ਹੋ ਗਿਆ ਤੀਲਾਂ ਵਾਲੀ ਡੱਬੀ ਨੂੰ ਖਤਮ ਹੋਇਆਂ। ਬਥੇਰੀ ਵਾਰੀ ਇਹਨਾਂ ਨੂੰ ਕਹਿ ਹਾਰੀ ਹਾਂ ,ਇਹ ਪਈ ਆਉਂਦੀ ਏ |ਤੁਹਾਡੇ ਘਰੋਂ ਜਦੋਂ ਵੀ ਅੱਗ ਲੈ ਜਾਂਦੀ ਹਾਂ , ਸੱਚ ਜਾਣੀ ਮਾਸੀ , ਦਾਲ –ਰੋਟੀ  ਬੜੀ ਹੀ ਸਵਾਦ ਬਣਦੀ ਏ | ਤੁਹਾਡੇ ਚੌਂਕੇ ਦੀ ਅੱਗ ਵਿੱਚ ਬੜੀ ਬਰਕਤ ਏ |” ਮਿੰਦੋ ਨੇ ਬੜੇ ਪਿਆਰ ਨਾਲ ਕਿਹਾ |
“ਨੀਂ ਕਿਉਂ ਮਾਸੀ ਦੀਆਂ ਸਿਫਤਾਂ  ਕਰਣੀ ਏਂ ,ਅੱਗ ਤਾਂ ਅੱਗ ਹੀ ਹੁੰਦੀ ਏ ,ਮੈਂ ਕਿਹੜਾ ਉਸ ਵਿੱਚ ਕੋਈ ਗੁੜ ਘੋਲ ਕੇ ਰਖਦੀ ਹਾਂ ", ਮਾਂ ਦਾ ਜਵਾਬ ਸੀ |
“ਨਹੀਂ ਮਾਸੀ ਇਹ ਗੱਲ ਨਹੀਂ, ਮੈਂ ਜਦੋਂ ਵੀ ਕਿਸੇ ਦੂਜੇ ਘਰੋਂ ਅੱਗ ਲਈ ਏ,ਸੱਚ ਜਾਣੀ ਰੋਟੀ ਖਾਣ ਦਾ ਸਵਾਦ ਹੀ ਨਹੀਂ ਆਇਆ |”
“ਚੰਗਾ ਠੀਕ ਏ , ਤੂੰ ਗੱਲਾਂ ‘ਚ ਹਾਰਨ ਵਾਲੀ ਥੋੜੀ ਏਂ, ਆਪੇ ਲੈ ਲੈ ਅੱਗੇ ਹੋ ਕੇ |” ਮਾਂ ਨੇ ਉਸ ਨੂੰ ਅੱਗ ਲੈਣ ਲਈ ਕਿਹਾ ਮਿੰਦੋ ਨੇ ਚੁੱਲੇ ‘ਚੋਂ ਇੱਕ ਲੱਕੜ ਕੱਢ ਕੇ ਉਸਦਾ ਅਗਲਾ ਬਲਦਾ ਹੋਇਆ ਹਿੱਸਾ ਥੋੜਾ ਝਾੜ ਕੇ, ਪਾਥੀ ਤੇ ਰੱਖਿਆ , “ਚੰਗਾ ਮਾਸੀ ਫਿਰ ਆਵਾਂਗੀ ‘ਤੇ ਬੈਠਾਂਗੀ , ਅਜੇ ਤਾਂ ਮੈਂ ਦਾਲ ਵੀ ਚੁਣਨੀ ਏਂ , ਪਤਾ ਨਹੀਂ ਇਹ ਬਾਣੀਆਂ ਕਿਹੋ ਜਹੀ ਦਾਲ ਵੇਚਦੈ,ਸਾਰੀ ਰੋੜਾਂ ਨਾਲ ਭਰੀ ਹੁੰਦੀ ਏ |” ਕਹਿੰਦੀ ਹੋਈ ਮਿੰਦੋ ਬਾਹਰ ਨਿਕਲ ਗਈ |ਮਾਂ ਨੇ ਚੁੱਲੇ ਵਿੱਚ ਬਲਦੀ ਅੱਗ ਨੂੰ ਬੜੇ ਪਿਆਰ ਨਾਲ ਦੇਖਿਆ ਅਤੇ ਹਾਂਡੀ ਵਿੱਚ ਕੜਛੀ ਮਾਰਨੀ ਸ਼ੁਰੂ ਕਰ ਦਿੱਤੀ | 
ਦਿਲਜੋਧ ਸਿੰਘ

ਨੋਟ : ਇਹ ਪੋਸਟ ਹੁਣ ਤੱਕ 122 ਵਾਰ ਪੜ੍ਹੀ ਗਈ ਹੈ।

ਲਿੰਕ 1                ਲਿੰਕ 2

2 comments:

 1. 'ਅੱਗ ਦੀ ਸਾਂਝ' ਬੜੀ ਹੀ ਰੌਚਕ ਕਹਾਣੀ ਹੈ। ਉਨ੍ਹਾਂ ਸਮਿਆਂ ਨੂੰ ਦਰਸਾਉਂਦੀ ਹੈ ਜਦੋਂ ਲੋਕ ਆਂਢ -ਗੁਆਂਢ ਤੋਂ ਅੱਗ ਲੈ ਜਾਇਆ ਕਰਦੇ ਸੀ। ਮੈਂ ਇਹ ਸਮਾਂ ਨਹੀਂ ਵੇਖਿਆ ਪਰ ਆਪ ਦੀ ਕਹਾਣੀ ਪੜ੍ਹਦਿਆਂ ਉਹ ਪਲ ਵੇਖ ਵੀ ਲਏ ਤੇ ਹੰਢਾ ਵੀ ਲਏ। ਕਹਾਣੀ ਦਾ ਦ੍ਰਿਸ਼ ਚਿੱਤਰਣ ਕਮਾਲ ਦਾ ਹੈ। ਸਭ ਕੁਝ ਸਾਹਮਣੇ ਨਜ਼ਰ ਆਉਂਦਾ ਹੈ। ਕਿੰਨਾ ਸਾਦਾ ਜੀਵਨ ਸੀ ਤੇ ਬੜੀ ਸਾਦਗੀ ਵਾਲੇ ਲੋਕ। ਕਿੰਨਾ ਮੋਹ ਝਲਕਦੈ ਜਦੋਂ ਮਿੰਦੋ ਕਹਿੰਦੀ ਹੈ ,"ਤੁਹਾਡੇ ਘਰੋਂ ਜਦੋਂ ਵੀ ਅੱਗ ਲੈ ਜਾਂਦੀ ਹਾਂ , ਸੱਚ ਜਾਣੀ ਮਾਸੀ , ਦਾਲ –ਰੋਟੀ ਬੜੀ ਹੀ ਸਵਾਦ ਬਣਦੀ ਏ | ਤੁਹਾਡੇ ਚੌਂਕੇ ਦੀ ਅੱਗ ਵਿੱਚ ਬੜੀ ਬਰਕਤ ਏ |”
  ਉੱਤਮ ਰਚਨਾ ਲਈ ਆਪ ਵਧਾਈ ਦੇ ਪਾਤਰ ਹੋ।
  ਸਫ਼ਰ ਸਾਂਝ ਨਾਲ ਅਪਣੱਤ ਭਰੀ ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ।

  ReplyDelete
 2. ਅੱਗ ਦੀ ਸਾਂਝ ਇੱਕ ਬਹੁਤ ਹੀ ਪਿਆਰੀ ਕਹਾਣੀ ਹੈ। ਪੁਰਾਣੇ ਸਮਿਆਂ 'ਚ ਲੋਕ ਇੱਕ ਦੂਜੇ ਦੇ ਘਰੋਂ ਅੱਗ ਮੰਗ ਕੇ ਲੈ ਜਾਂਦੇ ਸੀ। ਉਸ ਸਮੇਂ ਕੋਈ ਵੀ ਤੇਰ-ਮੇਰ ਜਾਂ ਦੂਜ ਨਹੀਂ ਹੁੰਦੀ ਸੀ। ਬਿਜਲੀ ਵੀ ਨਹੀਂ ਹੁੰਦੀ ਸੀ ਤੇ ਲੋਕ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਸੀ। ਆਪਣੇ ਵੱਡਿਆਂ ਤੋਂ ਸੁਣਿਆ ਹੋਇਆ ਉਸ ਵੇਲੇ ਦਾ ਹਾਲ ਸਭ ਪਰਿਵਾਰ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਸਨ। ਬਹੁਤ ਚੰਗੇ ਵੇਲੇ ਸਨ ਉਹ। ਬਹੁਤ ਵਧੀਆ ਕਹਾਣੀ।
  ਸੁਖਜਿੰਦਰ ਸਹੋਤਾ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ