ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Sep 2014

ਰੋਂਦਾ ਕਸ਼ਮੀਰ

ਇਸ ਵਾਰ ਕਸ਼ਮੀਰ ਜਾਣ ਦਾ ਅਚਾਨਕ ਪ੍ਰੋਗਰਾਮ ਬਣ ਗਿਆ। ਸਖਤ ਗਰਮੀ 'ਚੋਂ ਨਿਕਲ ਕੇ ਆਇਆਂ ਨੂੰ  ਠੰਡੀ -ਠੰਡੀ ਹਵਾ ਦੇ ਬੁੱਲਿਆਂ ਨਾਲ ਸੱਚੀਂ ਹੀ ਕਸ਼ਮੀਰ ਦੀ ਸੁੰਦਰ ਘਾਟੀ ਸਵਰਗ ਜਾਪ ਰਹੀ ਸੀ। 

ਕਸ਼ਮੀਰ ਦੀ ਘਾਟੀ, ਘਾਟੀ ਦੀ ਨਦੀ, ਨਦੀ ਦੇ ਦੋਵੇਂ ਪਾਸੇ ਟੈਂਟ ਲੱਗੇ ਹੋਏ ਸਨ। ਟੈਂਟਾਂ 'ਚ ਰਹਿਣ ਦਾ ਆਪਣਾ ਹੀ ਮਜ਼ਾ ਸੀ । ਕਈ ਦਿਨਾਂ ਤੋਂ ਬਾਰਸ਼ ਦਾ ਮੌਸਮ ਬਣਿਆ ਹੋਇਆ ਸੀ....ਤੇ ਅਚਾਨਕ ਨਦੀ ਦਾ ਪਾਣੀ ਛੱਲਾਂ ਮਾਰਦਾ ਭਿਆਨਕ ਖੇਡਾਂ ਖੇਡਣ ਲੱਗਾ। ਟੈਂਟ ਛੱਡ ਅਸੀਂ ਕਿਸੇ ਸੁਰੱਖਿਅਤ ਥਾਂ ਦੀ ਭਾਲ 'ਚ ਚੱਲ ਪਏ। ਵੇਖਦੇ ਹੀ ਵੇਖਦੇ  ਤਵੀ ਨਦੀ ਦੇ ਜਲ ਦੀ ਕਿਆਮਤ ਨੇ ਵਾਦੀ ਦਾ ਦਾਮਨ ਲੀਰੋ -ਲੀਰ ਕਰ ਦਿੱਤਾ ਸੀ । ਅੱਜ ਫਿਰ ਲੁੱਟੀ ਗਈ ਕਸ਼ਮੀਰ ਦੀ ਧਰਤੀ। ਕੱਲ ਵੈਰੀਆਂ ਲਹੂ -ਲੁਹਾਣ ਕੀਤਾ ਸੀ ਅੱਜ ਰੱਬੀ ਕਹਿਰ ਵਰਸਿਆ ਏ।
ਅਹਿਲੇ ਹਿੰਦ ਦੀ ਮੁੰਦਰੀ ਦਾ ਨਗੀਨਾ ਜੰਮੂ -ਕਸ਼ਮੀਰ ਅੱਜ ਬਿਪਤਾ ਦੀ ਘੜੀ ਵਿੱਚ ਹੈ। ਸੁਰੱਖਿਆ  ਅਮਲੇ ਤੇ ਰਾਹਤ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੀਆਂ ਹਨ । ਕਸ਼ਮੀਰ ਯਾਤਰਾ ਨੂੰ ਅੱਧ -ਵਿਚਾਲੇ ਹੀ ਛੱਡ ਕੇ ਅਸੀਂ ਤਾਂ ਪੰਜਾਬ ਮੁੜ ਆਏ.....ਪਰ ਕਸ਼ਮੀਰ ਵਾਸੀਆਂ ਦੇ ਦਿਲੀ ਉੱਠਦੇ ਹੌਲ , ਹੌਕੇ ਅਤੇ ਹਾਵੇ ਪਤਾਲ ਤੱਕ ਗੂੰਜਦੇ ਨੇ ਤੇ ਅਸਮਾਨ ਤੱਕ ਸੁਣਦੇ ਨੇ।  ਕਈ ਪਿੰਡਾਂ ਦੇ ਨਿਸ਼ਾਨ ਤੱਕ ਮਿਟ ਗਏ ਨੇ। ਘਾਟੀ ਦੀ ਮਿੱਟੀ ਦੀ ਕੁਰਲਾਹਟ ਮੇਰੇ ਦਿਲ ਨੂੰ ਐਥੇ ਬੈਠੀ ਨੂੰ ਵੀ ਹੌਲ ਪਾ ਰਹੀ ਏ। ਆਓ ਅਸੀਂ ਦੇਸ਼ ਦੇ ਇਸ ਅਤਿ ਸੁੰਦਰ ਭੂਮੀ ਦੇ ਟੁਕੜੇ 'ਤੇ ਵਸਦੇ ਲੋਕਾਂ ਦੀ ਬਾਂਹ ਫੜੀਏ। 

ਵਾਦੀ ਦਾ ਪਾਣੀ 
ਉੱਛਲਦਾ -ਖੌਲਦਾ 
ਢਾਹੇ ਕਹਿਰ।  

ਪ੍ਰੋ.ਦਵਿੰਦਰ ਕੌਰ ਸਿੱਧੂ 
(ਦੌਧਰ -ਮੋਗਾ ) 

ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ। 

2 comments:

  1. ਕਈ ਦਿਨ ਰੁਝੇਵਿਆਂ ਭਰੇ ਰਹਿਣ ਕਰਕੇ ਮੈਥੋਂ ਭਾਰਤੀ ਖਬਰਾਂ ਹੀ ਸੁਣੀਆਂ ਨਾ ਗਈਆਂ...ਤੇ ਜਦੋਂ ਕੱਲ ਦਵਿੰਦਰ ਭੈਣ ਜੀ ਦਾ ਹਾਇਬਨ ਪੜ੍ਹਿਆ ਤਾਂ ਦਿਲ ਨੂੰ ਸੱਚੀਂ ਹੌਲ ਪੈ ਗਏ। ਭੈਣ ਜੀ ਨੇ ਪੂਰੀ ਕਸ਼ਮੀਰ ਵਾਦੀ ਦੀ ਤਸਵੀਰ ਅੱਖਾਂ ਸਾਹਮਣੇ ਲਿਆ ਦਿੱਤੀ। ਪਤਾ ਨਹੀਂ ਕਦੋਂ ਤੇ ਕਿੱਥੇ ਰੱਬੀ ਕਹਿਰ ਵਰਤ ਜਾਵੇ..... ਇਹ ਤਾਂ ਰੱਬ ਹੀ ਜਾਣੇ ............. ਪਰ ਮਨੁੱਖੀ ਕਹਿਰ ਦੇ ਤਾਂ ਅਸੀਂ ਖੁਦ ਹੀ ਜੁੰਮੇਵਾਰ ਹਾਂ ?
    ਆਓ ਰਲ ਕੇ ਕਸ਼ਮੀਰ ਲਈ ਦੁਆ ਕਰੀਏ। ਐਨਾ ਤਾਂ ਅਸੀਂ ਕਰ ਹੀ ਸਕਦੇ ਹਾਂ।

    ReplyDelete
  2. ਬਿਲਕੁਲ ਸਹੀ ਜੀ ...ਜੰਮੂ ਕਸ਼ਮੀਰ ਵਿੱਚ ਕੁਦਰਤੀ ਕਹਿਰ ਕਾਰਨ ਮਨੁੱਖਤਾ ਬੇਹਾਲ ਹੋਈ ਪਈ ਹੈ...ਸੈਂਕੜੇ ਲੋਕ ਘਰੋ ਬੇਘਰ ਹੋ ਗਏ... ਸਾਨੂੰ ਸਾਰਿਆਂ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਯਥਾਯੋਗ ਸਹਾਇਤਾ ਲਈ ਉਪਰਾਲੇ ਕਰਨੇ ਚਾਹੀਦੇ ਹਨ, ਉੱਥੇ ਹਾਲਾਤ ਜਲਦੀ ਤੋਂ ਜਲਦੀ ਆਮ ਵਰਗੇ ਹੋ ਜਾਣ ਇਹੋ ਦੁਆ ਕਰਨੀ ਚਾਹੀਦੀ ਹੈ... ਆਮੀਨ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ