ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Aug 2017

ਦਾਦਾ - ਪੋਤਾ

ਮਨ 'ਚ ਅੱਜ ਬਹੁਤ ਹੀ ਤਰਸ ਆਇਆ ਜਦੋਂ ਇੱਕ ਪਾਟੇ ਪੁਰਾਣੇ ਕੱਪੜਿਆਂ ਵਾਲਾ ਬਾਬਾ ਆਪਣੇ ਕਰਜ਼ੇ ਦੇ ਗਏ ਨੋਟਿਸ ਦੀ ਸੁਣਵਾਈ ਸਮੇਂ ਦਫਤਰ ਆਇਆ। ਨਾਲ ਆਏ 'ਕੱਲੇ 'ਕੱਲੇ ਪੋਤੇ ਦੀ ਟੌਹਰ ਵੇਖ ਕੇ ਮਨ 'ਚ ਕਈ ਸਵਾਲ ਆਏ। ਉਸ ਨੇ ਬਰੈਡਿੰਡ ਬੂਟ, ਐਨਕਾਂ ਤੇ ਮਹਿੰਗੇ ਕੱਪੜੇ ਪਾਏ ਸਨ। ਜੇਜੀ ਬੀ ਹੇਅਰ ਸਟਾਈਲ ਸੀ। ਸੇਵਾਦਾਰ ਨੇ ਉਸ ਬਾਬੇ ਨੂੰ ਅੰਦਰ ਭੇਜਣ ਲਈ ਮੈਥੋਂ ਪੁੱਛਿਆ।ਹਾਂ ਕਹਿਣ 'ਤੇ ਬਾਬੇ ਨੇ ਕੰਬਦੇ ਹੱਥਾਂ ਨਾਲ ਫਤਿਹ ਬੁਲਾਈ। ਮੈਂ ਕਿਹਾ," ਆਉ ਬਾਬਾ ਜੀ। "
ਬਾਬਾ ਕਹਿੰਦਾ, " ਬੱਚਿਆਂ ਆਲਿਆ ਫਸਲ ਨੀ ਹੋਈ, ਮਸਾਂ ਵੇਲਾ ਪੂਰਾ ਕਰਦੇ ਆਂ। ਦੋ ਕੁ ਵਿਆਹ ਇੱਕ ਨਾਨਕੀ ਛੱਕ ਭਰੀ ਆ। ਆੜ੍ਹਤੀਆਂ ਦੇ ਵੀ ਬਾਹਲੇ ਸਿਰ ਚੜ੍ਹੇ ਕਰਕੇ ਬੈਂਕ ਦੀ ਲਿਮਟ ਵੀ ਨਵੀਂ ਕਰਾਉਣੋ ਰਹਿ ਗਈ। ਛੱਕ ਵੀ ਪਹਿਲੀ ਸੀ। ਚੱਲੋ ਸ਼ਰੀਕੇ ਚ ਨੱਕ ਰਹਿ ਗਿਆ ।ਅਗਲੇ ਸਾਲ ਕੋਈ ਕਰਦੇ ਆਂ ਹੀਲਾ। ਦੋ ਔੜੇ ਧਰਕੇ ਥੋਥੋਂ ਖਹਿੜਾ ਛੁਡਾਲਾਂਗੇ। ਬਸ ਚਹੁੰ ਮਹੀਨਿਆਂ ਦੀ ਗੱਲ ਆ। "
ਪੋਤੇ ਦੇ ਕੰਨ ਨਾਲ ਆਈਫੋਨ ਲਾਇਆ ਤੇ ਹੱਸ -ਹੱਸ ਕੇ ਗੱਲਾਂ ਕਰਦਾ ਬਾਬੇ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਸੀ। ਜਿਵੇਂ ਉਸ ਦੇ ਪੈਰਾਂ ਹੇਠ ਅੱਗ ਮੱਚਦੀ ਹੋਵੇ ।ਮਜਾਲ ਆ ਉਸ ਨੂੰ ਭੋਰਾ ਵੀ ਫਿਕਰ ਹੋਵੇ ਕਿ ਬਾਬਾ ਕਰਜੇ ਦੇ ਨੋਟਿਸ ਦੀ ਸੁਣਵਾਈ 'ਤੇ ਆਇਆ ਤੇ ਪਤਾ ਨਹੀਂ ਕਿਹੜੇ ਜਿਗਰੇ ਨਾਲ ਅੰਦਰ ਵੜਿਆ ਹੋਣਾ ।ਬਾਬੇ ਦੇ ਚਿਹਰੇ 'ਤੇ ਅਤੇ ਮਨ ਵਿੱਚ ਨਿੱਕੀ ਉਮਰੇ ਤੋਂ ਹੀ ਦਿਨ ਰਾਤ ਕਮਾਈ ਕਰਕੇ ਜਿਹੜੀ ਚਾਰ ਔੜੇ ਬਣਾਈ ਸੀ, ਅੱਜ ਫੋਕੀਆਂ ਟੌਹਰਾਂ ਤੇ ਅੱਜ ਦੀ ਔਲਾਦ ਨੇ ਕੁਰਕ ਹੋਣ ਕਿਨਾਰੇ ਕਰ ਰੱਖੀ ਦਾ ਫਿਕਰ ਸਾਫ ਝਲਕਦਾ ਸੀ। ਬਾਬਾ ਸੋਚਦਾ ਸੋਚਦਾ ਅੰਗੂਠਾ ਲਾ ਕੇ ਕੰਧ ਨਾਲ ਜੋਰ ਜੋਰ ਦੀ ਘਸਾ ਕੇ ਡਿੱਗਦਾ ਡਿੱਗਦਾ ਕਮਰੇ ਚੋਂ ਬਾਹਰ ਤੁਰ ਗਿਆ।
ਮੈਂ ਕਿੰਨਾ ਚਿਰ ਸੁੰਨ ਹੋ ਕੇ ਬੈਠਾ ਰਿਹਾ ।ਸਾਰਾ ਦਿਨ ਮੈਨੂੰ ਦਾਦਾ ਪੋਤਾ ਕਾਰ 'ਚ ਬੈਠ ਕੇ ਵਾਪਸ ਜਾਂਦੇ ਦਿੱਸਦੇ ਰਹੇ ।

ਹਰਪਾਲ ਸਿੰਘ
(ਗਿੱਦੜਬਾਹਾ)
ਨੋਟ : ਇਹ ਪੋਸਟ ਹੁਣ ਤੱਕ 210 ਵਾਰ ਪੜ੍ਹੀ ਗਈ ਹੈ।

ਲਿੰਕ 1           ਲਿੰਕ 2

4 comments:

  1. ਸਭ ਤੋਂ ਪਹਿਲਾਂ ਹਰਪਾਲ ਸਿੰਘ ਬਾਈ ਜੀ ਦਾ ਸਫ਼ਰਸਾਂਝ 'ਤੇ ਨਿੱਘਾ ਸੁਆਗਤ ਕਰਦੇ ਹਾਂ। ਅੱਜ ਆਪ ਨੇ ਬੜੀ ਹੀ ਦਿਲ ਨੂੰ ਟੁੰਬਣ ਵਾਲੀ ਵਾਰਤਾ ਨਾਲ ਸਾਡੇ ਨਾਲ ਸਾਂਝ ਪਾਈ ਹੈ। ਆਪ ਨੇ ਇੱਕ ਕੌੜੇ ਸੱਚ ਨੂੰ ਉਜਾਗਰ ਕੀਤਾ ਹੈ। ਫੋਕੀ ਟੌਹਰ ਤੇ ਨੱਕ ਰੱਖਣ ਲਈ ਲਿਆ ਕਰਜਾ ਤੇ ਨੌਜੁਆਨ ਪੀੜ੍ਹੀ ਜਿਸ ਨੇ ਘਰ ਦੀ ਵਾਗਡੋਰ ਸੰਭਾਲਣੀ ਹੈ , ਉਸ ਨੂੰ ਇਸ ਨਾਲ ਜਿਵੇਂ ਕੋਈ ਵਾਸਤਾ ਹੀ ਨਹੀਂ ਸੀ। ਗਲਤੀ ਕਿੱਥੇ ਹੋ ਰਹੀ ਹੈ ? ਅਸੀਂ ਕਿੱਥੇ ਖੁੰਝ ਰਹੇ ਹਾਂ ? ਇਹ ਲਿਖਤ ਬੜੇ ਵੱਡੇ ਸੁਆਲ ਪੈਦਾ ਕਰਦੀ ਹੈ ਜਿਨ੍ਹਾਂ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਹੈ।

    ReplyDelete
  2. Jagroop kaur Grewal31.8.17

    ਬਹੁਤ ਹੀ ਵਧੀਆ ਸਮਾਜਿਕ ਸੁਨੇਹਾ ਦਿੰਦੀ ਹੋਈ ਵਾਰਤਾ, ਦਿਲ ਨੂੰ ਪਾਉਂਦੇ ਦਾਦੇ ਦੇ ਹਾਲਾਤ ਤੇ ਪੋਤੇ ਦੀ ਟੌਹਰ ਫਿਕਰ ਦਾ ਵਿਸ਼ਾ ਹਨ ।
    ਵਧਾਈ ਦੇ ਪਾਤਰ ਹਨ ਬਾਈ ਜੀ ਹਰਪਾਲ ਸਿੰਘ ਜੀ ।

    ReplyDelete
  3. Kahani ch ajj da kaurha sach bian kita gea hai k bazurag apni khoon pasine naal kiti kamai naal jameenan jayedadan banande han . Ajj de bachche bilkul v koi kamm kaar nahi karde ulta mehangian cheezan , phone , kaprhe vagaira te paise kharachde rehande han . Bazurag karje heth
    dabbe rehande han .

    ReplyDelete
  4. ਕਰਜਾਈ ਫਟੇਹਾਲ ਦਾਦਾ
    ਟੌਰ ਦੇਖੀ ਜਾਏ ਨਾ ਪੋਤੇ ਦੀ ,
    ਏਹ ਤਾਂ ਹੋਣਾ ਹੀ ਸੀ
    ਜਦ ਚਾ ਮਲਹਾਰ ਨਾਲ
    ਹੁਂਦੀ ਬਖਰੀ ਪਰਵਰਿਸ਼
    ਪੋਤੀ ਪੋਤੇ ਦੀ ।
    ਦੁਖਦ ਕਹਾਨੀ ਅੱਜ ਦੇ ਜਮਾਨੇ ਦੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ