ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Feb 2016

ਉਸ ਦੀ ਦੁਨੀਆਂ (ਚੋਕਾ)

ਖੇਤੋਂ ਮੁੜਕੇ
ਆਪਣੇ ਘਰ ਵੱਲ
ਮੈਂ ਤੁਰਿਆ ਸੀ
ਪਿੰਡ ਦੀ ਫਿਰਨੀ 'ਤੇ
ਓਹ ਬੈਠੀ ਸੀ
ਪਤਾ ਨਹੀਂ ਕਿਹੜੀ 
ਸੋਚ 'ਚ ਡੁੱਬੀ
ਡੱਕੇ ਨਾਲ ਵਾਹੁੰਦੀ
ਧਰਤੀ ਉੱਤੇ
ਘੁੱਗੂ- ਘਾਂਗੜੇ ਜਿਹੇ
ਗੁੰਮ ਸੁੰਮ ਜੀ
ਨਾ ਆਲੇ ਦੁਆਲੇ ਦੀ
ਕੋਈ ਖਬਰ
ਇੰਝ ਲੱਗਿਆ ਜਿਵੇਂ
ਦੋ ਪਲਾਂ ਵਿੱਚ
ਭਰ ਅੱਖਾਂ 'ਚ ਪਾਣੀ
ਓਹ ਰੋਵੇਗੀ
ਤੇ ਥਰਕਦੇ ਬੁੱਲ੍ਹ
ਮੁਸਕਰਾਹਟ
ਬਾਹਰ  ਸੁੱਟਣਗੇ
ਖੜਕੇ ਉਥੇ 
ਲੱਗਿਆ ਮੈਂ ਸੋਚਣ 
ਓਹ ਦੁਨੀਆਂ 
ਕਿਹੋ ਜਿਹੀ ਹੋਵੇਗੀ 
ਖੁਸ਼ੀਆਂ ਭਰੀ
ਜਾਂ ਪੀੜਾਂ ਦਾ ਪਰਾਗਾ
ਕੌਣ ਹੋਊਗਾ 
ਜੀਹਦੇ  ਨਾਲ ਹੋਊ 
ਇਹ ਵੰਡਦੀ
ਆਪਣੀਆਂ ਖੁਸੀਆਂ
ਤੇ ਅਪਣਾ ਦਰਦ|

ਹਰਜਿੰਦਰ ਢੀਂਡਸਾ 
(ਕੈਨਬਰਾ)

11 Feb 2016

ਕਾਂ,ਚਿੜੀਆਂ ਅਤੇ ਧੁੱਪ (ਸੇਦੋਕਾ )

1.
ਵਾਣ ਦੀ ਮੰਜੀ
ਟੁੱਟੀ ਦੌਣ ਤੇ ਢਿੱਲੀ
ਧੁੱਪੇ ਪਈ ਸੜਦੀ
ਢਿੱਲੀ ਹੀਹ 'ਤੇ
ਚੁੱਪ ਇੱਕ ਕਾਂ ਬੈਠਾ
ਪਿਆ ਸਮੇਂ ਨੂੰ  ਕੋਸੇ ।
2.
ਤਿੰਨ ਚਿੜੀਆਂ
ਵਿਹੜੇ 'ਚ ਖੇਡਣ
ਚੋਗਾ ਵੀ ਲੱਭਦੀਆਂ
ਸੁੰਨਾ ਵਿਹੜਾ
ਕੌਣ ਚੋਗ ਚੁਗਾਵੇ
ਮਾਰੀ ਦੂਰ ਉਡਾਰੀ ।
3.
ਕੋਸੀ ਹੈ ਧੁੱਪ
ਵਿਹੜੇ ਦੀਆਂ ਕੰਧਾਂ
ਧੁੱਪ ਨੇ ਸੇਕਦੀਆਂ
ਹਵਾ ਦਾ ਬੁੱਲ੍ਹਾ
ਵਿਹੜੇ 'ਚ ਵੜਿਆ
ਕੰਧਾਂ ਨਾਲ ਖਹਿੰਦਾ ।

ਦਿਲਜੋਧ ਸਿੰਘ 
(ਨਵੀਂ ਦਿੱਲੀ)
ਨੋਟ: ਇਹ ਪੋਸਟ ਹੁਣ ਤੱਕ 46 ਵਾਰ ਪੜ੍ਹੀ ਗਈ

9 Feb 2016

ਲਾਚਾਰ ਬਾਪੂ

ਸਵੇਰ ਦੀ ਲਾਲੀ ਬੜੀ ਮਨਮੋਹਿਤ ਲੱਗ ਰਹੀ ਸੀ। ਨਾਜਰ ਸਿੰਓ ਹੌਲੀ -ਹੌਲੀ ਤੁਰਦਾ ਆਪਣੇ ਖੇਤਾਂ ਨੂੰ ਜਾ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਇੱਕ ਕੁੜੀ ਵੱਲ ਗਈ  ਜੋ ਬਜ਼ੁਰਗਾਂ ਨੂੰ ਆਸ਼ਰਮ 'ਚ ਸੈਰ ਕਰਵਾ ਰਹੀ ਸੀ। 'ਬਾਪੂ ਜੀ ਆਜੋ...ਤੁਸੀਂ ਵੀ ੲਿੱਥੇ ਬੈਠ ਕੇ ਮਿੱਠੀ ਧੁੱਪ ਦਾ ਨਜ਼ਾਰਾ ਲੈ ਲਵੋ', ਕੁੜੀ ਨੇ ਇੱਕ ਬਜ਼ੁਰਗ ਨੂੰ ਬੈਂਚ 'ਤੇ ਬਠਾਉਂਦੇ ਹੋੲੇ ਨਾਜਰ ਸਿੰਓ ਨੂੰ ਕਿਹਾ। 'ਜਿਉਂਦੀ ਰਹਿ ਧੀੲੇ', ਲੰਬਾ ਹਉਕਾ ਲੈਂਦਿਆਂ ਨਾਜਰ ਸਿੰਓ ਬੋਲਿਆ। 
      ਪਿੰਡ ਦੀ ਫਿਰਨੀ ਤੋਂ ਦੁੱਗ-ਦੁੱਗ..ਗ..ਗ ਦੀ 'ਵਾਜ਼ ਸੁਣਾੲੀ ਦਿੱਤੀ। 'ਬਾਪੂ ਅੱਜ ਤੋਂ ਤੇਰਾ ਘਰ-ਬਾਰ ਆ ਹੀ ੲੇ।' ਕਿਉਂ ਵੀਰ ਜੀ ਬਾਪੂ ਤੁਹਾਨੂੰ ਤੰਗੀ ਦਿੰਦਾ ਆ? ਮੋਟਰਸਾਈਕਲ ਨੂੰ ਇੱਕ ਪਾਸੇ ਖੜ੍ਹਾ ਕਰਕੇ ਉਹ ਕੁੜੀ ਕੋਲ ਆ ਕੇ ਬੋਲਿਆ " ਨੀ ਕੁੜੀੲੇ ਤੰਗੀ ਨ੍ਹੀਂ ਤਾਂ ਹੋਰ ਕੀ .....ਨਾਲੇ ਅਸੀਂ ਕਿਹੜਾ ਬੁੜੇ ਤੋਂ ਮੁੱਢ ਚਿਰਾਉਣੇ ਆ, ਵਿਹਲਾ ਖਰਚੇ ਦਾ ਘਰ ਹੀ ਤਾਂ ੲੇ। ਆ ਸਾਂਭ ਲੈ ਜੇ ਤੈਥੌਂ ਸੰਭਲਦਾ ਤਾਂ'। 
             ਆਸ਼ਰਮ ਦੇ ਗੇਟ ਕੋਲੇ ਖੜ੍ਹਾ ਨਾਜਰ ਅੰਦਰ ਹੁੰਦੀ ਘੁਸਰ-ਮੁਸਰ ਸੁਣਦਿਆਂ ਹੀ ਅੰਦਰੋਂ-ਅੰਦਰੀ ਪਿਸਦਾ ਜਾ ਰਿਹਾ ਸੀ। 
ਤ੍ਰੇਲੀ ਸਵੇਰ -
ਅੱਖਾਂ ਭਰ ਆਇਆ 
ਲਾਚਾਰ ਬਾਪੂ। 
ਅੰਮ੍ਰਿਤ ਰਾਏ (ਪਾਲੀ)
ਫਾਜ਼ਿਲਕਾ 

ਨੋਟ: ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ

6 Feb 2016

ਉਮਰਾਂ ਦਾ ਹਾਸਾ

       ਢਲਦੀ ਦੁਪਹਿਰ ਨੂੰ ਉੱਚੇ ਅੰਬਰੀਂ ਛਾਏ ਸੁਰਮਈ ਬੱਦਲਾਂ 'ਚੋਂ -ਕਦੇ ਕਦੇ ਸੂਰਜ ਵੀ ਝਾਤੀ ਮਾਰ ਜਾਂਦਾ ਸੀ। ਏਸ ਅਲਬੇਲੇ ਜਿਹੇ ਮੌਸਮ ਵਿੱਚ ਅਸੀਂ ਚਾਰੋ ਜਣੇ ਆਪਣੀਆਂ ਬੇੜੀਆਂ ਤੇ ਚੱਪੂਆਂ ਸਮੇਤ ਨਦੀ ਕਿਨਾਰੇ ਜਾ ਪੁੱਜੇ ਸੀ। ਸ਼ਹਿਰ ਦੇ ਨਾਲ ਖਹਿ ਕੇ ਵਗਦੀ ਏਸ ਨਦੀ ਦੇ ਪਾਣੀਆਂ 'ਚ ਸ਼ਰਬਤੀ ਰੰਗ ਘੁਲੇ ਲੱਗਦੇ ਸਨ। ਮਸਤ ਹੋਏ ਪਰਿੰਦੇ ਆਜ਼ਾਦ ਪੌਣਾਂ 'ਚ ਕੁਦਰਤ ਦੀ ਵਡਿਆਈ ਦੇ ਗੀਤ ਗਾਉਂਦੇ ਜਾਪਦੇ ਸਨ। ਸੂਰਜੀ ਪਿਆਲੇ 'ਚੋਂ ਡੁੱਲ੍ਹਦੀ ਲਾਲੀ ਦੀ ਲਿਸ਼ਕੋਰ 'ਚ ਚਿਲਕਦਾ ਪਾਣੀ ਏਸ ਮਨਮੋਹਣੀ ਕਾਇਨਾਤ ਨੂੰ ਹੋਰ ਵੀ ਰੰਗਲਾ ਬਣਾ ਰਿਹਾ ਸੀ।
          ਲਾਈਫ ਜੈਕਟਾਂ ਪਾ ਕੇ ਇੱਕ ਬੇੜੀ 'ਚ ਅਸੀਂ ਦੋਵੇਂ ਮਾਂ -ਪੁੱਤ ਤੇ ਦੂਜੀ 'ਚ ਓਹ ਦੋਵੇਂ ਪਿਓ -ਧੀ ਸਵਾਰ ਹੋ ਗਏ। ਖੁੱਲ੍ਹਾ -ਡੁੱਲ੍ਹਾ ਮਾਹੌਲ ਸੀ। ਇੱਕ ਦੂਜੇ ਦੇ ਮਨ ਦੀਆਂ ਅਣਕਹੀਆਂ ਗੱਲਾਂ ਸਮਝਣ ਤੇ ਰਿਸ਼ਤਿਆਂ ਦਾ ਨਿੱਘ ਮਾਨਣ ਦਾ ਸਮਾਂ। ਅਸੀਂ ਆਪੂੰ ਚੱਪੂ ਮਾਰ ਡੂੰਘੇ ਪਾਣੀਆਂ 'ਚ ਉਤਰਨਾ ਸੀ। ਮੇਰੇ ਜਿੰਮੇ ਬੇੜੀ ਨੂੰ ਸਿਰਫ਼ ਅਗਾਂਹ ਧਕੇਲਣਾ ਸੀ ਤੇ ਮੇਰਾ ਬੇਟਾ ਬੇੜੀ ਨੂੰ ਸਹੀ ਸੇਧ ਤੇ ਦਿਸ਼ਾ 'ਚ ਰੱਖ ਰਿਹਾ ਸੀ। ਫੱਗਣ ਦੀ ਧੁੱਪ ਵਾਂਗੂ ਖਿੜਿਆ ਉਹ ਨਾਲੋ -ਨਾਲ ਬੜੀ ਸਹਿਜਤਾ ਨਾਲ ਬੇੜੀ ਨੂੰ ਆਪਣੇ ਕਾਬੂ 'ਚ ਰੱਖਣ ਬਾਰੇ ਵੀ ਮੈਨੂੰ ਦੱਸਦਾ ਜਾ ਰਿਹਾ ਸੀ।  ਮੈਂ ਨਿਗ੍ਹਾ ਘੁਮਾ ਕੇ ਸਾਹਮਣੇ ਦੇਖਿਆ। ਦੂਜੀ ਬੇੜੀ ਸਾਡੇ ਤੋਂ ਕਾਫ਼ੀ ਦੁਰੇਡੇ ਜਾ ਚੁੱਕੀ ਸੀ। ਪਰ ਸਾਡੇ ਵਾਲੀ ਬੇੜੀ ਸਾਡੇ ਹਾਸੇ ਦੇ ਟੋਟਿਆਂ ਦੀ ਘੁੰਮਣਘੇਰੀ 'ਚ ਉਲਝੀ ਇੱਕੋ ਜਗ੍ਹਾ ਗੋਲ -ਗੋਲ ਘੁੰਮੀ ਜਾ ਰਹੀ ਸੀ। 
       ਕਹਿੰਦੇ ਨੇ ਕਿ ਕੁਦਰਤ ਉਹਨਾਂ ਦਾ ਸਾਥ ਦੇ ਹੀ ਦਿੰਦੀ ਹੈ ਜੋ ਹਰ ਹੀਲੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਦ੍ਰਿੜ ਰਹਿੰਦੇ ਨੇ। ਹੁਣ ਸਾਡੀ ਬੇੜੀ ਸਾਡੇ ਕਾਬੂ 'ਚ ਸੀ ਪਰ ਹਾਸਾ ਅਜੇ ਵੀ ਬੇ -ਕਾਬੂ। "ਚੱਲੋ ਪਾਪਾ ਤੇ ਨਿਕੜੀ ਤੋਂ ਮੂਹਰੇ ਨਿਕਲੀਏ, " ਉਸ ਦੀਆਂ ਅੱਖਾਂ 'ਚ ਸ਼ਰਾਰਤ ਤੇ ਬੋਲਾਂ 'ਚ ਧੁੱਪ ਰੰਗਾ ਹਾਸਾ ਸੀ। ਪਾਣੀ ਦੀਆਂ ਲਹਿਰਾਂ ਨੂੰ ਚੱਪੂਆਂ ਦੀ ਆਵਾਜ਼ ਤਾਲ ਦੇ ਰਹੀ ਸੀ। ਅਗਲੇ ਕੁਝ ਪਲਾਂ ਬਾਅਦ ਸਾਡੀਆਂ ਬੇੜੀਆਂ ਇੱਕ -ਦੂਜੇ ਦੇ ਨਾਲੋ -ਨਾਲ ਜਾ ਰਹੀਆਂ ਸਨ। ਖੁਸ਼ੀਆਂ ਭਰੇ ਸ਼ਰਬਤੀ ਵੇਲੇ ਨੇ ਅੱਖਾਂ ਸਾਹਵੇਂ ਸੂਹੇ ਰੰਗ ਬਿਖੇਰ ਦਿੱਤੇ ਸਨ। 
       ਨਦੀ ਕਿਨਾਰੇ ਲੱਗੇ ਰੁੱਖਾਂ ਦੇ ਅਕਸ ਪਾਣੀ ਦੀਆਂ ਤਰੰਗਾਂ ਸੰਗ ਨੱਚਦੇ ਪ੍ਰਤੀਤ ਹੋ ਰਹੇ ਸਨ। ਪਰਿੰਦਿਆਂ ਦੀਆਂ ਗੂੰਜਦੀਆਂ ਸੰਗੀਤਮਈ ਆਵਾਜ਼ਾਂ ਨੇ ਸਾਡੇ ਅੰਦਰ ਪਸਰੇ ਫਿਕਰਾਂ ਦੇ ਹਨ੍ਹੇਰਿਆਂ  ਨੂੰ ਚਾਨਣ ਨਾਲ ਭਰ ਦਿੱਤਾ ਸੀ। ਮੋਹ ਭਰੇ ਹਾਸਿਆਂ ਦੀ ਉਂਗਲ ਲੱਗ ਉਹਨਾਂ ਕੁਝ ਕੁ ਪਲਾਂ ਵਿੱਚ ਹੀ ਅਸੀਂ ਉਮਰਾਂ ਦਾ ਹਾਸਾ ਆਪਣੀ ਝੋਲੀ 'ਚ ਸਮੇਟ ਲਿਆਏ ਸਾਂ। ਜਿਸ ਨੂੰ ਯਾਦ ਕਰਦਿਆਂ ਅੱਜ ਵੀ ਮੇਰੇ ਸਾਹ ਜਿਉਣ ਵਰਗੇ ਅਹਿਸਾਸ ਨਾਲ ਧੜਕਣ ਲੱਗ ਜਾਂਦੇ ਨੇ। 

ਛਿਪਦੀ ਟਿੱਕੀ -
ਪਾਣੀ ਤੋਂ ਤਿਲਕਣ 
ਸੋਨ -ਕਿਰਨਾਂ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ

4 Feb 2016

ਬੂਟਾਂ ਵਿੱਚ ਸੋਚ

          ਪ੍ਰਾਇਮਰੀ ਸਕੂਲ ਵਿੱਚ ਉਹ ਇੱਕ ਸੌੜੀ ਸੋਚ ਵਾਲਾ ਅਧਿਆਪਕ ਹੈ। ਇੱਕ ਪਿੰਡ ਵਿੱਚ ਨੌਕਰੀ ਕਰ ਰਿਹਾ ਹੈ।ਵੇਖਣ ਪਾਖਣ  ਨੂੰ ਚੰਗਾ ਭਲਾ ਲੱਗਦਾ  ਹੈ। ਪਰ "ਅਕਲਾਂ ਬਾਜੋਂ ਖੂਹ ਖਾਲੀ" ਵਾਲੀ ਗੱਲ ਬਿਲਕੁਲ ਉਸ 'ਤੇ ਢੁੱਕਦੀ ਏ।ਰੱਬ ਦੀ ਕਰਨੀ ਕਿ ਉਸ ਦਾ ਵਿਆਹ ਇੱਕ ਪੜੀ ਲਿਖੀ ਕੁੜੀ ਨਾਲ ਹੋ ਗਿਆ। ਮੂਰਖਾਂ ਦਾ ਟੱਬਰ, ਕੁੜੀ ਮਾਰੇ ਮੱਥੇ ਨੂੰ ਹੱਥ। ਪਰ ਹੁਣ ਕੀ ਕਰ ਸਕਦੀ ਸੀ। ਗੱਲ ਪਿਆ ਢੋਲ ਤਾਂ ਵਜਾਉਣ ਹੀ ਸੀ।
              ਖੈਰ, ਕੁੜੀ ਪੜੀ -ਲਿਖੀ ਹੋਣ ਕਰਕੇ ਲਾਗੇ ਹੀ ਸਰਕਾਰੀ ਦਫਤਰ ਵਿਚ ਸਰਵਿਸ ਕਰਦੀ ਸੀ। ਇਸ ਲਈ ਪੈਸੇ ਧੇਲੇ ਵਲੋਂ ਨਿਰਭਰ ਨਹੀਂ ਸੀ। ਨਹੀਂ ਤਾਂ ਆਦਮੀ ਨੇਂਘ ਚੋਂ ਜੂੰ ਨਾ ਕੱਢੇ। ਜਮਾਂ ਈ ਕੰਜੂਸ। ਸੌੜੀ ਸੋਚ ਤੇ ਕੰਜੂਸੀ ਦਾ ਇੱਕ ਨਮੂਨਾ ਉਦੋਂ ਸਾਹਮਣੇ  ਆਇਆ ਜਦੋਂ ਉਸ ਦੇ ਤਿੰਨ  ਕੁ ਸਾਲ ਦੇ ਬੱਚੇ  ਦੇ ਪੁਰਾਣੇ ਬੂਟਾਂ ਦਾ ਸੱਜਾ ਬੂਟ ਕਿਤੇ ਗੁੰਮ ਹੋ ਗਿਆ। ਫਿਰ ਕੀ ਸੀ.....ਘਰ ਵਿਚ ਵੱਖਤ ਪੈ ਗਿਆ। ਸਾਰਾ ਘਰ ਫਰੋਲ ਮਾਰਿਆ। ਬੂਟ ਨਾ ਲੱਭਾ। ਬੰਦੇ ਨੇ ਅਕਲ ਦੌੜਾਈ  ਤੇ ਬੱਚੇ ਦਾ ਖੱਬਾ ਬੂਟ ਲੈ ਕੇ ਨਾਲ ਲੱਗਦੇ ਸ਼ਹਿਰ ਚਲਾ ਗਿਆ। ਹੱਥ ਵਿੱਚ ਖੱਬੇ ਬੂਟ  ਨੂੰ ਵਿਖਾ ਕੇ ਉਸ ਨਾਲ ਦਾ ਸੱਜਾ ਬੂਟ ਹਰ ਬੂਟਾਂ ਦੀ ਦੁਕਾਨ 'ਤੇ ਭਾਲਦਾ ਰਿਹਾ । ਦੁਕਾਨਦਾਰ ਉਸ ਦੀ ਮੂਰਖਤਾ 'ਤੇ ਹੱਸਦੇ  ਰਹੇ। ਪਰ ਉਸ 'ਤੇ ਕੋਈ ਅਸਰ ਨਾ ਹੁੰਦਾ। ਸਾਰਾ ਸ਼ਹਿਰ ਗਾਹ ਮਾਰਿਆ। ਬੂਟ ਕਿੱਥੋਂ ਲੱਭਣਾ ਸੀ ? ਸਾਰਾ ਦਿਨ ਮੂਰਖਤਾ ਦਾ ਤਮਾਸ਼ਾ ਕਰਕੇ ਘਰ ਦਾ ਬੁੱਧੂ ਘਰ ਨੂੰ ਆਇਆ ।

ਲੋਕੀਂ ਹੱਸਣ
ਬੁੱਧੂ ਕਰੇ ਤਮਾਸ਼ਾ
ਹੱਥ 'ਚ ਕਾਸਾ। 



ਇੰਜ: ਜੋਗਿੰਦਰ ਸਿੰਘ "ਥਿੰਦ"    
(ਸਿਡਨੀ )        

ਨੋਟ: ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ

2 Feb 2016

ਜ਼ਿੰਦਾਬਾਦ ਜ਼ਿੰਦਗੀ

1.

ਫੁੱਲ ਤੇ ਸੂਲਾਂ
ਇੱਕੋ ਟਹਿਣੀ ਯਾਰੋ
ਜ਼ਿੰਦਾਬਾਦ ਜ਼ਿੰਦਗੀ
ਸੂਰਜ ਚੰਨ
ਰੁੱਤਾਂ ਆਉਣ ਜਾਣ
ਬਦਲਾਅ ਜ਼ਿੰਦਗੀ ।

2.

ਤ੍ਰੇਲ ਤੁਪਕੇ
ਮੋਤੀ ਪਲ ਦੋ ਪਲ
ਸਜੇ ਪੱਤਿਆਂ ਮੱਥੇ
ਸੁੱਖ ਨੇ ਮੋਤੀ
ਜ਼ਿੰਦਗੀ ਮੱਥੇ ਜੜੇ
ਤ੍ਰੇਲ ਤੁਪਕੇ ਜਿਹੇ । 

ਬਾਜਵਾ ਸੁਖਵਿੰਦਰ
ਪਿੰਡ :ਮਹਿਮਦਪੁਰ 
ਜ਼ਿਲ੍ਹਾ :ਪਟਿਆਲਾ 
ਨੋਟ: ਇਹ ਪੋਸਟ ਹੁਣ ਤੱਕ 44 ਵਾਰ ਪੜ੍ਹੀ ਗਈ

1 Feb 2016

ਮੇਰਾ ਪੰਜਾਬ

1.
ਪਾਲਾ ਕੋਹੜੀ
ਵਿਹੜੇ 'ਚ ਲੋਹੜੀ
ਕੱਠੇ ਮਨਾਈ
ਅੱਗ ਸੇਕਦੇ ਖਾਧੀ 
ਮੂੰਗਫਲੀ ਤੇ ਰੋੜੀ। 

2.

ਮੇਰਾ ਪੰਜਾਬ
ਨਿੱਘਰਦਾ ਹੀ ਜਾਵੇ
ਕੋਈ ਨਾ ਸਾਂਭੇ
ਰਾਖਾ ਕੀ ਕਰੂ ਜਦ
ਵਾੜ ਖੇਤ ਨੂੰ ਖਾਵੇ। 


3.
ਦੇਸ ਪੰਜਾਬ 
ਦਲਦਲ ਫਸਿਆ 
ਕੌਣ ਬਚਾਊ 
ਰਾਜਾ ਵਜੀਰ ਚੋਰ 
ਅਰਜ਼ੀ ਸੁਣੂ ਕੌਣ। 

ਹਰਜਿੰਦਰ ਢੀਂਡਸਾ 
(ਕੈਨਬਰਾ )

ਨੋਟ: ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ