ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Sept 2012

ਅੱਖੀਂ ਸੱਧਰਾਂ

1.
ਛੱਤਾਂ  ਚੋਂਦੀਆਂ
ਅੱਖੀਆਂ ਵਹਿੰਦੀਆਂ
ਪੁੱਤਰ  ਦੂਰ 

2.

ਬੇਰੀ  ਵਿਹੜੇ 
ਬੂਰ ਪੂਰਾ  ਆਇਆ 
ਫਲ  ਤੋਂ ਵਾਂਝੀ  

3.

ਗਗਨੀਂ ਤਾਰਾ 
ਰਾਹਾਂ ਦੀ ਸੇਧ ਦੇ ਕੇ 
ਫਿਰ  ਟੁੱਟਿਆ 

4.

ਅੱਖੀਂ  ਸੱਧਰਾਂ 
ਵਿਹੜੇ  'ਚ  ਬੈਠ ਕੇ 
ਬੂਹਾ  ਦੇਖਣ 

5.

ਕਾਂ ਵੀ  ਫਰੇਬੀ 
ਚੂਰੀ ਖਾ ਕੇ  ਬੋਲਣ
ਝੂਠੀ  ਉਡੀਕ 

6.

ਉਮਰ  ਛੋਟੀ 
ਉਡੀਕਾਂ ਦਾ ਦਰਦ 
ਲੰਬੀਆਂ ਚੁੱਪਾਂ 


ਦਿਲਜੋਧ ਸਿੰਘ
(ਬਟਾਲ਼ਾ- ਦਿੱਲੀ)

7 Sept 2012

ਚੂੜੀ ਦਾ ਟੋਟਾ


1. ਮਜ਼ਬੂਰੀ \ ਬੇਵਸੀ

ਉਮਰ ਅੱਗ
ਠੰਡੇ ਸੀਵੇ ਸੇਕਦੀ
ਭੈਣਾਂ ਖਾਤਰ 

2. ਮਹਿਬੂਬ \ ਕੁਦਰਤ

ਰਾਤ ਮੱਸਿਆ
ਕੋਠੇ ਚੜ੍ਹਿਆ ਚੰਨ
ਅਜ਼ਬ ਦ੍ਰਿਸ਼

3. ਉਡੀਕ \ ਵਿਸ਼ਵਾਸ

 ਚੂੜੀ ਦਾ ਟੋਟਾ
ਭੰਨ ਵੇਖੇ ਪਿਆਰ
ਪ੍ਰਦੇਸੀ ਮਾਹੀ

ਬਾਜਵਾ ਸੁਖਵਿੰਦਰ 
ਪਿੰਡ - ਮਹਿਮਦ ਪੁਰ
ਜ਼ਿਲ੍ਹਾ- ਪਟਿਆਲ਼ਾ 



5 Sept 2012

ਉਡੀਕੇ ਦਸਤਕ (ਤਾਂਕਾ ਸ਼ੈਲੀ )

ਅੱਜ ਦਾ ਦਿਨ ਭਾਰਤ ਦੇ ਇਤਿਹਾਸ 'ਚ ਖਾਸ ਮਹੱਤਵ ਰੱਖਦਾ ਹੈ। ਅੱਜ 5 ਸਤੰਬਰ ਜਾਣੀ ਕਿ 'ਅਧਿਆਪਕ ਦਿਵਸ' ਹੈ। ਇਸ ਦਿਨ ਅਸੀਂ ਆਪਣੇ ਅਧਿਆਪਕਾਂ ਨੂੰ ਸੱਜਦਾ ਕਰਦੇ ਹਾਂ । ਹਾਇਕੁ-ਲੋਕ ਮੰਚ ਵੀ ਅੱਜ ਇਹ ਦਿਨ ਮਨਾ ਰਿਹਾ ਹੈ....ਇੱਕ ਨਵੀਂ ਜਪਾਨੀ ਕਾਵਿ ਵਿਧਾ 'ਤਾਂਕਾ' ਦੀ ਸ਼ੁਰੂਆਤ ਕਰਕੇ। 
'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਦੀ ਕਈ ਸੌ ਸਾਲ ਪੁਰਾਣੀ ਕਾਵਿ ਵਿਧਾ ਹੈ। ਇਸ ਕਾਵਿ ਸ਼ੈਲੀ ਨੂੰ ਨੌਵੀਂ ਸ਼ਤਾਬਦੀ ਤੋਂ ਲੈ ਕੇ ਬਾਰ੍ਹਵੀਂ ਸ਼ਤਾਬਦੀ ਤੱਕ ਕਾਫ਼ੀ ਪ੍ਰਸਿੱਧੀ ਮਿਲ਼ੀ ਸੀ। ਹਾਇਕੁ ਕਾਵਿ ਵਿਧਾ ਏਸੇ ਸ਼ੈਲੀ 'ਚੋਂ ਜਨਮੀ ਹੈ। ਤਾਂਕਾ 1200 ਸਾਲ ਪੁਰਾਣੀ ਸ਼ੈਲੀ ਹੈ ਜਦੋਂ ਕਿ ਹਾਇਕੁ ਦੇ ਜਨਮ ਨੂੰ ਸਿਰਫ਼ 300 ਸਾਲ ਹੀ ਹੋਏ ਹਨ।
ਤਾਂਕਾ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ। ਇਸ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਕਿ ਪਹਿਲੀਆਂ ਤਿੰਨ ਸਤਰਾਂ 'ਚ ਕੋਈ ਵੱਖਰਾ ਹਾਇਕੁ ਹੈ ਸਗੋਂ ਤਾਂਕਾ ਦਾ ਮੁੱਖ ਭਾਵ ਪਹਿਲੀ ਤੋਂ ਪੰਜਵੀਂ ਸਤਰ ਤੱਕ ਸਾਹਮਣੇ ਆਉਂਦਾ ਹੈ।
ਅੱਜ ਮੈਂ ਆਪਣੇ ਅਧਿਆਪਕਾਂ ਤੋਂ ਲਈ ਸੇਧ ਤੇ ਜਾਣਕਾਰੀ ਹਾਇਕੁ-ਲੋਕ ਦੇ ਮੰਚ 'ਤੇ ਕੁਝ ਤਾਂਕਾ ਪੇਸ਼ ਕਰਕੇ ਸਾਂਝੀ ਕਰ ਉਹਨਾਂ ਨੂੰ ਅਦਬ ਸਲਾਮ ਕਰਦੀ ਹਾਂ।ਆਸ ਕਰਦੀ ਹਾਂ ਕਿ ਇਹ ਨਵਾਂ ਉਪਰਾਲਾ ਪਾਠਕਾਂ ਨੂੰ ਚੰਗਾ ਲੱਗੇਗਾ।

1.
ਬੱਦਲ਼ਵਾਈ
ਵਿਰਲੀ ਕਿਣ-ਮਿਣ
ਸੂਰਜ ਝਾਕੇ
ਛਣ-ਛਣ ਕਿਰਨਾਂ
ਧਰਤੀ ਛੂੰਹਦੀਆਂ 

2.
ਪੁਰਾਣਾ ਘਰ
ਤਿੜਕੀਆਂ ਨੇ ਕੰਧਾਂ
ਛੱਤੜੀ ਚੋਵੇ
ਚਰਮਰਾਵੇ ਬੂਹਾ
ਉਡੀਕੇ ਦਸਤਕ 

3.
ਅੱਗ ਮਘਦੀ
ਉੱਠੇ ਪਾਥੀ ਦਾ ਧੂੰਆਂ
ਭਰਦਾ ਚੌਂਕਾ
ਰੋਟੀ-ਟੁੱਕ ਮਾਂ ਕਰੇ 
ਟੱਬਰ ਆਣ ਜੁੜੇ 

4.

ਸਰਘੀ ਵੇਲ਼ਾ
ਮੁਰਗਾ ਜਗਾਉਂਦਾ 
ਦੇ -ਦੇ ਕੇ ਬਾਂਗਾਂ
ਕੁਕੜੂੰ ਕੜੂੰ ਨਾਲ਼ 
ਨਹੀਂ ਹੁੰਦਾ ਸਵੇਰਾ 


ਡਾ. ਹਰਦੀਪ ਕੌਰ ਸੰਧੂ
ਸਿਡਨੀ-ਬਰਨਾਲ਼ਾ


3 Sept 2012

ਬੁੜਕਦੀਆਂ ਯਾਦਾਂ

1.
ਫੁੱਲ ਬਣ ਤੂੰ
ਛੱਡ ਬਰੂਦੀ ਗੱਲਾਂ
ਅਮਨ ਚਾਹ   

2.

ਅੱਗ ਦਾ ਗੋਲ਼ਾ
ਅੰਦਰ ਦਹਿਕਦਾ
ਫੁੱਲ ਕੀ ਬਣਾਂ ?

3.

ਮਿੱਠੀ ਕੋਇਲ
ਕੂਕ ਹੈ ਲਾਜਵਾਬ
ਸੰਭਲ ਜਾ ਤੂੰ

4.

ਭੱਠੀ ਦਿਲ ਦੀ
ਬੁੜਕਦੀਆਂ ਯਾਦਾਂ
ਝੋਕਾ ਹੌਕੇ ਦਾ

5.

ਹੱਥੀਂ ਦੀਪਕ
ਸ਼ਾਤੀ ਤੇ ਪਿਆਰ ਦਾ
ਤੂੰ ਵੱਧਦਾ ਜਾ

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਦਰ-ਮੋਗਾ) 
     
  
          

1 Sept 2012

ਨਵ-ਵਿਆਹੁਤਾ ਤੇ ਮਾਹੀ

1.
ਕਾਰ ਚ ਡੋਲੀ
ਅੱਧਵਾਟੇ ਪਹੁੰਚੀ
ਇੱਕ ਦਿਲ  ਦੋ 
 2.
ਨਵ-ਵਿਆਹੀ
ਚਿਹਰੇ ਤੇ ਉਦਾਸੀ
ਮਾਹੀ ਚੱਲਿਆ
 3.
ਬਨ੍ਹੇਰੇ ਤੇ ਕਾਂ
ਡਾਕੀਏ ਦੀ ਉਡੀਕ
ਛੁੱਟੀ ਦਾ ਦਿਨ
 4.
ਮੂੰਹ ਜ਼ੁਬਾਨੀ
ਪੜ੍ਹਦੀ ਪਈ ਚਿੱਠੀ
ਗੂੰਜ ਮਾਹੀ ਦੀ
 5.
ਮਾਹੀ ਆਇਆ
ਭੁੰਜੇ ਪੈਰ ਨਾ ਲੱਗੇ
ਪਹਿਲੀ ਛੁੱਟੀ

ਭੂਪਿੰਦਰ ਸਿੰਘ
(ਨਿਊਯਾਰਕ)

29 Aug 2012

ਮੁੰਡੇ ਦੀ ਛਟੀ

ਘਰ 'ਚ ਕਾਕੇ ਦਾ ਜਨਮ ਖੁਸ਼ੀਆਂ ਦੇ ਨਾਲ਼-ਨਾਲ਼ ਸ਼ਗਨਾਂ ਭਰੀ ਚੰਗੇਰ ਵੀ ਲੈ ਕੇ ਆਉਂਦਾ ਹੈ। ਕਾਕੇ ਦੀ ਆਮਦ ਦੀ ਖੁਸ਼ੀ ਮਨਾਉਣ ਨੂੰ 'ਛਟੀ ਮਨਾਉਣਾ' ਕਿਹਾ ਜਾਂਦਾ ਹੈ ਜੋ ਕਾਕੇ ਦੇ ਜਨਮ ਤੋਂ ਵਰ੍ਹੇ ਦੇ ਅੰਦਰ -ਅੰਦਰ ਮਨਾ ਲਈ ਜਾਂਦੀ ਹੈ। ਮੁੰਡੇ ਦੇ ਨਾਨਕੇ ਮੁੰਡੇ ਲਈ ਤੇ ਮੁੰਡੇ ਦੀ ਮਾਂ ਲਈ ਜੋ ਕੱਪੜੇ ਤੇ ਗਹਿਣੇ ( ਟੂੰਬਾਂ/ ਟੂੰਮਾਂ) ਲੈ ਕੇ ਆਉਂਦੇ ਨੇ ਓਸ ਨੂੰ ਸ਼ੂਸ਼ਕ ਕਿਹਾ ਜਾਂਦਾ ਹੈ। ਟੂੰਮਾਂ 'ਚ ਹੱਥਾਂ ਨੂੰ ਚਾਂਦੀ ਦੇ ਕੰਗਣ, ਪੈਰਾਂ ਲਈ ਪਾਉਂਟੇ, ਕੰਨਾ ਨੂੰ ਲੂਲ੍ਹਾਂ , ਸੱਗੀ ਫੁੱਲ ਤੇ ਮੱਥੇ ਲਈ ਸੋਨੇ ਦਾ ਟਿੱਕਾ ਹੁੰਦਾ ਹੈ।ਅੱਜ ਮੈਂ ਮੁੰਡੇ ਦੀ ਛਟੀ ਮਨਾਉਣ ਅਤੇ ਇਸ ਨਾਲ਼ ਜੁੜੇ ਵਿਹਾਰਾਂ ਨੂੰ ਹਾਇਕੁ ਰਾਹੀਂ ਪੇਸ਼ ਕਰ ਰਹੀ ਹਾਂ।

1.
ਘਰ ਦੇ ਬੂਹੇ
ਲਾਗਣ ਬੰਨੇ ਨਿੰਮ
ਦੇਵੇ ਵਧਾਈ

2.
ਮੁੰਡੇ ਦੀ ਛਟੀ
ਨੈਣ ਬੰਨੇ ਤੜਾਗੀ
ਘੁੰਗਰੂ ਪਾ ਕੇ

3.
ਕਾਕਾ ਜੰਮਿਆ
ਸ਼ੂਸ਼ਕ 'ਚ ਆਈਆਂ
ਤਿਓਰ-ਟੂੰਮਾਂ

4.
ਸੁੱਕੇ ਮੇਵੇ ਪਾ
ਪੰਜ ਸੇਰ ਪੰਜੀਰੀ
ਲਿਆਈ ਸੱਸ

5.
ਛਟੀ ਮਨਾਈ
ਪਾਵੇ ਕੰਨਾਂ ਨੂੰ ਲੂਲ੍ਹਾਂ
ਕਾਕੇ ਦੀ ਭੂਆ

6.
ਕਾਕੇ ਦੀ ਛਟੀ
ਕੰਗਣ ਤੇ ਪਾਉਂਟੇ
ਮਾਸੀ ਨੇ ਪਾਏ

7.
ਛਟੀ ਦਾ ਦਿਨ
ਘੂੰਮਰਾਂ ਪਾ ਵਿਹੜੇ
ਨੱਚੇ ਖੁਸਰੇ

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)

28 Aug 2012

ਦਾਦੀ ਦੀ ਬਾਤ

1
ਚਿੱਟੇ ਵਰਕੇ 
ਚੁੱਪਚਾਪ  ਤੇ ਸ਼ਾਂਤ 

ਕਾਲੇ ਕੂਕਦੇ


2
ਦਾਦੀ ਦੀ ਬਾਤ 
ਟੀ ਵੀ ਨੇ ਖੋਹ ਲਈ 
ਮਿੱਠੀ ਸੁਗਾਤ 



 ਅੱਖਾਂ ਦੇ ਹੰਝੂ   
ਜਦ ਵੀ ਛਲਕਣ 
ਖੁਰਦੇ ਗਮ



ਸੱਸ ਕੁਪੱਤੀ 
ਨੂੰਹ  ਨਹੀਂ ਕਹਿੰਦੀ 
ਵੱਖ ਰਹਿੰਦੀ 


5
ਪਾਣੀ ਦੇਵਤਾ
ਬੰਦ ਬੋਤਲ ਵਿਚ 
ਥਾਂ ਥਾਂ ਵਿਕਦਾ   


ਹਰਭਜਨ ਸਿੰਘ ਖੇਮਕਰਨੀ
( ਅੰਮ੍ਰਿਤਸਰ )