ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Nov 2017

ਸੱਖਣੀ ਰੂਹ (ਮਿੰਨੀ ਕਹਾਣੀ)

Related image
ਅੱਧੇ ਤੋਂ ਵੱਧ ਦਿਨ ਬੀਤ ਚੁੱਕਾ ਸੀ। ਫੈਕਟਰੀ 'ਚ ਨਿਰੰਤਰ ਆਲੂ ਛਿੱਲਦੀਆਂ ਮਸ਼ੀਨਾਂ ਵਾਂਗ ਉਸ ਦੇ ਹੱਥਾਂ ਨੂੰ ਵੀ ਕੋਈ ਵਿਹਲ ਨਹੀਂ  ਸੀ। ਜਿੱਥੇ ਕਿਤੇ ਮਸ਼ੀਨ ਆਲੂਆਂ ਨੂੰ ਛਿੱਲਣ ਤੋਂ ਖੁੰਝ ਜਾਂਦੀ ਉਹ ਚਾਕੂ ਨਾਲ਼ ਛਿੱਲੜ ਉਤਾਰ ਕੇ ਬੇਰੋਕ ਚੱਲਦੀ ਪੱਟੀ 'ਤੇ ਤੇਜ਼ੀ ਨਾਲ਼ ਧਰੀ ਜਾ ਰਹੀ ਸੀ। ਉਹ ਤਾਂ ਜਿਵੇਂ ਮਸ਼ੀਨ ਨਾਲ਼ ਮਸ਼ੀਨ ਬਣ ਗਈ ਸੀ। ਪਰ ਮਸ਼ੀਨਾਂ ਦੇ ਰੌਲ਼ੇ -ਰੱਪੇ ਨਾਲੋਂ ਉਸ ਦੇ ਮਨ ਅੰਦਰ ਜ਼ਿਆਦਾ ਘਸਮਾਨ ਮੱਚਿਆ ਹੋਇਆ ਸੀ। ਅਚਨਚੇਤ ਹੀ ਉਹ ਇੱਕ ਦੂਜੇ ਦੇ ਆਹਮੋ ਸਾਹਮਣੇ ਆ ਬੈਠੇ ਸਨ ਗਾਲੀ ਗਲੋਚ ਹੁੰਦੇ ਇੱਕ ਦੂਜੇ ਨੂੰ ਜ਼ਲੀਲ ਕਰਨ। ਨਿੱਤ ਤੂੰ -ਤੂੰ ਮੈਂ ਮੈਂ ਕਰਦੇ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ। ਉਹ ਦਿਲੋਂ ਇੱਕ ਦੂਜੇ ਤੋਂ ਐਨੀ ਦੂਰ ਜਾ ਚੁੱਕੇ ਸਨ ਕਿ ਕੋਲ਼ ਬੈਠੇ ਚੀਕਦਿਆਂ ਨੂੰ ਵੀ ਇੱਕ ਦੂਜੇ ਦਾ ਕੁਝ ਸੁਣਾਈ ਨਹੀਂ ਦੇ ਰਿਹਾ ਸੀ। ਬੇਵਜ੍ਹਾ ਤੁਹਮਤਾਂ ਨੂੰ ਝੁਠਲਾਉਣ ਵਾਲ਼ਾ ਵੀ ਤਾਂ ਕੋਈ ਨਹੀਂ ਸੀ। ਆਖ਼ਿਰ ਇੱਕ ਦੂਜੇ ਤੋਂ ਬੇਮੁੱਖ ਹੋਇਆਂ ਦਾ ਕਲੇਸ਼ ਉਨ੍ਹਾਂ ਨੂੰ ਤਲਾਕ ਦੇ ਬੂਹੇ ਆ ਲੈ ਢੁੱਕਾ।ਅਚਾਨਕ ਹੀ ਗੁੱਸੇ 'ਚ ਉਸ ਦੀਆਂ ਅੱਖਾਂ ਭੱਖਣ ਲੱਗੀਆਂ। ਉਸ ਹੱਥਲਾ ਚਾਕੂ ਪਰ੍ਹੇ ਚਲਾਵਾਂ ਵਗ੍ਹਾ ਮਾਰਿਆ ਤਾਂ ਕਿਸੇ ਸਾਥਣ ਦੀ ਅੱਖ ਮਸੀਂ ਬਚੀ ਸੀ। 
        ਉਹ ਸਾਊ ਤੇ ਸਾਦੀ ਜਿਹੀ ਸੀ ਪਰ ਅੱਜ ਰੋਹ 'ਚ ਆਈ ਉਹ ਆਪੇ ਤੋਂ ਬਾਹਰ ਹੋ ਗਈ ਸੀ। ਜਦੋਂ ਉਸ ਦੀਆਂ ਸਾਥਣਾਂ ਨੇ ਉਸ ਨੂੰ ਸ਼ਾਂਤ ਕੀਤਾ ਤਾਂ ਉਹ ਫਿੱਸ ਪਈ ਸੀ ਜ਼ਾਰੋ ਜ਼ਾਰ,"ਪਤਾ ਨਹੀਂ ਕੀਹਦੀ ਨਜ਼ਰ ਲੱਗ ਗਈ ਸਾਡੇ ਵੱਸਦੇ ਰੱਸਦੇ ਘਰ ਨੂੰ। ਦਿਲਾਂ 'ਚ ਅਹਿਸਾਸ ਧੜਕਦੇ ਸਨ ਤੇ ਬਿਨ ਬੋਲਿਆਂ ਹੀ ਜਜ਼ਬਾਤ ਪਿਘਲਦੇ ਸਨ। ਸਾਡੀ ਚੁੱਪੀ ਤਾਂ ਚੁੱਪ ਰਹਿ ਕੇ ਵੀ ਨੈਣਾਂ ਥੀਂ ਬੋਲਦੀ ਸੀ। ਹੌਲ਼ੀ ਹੌਲ਼ੀ ਤੁਰਦਿਆਂ ਬਣੀ ਸਹਿਜ ਦੀ ਪਗਡੰਡੀ ਵਿੱਚ ਪਤਾ ਨਹੀਂ ਉਹ ਕੰਡੇ ਕਿਉਂ ਬੀਜਣ ਲੱਗ ਗਿਆ ? ਪੈਸੇ ਦੀ ਅਮੁੱਕ ਦੌੜ ਤੇ ਨਿਰਦਈਪੁਣਾ ਹਾਵੀ ਹੋਣ ਲੱਗਾ ਤਾਂ ਸਾਡੀ ਟਿਕੀ ਹੋਈ ਕਾਇਨਾਤ ਡੋਲਣ ਲੱਗੀ। ਬਥੇਰੀ ਵਾਹ ਲਾਈ ਪਰ ਉਸ ਦੀ ਬੇਵਫ਼ਾਈ ਸਾਹਵੇਂ ਸਭ ਕੁਝ ਬਿਖਰ ਗਿਆ।ਪਰ ਰੂਹਾਂ ਦਾ ਸੱਖਣਾਪਣ ਹੁਣ ਜਿਉਣ ਨਹੀਂ ਦਿੰਦਾ।" ਹੁਣ ਉਹ ਆਪਣੇ ਅਧੂਰੇਪਣ ਵਿੱਚੋਂ ਖੰਡਿਤ ਹੋਏ ਰਿਸ਼ਤੇ ਦੇ ਖਿਲਰੇ ਟੁੱਕੜੇ ਸਮੇਟ ਰਹੀ ਸੀ। 
ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 685 ਵਾਰ ਪੜ੍ਹੀ ਗਈ ਹੈ।
  ਲਿੰਕ 1                  ਲਿੰਕ 2

4 comments:

 1. ਇਹ ਸੱਚ ਹੈ ਕਿ ਅਸੀਂ ਟੁਕੜਿਆਂ ਵਿੱਚ ਜੀਅ ਰਹੇ ਹਾਂ। ਸਮੱਸਿਆ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਇੱਕ ਟੁਕੜਾ ਦੂਜੇ ਟੁੱਕੜੇ ਤੋਂ ਹਿਸਾਬ ਕਿਤਾਬ ਪੁੱਛਦਾ ਹੈ। ਇਹ ਹਿਸਾਬ ਕਿਤਾਬ ਆਰਥਿਕ, ਨੈਤਿਕ, ਹੱਕਾਂ ਫ਼ਰਜ਼ਾਂ ਜਾਂ ਬਰਾਬਰੀ ਦੇ ਵਰਤਾਰਿਆਂ ਦਾ ਵੀ ਹੋ ਸਕਦਾ ਹੈ। ਜ਼ਿੰਦਗੀ ਵਿੱਚ ਏਨਾਂ ਕੁਝ ਕਿਹਾ ਨਹੀਂ ਵਾਪਰ ਰਿਹਾ ਹੈ, ਜਿੰਨ੍ਹਾਂ ਕੁਝ ਅਣਕਿਹਾ ਵਾਪਰ ਰਿਹਾ ਹੈ। ਬਸ ਇਹੀ ਕਹੇ ਅਤੇ ਅਣਕਿਹੇ ਦਾ ਫ਼ਰਕ ਵਸਣ ਅਤੇ ਉਜੜਨ ਪ੍ਰਕਿਰਿਆ ਦੀ ਵਿਡੰਬਣਾ ਹੈ। ਇਹੀ ਫ਼ਰਕ ਬਗ਼ਾਵਤੀ ਜਾਂ ਸਾਊ ਸੁਰ ਦਾ ਆਧਾਰ ਬਣਦਾ ਹੈ। ਸਾਵੇਂ ਜੀਵਨ ਲਈ ਵਿਚਾਰਾਂ ਦਾ ਸਾਵਾਂ ਧਰਾਤਲ ਪਾਂਸਕੂ ਤਾਂ ਬਣ ਸਕਦਾ ਹੈ, ਪਰ ਸਮੱਸਿਆ ਦਾ ਸਮਾਧਾਨ ਨਹੀਂ।

  ReplyDelete
 2. ਪਿਆਰ ਉਚਾਇਆਂ ਤੇ ਜਾਕੇ ਜਦ ਅਪਨੀ ਰਾਹ ਬਦਲ ਲਬੇ ਉਦੋਂ ਦਿਲ ਤਾਂ ਜਖ਼ਮੀ ਹੁਂਦੇ ਹਨ ।ਘਰ ਵੀ ਤਬਾਹ ਹੋ ਜਾਂਦੇ ਹਣ। ਧਨ ਕਮਾਕੇ ਜੇ ਔਰਤ ਕਾਮਯਾਬ ਹੋ ਵੀ ਜਾਵੇ ।ਪਿਆਰ 'ਚ ਮਿਲੀ ਬੇਵਫਾਈ ਨੂੰ ਯਾਦ ਕਰਕੇ ਆਪਾ ਖੋ ਦਿਂਦੀ ਹੈ ।ਅਪਨੇ ਅਂਦਰ ਹੋ ਰਹੀ ਜਂਗ ਨੂੰ ਜੀਤਨ 'ਚ ਕਦੇ ਕਦੇ ਫੇਲ ਹੋ ਜਾਂਦੀ । ਦੁਖ ਸੁਖ ਸ਼ੇਅਰ ਕਰਣ ਵਾਲਾ ਨਾ ਹੋਵੇ ਤਾਂ । ਜੀਵਨ ਨਹੀ ਜਿਆ ਜਾ ਸਕਤਾ ।ਤਲਾਕ ਤੋਂ ਬਾਦ ਨਾਰੀ ਦਾ ਜੀਵਨ ਜੀਵਨ ਨਹੀ ਰਹਤਾ ਸਿਰਫ ਸਾਹ ਪੂਰੇ ਕਰਨਾ ਰਹ ਜਾਤਾ ਹੈ । ਇਸ ਤਥ ਨੂੰ ਕਹਾਨੀਕਾਰ ਨੇ ਇਸ ਤਰਹ ਬਿਆਂ ਕੀੱਤਾ ਹੈ ਕਿ ਮਨ ਦੁਖੀ ਹੋ ਉਠਾ ੲੈਸੀ ਨਾਰੀ ਕੇ ਬਾਰੇ ਸੋਚ ਕਰ ।

  ReplyDelete
 3. ਸ਼ਾਯਦ ਇਹ ਨਵੇਂ ਜ਼ਮਾਨੇ ਦੀ ਦੇਣ ਹੈ . ਪਹਲੇ ਜ਼ਮਾਨੇ ਵਿਚ ਪਤੀ ਹੀ ਕਮਾਉਂਦਾ ਸੀ, ਔਰਤ ਕੰਮ ਕਰਨ ਦਾ ਹੌਸਲਾ ਕਰ ਭੀ ਲੈਂਦੀ ਤਾਂ ਮਰਦ ਦੇ ਦਿਲ ਨੂੰ ਠੇਸ ਪਹੁੰਚਦੀ ਸੀ .ਉਹ ਕਹਿੰਦਾ ਸੀ," ਅਜੇ ਮੈਂ ਮਾਰਿਆ ਨਹੀਂ ਜੋ ਤੂੰ ਬਾਹਰ ਕੰਮ ਕਰਨ ਦਾ ਸੋਚ ਰਹੀ ਹੈਂ " ਇਸ ਤੋਂ ਇਲਾਵਾ ਜੇ ਔਰਤ ਬਾਹਰ ਕੰਮ ਕਰੇ ਤਾਂ ਸ਼੍ਰੀਕਾ ਭਾਈ ਚਾਰਾ ਹੀ ਜੀਣ ਨਹੀਂ ਸੀ ਦਿੰਦਾ .ਜਿਵੇਂ ਕਿਵੇਂ ਗੁਜ਼ਾਰਾ ਹੋਈ ਜਾਂਦਾ ਸੀ . ਅੱਜ ਦੇ ਮਸ਼ੀਨੀ ਯੁਗ ਵਿਚ, ਇਨਸਾਨ ਨੂੰ ਮਸ਼ੀਨਾਂ ਦੀ ਲੋੜ ਜਿਆਦਾ ਪੈ ਗਈ ਹੈ, ਜਿਸ ਲਈ ਜਿਆਦਾ ਤੋਂ ਜਿਆਦਾ ਪੈਸੇ ਦੀ ਲੋੜ ਹੈ . ਮਸ਼ੀਨਾਂ ਨਾਲ ਘੁਲਦੇ ਦੋਵੇਂ ਮੀਆਂ ਬੀਵੀ ਖੁਦ ਭੀ ਮਸ਼ੀਨ ਬਣ ਗਏ ਹਨ . ਆਰਥਿਕ ਬੋਝ ਤੇ ਇੰਟਰਨੇਟ, ਫੇਸ ਬੁਕ ਤੇ ਕਿਸੇ ਦੂਸਰੇ ਦੀ ਤਰਫ਼ ਖਿਚੇ ਜਾਣਾ, ਘਰ ਦੀਆਂ ਪਰੇਸ਼ਾਨੀਆਂ ਵਿਚ ਵਾਧਾ ਕਰਦਾ ਹੈ . ਇਸ ਵਿਚ ਔਰਤ ਜਿਆਦਾ ਦੁਖ ਝੇਲਦੀ ਹੈ . ਤਲਾਕ ਤਾਂ ਝੱਟ ਹੋ ਜਾਂਦੇ ਹਨ ਲੇਕਿਨ ਜੋ ਦਿਲ ਵਿਚ ਇੱਕ ਖਾਲੀਪਣ ਰਹਿ ਜਾਂਦਾ ਹੈ, ਇਨਸਾਨ ਉਸ ਨੂੰ ਸਾਰੀ ਉਮਰ ਨਹੀਂ ਭਰ ਸਕਦਾ .ਜੋ ਪਹਲਾ ਪਿਆਰ ਹੁੰਦਾ ਹੈ, ਉਸ ਨੂੰ ਮੁੜ ਹਾਸਲ ਕਰਨਾ ਮਿਰਗ ਤ੍ਰਿਸ਼ਨਾ ਹੋ ਕੇ ਰਹਿ ਜਾਂਦੀ ਹੈ .

  ReplyDelete
 4. ਮੇਰਾ ਨਿੱਜੀ ਵਿਚਾਰ:'ਸੱਖਣੀ ਰੂਹ' ਮਿੰਨੀ ਕਹਾਣੀ

  'ਸੱਖਣੀ ਰੂਹ' ਮਿੰਨੀ ਕਹਾਣੀ ਦਾ ਵਿਸ਼ਾ ਤਲਾਕ ਉਧਾਲੇ ਘੁੰਮਦਾ ਹੈ,ਜਿਸ ਦੇ ਦੋ ਮੁੱਖ ਕਾਰਨ ਉੱਭਰ ਕੇ ਸਾਹਮਣੇ ਆਏ ਹਨ। ਇੱਕ ਅਮੀਰ ਹੋਣ ਦੀ ਪ੍ਰਬਲ ਲਾਲਸਾ-'ਪੈਸੇ ਦੀ ਅਮੁੱਕ ਦੌੜ' ਅਤੇ ਇਸ ਦੇ ਨਾਲ ਹਾਵੀ ਹੋਇਆ 'ਨਿਰਦਈਪੁਣਾ' । ਦੂਜਾ 'ਬੇਵਫ਼ਾਈ ਸਾਹਵੇਂ ਸਭ ਕੁੱਝ ਬਿਖਰ' ਜਾਣਾ। ਜਿੱਥੋਂ ਤਕ ਆਰਥਿਕਤਾ ਦਾ ਮਸਲਾ ਹੈ,ਉਹ ਤਾਂ ਕਹਾਣੀ ਤੋਂ ਸਿੱਧ ਹੋ ਜਾਂਦਾ ਹੈ ਕਿ ਇਹ ਦੋਵੇਂ ਪਤੀ ਪਤਨੀ ਇੱਕੋ ਫ਼ੈਕਟਰੀ ਵਿਚ ਕੰਮ ਕਰਦੇ ਹਨ ਅਤੇ ਆਪਣੀ ਯਥਾ ਸ਼ਕਤੀ ਅਨੁਸਾਰ ਪਰਵਾਰ ਦਾ ਜੀਵਨ ਪੱਧਰ ਸੁਪਨਿਆਂ ਤੋ ਕਿਤੇ ਉੱਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦਾ ਦੂਜਾ ਮੰਦ-ਭਾਗਾ ਕਾਰਨ ਪਤੀ ਵਲੋਂ 'ਬੇਵਫ਼ਾਈ' ਹੈ, ਜੋ ਕੋਈ ਵੀ ਪਤਨੀ ਸਹਿਣ ਨਹੀਂ ਕਰ ਸਕਦੀ। ਬੇਵਫ਼ਾਈ ਅਤੇ ਵਿੱਤੀ ਉਥਲ-ਪੁਥਲ ਨੇ ਦੋਹਾਂ ਨੂੰ ਤਲਾਕ ਲੈਣ ਦੇ ਰਾਹ ਤੇ ਤੋਰ ਦਿੱਤਾ।

  ਇਨ੍ਹਾਂ ਘਟਨਾਵਾਂ ਕਾਰਨਾਂ ਵਿਆਹੁਤਾ ਜੀਵਨ ਵਿਚ ਤਲਾਕ ਜਿਹੀ ਦੁਖੀ ਘਟਨਾ ਵਰਤੀ। ਪਤਨੀ ਦੇ ਮਨ ਵਿਚ ਭਾਵਨਾਤਮਕ ਤੌਰ ਤੇ ਸਹਿ-ਭਾਗੀਆਂ ਤੋਂ ਦੂਰੀਆਂ ਦਾ ਵਧਣਾ ਅਤੇ ਵਿਹਾਰਕ ਪਹਿਲੂਆਂ ਦੇ ਅਸਰ ਹੇਠ ਜਜ਼ਬਾਤੀ ਨਿਰਾਸ਼ਾਵਾਂ ਦਾ ਅਨੁਭਵ ਹੋਣਾ,ਸੋਨ- ਸੁਪਨਿਆਂ ਦਾ ਟੁੱਟਣਾ,ਆਪਸੀ ਪਰਿਵਾਰ ਦੀ ਘਟੀਆ ਗਤੀਸ਼ੀਲਤਾ ਨੂੰ ਤਲਾਕ ਦੀ ਪ੍ਰਕਿਰਿਆ ਤਕ ਲਿਜਾਣਾ ਜ਼ਰੂਰੀ ਹੋ ਗਿਆ ਸੀ।

  ਮਨਾਂ ਵਿਚ ਗ਼ੁੱਸਾ, ਧਮਕੀਆਂ ਰਾਹੀਂ ਦਿਖਾਇਆ ਜਾਣਾ,ਇਹ ਸਭ ਕੁੱਝ ਮਨੋਵਿਗਿਆਨਕ ਸਦਮੇ ਦਾ ਕਾਰਨ ਬਣੇ। ਤ੍ਰਾਸਦੀਪਨ ਦਾ ਅਨੁਭਵ ਤਾਂ ਉਸ ਵੇਲੇ ਸਿਖਰ ਛੂੰਹਦਾ ਹੈ,ਜਦ ਉਹਨੇ 'ਹਥਲਾ ਚਾਕੂ ਵਗਾਹ' ਮਾਰਿਆ। ਇਸ ਵੇਲੇ ਨਕਾਰਾਤਮਿਕ ਭਾਵਨਾਵਾਂ ਮਨ ਵਿਚ ਪ੍ਰਗਟ ਹੋ ਚੁੱਕੀਆਂ ਸਨ ਜਿਵੇਂ ਕਿ ਸਵੈ-ਸੰਦੇਹ, ਅਨਿਸ਼ਚਿਤਤਾ,ਡਰ ਅਤੇ ਇਕੱਲਤਾ,'ਰੂਹਾਂ ਦਾ ਸੱਖਣਾਪਣ',ਜੋ ਜੀਵਨ ਸ਼ੈਲੀ ਲਈ ਮਾਰੂ ਬਣ ਗਿਆ।

  'ਸੱਖਣੀ ਰੂਹ' ਮਿੰਨੀ ਕਹਾਣੀ ਤਲਾਕਸ਼ੁਦਾ ਵਿਆਹੁਤਾ ਜੀਵਨ ਉੱਤੇ ਬਹੁਤ ਡੁੰਗੀ ਵਿਚਾਰ ਅਤੇ ਸੁੰਦਰ ਕਲਾਤਮਿਕ ਰੂਪਕ ਵਧੀ ਰਾਹੀਂ ਲਿਖੀ ਗਈ ਹੈ,ਜੋ ਰਿਸ਼ਤਾ ਖ਼ਤਮ ਹੋਣ ਉਪਰੰਤ ਮਾਨਸਿਕ ਅਤੇ ਵਿਰੋਧੀ ਵਖਰੇਵਾਂ ਨਾਲ ਭਰੀ ਹੋਈ ਤਸਵੀਰ ਦਿਖਾਉਂਦੀ ਹੈ, ਜਿਸ ਲਈ ਡਾ ਹਰਦੀਪ ਕੌਰ ਸੰਧੂ,ਆਪਣੀ ਇਸ ਕਲਾ ਵਿਚ ਪ੍ਰਬੀਨ ਹੈ।
  -0-
  ਸੁਰਜੀਤ ਸਿੰਘ ਭੁੱਲਰ- 03-11-2017

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ