ਪੱਤਝੜ ਤੋਂ ਬਾਦ ਰੁੱਖਾਂ ਦੀਆਂ ਟਹਿਣੀਆਂ ’ਤੇ ਸੂਹੇ ਰੰਗ ਦੀਆਂ ਕਰੂੰਬਲਾਂ ਤੇ ਪੱਤੇ ਨਿਕਲ ਰਹੇ ਸਨ। ਸੁਰਖ਼ ਲਾਲ ਪੱਤੇ ਹੌਲੀ ਹੌਲੀ ਹਰੇ ਰੰਗ ’ਚ ਬਦਲ ਕੇ ਅਧਨੰਗੀਆਂ ਟਹਿਣੀਆਂ ਨੂੰ ਢਕਣ ਲੱਗੇ।ਰੁਕ ਰੁਕ ਕੇ ਮੀਂਹ ਪੈ ਰਿਹਾ ਸੀ ਤੇ ਦੁਪਹਿਰੇ ਵੀ ਠੰਢੀ ਹਵਾ ਵਗ ਰਹੀ ਸੀ। ਰੁਮਕਦੀ ਹਵਾ 'ਚ ਤਾਜ਼ੇ ਧੋਤੇ ਹੋਏ ਪੱਤਿਆਂ ਦਾ ਨਾਚ ਤੇ ਰੁੱਖਾਂ ਤੋਂ ਪਾਰ ਅੰਬਰ 'ਚ ਉਡਦੇ ਖਾਲੀ ਹੋਏ ਬੱਦਲਾਂ ਦੀ ਵਾਪਸੀ ਦੇ ਨਜ਼ਾਰੇ ਵੇਖਣ ਵਾਲੇ ਸਨ।
ਕਿਣਮਿਣ ਕਣੀਆਂ ਫ਼ੁਹਾਰ ਧਾਗਿਆਂ ਨਾਲ ਦੂਰ ਅੰਬਰ ਦੀ ਚਾਦਰ 'ਤੇ ਕਸੀਦਾ ਕੱਢਦੀਆਂ ਜਾਪ ਰਹੀਆਂ ਸਨ। ਇਸ ਕਮਰੇ 'ਚ ਬੈਠੀ ਮੈਂ ਕਾਇਨਾਤ ਦੀ ਬੁੱਕਲ਼ ਮਾਰ ਓਸ ਕਾਦਰ ਦੀ ਕੁਦਰਤ ਨੂੰ ਆਪਣੇ ਕਲਾਵੇ 'ਚ ਲੈਣਾ ਲੋਚਦੀ ਸਾਂ। ਅਚਾਨਕ ਢਾਈ ਦਹਾਕੇ ਪਹਿਲਾਂ ਕੀਤੀ ਮੇਰੀ ਕਸੀਦਾਕਾਰੀ ਦਾ ਮੈਨੂੰ ਖਿਆਲ ਆਇਆ। ਹੁਣ ਓਹ ਰੰਗੀਲੀ ਜਿਲਦ ਮੇਰੇ ਹੱਥਾਂ 'ਚ ਸੀ ਜਿਸ ਨੇ ਸਾਰੇ ਰੁਮਾਲਾਂ ਦੇ ਨਮੂਨੇ ਹੁਣ ਤੱਕ ਸਾਂਭੇ ਹੋਏ ਸਨ। ਕਹਿੰਦੇ ਨੇ ਕਿ ਹੱਥ ਹੁਨਰ ਹੱਥ ਹੁਲਾਰ ਹੱਥਾਂ ਦੇ ਵਿੱਚ ਜੀਵਨ ਰਾਗ। ਖੂਬਸੂਰਤ ਬਰੀਕ ਜਾਲੀਦਾਰ ਲੇਸ ਵਾਲੇ ਹਰ ਇੱਕ ਰੁਮਾਲ ਨੂੰ ਸਾਹਵੇਂ ਧਰ ਛੋਹੰਦਿਆਂ ਇਓਂ ਲੱਗਾ ਜਿਵੇਂ ਹਰ ਨਮੂਨੇ ਦੇ ਰੰਗ ਬਿਰੰਗੇ ਰੇਸ਼ਮੀ ਧਾਗੇ ਆਪਣੀਆਂ ਹੀ ਬਾਤਾਂ ਪਾ ਰਹੇ ਹੋਣ।
ਰੰਗੀਲੀ ਕਾਇਨਾਤ ਹੁਣ ਇਸ ਕਮਰੇ 'ਚ ਮੇਰੀ ਝੋਲੀ 'ਚ ਆ ਬੈਠੀ ਸੀ। ਮਨ ਦੀਆਂ ਪਾਈਆਂ ਵੇਲ -ਬੂਟੀਆਂ ਨਾਲ ਸਜੀਲੇ ਸੁਪਨਿਆਂ ਦੀ ਚਿੱਤਰਕਾਰੀ ਅਨੋਖੇ ਰੰਗਾਂ ਨਾਲ ਮਹਿਕ ਰਹੀ ਸੀ। ਕਢਾਈ ਦੇ ਲਾਹੇ ਨਮੂਨਿਆਂ 'ਚ ਕਿਤੇ ਫਲਾਂ ਦੀ ਟੋਕਰੀ, ਰੰਗੀਨ ਮੱਛੀਆਂ, ਕਿਤੇ ਨਿੱਕੀਆਂ ਗੁੱਡੀਆਂ ਤੇ ਕਿਤੇ ਭਾਂਤ ਸੁਭਾਂਤੇ ਫ਼ੁੱਲ -ਪੱਤੀਆਂ ਦਾ ਇੱਕ ਇੱਕ ਤੋਪਾ ਮੇਰੀਆਂ ਰੀਝਾਂ, ਰਮਜ਼ਾਂ, ਤੇ ਸੱਧਰਾਂ ਨੂੰ ਸਮੋਈ ਬੈਠਾ ਸੀ। ਅਛੋਪਲੇ ਹੀ ਮੈਂ ਕਈ ਦਹਾਕੇ ਪਿਛਾਂਹ ਪਰਤ ਗਈ ਜਦੋਂ ਘਰ 'ਚ ਨਿੱਕੇ ਦੀਆਂ ਕਿਲਕਾਰੀਆਂ ਸੰਗ ਆਪਣੀਆਂ ਮਨੋਭਾਵਨਾਵਾਂ ਨੂੰ ਇਨ੍ਹਾਂ ਨਮੂਨਿਆਂ 'ਚ ਪਰੋ ਦਿੱਤਾ ਸੀ। ਉਹ ਦਿਨ ਯਾਦ ਕਰਦਿਆਂ ਹੀ ਅਨੋਖੀਆਂ ਖੁਸ਼ੀਆਂ ਤੇ ਹੁਸੀਨ ਸਿਮਰਤੀਆਂ ਜਾਗ ਪਈਆਂ।
ਕਹਿੰਦੇ ਨੇ ਕਿ ਕਸੀਦਾਕਾਰੀ ਦਬਾਉ ਮੁਕਤ ਹੋਣ ਦਾ ਇੱਕ ਤਰਕਯੁਕਤ ਤਰੀਕਾ ਹੈ। ਸਵੈ ਕੇਂਦਰਿਤ ਹੋਣ ਦੀ ਇੱਕ ਵਿਲੱਖਣ ਤਰਕੀਬ। ਵਿਰਾਸਤ ਦੇ ਰੂਪ 'ਚ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੀ ਰੀਤ। ਮਨ ਮੋਹੰਦੇ ਨਮੂਨਿਆਂ ਨੂੰ ਵੇਹੰਦੀ ਮੈਂ ਨਿੰਮ ਥੱਲੇ ਕਸੀਦਾ ਕੱਢਣ ਜਾ ਬੈਠੀ ਜਦੋਂ ਮਾਂ ਨੇ ਹੱਥ ਫੜ੍ਹ ਬੂਟੀਆਂ ਪਾਉਣ ਦੀ ਜਾਂਚ ਸਿਖਾਈ ਸੀ। ਹਿਰਦੇ 'ਚ ਕਲਾ ਦਾ ਵਾਸ ਤਾਂ ਪਹਿਲਾਂ ਹੀ ਸੀ, ਲੋੜੀਂਦੀ ਸੇਧ ਮਿਲਣ 'ਤੇ ਇਹ ਪ੍ਰਗਟ ਹੋ ਗਿਆ। ਸੂਈ ਦੀ ਨੱਕੇ 'ਚੋਂ ਲੰਘਾਏ ਰੰਗੀਨ ਧਾਗੇ ਨਾਲ ਮੁਲਾਇਮ ਸੂਤੀ ਕੱਪੜੇ ਨੂੰ ਵਿੰਨ੍ਹਦੀ ਮੈਂ ਵੱਖੋ ਵੱਖਰੇ ਤੋਪੇ ਪਾਉਂਦੀ ਜਾ ਰਹੀ ਸਾਂ ਕਦੇ ਮੱਛੀ ਤੋਪਾ, ਕਦੇ ਜ਼ੰਜੀਰੀ, ਕਾਟੀ, ਗੰਢਦਾਰ ਤੇ ਕਦੇ ਕਾਜ ਤੋਪਾ। ਨਮੂਨੇ ਦੀ ਬਣਾਵਟ ਤੇ ਇਕਸਾਰਤਾ ਲਈ ਧਾਗਿਆਂ ਦੀ ਗਿਣਤੀ ਵੀ ਨਾਲੋ -ਨਾਲ ਚੱਲਦੀ ਰਹੀ । ਇੱਕ ਵੀ ਤੋਪਾ ਖੁੰਝ ਗਿਆ ਜਾਂ ਟਾਂਕਾ ਲੰਮਾ -ਛੋਟਾ ਹੋ ਗਿਆ ਤਾਂ ਸਾਰੀ ਦੀ ਸਾਰੀ ਬਣਾਵਟ ਵਿਗੜ ਜਾਂਦੀ। ਕਿੰਨੀ ਸੁੱਚੀ ਕਲਾ ਏ ਜਿਸ ਦੀ ਸਿਰਜਣਾ ਕਿਸੇ ਹੋਰ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਸਵੈ ਖ਼ੇੜੇ ਲਈ ਕੀਤੀ ਜਾਂਦੀ ਹੈ। ਸਹਿਜ ਤੇ ਮੋਹ ਦੀ ਰਚਨਾ,ਕਾਹਲ ਤੇ ਬੇਚੈਨੀ ਦੀ ਨਹੀਂ।
ਕਹਿੰਦੇ ਨੇ ਕਿ ਕਸੀਦਾ ਕੱਢਣਾ ਲੰਮੇ ਸਮੇਂ ਤੱਕ ਬੈਠ ਸਕਣ ਦੀ ਸਮਰੱਥਾ, ਲੰਮੇਰੇ ਅਭਿਆਸ, ਕਠੋਰ ਸਾਧਨਾ, ਸਬਰ ਅਤੇ ਠਰ੍ਹੰਮੇ ਦੀ ਮੰਗ ਵੀ ਕਰਦੈ। ਤਾਂਹੀਓਂ ਤਾਂ ਪੁਰਾਣੇ ਸਮਿਆਂ 'ਚ ਅਜਿਹੀ ਸਿਰਜਣਸ਼ੀਲਤਾ ਖੁਦ -ਬ -ਖੁਦ ਹੀ ਜੀਵਨ ਸਾਧਨਾ ਦੇ ਰਾਹਾਂ ਨੂੰ ਸੁੱਖਲਿਆਂ ਕਰਨ 'ਚ ਕਦੋਂ ਆਪੂੰ ਸਹਾਈ ਹੋ ਜਾਂਦੀ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦੈ। ਇਹ ਤਾਂ ਸਿਹਤਯਾਬੀ ਲਈ ਉਹ ਜਾਦੂਈ ਤੋੜ ਐ ਜਿਹੜਾ ਦੂਜੇ ਵਿਸ਼ਵ ਯੁੱਧ ਤੋਂ ਬਾਦ ਰਾਇਲ ਸਕੂਲ ਆਫ਼ ਨੀਡਲਵਰਕ ਸੰਸਥਾ (RSN)ਦੇ ਸੁਝਾ 'ਤੇ ਫ਼ੌਜੀਆਂ ਦੀ ਮਨੋਦਸ਼ਾ ਦੇ ਸੁਧਾਰ ਹਿਤ ਵਰਤਿਆ ਗਿਆ ਸੀ।
ਮੈਂ ਇੱਕ ਵਾਰ ਫੇਰ ਬਾਹਰ ਝਾਤੀ ਮਾਰੀ। ਮੀਂਹ ਹੁਣ ਰੁਕ ਗਿਆ ਸੀ। ਕਾਦਰ ਦੀ ਫੁਲਕਾਰੀ ਤਾਣੀ ਬੈਠੀ ਕੁਦਰਤ ਹੋਰ ਵੀ ਖਿੜੀ ਖਿੜੀ ਲੱਗ ਰਹੀ ਸੀ ਬਿਲਕੁਲ ਮੇਰੇ ਕੱਢੇ ਕਸੀਦੇ ਵਾਂਗਰ ਜਿਸ ਵਿੱਚ ਪ੍ਰਕਿਰਤਕ ਸੁੰਦਰਤਾ ਜੀਵੰਤ ਹੈ। ਪਰ ਦਿਲੀ ਤਰੰਗਾਂ ਤੇ ਵਲਵਲਿਆਂ ਦਾ ਸਿਰਜਣਹਾਰਾ ਇਹ ਵਿਰਸਾ ਹੁਣ ਅਲੋਪ ਹੀ ਹੁੰਦੈ ਜਾ ਰਿਹਾ। ਹੁਣ ਕੁੜੀਆਂ ਕੱਤਰੀਆਂ 'ਚ ਨਾ ਤਾਂ ਕੋਮਲ ਕਲਾ ਹੀ ਰਹੀ ਐ ਤੇ ਨਾ ਪਹਿਲਾਂ ਜਿਹੀ ਸਿਰਜਨਾਤਮਿਕਤਾ।ਇਸ ਪੁਰਾਤਨ ਹੁਨਰ ਨੂੰ ਮੁੜ ਵਿਕਸਤ ਕਰ ਪੁਨਰ-ਸਿਰਜਣ ਤੇ ਸਜੀਵ ਕਰਨਾ ਅਤਿ ਜ਼ਰੂਰੀ ਏ ਤੇ ਲਾਜ਼ਮੀ ਵੀ। ਸਹਿਜਤਾ ਤੇ ਸਬਰ, ਤੇ ਤਹੱਮਲ ਲਈ। ਅਮੁੱਕ ਖੁਸ਼ੀਆਂ ਤੇ ਫਖ਼ਰ ਦੀਆਂ ਘੜੀਆਂ ਬਟੋਰਣ ਵਾਸਤੇ ਤਾਂ ਕਿ ਸਾਡੇ ਅੰਦਰ ਕੋਮਲ ਕਲਾ ਦਾ ਵਾਸਾ ਹੋਵੇ ਤੇ ਇਸ ਨੂੰ ਮਾਨਣ ਦੀ ਸੂਝ ਜਿਉਂਦੀ ਰਹੇ।
ਕੱਢੇ ਕਸੀਦਾ
ਪਾਵੇ ਫ਼ੁੱਲ ਪੱਤੀਆਂ
ਮੋਹ ਭਿੱਜੀਆਂ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 141 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 141 ਵਾਰ ਪੜ੍ਹੀ ਗਈ ਹੈ।



