ਲੱਖੀ ਮਾਸਟਰ ਕੁੜਤਾ - ਪਜਾਮਾ ਪਾਉਂਦਾ ਸੀ। ਅੱਧਖੜ ਉਮਰ ਦਾ ਲੱਗਦਾਸੀ। ਸਿੱਧਾ ਜਿਹਾ , ਗਰੀਬੜਾ ਜਿਹਾ | ਵੱਡੇ ਹੋਏ ਤਾਂ ਜਾ ਕੇ ਪਤਾ ਲੱਗਾ ਕਿ ਉਸ ਸਮੇਂ ਮਾਸਟਰਾਂ ਦੀ ਆਰਥਿਕ ਹਾਲਤ ਬੜੀ ਮਾੜੀ ਹੁੰਦੀ ਸੀ ਅਤੇ ਤਨਖਾਹ ਬਹੁਤ ਮਾਮੂਲੀ ਜਹੀ | ਉਹ ਰੋਜ਼ ਸ਼ਾਮ ਨੂੰ ਸਾਡੇ ਘਰ ਆਉਂਦਾ। ਉਸ ਦੇ ਹੱਥ ਵਿੱਚ ਇੱਕ ਗੜਵੀ ਹੁੰਦੀ ਸੀ। ਮੇਰੇ ਘਰ ਵਾਲੇ ਉਸ ਨੂੰ ਬੈਠਕ ਵਿੱਚ ਬਿਠਾਉਂਦੇ। ਉਹ ਮੈਨੂੰ ਆਵਾਜ਼ ਮਾਰਦਾ। ਮੈਂ ਕਿਤਾਬ /ਕਾਇਦਾ ਲੈ ਕੇ ਉਸ ਕੋਲ ਆ ਖੜਾ ਹੁੰਦਾ | ਮੈਨੂੰ ਕੁਝ ਸਮੇਂ ਪੜਾਉਂਦਾ। ਮੈਂ ਕੀ ਪੜਦਾ ਅਤੇ ਉਹ ਕੀ ਪੜਾਉਂਦਾ ,ਮੇਰੇ ਦਿਮਾਗ ਵਿੱਚੋਂ ਸਭ ਮਿਟ ਚੁੱਕਿਆ ਹੈ। ਬੱਸ ਐਨਾ ਯਾਦ ਹੈ ਕਿ ਮੇਰੇ ਘਰ ਵਾਲੇ ਉਸ ਸਾਹਮਣੇ ਇੱਕ ਲੱਸੀ ਦੀ ਵੱਡਾ ਗਲਾਸ ਰੱਖਦੇ , ਜੋ ਉਹ ਪੀ ਜਾਂਦਾ ਅਤੇ ਨਾਲ ਲਿਆਂਦੀ ਗੜਵੀ ਲੱਸੀ ਨਾਲ ਭਰਵਾ ਕੇ ਲੈ ਜਾਂਦਾ । ਇਹ ਉਸ ਦਾ ਘਰ ਆ ਕੇ ਮੈਨੂੰ ਪੜਾਉਣ ਦਾ ਅਤੇ ਸਕੂਲ ਵਿੱਚ ਮੇਰਾ ਲਿਹਾਜ਼ ਅਤੇ ਖਿਆਲ ਰੱਖਣ ਦਾ ਮਿਹਨਤਾਨਾ ਸੀ । ਜੋ ਵੀ ਮੈਂ ਦੇਸ਼ ਦੀ ਵੰਡ ਤੋਂ ਪਹਿਲਾਂ ਪੜਿਆ ,ਸਭ ਵੰਡ ਦੇ ਨਾਲ ਹੀ ਨਸ਼ਟ ਹੋ ਗਿਆ ਕਿਉਂਕਿ ਸ਼ਰਨਾਰਥੀ ਬਣਨ ਤੋਂ ਬਾਅਦ ਮੈਂ ਫਿਰ ਪਹਿਲੀ ਜਮਾਤ ਵਿੱਚ ਹੀ ਦਾਖਲ ਹੋਇਆ । ਲੱਖੀ ਮਾਸਟਰ ਅਤੇ ਉਸ ਦੀ ਲੱਸੀ ਅਜੇ ਤੱਕ ਯਾਦ ਹੈ ।
ਦਿਲਜੋਧ ਸਿੰਘ
ਵਿਸਕਾਨਸਿਨ ਅਮਰੀਕਾ
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।
ਬਾਈ ਜੀ , ਮੈਨੂੰ ਭੀ ਬਸ ਕੁਛ ਕੁਛ ਹੀ ਯਾਦ ਹੈ . ਅਲਫ ਬੇ ਹੀ ਪੜਿਆ ਸੀ ਜਾਂ ਆਜਾ ਪਿਆਰੀ ਚਿੜਿਆ ਆ ਜਾ ਚੂੰ ਚੂੰ ਕਰਕੇ ਗੀਤ ਸੁਨਾ ਜਾ ਅਤੇ ਬਾਦ ਵਿਚ ਇੰਨਾ ਯਾਦ ਹੈ ਕਿ ਪੰਜਾਬੀ ਸ਼ੁਰੂ ਹੋ ਗਈ . ਮੁਸਲਮਾਨਾ ਦੇ ਕਾਫੀ ਘਰ ਸਾਡੇ ਮੁਹੱਲੇ ਵਿਚ ਸਨ .ਕੁਛ ਜੁਲਾਹੇ ਸਨ ਇਕ ਤੇਲੀ ਤੇਲ ਕਢਦਾ ਹੁੰਦਾ ਸੀ . ਮੇਰੇ ਬਾਬਾ ਜੀ ਅਤੇ ਗੁਲਾਮ ਨਬੀ ਦਾ ਸਾਂਝਾ ਖੂਹ ਸੀ . ਪਾਕਿਸਤਾਨ ਨੂੰ ਜਾਂਦੇ ਹੋਏ ਮੁਸਲਮਾਨ ਔਰਤਾਂ ਤੇ ਬਚਿਆਂ ਦਾ ਗੜਿਆਂ ਤੇ ਬੈਠਾ ਕਾਰਵਾਂ ਮੈਨੇ ਖੁਦ ਦੇਖਿਆ ਸੀ ਅਤੇ ਉਹ ਔਖੇ ਵੇਲੇ ਜਦ ਲੋਕੀ ਆਪਣੇ ਆਪਣੇ ਟਰੰਕ ਲੈ ਕੇ ਬੈਠੇ ਹੁੰਦੇ ਸਨ ਅਤੇ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਸੀ ਕਿ ਕਿਥੇ ਜਾਣਾ ਹੈ . ਬਾਈ ਉਹ ਸਮੇਂ ਬਹੁਤ ਬੁਰੇ ਸਨ .
ReplyDelete