ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Nov 2016

ਕਾਲਮ ਨੰਬਰ ਅਠਾਈ


ਦਲਜੀਤ ਸਿੰਘ ਬੋਪਾਰਾਏ's Profile Photoਲੱਕੜ ਦੀਆਂ ਫੱਟੀਆਂ ਜੋੜ ਕੇ ਬਣਾਇਆ ਬੂਹਾ ਖੋਲ੍ਹ, ਮੈਂ ਜਿਉਂ ਹੀ ਘਰ ਅੰਦਰ ਦਾਖ਼ਲ ਹੋਇਆ ਤਾਂ ਉਮਰ ਦੇ ਸੱਠਵੇਂ ਦਹਾਕੇ ਨੂੰ ਢੁੱਕੀ ਮਾਤਾ ਮੰਜੇ ’ਤੇ ਬੈਠੀ ਮਟਰ ਕੱਢ ਰਹੀ ਸੀ। ਉਸ ਦੇ ਕੋਲ ਹੀ ਉਸ ਦਾ ਨੌਜਵਾਨ ਪੋਤਾ ਲੇਟਿਆ ਹੋਇਆ ਸੀ। ਦੋ ਘਰਾਂ ਨੂੰ ਵੰਡਦੀ ਕੰਧ ਢੱਠੀ ਵੇਖ ਕੇ ਮੈਂ ਕਿਹਾ, ‘‘ਮਾਤਾ ਜਦੋਂ ਮੈਂ ਪਹਿਲਾਂ ਗਿਣਤੀ ਕਰਨ ਆਇਆ ਸੀ ਤਾਂ ਇੱਥੇ ਦੋ ਘਰ ਸਨ ਹੁਣ ਇੱਕ ਕਿਵੇਂ ਹੋ ਗਿਆ?’’

‘‘ਕਾਹਦਾ ਇੱਕ ਹੋ ਗਿਆ ਪੁੱਤਰ, ਜਦੋਂ ਦਾ ਮੇਰੇ ਪੋਤੇ ਦਾ ਐਕਸੀਡੈਂਟ ਹੋਇਆ ਸਾਡੇ ਰਿਸ਼ਤੇਦਾਰ ਕਹਿਣ ਲੱਗੇ ਤੁਸੀਂ ਦੋਹਾਂ ਜੀਆਂ ਨੇ ਦੋ-ਦੋ ਮੰਨੀਆਂ ਹੀ ਖਾਣੀਆਂ, ਮੁੰਡੇ ਵੱਲੋਂ ਖਾ ਲਿਆ ਕਰੋ, ਵਿੱਚੋਂ ਗੱਲ ਤਾਂ ਇਹ ਸੀ ਕਿ ਪੂਰਾ ਪੰਜਾਹ ਹਜ਼ਾਰ ਲੱਗਿਆ, ਜਿਹੜਾ ਸਾਰਾ ਤੇਰੇ ਬਾਈ ਨੇ ਲਾਇਆ। ਬਹੂ ਹੁਣ ਫੇਰ, ਸਾਨੂੰ ਦੋਹਾਂ ਜੀਆਂ ਨੂੰ ਭਾਰ ਸਮਝਦੀ ਐ।’’ਬੁੱਢੀ ਮਾਤਾ ਮੈਨੂੰ ਇੱਕਦਮ ਸਾਰੀ ਹਾਲਤ ਸਮਝਾ ਗਈ।

ਪੋਹ ਦੇ ਮਹੀਨੇ ਦੀ ਪੁੰਨਿਆਂ ਤੋਂ ਇੱਕ ਦਿਨ ਬਾਅਦ ਲਾਗਲੇ ਸ਼ਹਿਰ ਦੇ ਬਾਹਰਲੇ ਮੋੜ ’ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਇਸ ਮਾਤਾ ਦਾ ਪੋਤਾ ਤੇ ਉਸ ਦਾ ਇਕ ਸਾਥੀ ਸ਼ਹਿਰ ਸਥਿਤ ਇਤਿਹਾਸਕ ਗੁਰਦੁਆਰੇ ਤੋਂ ਕਾਰ ਸੇਵਾ ਵਾਲੇ ਬਾਬਿਆਂ ਦੇ ਲੰਗਰ ਵਿੱਚੋਂ ਮਿਲਦੀ ਖੱਟੀ ਲੱਸੀ ਦੀ ਢੋਲੀ ਲਿਆ ਰਹੇ ਸਨ ਕਿ ਸਵੇਰੇ-ਸਾਝਰੇ ਸਬਜ਼ੀ ਮੰਡੀ ਨੂੰ ਜਾਂਦੇ ਹਾਥੀ ਨੁਮਾ ਕੈਂਟਰ ਨਾਲ ਟਕਰਾ ਗਏ। ਨਾਲ ਦਾ ਮੁੰਡਾ ਤਾਂ ਥਾਏਂ ਮਰ ਗਿਆ ਤੇ ਇਹ ਨੌਜਵਾਨ ਆਪਣੀ ਲੱਤ ਦੀ ਚੱਪਨੀ ਕੀਚਰ-ਕੀਚਰ ਕਰਵਾ ਬੈਠਾ ਜਿਸ ਨੇ ਘਰ ਵਿਚਲੀ ਕੰਧ ਨੂੰ ਢਾਹ ਦਿੱਤਾ ਸੀ।
‘‘ਚੱਲ ਮਾਤਾ ਕੋਈ ਨਾ। ਤੇਰੇ ਘਰ ਦਾ ਚਿਰਾਗ ਐ, ਚੰਗਾ ਇਹ ਦੱਸ ਕਿੰਨੇ ਬੱਚੇ ਨੇ?’’ ਮੈਂ ਜਨਗਣਨਾ ਫਾਰਮ ਦਾ ਕਾਲਮ ਭਰਨ ਲਈ ਪੁੱਛਿਆ। ‘‘ਪੂਰੀਆਂ ਚਾਰ ਕੁੜੀਆਂ ਤੇ ਦੋ ਕਾਕੇ, ਭਾਈ ਸਵਰਗਵਾਸ ਹੋਏ ਨੇ, ਮਸਾਂ-ਮਸਾਂ ਇਸ ਚੰਦਰੇ ਦਾ ਮੂੰਹ ਵੇਖਿਆ ਸੀ।’’ ਮਾਤਾ ਦਾ ਭਾਵ ਆਪਣੇ ਇਕਲੌਤੇ ਲੜਕੇ ਵੱਲ ਸੀ, ਜਿਸ ਦੀ ਵਹੁਟੀ ਨੂੰ ਆਪਣੇ ਸੱਸ-ਸਹੁਰਾ ਮੂਲ ਨਹੀਂ ਸਨ ਭਾਉਂਦੇ।
ਅੱਜ ਫੱਗਣ ਦੀ ਸੰਗਰਾਂਦ ਸੀ। ਅਸਮਾਨ ਵਿੱਚ ਬੱਦਲਾਂ ਦਾ ਰੰਗ ਗੂੜ੍ਹਾ ਹੋਣ ਕਾਰਨ ਖੇਤਾਂ ਵਿੱਚ ਲਹਿ-ਲਹਾ ਰਹੇ ਸਰੋਂ ਦੇ ਪੀਲੇ-ਪੀਲੇ ਫੁੱਲ ਵੱਖਰੀ ਤਰ੍ਹਾਂ ਦੀ ਭਾਹ ਮਾਰ ਰਹੇ ਸਨ। ਸਵੇਰ ਤੋਂ ਹੀ ਕਿਣ-ਮਿਣ ਹੋਣ ਕਾਰਨ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਦਿਨੇ ਹੀ ਹਨੇਰਾ ਜਿਹਾ ਹੋ ਗਿਆ ਹੋਵੇ। ਤ੍ਰਿਸ਼ਨਾ ਪਿੰਡ ਦੀਆਂ ਜਬੇ ਵਾਲੀਆਂ ਔਰਤਾਂ ਵਿੱਚੋਂ ਸੀ ਜਿਹੜੀ ਇੱਕ ਵਾਰ ਪਿੰਡ ਦੀ ਪੰਚਾਇਤ ਮੈਂਬਰ ਵੀ ਰਹਿ ਚੁੱਕੀ ਸੀ। ਤ੍ਰਿਸ਼ਨਾ ਦੀਆਂ ਨੂੰਹਾਂ ਉਸ ਦੇ ਕਮਰੇ ਵਿੱਚ ਵਾਰੋ-ਵਾਰੀ ਆ ਕੇ ਆਪੋ-ਆਪਣੇ ਪਰਿਵਾਰਾਂ ਦਾ ਵੇਰਵਾ ਦੱਸ ਰਹੀਆਂ ਸਨ, ਜਿਸ ਨੂੰ ਮੈਂ ਜਨਗਣਨਾ ਵਾਲੇ ਫਾਰਮ ਵਿੱਚ ਦਰਜ ਕਰ ਰਿਹਾ ਸੀ।
ਅਗਲਾ ਘਰ ਤ੍ਰਿਸ਼ਨਾ ਦਾ ਸੀ। ਉਸ ਦੇ ਚਾਰ ਲੜਕੇ ਸਨ, ਚਾਰੋਂ ਹੀ ਅੱਡੋ ਅੱਡ। ਉਨ੍ਹਾਂ ਵਿੱਚੋਂ ਇਕ ਲੜਕਾ ਸਾਊਦੀ ਅਰਬ ਦੇ ਮੁਲਕ ਵਿੱਚੋਂ ਦੋ-ਚਾਰ ਸਾਲ ਲਾ ਕੇ ਮੁੜਿਆ ਸੀ। ਸ਼ਰਾਬ ਦੀ ਅਜਿਹੀ ਲੱਤ ਲੱਗੀ ਕਿ ਦਿਨ-ਰਾਤ ਟੁੰਨ ਰਿਹਾ ਕਰੇ। ਇਕ ਦਿਨ ਰੱਜੇ ਹੋਏ ਨੇ ਛੱਤ ਦੇ ਗਾਡਰ ’ਤੇ ਰੱਸੀ ਪਾ ਕੇ ਫਾਹਾ ਲੈ ਲਿਆ। ਉਸ ਦੀ ਪਤਨੀ ਦੇ ਪੇਕੇ , ਅਾਪਣੀ ਕੁੜੀ ਤੇ ਉਸ ਦੀ ਇੱਕੋ-ਇੱਕ ਮਾਸੂਮ ਧੀ ਨੂੰ ਆਪਣੇ ਪਿੰਡ ਲੈ ਗਏ ਸਨ। ਇਸ ਤਰ੍ਹਾਂ ਵਸਦਾ-ਰਸਦਾ ਪਰਿਵਾਰ ਉੱਜੜ ਗਿਆ ਸੀ। ‘‘ਦੇਖ ਲਉ ਰੱਬ ਦੇ ਰੰਗ ਭਾਈ, ਜਦੋਂ ਪਿਛਲੀ ਵਾਰ ਤੁਹਾਡੇ ਘਰ ਆ ਕੇ ਗਿਣਤੀ ਕੀਤੀ ਸੀ ਤਾਂ ਮਰਨ ਵਾਲਾ ਆਪ ਮੇਰੇ ਕੋਲ ਆਪਣੇ ਪਰਿਵਾਰ ਦਾ ਵੇਰਵਾ ਲਿਖਾ ਕੇ ਗਿਆ ਸੀ, ਹੁਣ ਵਿਚਾਰੇ ਦਾ ਪਰਿਵਾਰ ਹੀ ਖ਼ਤਮ ਹੋ ਗਿਆ।’’
‘‘ਸਰਨੀ ਤਾਂ ਵੀਰ ਜੀ, ਸਾਡਾ ਦਮ ਈ ਕੱਢ ਕੇ ਲੈ ਗਿਆ, ਅਸੀਂ ਸਾਹ-ਸਤਹੀਣ ਹੋਏ ਬੈਠੇ ਹਾਂ।’’ ਤ੍ਰਿਸ਼ਨਾ ਦੀ ਮਮਤਾ ਨੂੰ ਮੈਂ ਸਮਝ ਰਿਹਾ ਸਾਂ। ਉਸ ਦੀਆਂ ਅੱਖਾਂ ਵਿੱਚੋਂ ਨਿੱਕਲ ਕੇ ਡਿੱਗੇ ਮਮਤਾ ਦੇ ਦੋ ਹੰਝੂਆਂ ਨੂੰ ਮੈਂ ਮਨ ਹੀ ਮਨ ਸਲਾਮ ਕਰ ਰਿਹਾ ਸੀ। ਜਨਗਣਨਾ ਫਾਰਮ ਦਾ ਕਾਲਮ ਨੰਬਰ ਅਠਾਈ ਵਿਆਹੁਤਾ ਔਰਤ ਦੇ ਪੈਦਾ ਹੋਏ ਅਤੇ ਜਿਉਂਦੇ ਬੱਚੇ-ਬੱਚੀਆਂ ਬਾਰੇ ਹੁੰਦਾ ਹੈ। ਮੈਨੂੰ ਇਹ ਕਾਲਮ ਸਭ ਤੋਂ ਔਖਾ ਲੱਗਿਆ ਹੈ। ਬੀਬੀਆਂ ਜਿੱਥੇ ਆਪਣੇ ਪੈਦਾ ਹੋਏ ਬੱਚਿਆਂ ਦੀ ਜਨਮ-ਤਾਰੀਖ਼ ਬਿਨਾਂ ਕਿਸੇ ਲਿਖਤੀ ਰਿਕਾਰਡ ਦੇ ਮੂੰਹ-ਜ਼ਬਾਨੀ ਬੜਾ ਚਾਂਈ-ਚਾਂਈ ਦੱਸਦੀਆਂ ਹਨ ਉੱਥੇ ਆਪਣੇ ਮੋਏ ਬੱਚਿਆਂ ਨੂੰ ਯਾਦ ਕਰਕੇ ਅਕਸਰ ਹੀ ਭਾਵੁਕ ਹੋ ਜਾਂਦੀਆਂ ਹਨ।

ਮੈਂ ਤ੍ਰਿਸ਼ਨਾ ਦੇ ਫਾਰਮ ਦਾ ਅਠਾਈ ਨੰਬਰ ਕਾਲਮ ਖਾਲੀ ਛੱਡ ਦਿੱਤਾ। ਮੈਂ ਉਸ ਦੇ ਬੱਚਿਆਂ ਬਾਰੇ ਪੁੱਛ ਕੇ ਉਸ ਦੀ ਦੁਖੀ ਆਤਮਾ ਨੂੰ ਹੋਰ ਦੁਖੀ ਨਹੀਂ ਸੀ ਕਰਨਾ ਚਾਹੁੰਦਾ।


ਦਲਜੀਤ ਸਿੰਘ ਬੋਪਾਰਾਏ
( ਪੰਜਾਬੀ ਟ੍ਰਿਬਿੳੂਨ 7 ਮਾਰਚ 2011 )
ਨੋਟ : ਇਹ ਪੋਸਟ ਹੁਣ ਤੱਕ 142 ਵਾਰ ਪੜ੍ਹੀ ਗਈ ਹੈ।

3 comments:

 1. Jagroop kaur16.11.16

  ਮਨ ਬਹੁਤ ਭਾਵੁਕ ਹੋ ਗਿਆ, ਸਚਮੁੱਚ ਮਾਂ ਦੀ ਮਮਤਾ ਦੀ ਤੜਪ ਬਹੁਤ ਵਧੀਆ ਲਫਜ਼ਾਂ ਵਿੱਚ ਬਿਆਨ ਕੀਤੀ ਹੈ ਵੀਰ ਜੀ ।
  ਘਰਾਂ ਦੇ ਜੀਆਂ ਦੇ ਤੁਰ ਜਾਣ ਨਾਲ ਬਹੁਤ ਕੁਸ਼ ਬਦਲ ਜਾਂਦਾ ਹੈ । ਮਮਤਾ ਦੀ ਪੀੜ ਦਾ ਡੂੰਘਾ ਅਸਰ ਛੱਡਦੀ ਵਾਰਤਾ ।

  ReplyDelete
 2. ਸ਼ੁਕਰੀਅਾ ਬਹੁਤ ਬਹੁਤ ਸਫਰ ਸਾਂਝ

  ReplyDelete
 3. ਜ਼ਿੰਦਗੀ ਦੀ ਕੌੜੀ ਹਕੀਕਤ ਨੂੰ ਬਿਆਨਿਆ ਹੈ। ਪੜ੍ਹਦਿਆਂ ਦਿਲ ਭਾਵੁਕ ਹੋ ਗਿਆ ਤੇ ਅੱਖਾਂ ਨਮ ਹੋਣੋ ਬਿਨਾਂ ਨਾ ਰਹਿ ਸਕੀਆਂ। ਦਲਜੀਤ ਸਿੰਘ ਜੀ ਨੇ ਮਾਂ ਦੀ ਮਮਤਾ ਨੂੰ ਕਾਲਮ ਨੰਬਰ ਅਠਾਈ 'ਚ ਬਿਆਨਦਿਆਂ ਕਿਹਾ ਹੈ ਕਿ ਬੀਬੀਆਂ ਜਿੱਥੇ ਆਪਣੇ ਪੈਦਾ ਹੋਏ ਬੱਚਿਆਂ ਦੀ ਜਨਮ-ਤਾਰੀਖ਼ ਬਿਨਾਂ ਕਿਸੇ ਲਿਖਤੀ ਰਿਕਾਰਡ ਦੇ ਮੂੰਹ-ਜ਼ਬਾਨੀ ਬੜਾ ਚਾਂਈ-ਚਾਂਈ ਦੱਸਦੀਆਂ ਹਨ ਉੱਥੇ ਆਪਣੇ ਮੋਏ ਬੱਚਿਆਂ ਨੂੰ ਯਾਦ ਕਰਕੇ ਅਕਸਰ ਹੀ ਭਾਵੁਕ ਹੋ ਜਾਂਦੀਆਂ ਹਨ।
  ਬੀਬੀਆਂ ਦੀ ਮਾਨਸਿਕਤਾ ਨੂੰ ਸਮਝਦਿਆਂ ਉਨ੍ਹਾਂ ਨੂੰ ਨੇੜੇ ਹੋ ਕੇ ਤੱਕ ਭਾਵਾਂ ਨੂੰ ਵਿਅਕਤ ਕੀਤਾ ਹੈ। ਉਨ੍ਹਾਂ ਮਾਂਵਾਂ ਲਈ ਉਨ੍ਹਾਂ ਦੇ ਬੱਚੇ ਮੋਏ ਨਹੀਂ ਹੁੰਦੇ ਉਹ ਤਾਂ ਹਰ ਪਲ ਉਨ੍ਹਾਂ ਦੇ ਸਾਹੀਂ ਜਿਉਂਦੇ ਨੇ ਫੇਰ ਭਲਾ ਉਹ ਜਨਗਣਨਾ ਵੇਲੇ ਕਿਵੇਂ ਕੁਝ ਭੁੱਲ ਸਕਦੀਆਂ ਨੇ। ਹਾਂ ਸਰਕਾਰ ਨੇ ਅਜਿਹਾ ਕੋਈ ਕਲਮ ਹੀ ਨਹੀਂ ਬਣਾਇਆ ਜਿਸ 'ਚ ਅਸੀਂ ਉਨ੍ਹਾਂ ਦੀ ਗਣਨਾ ਤੇ ਮੌਤ ਦਾ ਕਾਰਨ ਵੀ ਦਰਜ ਕਰ ਸਕੀਏ।
  ਵਧੀਆ ਲਿਖਤ ਲਈ ਸਾਂਝ ਪਾਉਣ ਲਈ ਦਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਇਹ ਸਾਂਝ ਇਸੇ ਤਰਾਂ ਬਣੀ ਰਹੇਗੀ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ