ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Aug 2017

ਸਿਰਦਰਦੀ ਨੋਟਾਂ ਦੀ (ਵਿਅੰਗ)

ਲੱਖਾ ਸਿੰਘ ਨੇ ਪਿੰਡ ਤੋਂ ਸ਼ਹਿਰ ਆ ਕੇ ਵਪਾਰ ਸ਼ੁਰੂ ਕੀਤਾ ਸੀ। ਪਤਾ ਨਹੀਂ ਕਿਹੜੀ ਗਿੱਦੜ ਸਿੰਗੀ ਉਸ ਦੇ ਹੱਥ ਵਿਚ ਆ ਗਈ ਸੀ ਕਿ ਕੁਝ  ਸਾਲਾਂ ਵਿੱਚ ਹੀ ਉਹ ਕਰੋੜਾਂ ਪਤੀ ਬਣ ਗਿਆ ਸੀ। ਪਿੰਡ ਦੇ ਚਾਰ ਖਣ ਵਾਲੇ ਛੋਟੇ ਜਿਹੇ ਮਕਾਨ ਨੂੰ ਛੱਡ ਕੇ ਹੁਣ ਉਹ ਵੱਡੀਆਂ -ਵੱਡੀਆਂ ਕੋਠੀਆਂ ਵੱਲ ਝਾਕਣ ਲੱਗ ਪਿਆ ਸੀ ਤੇ ਆਖ਼ਰ ਉਸ ਨੇ ਇੱਕ ਅਮੀਰ ਇਲਾਕੇ ਵਿਚ ਖੂਬਸੂਰਤ ਕੋਠੀ ਲੈ ਲਈ। ਉਹਦੀ ਸਿੱਧੀ ਸਾਧੀ ਪਤਨੀ ਵੀ ਹੁਣ ਠਾਠ- ਬਾਠ ਨਾਲ ਰਹਿਣ ਲੱਗ ਪਈ ਸੀ ਪਰ ਉਹ ਪਿੰਡ ਦੇ ਮਾਹੌਲ ਨੂੰ ਛੱਡ ਨਹੀਂ ਸਕੀ ਸੀ। ਬੇਸ਼ੱਕ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਬਹੁਤ ਵਸਤਾਂ ਮਿਲਣ ਲੱਗ ਪਈਆਂ ਸਨ ਲੇਕਿਨ ਉਸ ਨੂੰ ਹੁਣ ਵੀ ਕੂੰਡੇ -ਘੋਟਣੇ ਵਿੱਚ ਕੁੱਟੇ ਮਸਾਲੇ ਦੇ ਤੜਕੇ ਤੋਂ ਬਗੈਰ ਤਸੱਲੀ ਨਹੀਂ ਸੀ ਹੁੰਦੀ। ਇਸੇ ਲਈ ਉਹਦੀਆਂ ਅਮੀਰ ਗੁਆਂਢਣਾਂ ਜਦ ਵੀ ਉਹਦੇ ਘਰ ਦਾ ਖਾਣਾ ਖਾਂਦੀਆਂ ਤਾਂ ਸਿਫਤ ਕੀਤੇ ਬਗੈਰ ਰਹਿ ਨਾ ਸਕਦੀਆਂ। ਜਦ ਵੀ ਉਹਦੀ ਕੋਠੀ ਵਿਚੋਂ ਠੁੱਕ -ਠੁੱਕ ਦੀ ਆਵਾਜ਼ ਆਉਂਦੀ, ਗੁਆਂਢਣਾਂ ਸਮਝ ਜਾਂਦੀਆਂ ਕਿ ਤਾਈ ਧੰਨ ਕੌਰ ਕੂੰਡੇ ਵਿੱਚ ਕੁਝ ਕੁੱਟ ਰਹੀ ਹੋਵੇਗੀ। 
        ਇੱਕ ਦਿਨ ਤੜਕੇ ਤੋਂ ਹੀ ਉਹਦੇ ਘਰੋਂ ਅਜੀਬ ਜਿਹੀ ਠੁੱਕ -ਠੁੱਕ ਦੀ ਆਵਾਜ਼ ਆ ਰਹੀ ਸੀ, ਜਿਵੇਂ ਕੋਈ ਮੂੰਗਲੀ ਨਾਲ ਉਖੱਲ ਵਿੱਚ ਕੁਝ ਕੁੱਟ ਰਿਹਾ ਹੋਵੇ। ਜਦ ਇਹ ਆਵਾਜ਼ ਦਿਨ ਚੜੇ ਤੱਕ ਵੀ ਬੰਦ ਨਾ ਹੋਈ ਤਾਂ ਇੱਕ ਗੁਆਂਢਣ ਤਾਈ ਧੰਨ ਕੌਰ ਦੇ ਘਰ ਆ ਹੀ ਗਈ ਅਤੇ ਘਰ ਵੜਦੇ ਸਾਰ ਹੀ ਦੇਖ ਕੇ ਹੈਰਾਨ ਹੋ ਗਈ। ਤਾਈ ਨੇ ਇੱਕ ਵੱਡੇ ਪਾਣੀ ਦੇ ਡਰੰਮ ਵਿੱਚ ਹਜ਼ਾਰ -ਹਜ਼ਾਰ ਅਤੇ ਪੰਜ- ਪੰਜ ਸੌ ਦੇ ਨੋਟ ਪਾਏ ਹੋਏ ਸਨ ਤੇ ਉਹ ਥੋਹੜੇ ਥੋਹੜੇ ਨੋਟਾਂ ਨੂੰ ਉਖੱਲੀ ਵਿੱਚ ਪਾ ਕੇ ਮੋਹਲੇ ਨਾਲ ਕੁੱਟ-ਕੁੱਟ ਕੇ ਕਣਕ ਦੇ ਗੁੰਨ੍ਹੇ ਆਟੇ ਜਿਹਾ ਬਣਾ ਰਹੀ ਸੀ। ਗੁਆਂਢਣ ਹੈਰਾਨ ਹੋਈ ਬੋਲੀ, " ਤਾਈ ਇਹ ਕੀ ?" ਤਾਂ ਧੰਨ ਕੌਰ ਬੋਲੀ," ਭਾਈ, ਇਹ ਨੋਟ ਤਾਂ ਹੁਣ ਕਿਸੇ ਕੰਮ ਦੇ ਰਹੇ ਨਹੀਂ , ਮੈਂ ਸੋਚਿਆ ਪਈ, ਇਹਨਾਂ ਨੂੰ ਕੁੱਟ -ਕੁੱਟ ਕੇ ਇਹਦੇ ਵਿੱਚ ਗਾਚਣੀ ਮਿਲਾ ਕੇ ਕੁਝ ਦੌਰੇ ਤੇ ਗੋਹਲੇ ਬਣਾ ਲਵਾਂ। ਪਿੰਡ ਵਿੱਚ ਵੀ ਜਦੋਂ ਮੈਂ ਵਿਹਲੀ ਹੁੰਦੀ ਸੀ ਤਾਂ ਕਾਗਜ਼ਾਂ ਤੇ ਗੱਤਿਆਂ ਨੂੰ ਭਿਓਂ ਕੇ ਵਿੱਚ ਗਾਚਣੀ ਪਾ ਕੇ ਮੈਂ ਭਾਂਡੇ ਬਣਾ ਲੈਂਦੀ ਸੀ, ਜਿਸ ਵਿੱਚ ਆਟਾ ਤੇ ਦਾਣੇ ਪਾ ਲੈਂਦੀ ਸੀ। ਹੁਣ ਮੈਂ ਸੋਚਿਆ ਕਿ ਇੰਨੇ ਨੋਟ ਕਿੱਥੇ ਸੁਟੀਏ, ਬੈਂਕ ਵਿੱਚ ਰੱਖ ਨਹੀਂ ਸਕਦੇ, ਸਰਕਾਰ ਪੁੱਛੂ ਨੋਟ ਕਿਥੋਂ ਆਏ ? ਸੋ ਭਾਈ ਮੈਨੂੰ ਤਾਂ ਇਹੋ ਹੀ ਸੁਝਿਆ। ਤੁਸੀਂ ਵੀ ਆਪਣੇ ਆਪਣੇ ਨੋਟਾਂ ਦਾ ਕੁਛ ਬਣਾ ਲਉ ਭਾਈ, ਨਹੀਂ ਤਾਂ ਕੀ ਪਤਾ, ਇਹਨਾਂ ਕੋਠੀਆਂ ਵਿੱਚੋਂ ਨਿਕਲ ਕੇ ਵਾਪਸ ਪਿੰਡ ਜਾਣਾ ਪੈ ਜਾਵੇ ।" ਗੁਆਂਢਣ ਸੁਣ ਕੇ ਦੰਗ ਰਹਿ ਗਈ। 
                                                                                                                                                  ਗੁਰਮੇਲ ਸਿੰਘ ਭੰਮਰਾ 
 ਯੂ. ਕੇ. 

ਨੋਟ : ਇਹ ਪੋਸਟ ਹੁਣ ਤੱਕ 130 ਵਾਰ ਪੜ੍ਹੀ ਗਈ ਹੈ।

ਲਿੰਕ 1             ਲਿੰਕ 2         ਲਿੰਕ 3       ਲਿੰਕ 4

2 comments:

  1. ਨੋਟਬੰਦੀ 'ਤੇ ਬੜਾ ਹੀ ਵਧੀਆ ਵਿਅੰਗ ਕੀਤਾ ਹੈ। ਕਾਲੇ ਧੰਨ ਨੂੰ ਲੋਕਾਂ ਨੇ ਕਿਵੇਂ ਬਿਲੇ ਲਾਇਆ ਤਾਈ ਧੰਨ ਕੌਰ ਦੇ ਜ਼ਰੀਏ ਸੋਹਣਾ ਬਿਆਨ ਕੀਤਾ ਹੈ। ਤਾਈ ਨੇ ਤਾਂ ਇੱਕ ਪੰਥ ਦੋ ਕਾਜ ਵਾਲੀ ਗੱਲ ਕਰ ਦਿੱਤੀ। ਤਾਈ ਧੰਨ ਕੌਰ ਨੂੰ ਮਿਲ ਕੇ ਵਧੀਆ ਲੱਗਾ। ਵਧੀਆ ਲਿਖਤ ਲਈ ਗੁਰਮੇਲ ਸਿੰਘ ਜੀ ਵਧਾਈ ਦੇ ਪਾਤਰ ਨੇ।

    ReplyDelete
  2. ਨੋਟ ਬਂਧੀ ਨੇ ਲੋਕਾਂ ਨੂੰ ਅਰਸ਼ਾਂ ਤੋਂ ਫਰਸ਼ਾਂ ਤੇ ਬਿਠਾ ਦਿੱਤਾ।ਕਈ ਤਾਂ ਦੁਨਿਆ ਨੂੰ ਛੱਡ ਗਏ। ਧਨਕੋਰ ਵਰਗੇ ਹੀ ਵਿਅਰਥ ਜਾਂਦੀ ਚੀਜ ਦਾ ਵੀ ਉਪਜੋਗ ਕਰ ਸਕਤੇ ਨੇ। ਅੱਛੀ ਲੱਗੀ ਇਹ ਵਿਅੰਗ ਵਾਰਤਾ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ