ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Aug 2018

ਪ੍ਰਾਹੁਣਾ ਬਾਪੂ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Related image
ਬਾਪੂ ਆਪਣੀ ਜ਼ਿੰਦਗੀ ਦੀ ਲੱਗਭੱਗ ਪੌਣੀ ਸਦੀ ਵਿਹਾ ਚੁੱਕਿਆ ਸੀ। ਉਸ ਨੇ ਜ਼ਿੰਦਗੀ ਦੇ ਕੌੜੇ ਸੱਚ ਤੇ ਤਲਖ਼ ਤਜ਼ਰਬਿਆਂ 'ਚੋਂ ਕਈ ਰੰਗ ਰੂਪ ਬਦਲਦੇ ਦੇਖੇ ਸਨ। ਆਪਣੀ ਜੀਵਨ ਸਾਥਣ ਦੇ ਛੇਤੀ ਤੁਰ ਜਾਣ ਤੋਂ ਸਿਵਾਏ ਉਸ ਨੂੰ ਜ਼ਿੰਦਗੀ ਤੋਂ ਕੋਈ ਸ਼ਿਕਵਾ ਵੀ ਨਹੀਂ ਸੀ।ਬੇਵਕਤ ਵਿਛੜੀ ਆਪਣੀ ਹਮਸਫ਼ਰ ਨਾਲ਼ ਕਦੇ ਕਦੇ ਉਹ ਆਪ ਮਤੇ ਜਿਹੇ ਗੱਲੀਂ ਲੱਗ ਜਾਂਦਾ ," ਭਾਗਵਾਨੇ ! ਮੈਂ ਖੁਸ਼ ਹਾਂ। ਰੱਬ ਨੇ ਆਪਾਂ ਨੂੰ ਕਿਸੇ ਪਾਸਿਓਂ ਵੀ ਤੋੜ ਨੀ ਸੀ ਹੋਣ ਦਿੱਤੀ । ਦੋ ਧੀਆਂ ਮਗਰੋਂ ਪੁੱਤ ਦੀ ਸੁੱਖ ਵੀ ਪੂਰੀ ਕੀਤੀ। ਪੜ੍ਹਾ -ਲਿਖਾਤੇ, ਆਪੋ ਆਪਣੇ ਘਰ ਰੰਗੀ ਵੱਸਦੇ ਸੋਹਣਾ ਕਮਾਉਂਦੇ ਖਾਂਦੇ ਨੇ ਹੁਣ।" 
ਰੱਬ ਦੀ ਰਹਿਮਤ ਤੇ ਆਪਣੀ ਮਿਹਨਤ ਸਦਕਾ ਉਮੀਦਾਂ ਦੇ ਲਾਏ ਬੂਟਿਆਂ ਨੂੰ ਮੋਹ ਨਾਲ਼ ਸਿੰਜਦਿਆਂ ਇੱਟਾਂ ਪੱਥਰਾਂ ਦੇ ਮਕਾਨ ਨੂੰ ਉਸ ਨੇ ਘਰ ਬਣਾ ਲਿਆ ਸੀ । ਪਰ ਨਵੀਂ ਪੌਦ ਦੀ ਸੋਚ ਦੇ ਮੇਚੇ ਪਤਾ ਨਹੀਂ ਬਾਪੂ ਦਾ ਘਰ ਨੀ ਆਇਆ ਜਾਂ ਖੁਦ ਬਾਪੂ। ਗੱਲ ਗੱਲ 'ਤੇ ਹੁੰਦੀ ਨੋਕ-ਝੋਕ ਨੂੰ ਕੋਪਿਤ ਹੁੰਦਿਆਂ ਬਿੰਦ ਲੱਗਦਾ ਪਰ ਉਹ ਗੁੱਸੇ ਨੂੰ ਅੰਦਰੋਂ ਅੰਦਰੀ ਪੀ ਜਾਂਦਾ। ਆਪਸੀ ਤਕਰਾਰ 'ਚ ਪਿਸ ਰਹੇ ਉਸ ਦੇ ਬੁਢਾਪੇ ਨੂੰ ਬਚਾਉਣ ਲਈ ਧੀਆਂ ਆਪਣੇ ਨਾਲ਼ ਲੈ ਗਈਆਂ।ਹੱਡੀਂ ਹੰਢਾਏ ਦੁੱਖਾਂ ਤੋਂ ਬਾਦ ਜਦੋਂ ਦਿਨ ਸੁਖਾਲ਼ੇ ਆਏ ਤਾਂ ਉਹ ਖੁਦ ਦੋ ਘਰਾਂ ਦਾ ਪ੍ਰਾਹੁਣਾ ਬਣ ਗਿਆ। ਧੀਆਂ ਰੱਬ ਜੇਈਆਂ ਮੰਨਣ ਵਾਲ਼ਾ ਬਾਪੂ ਗੱਲ ਟਾਲ਼ ਨਾ ਸਕਿਆ," ਉਹ ਤਾਂ ਮੈਨੂੰ ਕੋਈ ਔਖ ਨੀ ਹੋਣ ਦਿੰਦੀਆਂ।ਬਥੇਰਾ ਸਾਂਭਦੀਆਂ ਨੇ ਮੈਨੂੰ।ਕਦੇ ਇੱਕ ਲੈ ਜਾਂਦੀ ਆ ਤੇ ਕਦੇ ਦੂਜੀ। ਏਹ ਅਮੁੱਕ ਵਾਟ ਤਾਂ ਹੁਣ ਹੱਡਾਂ ਨਾਲ਼ ਈ ਮੁੱਕਣੀ ਆ ਪਰ ਲੋਕ ਨੀ ਟਲ਼ਦੇ ਏਸ ਦੀ ਤਾਬ ਨੂੰ ਹੋਰ ਤੀਖਣ ਕਰਨੋਂ।" ਧੀਆਂ ਦੇ ਘਰ ਦਾ ਪਾਣੀ ਪੀਣ ਵਰਗੇ ਗੁਨਾਹ ਤੋਂ ਪਤਾ ਨਹੀਂ ਲੋਕ ਕਦੋਂ ਮੁਕਤ ਹੋਣਗੇ ? 
 ਡਾ. ਹਰਦੀਪ ਕੌਰ ਸੰਧੂ 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ