ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Aug 2017

ਘੁਣ ( ਮਿੰਨੀ ਕਹਾਣੀ )

ਨਿੱਤ ਵਾਪਰ ਰਹੀਅਾਂ ਵਾਲ ਕੱਟੇ ਜਾਣ ਦੀਅਾਂ ਘਟਨਾਵਾਂ ਕਰਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ । ਅਨਪੜ੍ਹ ਅਤੇ ਤਰਕ-ਵਿਹੂਣੇ ਲੋਕ ਇਸ ਨੂੰ ਤਾਂਤਰਿਕਾਂ ਦੀ ਗੈਬੀ ਸ਼ਕਤੀ ਸਮਝ ਰਹੇ ਸਨ ਬਾਕੀ ਇਸ ਨੂੰ ਮਾਨਸਿਕ ਰੋਗ ਦੀ ੳੁਪਜ ਕਹਿ ਰਹੇ ਸਨ ।
       ਇੱਕ ਸ਼ਾਮ ਮੇਜਰ ਸਿੰਘ ਨੇ ਅਾਪਣੇ ਬਾਪੂ ਦਾ ਮੰਜਾ ਵਿਹੜੇ ਵਿੱਚ ਡਾਹ ਕੇ ਸੁਚੇਤ ਕਰਦਿਅਾਂ ਕਿਹਾ, " ਬਾਪੂ ਸਿਰ ਉਪਰੋਂ ਪਰਨਾ ਨਾ ਲਾਹੀ , ਮੈਂ ਸੁਣਿਐ ਕੋਈ ਬਾਹਰੋਂ ਕੀੜਾ ਆਇਆ ਜੋ ਰਾਤ ਨੂੰ ਵਾਲ ਕੱਟ ਦਿੰਦੈ , ਖਿਅਾਲ ਰੱਖੀ ਅਾਪਦਾ। "
    ਇਹ ਅਾਖ ਕੇ ਮੇਜਰ ਅੰਦਰ  ਜਾਣ ਹੀ ਲੱਗਿਅਾ ਤਾਂ ਬਾਪੂ ਨੇ ਰੋਕ ਕੇ ਕਿਹਾ , 
      " ਕੋਈ ਕੀੜਾ ਨਹੀਂ ਪੁੱਤਰਾ ਇਹ ਤਾਂ ੳੁਹ ਘੁਣ ਅੈ , ਜਿਸ ਤੋਂ ਸਾਨੂੰ ਬਚਾੳੁਂਣ ਲਈ ਸਾਡੇ ਗੁਰੂਅਾਂ ਨੇ ਅਾਪਣੇ ਤਰਕ ਅਤੇ ਸ਼ਹਾਦਿਤਾਂ ਦਿੱਤੀਅਾਂ ਸਨ। ੳੁਸ ਸਮੇਂ ਖੋਪਰੀ ਲਹਿ ਜਾਂਦੀ ਸੀ ਪਰ ਵਾਲ ਨਹੀਂ ਸਨ ਕੱਟੇ ਜਾਂਦੇ। ਹੁਣ ਇਹ ਘੁਣ ਅੈਨਾ ਵੱਧ ਗਿਅੈ ਮੈਨੂੰ ਤਾਂ ਡਰ ਲੱਗਦਾ ਕਿਤੇ ਇਹ ਸਾਡੀ ਸਿੱਖੀ ਦੀ ਵਿਲੱਖ਼ਣ ਪਹਿਚਾਣ ਹੀ ਖ਼ਤਮ ਨਾ ਕਰ ਦੇਵੇ।  " 

ਮਾਸਟਰ ਸੁਖਵਿੰਦਰ ਸਿੰਘ ਦਾਨਗੜ੍ਹ

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ।

13 Aug 2017

ਸਿਰਦਰਦੀ ਨੋਟਾਂ ਦੀ (ਵਿਅੰਗ)

ਲੱਖਾ ਸਿੰਘ ਨੇ ਪਿੰਡ ਤੋਂ ਸ਼ਹਿਰ ਆ ਕੇ ਵਪਾਰ ਸ਼ੁਰੂ ਕੀਤਾ ਸੀ। ਪਤਾ ਨਹੀਂ ਕਿਹੜੀ ਗਿੱਦੜ ਸਿੰਗੀ ਉਸ ਦੇ ਹੱਥ ਵਿਚ ਆ ਗਈ ਸੀ ਕਿ ਕੁਝ  ਸਾਲਾਂ ਵਿੱਚ ਹੀ ਉਹ ਕਰੋੜਾਂ ਪਤੀ ਬਣ ਗਿਆ ਸੀ। ਪਿੰਡ ਦੇ ਚਾਰ ਖਣ ਵਾਲੇ ਛੋਟੇ ਜਿਹੇ ਮਕਾਨ ਨੂੰ ਛੱਡ ਕੇ ਹੁਣ ਉਹ ਵੱਡੀਆਂ -ਵੱਡੀਆਂ ਕੋਠੀਆਂ ਵੱਲ ਝਾਕਣ ਲੱਗ ਪਿਆ ਸੀ ਤੇ ਆਖ਼ਰ ਉਸ ਨੇ ਇੱਕ ਅਮੀਰ ਇਲਾਕੇ ਵਿਚ ਖੂਬਸੂਰਤ ਕੋਠੀ ਲੈ ਲਈ। ਉਹਦੀ ਸਿੱਧੀ ਸਾਧੀ ਪਤਨੀ ਵੀ ਹੁਣ ਠਾਠ- ਬਾਠ ਨਾਲ ਰਹਿਣ ਲੱਗ ਪਈ ਸੀ ਪਰ ਉਹ ਪਿੰਡ ਦੇ ਮਾਹੌਲ ਨੂੰ ਛੱਡ ਨਹੀਂ ਸਕੀ ਸੀ। ਬੇਸ਼ੱਕ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਬਹੁਤ ਵਸਤਾਂ ਮਿਲਣ ਲੱਗ ਪਈਆਂ ਸਨ ਲੇਕਿਨ ਉਸ ਨੂੰ ਹੁਣ ਵੀ ਕੂੰਡੇ -ਘੋਟਣੇ ਵਿੱਚ ਕੁੱਟੇ ਮਸਾਲੇ ਦੇ ਤੜਕੇ ਤੋਂ ਬਗੈਰ ਤਸੱਲੀ ਨਹੀਂ ਸੀ ਹੁੰਦੀ। ਇਸੇ ਲਈ ਉਹਦੀਆਂ ਅਮੀਰ ਗੁਆਂਢਣਾਂ ਜਦ ਵੀ ਉਹਦੇ ਘਰ ਦਾ ਖਾਣਾ ਖਾਂਦੀਆਂ ਤਾਂ ਸਿਫਤ ਕੀਤੇ ਬਗੈਰ ਰਹਿ ਨਾ ਸਕਦੀਆਂ। ਜਦ ਵੀ ਉਹਦੀ ਕੋਠੀ ਵਿਚੋਂ ਠੁੱਕ -ਠੁੱਕ ਦੀ ਆਵਾਜ਼ ਆਉਂਦੀ, ਗੁਆਂਢਣਾਂ ਸਮਝ ਜਾਂਦੀਆਂ ਕਿ ਤਾਈ ਧੰਨ ਕੌਰ ਕੂੰਡੇ ਵਿੱਚ ਕੁਝ ਕੁੱਟ ਰਹੀ ਹੋਵੇਗੀ। 
        ਇੱਕ ਦਿਨ ਤੜਕੇ ਤੋਂ ਹੀ ਉਹਦੇ ਘਰੋਂ ਅਜੀਬ ਜਿਹੀ ਠੁੱਕ -ਠੁੱਕ ਦੀ ਆਵਾਜ਼ ਆ ਰਹੀ ਸੀ, ਜਿਵੇਂ ਕੋਈ ਮੂੰਗਲੀ ਨਾਲ ਉਖੱਲ ਵਿੱਚ ਕੁਝ ਕੁੱਟ ਰਿਹਾ ਹੋਵੇ। ਜਦ ਇਹ ਆਵਾਜ਼ ਦਿਨ ਚੜੇ ਤੱਕ ਵੀ ਬੰਦ ਨਾ ਹੋਈ ਤਾਂ ਇੱਕ ਗੁਆਂਢਣ ਤਾਈ ਧੰਨ ਕੌਰ ਦੇ ਘਰ ਆ ਹੀ ਗਈ ਅਤੇ ਘਰ ਵੜਦੇ ਸਾਰ ਹੀ ਦੇਖ ਕੇ ਹੈਰਾਨ ਹੋ ਗਈ। ਤਾਈ ਨੇ ਇੱਕ ਵੱਡੇ ਪਾਣੀ ਦੇ ਡਰੰਮ ਵਿੱਚ ਹਜ਼ਾਰ -ਹਜ਼ਾਰ ਅਤੇ ਪੰਜ- ਪੰਜ ਸੌ ਦੇ ਨੋਟ ਪਾਏ ਹੋਏ ਸਨ ਤੇ ਉਹ ਥੋਹੜੇ ਥੋਹੜੇ ਨੋਟਾਂ ਨੂੰ ਉਖੱਲੀ ਵਿੱਚ ਪਾ ਕੇ ਮੋਹਲੇ ਨਾਲ ਕੁੱਟ-ਕੁੱਟ ਕੇ ਕਣਕ ਦੇ ਗੁੰਨ੍ਹੇ ਆਟੇ ਜਿਹਾ ਬਣਾ ਰਹੀ ਸੀ। ਗੁਆਂਢਣ ਹੈਰਾਨ ਹੋਈ ਬੋਲੀ, " ਤਾਈ ਇਹ ਕੀ ?" ਤਾਂ ਧੰਨ ਕੌਰ ਬੋਲੀ," ਭਾਈ, ਇਹ ਨੋਟ ਤਾਂ ਹੁਣ ਕਿਸੇ ਕੰਮ ਦੇ ਰਹੇ ਨਹੀਂ , ਮੈਂ ਸੋਚਿਆ ਪਈ, ਇਹਨਾਂ ਨੂੰ ਕੁੱਟ -ਕੁੱਟ ਕੇ ਇਹਦੇ ਵਿੱਚ ਗਾਚਣੀ ਮਿਲਾ ਕੇ ਕੁਝ ਦੌਰੇ ਤੇ ਗੋਹਲੇ ਬਣਾ ਲਵਾਂ। ਪਿੰਡ ਵਿੱਚ ਵੀ ਜਦੋਂ ਮੈਂ ਵਿਹਲੀ ਹੁੰਦੀ ਸੀ ਤਾਂ ਕਾਗਜ਼ਾਂ ਤੇ ਗੱਤਿਆਂ ਨੂੰ ਭਿਓਂ ਕੇ ਵਿੱਚ ਗਾਚਣੀ ਪਾ ਕੇ ਮੈਂ ਭਾਂਡੇ ਬਣਾ ਲੈਂਦੀ ਸੀ, ਜਿਸ ਵਿੱਚ ਆਟਾ ਤੇ ਦਾਣੇ ਪਾ ਲੈਂਦੀ ਸੀ। ਹੁਣ ਮੈਂ ਸੋਚਿਆ ਕਿ ਇੰਨੇ ਨੋਟ ਕਿੱਥੇ ਸੁਟੀਏ, ਬੈਂਕ ਵਿੱਚ ਰੱਖ ਨਹੀਂ ਸਕਦੇ, ਸਰਕਾਰ ਪੁੱਛੂ ਨੋਟ ਕਿਥੋਂ ਆਏ ? ਸੋ ਭਾਈ ਮੈਨੂੰ ਤਾਂ ਇਹੋ ਹੀ ਸੁਝਿਆ। ਤੁਸੀਂ ਵੀ ਆਪਣੇ ਆਪਣੇ ਨੋਟਾਂ ਦਾ ਕੁਛ ਬਣਾ ਲਉ ਭਾਈ, ਨਹੀਂ ਤਾਂ ਕੀ ਪਤਾ, ਇਹਨਾਂ ਕੋਠੀਆਂ ਵਿੱਚੋਂ ਨਿਕਲ ਕੇ ਵਾਪਸ ਪਿੰਡ ਜਾਣਾ ਪੈ ਜਾਵੇ ।" ਗੁਆਂਢਣ ਸੁਣ ਕੇ ਦੰਗ ਰਹਿ ਗਈ। 
                                                                                                                                                  ਗੁਰਮੇਲ ਸਿੰਘ ਭੰਮਰਾ 
 ਯੂ. ਕੇ. 

ਨੋਟ : ਇਹ ਪੋਸਟ ਹੁਣ ਤੱਕ 130 ਵਾਰ ਪੜ੍ਹੀ ਗਈ ਹੈ।

ਲਿੰਕ 1             ਲਿੰਕ 2         ਲਿੰਕ 3       ਲਿੰਕ 4

12 Aug 2017

ਫੁੱਲ ਗੁਲਾਬ

Rajwinder Kaur Gill's profile photo, Image may contain: 1 person, close-upਅੱਜ ਮੈਂ ਸਵੇਰੇ ਆਪਣੇ ਕੰਮ 'ਤੇ ਪਹੁੰਚੀ ਤੇ ਟੀ ਬਰੇਕ ਦੌਰਾਨ ਹੋਈ ਅਸੀਂ ਸਭ  ਭੈਣਾਂ ਇਕੱਠੀਆਂ ਹੋ ਕੇ ਚਾਹ ਦੇ ਨਾਲ ਨਾਲ ਗੱਲਾਂ 'ਚ ਵੀ ਰੁਝੀਆਂ ਰਹੀਆਂ ।ਅਚਾਨਕ ਕਿਸੇ ਨੇ ਮੈਨੂੰ ਬਹੁਤ ਹੀ ਪਿਆਰ ਨਾਲ ਇੱਕ ਗੁਲਾਬ ਦਾ ਫੁੱਲ ਭੇਂਟ ਕੀਤਾ ।ਇਹ ਮੇਰੀ ਜ਼ਿੰਦਗੀ ਦਾ ਪਹਿਲਾ ਫੁੱਲ ਹੈ ਜੋ  ਮੈਂ ਬਹੁਤ ਹੀ ਖੁਸ਼ੀ ਖੁਸ਼ੀ ਸਵੀਕਾਰ ਕੀਤਾ । ਜਿਸ ਦੇ ਵਿੱਚ ਪਿਆਰ,ਅਪਣੱਤ,ਫਿਕਰ ਤੇ ਲੱਖਾਂ ਕਰੋੜਾਂ ਅਸੀਸਾਂ ਛੁਪੀਆ ਸਨ। ਫ਼ੁੱਲ ਦੇਣ ਵਾਲ਼ੇ ਮੇਰੀ ਮਾਤਾ ਜੀ ਦੇ ਉਮਰ ਦੇ ਨੇ ਪਰ ਸਾਰੇ ਉਹਨਾਂ ਨੂੰ ਵੱਡੇ ਭੈਣ ਜੀ ਕਹਿੰਦੇ ਹਨ । ਸੋ ਮੈਂ ਉਹਨਾਂ ਨੁੰ ਪੁੱਛਿਆ ਕਿ ਭੈਣ ਜੀ ਤੁਹਾਡੇ ਦਿਲ 'ਚ ਕਿਵੇਂ ਆਇਆ ਕਿ ਰਾਜ ਨੂੰ ਫੁੱਲ ਦੇਣਾ।  ਕਹਿੰਦੇ ਮੈਂ ਕਾਫੀ ਸਮੇਂ ਤੋਂ ਉਡੀਕ ਕਰ ਰਹੀ ਸੀ ਤੇਰੇ ਲਈ ਇਹ ਫੁੱਲ ਖਿੜਨ ਲਈ। 

ਭੈਣ ਜੀ ਲਹਿੰਦੇ ਪੰਜਾਬ ਤੋਂ ਨੇ। ਕਹਿੰਦੇ ਪਤਾ ਨਹੀਂ ਮੇਰਾ ਕੀ ਰਿਸ਼ਤਾ ਤੇਰੇ ਨਾਲ। ਜਦੋਂ ਵੀ ਨਮਾਜ਼ ਕਰਦੀ ਹਾਂ ਅੱਲਾ ਤੋਂ ਦੁਆ ਮੰਗਦੀ ਹਾਂ ਤੇਰਾ ਮੁਸਕਰਾਉਂਦਾ ਚਿਹਰਾ ਨਜ਼ਰ ਆ ਜਾਂਦਾ ਤੇ ਤੇਰੇ ਲਈ ਦੁਆ ਮੰਗ ਲੈਂਦੀ ਹਾਂ। ਫਿਰ ਗਾਰਡਨ ਚ ਲੱਗੇ ਫੁੱਲਾਂ ਵੱਲ ਜਾਂਦੀ ਹੈ। ਕੰਡਿਆਂ ਨਾਲ ਭਰਿਆ ਫੁੱਲ ਫਿਰ ਵੀ ਖਿੜਿਆ ਦੇਖ ਤੂੰ ਯਾਦ ਆ ਜਾਂਦੀ ਹੈ। ਲੰਮੇ ਸਮੇਂ ਤੋਂ  ਜਾਣਦੇ ਹੋਣ ਕਰਕੇ ਮੇਰੇ ਦੁੱਖਾਂ ਸੁੱਖਾਂ ਤੋਂ ਵਾਕਿਫ਼ ਹਨ । ਇਸੇ ਕਰਕੇ ਦਿਲ ਕੀਤਾ ਕਿ ਰਾਜ ਨੂੰ ਗੁਲਾਬ ਦਾ ਫੁੱਲ ਦਿਆਂ। ਉਹਨਾਂ ਦੇ ਪਿਆਰ ਦੀ ਮੈ ਰਿਣੀ ਹਾਂ । ਸੱਚ ਤਾਂ ਇਹ ਹੈ ਕਿ ਫੁੱਲ ਦੇ ਜ਼ਰੀਏ ਬਹੁਤ ਕੁਝ ਸਮਝਾ ਗਏ ਮੈਨੂੰ । ਮੇਰੇ ਕੋਲ ਸਾਰਾ ਦਿਨ ਰਿਹਾ ਗੁਲਾਬ ਦਾ ਫੁੱਲ। ਹੁਣ ਕੁਮਲਾ ਗਿਆ ਹੈ ਪਰ ਸੁਗੰਧ ਹਜੇ ਤੱਕ ਉਸੇ ਤਰਾਂ ਹੀ ਹੈ। ਸੋਚਦੀ ਰਹੀ ਇਹ ਟੁੱਟ ਕੇ ਸਾਨੂੰ ਮਹਿਕ ਦੇ ਸਕਦਾ ਫਿਰ ਅਸੀਂ  ਮਨੁੱਖੀ ਜੀਵ ਹੋ ਕਿ ਵੀ ਗੰਧਲੇ ਫਿਰਦੇ ਹਾਂ ਕੁੜੱਤਣ, ਈਰਖਾ, ਫਰੇਬ,ਲਾਲਚ,ਵੈਰ ਵਿਰੋਧ ਨਾਲ ਕਿਉਂ ਭਰੇ ਹੋਏ ਹਾਂ।

ਰਾਜਵਿੰਦਰ ਕੌਰ ਗਿੱਲ 
ਯੂ. ਕੇ.

ਨੋਟ : ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ ਹੈ।
    ਲਿੰਕ 1                           ਲਿੰਕ 2

10 Aug 2017

ਚਿੱਤਰਕਾਰ (ਕਹਾਣੀ)

     ਚਿੱਤਰਕਾਰ ਤਾਂ ਓਹ ਸਕੂਲ ਦੇ ਦਿਨਾਂ ਤੋਂ ਹੀ ਸੀ ਲੇਕਿਨ ਉਸ ਦੀ ਕਲਾ ਨੂੰ ਜਾਣਨ ਵਾਲਾ ਹੀ ਕੋਈ ਨਹੀਂ ਸੀ। ਉਂਜ ਵੀ ਰਾਜੂ ਗਰੀਬ ਮਾਂ ਦਾ ਇਕਲੌਤਾ ਬੇਟਾ ਹੀ ਸੀ। ਪਿਤਾ ਬਚਪਨ ਵਿੱਚ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਇਸ ਤੋਂ ਵੀ ਬੁਰੀ ਗੱਲ ਉਸ ਦਾ ਪੜ੍ਹਾਈ 'ਚੋਂ ਕਮਜ਼ੋਰ ਹੋਣਾ ਸੀ । ਮਾਸਟਰ ਜੀ ਸੋਟੀ ਨਾਲ ਉਸ ਨੂੰ ਕੁਟਦੇ ਹੀ ਰਹਿੰਦੇ । ਮਾਸਟਰ ਜੀ ਵੀ ਕੀ ਕਰਦੇ, ਰਾਜੂ ਨੂੰ ਤਾਂ ਜਿਵੇਂ ਪੜ੍ਹਾਈ 'ਚ ਕੋਈ ਦਿਲਚਸਪੀ ਹੀ ਨਹੀਂ ਸੀ। ਬੱਸ ਸਲੇਟ 'ਤੇ ਤੋਤੇ ਚਿੜੀਆਂ ਕੁੱਤੇ ਆਦਿ ਬਣਾਉਂਦਾ ਰਹਿੰਦਾ । ਇਸੇ ਗੱਲ ਤੋਂ ਮਾਸਟਰ ਜੀ ਨੂੰ ਰਾਜੂ ਨਾਲ ਚਿੜ੍ਹ ਸੀ ਅਤੇ ਉਹ ਰਾਜੂ ਨੂੰ ਮੁਰਗਾ ਬਣਾਉਂਦੇ ਹੀ ਰਹਿੰਦੇ।ਇੱਕ  ਦਿਨ ਤਾਂ ਮਾਸਟਰ ਜੀ ਐਨੇ ਤੰਗ ਆਏ ਕਿ ਉਸ ਨੂੰ ਸੋਟੀਆਂ ਨਾਲ ਬੁਰੀ ਤਰਾਂ ਕੁੱਟਿਆ ਅਤੇ ਇਸ ਤੋਂ ਬਾਅਦ ਰਾਜੂ ਕਦੇ ਸਕੂਲ ਨਹੀਂ ਆਇਆ।  
          ਮਾਂ ਰਾਜੂ ਨੂੰ ਕਿਸੇ ਸ਼ਹਿਰ ਲੈ ਗਈ। ਸਮਾਂ ਬੀਤਿਆ ਤੇ ਉਸ ਦਾ ਵਿਆਹ ਤੇ ਫੇਰ ਬੱਚੇ ਵੀ ਹੋ ਗਏ। ਬਚਪਨ ਦੇ ਚਿੱਤਰਕਾਰੀ ਦੇ ਸ਼ੌਕ ਨੇ ਉਸ ਨੂੰ ਇੱਕ ਚੰਗਾ ਚਿੱਤਰਕਾਰ ਬਣਾ ਦਿੱਤਾ ਸੀ। ਲੇਕਿਨ ਇਸ ਚਿੱਤਰਕਾਰੀ ਤੋਂ ਘਰ ਦਾ ਖਰਚ ਚਲਾਉਣਾ ਉਸ ਲਈ ਬਹੁਤ ਮੁਸ਼ਕਿਲ ਸਾਬਤ ਹੋ ਰਿਹਾ ਸੀ। ਜਿੰਨੀਆਂ ਤਸਵੀਰਾਂ ਉਹ ਬਣਾਉਂਦਾ, ਉਹਨਾਂ ਨੂੰ ਵੇਚਣਾ ਮੁਸ਼ਕਿਲ ਹੁੰਦਾ, ਅਗਰ ਵਿਕ ਵੀ ਜਾਂਦੀਆਂ ਤਾਂ ਐਨੇ ਪੈਸੇ ਨਾ ਮਿਲਦੇ। ਪਤੀ ਪਤਨੀ ਵਿੱਚ ਹਰ ਰੋਜ਼ ਝਗੜਾ ਹੁੰਦਾ। ਕਦੇ ਕਦੀ ਰਾਜੂ ਬਹੁਤ ਉਦਾਸ ਹੋ ਜਾਂਦਾ ਕਿ ਲੋਕ ਉਸ ਦੀ ਕਲਾ ਨੂੰ ਕਿਓਂ ਨਹੀਂ ਪਛਾਣਦੇ ਸੀ। ਜਦ ਕਦੀ ਉਹ ਬਹੁਤ ਉਦਾਸ ਹੋ ਜਾਂਦਾ ਤਾਂ ਸ਼ਹਿਰ ਤੋਂ ਬਾਹਰ ਖੇਤਾਂ ਵੱਲ ਨੂੰ ਚਲੇ ਜਾਂਦਾ। ਖੇਤਾਂ ਵਿੱਚ ਆ ਕੇ ਉਸ ਦੇ ਮਨ ਨੂੰ ਕੁਝ ਚੈਨ ਮਿਲਦਾ । ਕਦੇ ਕਦੇ ਕਿਸੇ ਕਿਸਾਨ ਨਾਲ ਉਸ ਦੀ ਮੁਲਾਕਾਤ ਹੋ ਜਾਂਦੀ।  ਉਹਨਾਂ ਨਾਲ ਗੱਲਬਾਤ ਕਰਕੇ ਉਸ ਨੂੰ ਖੁਸ਼ੀ ਮਿਲਦੀ।ਰੋਜ਼ -ਰੋਜ਼ ਖੇਤਾਂ ਵੱਲ ਆਉਣਾ ਉਸ ਲਈ ਸੰਭਵ ਨਹੀਂ ਸੀ ਲੇਕਿਨ ਜਦ ਕਦੀ ਮਨ ਜ਼ਿਆਦਾ ਉਦਾਸ ਹੁੰਦਾ ਤਾਂ ਉਹ ਇੱਥੇ ਆ ਜਾਂਦਾ।  
       ਇੱਕ ਸ਼ਾਮ ਨੂੰ ਸੈਰ ਕਰਦੇ ਕਰਦੇ ਕੁਝ ਹਨ੍ਹੇਰਾ ਹੋਣਾ ਸ਼ੁਰੂ ਹੋ ਗਿਆ ਸੀ। ਸਰਸਰੀ ਨਜ਼ਰ ਨਾਲ ਉਸ ਨੇ ਦੇਖਿਆ ਇੱਕ ਕਿਸਾਨ ਇੱਕ ਰੁੱਖ ਨਾਲ ਰੱਸਾ ਬੰਨ੍ਹ ਰਿਹਾ ਸੀ। ਰਾਜੂ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ। ਉਹ ਚਲਾ ਜਾ ਰਿਹਾ ਸੀ। ਇਇੱਕ ਵਾਰ ਫਿਰ ਉਸ ਨੇ ਗਰਦਨ ਘੁਮਾ ਕੇ ਓਧਰ ਵੇਖਿਆ ਤਾਂ ਉਸ ਦੇ ਹੋਸ਼ ਉੜ ਗਏ. ਉਹ ਕਿਸਾਨ ਉਸ ਰੱਸੇ ਨੂੰ ਆਪਣੇ ਗਲ ਵਿੱਚ ਪਾ ਰਿਹਾ ਸੀ।  ਬਿਜਲੀ ਦੀ ਤੇਜੀ ਨਾਲ ਰਾਜੂ ਨੇ ਦੌੜ ਕੇ ਉਸ ਕਿਸਾਨ ਨੂੰ ਫੜ ਲਿਆ ਤੇ ਗਲ ਵਿਚੋਂ ਰੱਸਾ ਕੱਢਣ ਲੱਗਾ।" ਮੈਨੂੰ ਛੱਡ ਦੇ ! ਮੈਨੂੰ ਛੱਡ ਦੇ," ਉਹ ਕਿਸਾਨ ਉਚੀ ਉਚੀ ਬੋਲ ਰਿਹਾ ਸੀ। ਲੇਕਿਨ ਰਾਜੂ ਨੇ ਰੱਸਾ ਗਲ ਵਿਚੋਂ ਕੱਢ ਦਿੱਤਾ। ਕਿਸਾਨ ਰੋਂਦਾ ਰੋਂਦਾ ਬੋਲ ਰਿਹਾ ਸੀ ਕਿ ਜੀਣ ਵਾਸਤੇ ਉਸ ਦੇ ਕੋਲ ਹੁਣ ਕੁਝ ਨਹੀਂ ਬਚਿਆ ਸੀ।  ਉਸ ਦੇ ਸਿਰ ਐਨਾ ਕਰਜ਼ ਹੋ ਗਿਆ ਸੀ ਕਿ ਇਸ ਜਨਮ ਵਿਚ ਉਹ ਲਾਹ ਨਹੀਂ ਸਕਦਾ ਸੀ। ਫੇਰ ਰਾਜੂ ਨੇ ਉਸ ਦੇ ਪਰਵਾਰ ਜਾਣਿਆ ਤੇ ਉਸ ਨੂੰ ਸਮਝਿਆ ਕਿ ਉਹ ਤਾਂ ਆਤਮ ਹੱਤਿਆ ਕਰ ਕੇ ਸੁਰਖੁਰੂ ਹੋ ਜਾਵੇਗਾ ਲੇਕਿਨ ਬੀਵੀ ਅਤੇ ਬੱਚਿਆਂ ਦਾ ਕੀ ਬਣੇਗਾ। ਰਾਜੂ ਨੇ ਉਸ ਨੂੰ ਆਪਣੀ ਹਾਲਤ ਬਾਰੇ ਦੱਸਦਿਆਂ ਕਿਹਾ ਕਿ ਉਹ ਅੰਤ ਹੱਤਿਆ ਬਾਰੇ ਸੋਚ ਵੀ ਨਹੀਂ ਸਕਦਾ। ਸਮਝਾ ਬੁਝਾ ਕੇ ਰਾਜੂ ਕਿਸਾਨ ਨੂੰ ਉਸ ਦੇ ਘਰ ਛੱਡ ਆਇਆ ਲੇਕਿਨ ਉਹ ਬਹੁਤ ਘਬਰਾਇਆ ਹੋਇਆ ਘਰ ਜਾ ਰਿਹਾ ਸੀ। 
          ਸਾਰੀ ਰਾਤ ਰਾਜੂ ਸੋਚਦਾ ਰਿਹਾ ਕਿ ਅਗਰ ਕਿਸਾਨ ਆਤਮ ਹੱਤਿਆ ਕਰ ਲੈਂਦਾ ਤਾਂ ਕਿੰਨੀਆਂ ਹੋਰ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ। ਕਈ ਦਿਨ ਇਸ ਤਰ੍ਹਾਂ ਲੰਘ ਗਏ। ਇੱਕ ਸਵੇਰ ਨੂੰ ਉਸ ਦੇ ਦਿਮਾਗ 'ਚ ਕੁਝ ਆਇਆ ਤੇ ਉਸ ਨੇ ਇੱਕ ਚਿੱਤਰ ਬਨਾਉਣਾ ਸ਼ੁਰੂ ਕਰ ਦਿੱਤਾ। ਜਦ ਚਿੱਤਰ ਕਈ ਦਿਨਾਂ 'ਚ ਪੂਰਾ ਹੋਇਆ ਤਾਂ ਉਸ ਨੂੰ ਦੇਖ ਕੇ ਖੁਦ ਹੀ ਰਾਜੂ ਉਦਾਸ ਹੋ ਗਿਆ। ਚਿੱਤਰ ਵਿੱਚ ਇੱਕ ਕਿਸਾਨ ਕਿਸੇ ਦਰਖਤ ਨਾਲ ਬੰਨੇ ਹੋਏ ਰੱਸੇ ਨੂੰ ਗਲ ਵਿਚ ਪਾ ਕੇ ਬਾਰਸ਼ ਨਾਲ ਡੁੱਬੀ ਫਸਲ ਵੱਲ ਦੇਖਦਾ ਹੋਇਆ ਲਟਕ ਰਿਹਾ ਸੀ। ਰਾਜੂ ਤੋਂ ਚਿੱਤਰ ਵੱਲ ਦੇਖ ਨਹੀਂ ਸੀ ਹੁੰਦਾ। ਉਹ ਇਸ ਨੂੰ ਜਿੰਨੀ ਛੇਤੀ ਹੋ ਸਕੇ ਕਿਸੇ ਵੀ ਕੀਮਤ 'ਤੇ ਵੇਚਣਾ ਚਾਹੁੰਦਾ ਸੀ। ਸਾਰੇ ਚਿੱਤਰ ਲੈ ਕੇ ਰਾਜੂ ਸੜ੍ਹਕ ਦੇ ਕਿਨਾਰੇ ਬੈਠ ਕੇ ਗਾਹਕ ਦਾ ਇੰਤਜ਼ਾਰ ਕਰਨ ਲੱਗਾ। ਜੋ ਵੀ ਇਸ ਚਿੱਤਰ ਨੂੰ ਦੇਖਦਾ ਉਹ ਦੁੱਖ ਭਰੀ ਆਵਾਜ਼ 'ਚ ਕੁਝ ਸ਼ਬਦ ਬੋਲ ਕੇ ਅੱਗੇ ਚਲੇ ਜਾਂਦਾ। ਕੋਈ  ਖਰੀਦਣ  ਨੂੰ ਤਿਆਰ ਨਾ ਹੁੰਦਾ। ਸ਼ਾਮ ਹੋ ਗਈ ਸੀ।  ਉਹ ਘਰ ਨੂੰ ਮੁੜਨ ਹੀ ਵਾਲਾ ਸੀ ਕਿ ਇੱਕ ਵਿਦੇਸ਼ੀ ਜੋੜਾ ਆ ਕੇ ਇਸ ਤਸਵੀਰ ਨੂੰ ਦੇਖਣ ਲੱਗੇ । ਬਹੁਤ ਦੇਰ ਤੱਕ ਦੇਖਣ ਤੋਂ ਬਾਅਦ ਉਹ ਗੋਰਾ ਬੋਲਿਆ," ਕਿਤਨੇ ਪੈਸੇ ਲੇਗਾ ਇਸ ਪੇਂਟਿੰਗ ਕੇ। " ਸਾਹਬ ਜੋ ਮਰਜੀ ਦੇ ਦੋ ਰਾਜੂ ਬੋਲਿਆ। " ਏਕ ਲਾਖ ਰੁਪੀ ਲੇਗਾ ?" ਸੁਣ ਕੇ ਰਾਜੂ ਦਾ ਮੂੰਹ ਖੁੱਲਾ ਹੀ ਰਹਿ ਗਿਆ। " ਏਕ ਲਾਖ ਦਸ ਹਜ਼ਾਰ ਸੇ ਜ਼ਿਆਦਾ ਨਹੀਂ ਦੇਗਾ, ਬੋਲੋ ਮਨਜੂਰ ਹੈ ? " ਰਾਜੂ ਦੇ ਮੂੰਹ ਵਿੱਚੋਂ ਕੋਈ ਆਵਾਜ਼ ਨਿਕਲ ਨਹੀਂ ਰਹੀ ਸੀ।  ਸਿਰ ਹਿਲਾ ਕੇ ਉਸ ਨੇ ਰਜ਼ਾਮੰਦੀ ਜ਼ਹਿਰ ਕਰ ਦਿੱਤੀ। ਇੱਕ ਲੱਖ ਦਸ ਹਜ਼ਾਰ ਰੁਪਏ ਤੇ ਬਾਕੀ ਦੀਆਂ ਪੇਂਟਿੰਗ ਲੈ ਕੇ ਜਦ ਰਾਜੂ ਘਰ ਨੂੰ ਜਾ ਰਿਹਾ ਸੀ ਤਾਂ ਉਸ ਦੇ ਦਿਮਾਗ ਵਿਚ ਹਜ਼ਾਰਾਂ ਖ਼ਿਆਲ ਆ ਰਹੇ ਸਨ। ਉਸ ਨੂੰ ਲੱਗਾ ਕਿ ਇਹਨਾਂ ਪੈਸਿਆਂ ਦਾ ਅਸਲ ਹੱਕਦਾਰ ਉਹ ਖੁਦ ਨਹੀਂ ਸੀ ਬਲਕਿ ਉਹ ਕਿਸਾਨ ਸੀ।
                                                                                                                                                  ਗੁਰਮੇਲ ਸਿੰਘ ਭੰਮਰਾ  
(ਯੂ. ਕੇ.)

  ਲਿੰਕ 1               ਲਿੰਕ 2         ਲਿੰਕ 3
ਨੋਟ : ਇਹ ਪੋਸਟ ਹੁਣ ਤੱਕ 95 ਵਾਰ ਪੜ੍ਹੀ ਗਈ ਹੈ।

9 Aug 2017

ਛੂਤਕਾਰੀ ਹਾਸਾ (ਮਿੰਨੀ ਕਹਾਣੀ)


Image result for laughingਗੱਡੀ ਦੇ ਡੱਬੇ 'ਚ ਭੀੜ ਹੋਣ ਦੇ ਬਾਵਜੂਦ ਵੀ ਚੁੱਪ-ਚਾਂਦ ਸੀ। ਸਭ ਇੱਕ ਦੂਜੇ ਵੱਲੋਂ ਬੇਧਿਆਨੇ ਆਪੋ ਆਪਣੇ 'ਚ ਮਸਤ ਬੈਠੇ ਸਨ। ਕੋਈ ਕਿਤਾਬ ਲਈ ਬੈਠਾ ਸੀ,ਕੋਈ ਫੋਨ ਤੇ ਕੋਈ ਲੈਪਟਾਪ। ਕਿਤੇ ਕਿਤੇ ਥੋੜੀ ਬਹੁਤ ਘੁਸਰ -ਮੁਸਰ ਵੀ ਹੋ ਰਹੀ ਸੀ। ਜਦ ਗੱਡੀ ਕਿਸੇ ਸਟੇਸ਼ਨ 'ਤੇ ਰੁਕਦੀ ਤਾਂ ਦੋ ਯਾਤਰੀ ਉਤਰਦੇ ਤੇ ਚਾਰ ਹੋਰ ਚੜ੍ਹ ਜਾਂਦੇ। ਕਿਸੇ ਨੂੰ ਕੁਝ ਪਤਾ ਨਾ ਲੱਗਾ ਕਿ ਕਦੋਂ ਉਹ ਗੱਡੀ 'ਚ ਸਵਾਰ ਹੋ ਗਿਆ ਸੀ। ਉਸ ਨੂੰ ਬੈਠਣ ਲਈ ਵੀ ਕੋਈ ਸੀਟ ਨਾ ਮਿਲੀ। ਕੰਨਾਂ 'ਚ ਈਅਰਫੋਨ ਲਾਈ ਉਹ ਆਪਣੀ ਹੀ ਧੁਨ 'ਚ ਇੱਕ ਪਾਸੇ ਹੋ ਕੇ ਖੜ੍ਹ ਗਿਆ।
ਅਚਾਨਕ ਉਹ ਉੱਚੀ ਉੱਚੀ ਹੱਸਣ ਲੱਗਾ। ਸਭ ਤੋਂ ਬੇਖ਼ਬਰ ਉਹ ਫੋਨ 'ਤੇ ਕੁਝ ਦੇਖਦਿਆਂ ਨਿਰੰਤਰ ਹੱਸੀ ਜਾ ਰਿਹਾ ਸੀ। ਹੌਲ਼ੀ -ਹੌਲ਼ੀ ਚੁੱਪੀ ਟੁੱਟਣ ਲੱਗੀ। ਹੁਣ ਉਸ ਦਾ ਹਾਸਾ ਹਵਾ ਤਰੰਗਾਂ ਦਾ ਸ਼ਾਹ -ਸਵਾਰ ਬਣ ਹਰ ਇੱਕ ਚਿਹਰੇ 'ਤੇ ਦਸਤਕ ਦੇਣ ਲੱਗਾ। ਪਹਿਲਾਂ ਸਭ ਦੀਆਂ ਅੱਖਾਂ ਹੱਸੀਆਂ ਅਤੇ ਫੇਰ ਬੁੱਲਾਂ 'ਤੇ ਮੁਸਕਾਨ ਫੈਲਣ ਲੱਗੀ। ਕੋਈ ਮੰਦ -ਮੰਦ ਮੁਸਕਰਾਇਆ ਤੇ ਕਿਸੇ ਦਾ ਮੱਧਮ ਜਿਹਾ ਹਾਸਾ ਆਪੂੰ ਖਿੜ ਉਠਿਆ। ਹੁਣ ਸਾਰਾ ਡੱਬਾ ਹਾਸੇ ਦੀ ਗ੍ਰਿਫ਼ਤ 'ਚ ਆ ਚੁੱਕਾ ਸੀ। ਉਸ ਦੇ ਹਾਸ ਫ਼ੁਹਾਰੇ ਦੇ ਸੀਤਲ ਛਿੱਟਿਆਂ ਨੇ ਸਭ ਦੇ ਮਨਾਂ ਨੂੰ ਪ੍ਰਫੁਲਿੱਤ ਕਰ ਇੱਕ ਅਲੌਕਿਕ ਖੇੜੇ ਦਾ ਸੰਚਾਰ ਕਰ ਦਿੱਤਾ ਸੀ।

ਡਾ. ਹਰਦੀਪ ਕੌਰ ਸੰਧੂ

ਨੋਟ : ਇਹ ਪੋਸਟ ਹੁਣ ਤੱਕ 460 ਵਾਰ ਪੜ੍ਹੀ ਗਈ ਹੈ।

     ਲਿੰਕ 1     ਲਿੰਕ 2        ਲਿੰਕ 3

7 Aug 2017

ਬੇਵਜ੍ਹਾ (ਮਿੰਨੀ ਕਹਾਣੀ )ਡਾ. ਹਰਦੀਪ ਕੌਰ ਸੰਧੂ

Related image
ਮਾਹੌਲ ਬੇਹੱਦ ਸੋਗਮਈ ਸੀ। ਉਸ ਬੀਬਾ ਦਾ ਉਨ੍ਹਾਂ ਦੇ ਓਦੋਂ ਆਉਣਾ ਹੋਇਆ ਜਦੋਂ ਉਸ ਘਰ 'ਚ ਉਦਾਸੀ ਦਾ ਪਸਾਰਾ ਸੀ। ਉਨ੍ਹਾਂ ਦੇ ਵਿਹੜੇ 'ਚ ਪੀੜਾ ਉੱਗ ਆਈ ਸੀ। ਜੁਆਨ ਪੁੱਤ ਦੀ ਮੌਤ ਨੇ ਦੋਵੇਂ ਜੀਆਂ ਨੂੰ ਧੁਰ ਅੰਦਰ ਤੱਕ ਵਲੂੰਧਰ ਦਿੱਤਾ ਸੀ। ਉਸ ਦੀ ਅਣਹੋਂਦ ਘਰ ਦੀ ਹਰ ਨੁੱਕਰ 'ਚੋਂ ਝਾਕ ਰਹੀ ਸੀ। ਇਓਂ ਲੱਗਦਾ ਸੀ ਜਿਵੇਂ ਉਨ੍ਹਾਂ ਦੇ ਸਾਹਾਂ ਦੀ ਸਰਦਲ 'ਤੇ ਕਿਸੇ ਨੇ ਸੇਹ ਦਾ ਤੱਕਲ਼ਾ ਧਰ ਦਿੱਤਾ ਹੋਵੇ। ਪਰ ਫੇਰ ਵੀ ਉਹ ਆਪਣੀ ਜਿਹੀ ਨਿੱਕੀ ਪੋਤੀ ਤੇ ਵਿਧਵਾ ਨੂੰਹ ਦੀਆਂ ਅੱਖਾਂ 'ਚ ਲੁਕੀ ਉਦਾਸੀ ਦੀ ਤਪਸ਼ ਨੂੰ ਮੋਹ ਫੁਹਾਰਾਂ ਨਾਲ ਠਾਰਨ ਲਈ ਆਪਣਾ ਪੂਰਾ ਤਾਣ ਲਾਉਂਦੇ ਰਹਿੰਦੇ । 
      ਹੁਣ ਉਸ ਬੀਬਾ ਦਾ ਉਨ੍ਹਾਂ ਦੇ ਆਉਣਾ -ਜਾਣਾ ਪਹਿਲਾਂ ਨਾਲੋਂ ਵੱਧ ਗਿਆ ਸੀ।ਉਹ ਆਪਣੇ ਹੱਥਲੇ ਕੰਮ ਛੱਡ ਬੇਵਜ੍ਹਾ ਹੀ ਉਨ੍ਹਾਂ ਦੇ ਘਰ ਚਲੀ ਜਾਂਦੀ ਸ਼ਾਇਦ ਉਨ੍ਹਾਂ ਦੀਆਂ ਖ਼ਾਮੋਸ਼ ਸਿਸਕੀਆਂ ਚੁੱਗਣ। ਉਨ੍ਹਾਂ ਦੋਹਾਂ ਜੀਆਂ ਨੂੰ ਵੀ ਹੁਣ ਉਸ ਦੀ ਆਦਤ ਜਿਹੀ ਹੋ ਗਈ ਸੀ। ਪਰ ਘਰ ਦੀ ਨਵੀਂ ਬਣੀ ਤਾਮੀਰਦਾਰ ਦੀ ਬੇਰੁੱਖੀ ਉਸ ਦੇ ਆਉਣ ਦੀ ਵਜ੍ਹਾ ਤਲਾਸ਼ਣ ਲੱਗੀ। ਨਿੱਘੇ ਅਹਿਸਾਸਾਂ ਦੀਆਂ ਤੰਦਾਂ ਨਾਲ ਬੁਣਿਆ ਰਿਸ਼ਤਾ ਤਾਰ -ਤਾਰ ਹੋਣ ਲੱਗਾ। ਹੁਣ ਭੀੜੇ ਹੋਏ ਦਰਾਂ ਵੱਲ ਉੱਠਦੇ ਉਸ ਦੇ ਕਦਮ ਖੁਦ -ਬ -ਖੁਦ ਰੁਕ ਜਾਂਦੇ,"ਪਤਾ ਨਹੀਂ ਅਸੀਂ ਪੰਛੀਆਂ ਵਾਂਗਰ ਬੇਵਜ੍ਹਾ ਮਿਲਣਾ ਕਦੋਂ ਸਿਖਾਂਗੇ ?"
ਡਾ. ਹਰਦੀਪ ਕੌਰ ਸੰਧੂ 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ  ਨੋਟ : ਇਹ ਪੋਸਟ ਹੁਣ ਤੱਕ 415 ਵਾਰ ਪੜ੍ਹੀ ਗਈ ਹੈ।
               

6 Aug 2017

ਉਹ ਇੱਕਲੀ

Satnam Singh's profile photo, Image may contain: 1 person, close-upਜਸਪ੍ਰੀਤ ਨੂੰ ਗਾਉਣ ਦਾ ਬਹੁਤ ਸ਼ੌਕ ਸੀ। ਰੱਬ ਨੇ ਆਵਾਜ਼ ਵੀ ਬਹੁਤ ਵਧੀਆ ਦਿੱਤੀ ਸੀ। ਉਸ ਦੇ ਮਨ ਵਿਚ ਹਮੇਸ਼ਾਂ ਕੁਝ ਕਰਨ ਦਾ ਤੇ ਜ਼ਿੰਦਗੀ ਵਿੱਚ ਕੁਝ ਬਣਨ ਦਾ ਸ਼ੌਕ ਸੀ ਪਰ ਇੱਕ ਗਰੀਬੀ ਦੀ ਮਾਰ ਤੇ ਦੂਜਾ ਉਸ ਦਾ ਘਰਵਾਲਾ ਨਸ਼ਾ ਕਰਨ ਲੱਗਾ। ਉਹ ਚੋਰ ਤੇ ਵਿਹਲੜ ਵੀ ਸੀ ।ਦੋ ਬੱਚਿਆਂ ਨੂੰ ਉਹ ਘਰਾਂ ਵਿੱਚ ਕੰਮ ਕਰਕੇ ਪਾਲ ਰਹੀ ਸੀ। ਜੋ ਕੁਝ ਮਿਹਨਤ ਨਾਲ ਬਚਾਉਂਦੀ ਉਸ ਦਾ ਘਰਵਾਲਾ ਮਹੀਨੇ ਵੀਹ ਦਿਨਾਂ  ਮਗਰੋਂ ਖੋਹ ਕੇ ਲੈ ਜਾਂਦਾ। ਜਸਪ੍ਰੀਤ ਨੂੰ ਘਰਵਾਲੇ ਵੱਲੋਂ ਕੋੲੀ ਸੁੱਖ ਨਹੀਂ ਸੀ ਮਿਲਿਆ। ਉਲਟਾ ਉਸ ਨੂੰ ਤੰਗ ਪ੍ਰੇਸ਼ਾਨ ਹੀ ਕਰਦਾ।  ਘਰੋਂ  ਹਮੇਸ਼ਾਂ ਗਾਇਬ ਰਹਿੰਦਾ। ਜਦੋਂ ਪੈਸੇ ਮੁੱਕ ਜਾਂਦੇ ਫਿਰ ਆਉਂਦਾ ਤੇ ਜੋ ਕੁਝ ਵੀ ਉਸ ਨੇ ਮਿਹਨਤ ਨਾਲ ਕਮਾਇਆ ਹੁੰਦਾ ਉਹ ਖੋਹ ਕੇ ਲੈ ਜਾਂਦਾਜੇ ਕਦੇ ਚੋਰੀ ਕਰਨ ' ਫੜਿਆ ਜਾਂਦਾ ਤਾਂ  ਉਹ ਮਿੰਨਤਾ ਤਰਲੇ ਕਰਕੇ ਘਰਵਾਲੇ ਨੂੰ ਥਾਣੇ ਤੋਂ ਛਡਾਉਂਦੀ। ਐਨੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਵੀ ਉਸ ਵਿੱਚ  ਹਮੇਸ਼ਾਂ ਹੌਸਲਾ ਬਣਿਆ ਰਹਿੰਦਾ ਕਿ ਉਹ ਜਰੂਰ ਕੁਝ ਬਣੇਗੀ। ਉਹ ਗਾਉਣ ਦਾ ਰਿਆਜ਼ ਕਰਦੀ। ਇਹ ਉਸ ਦਾ ਨਿੱਤ ਨੇਮ ਸੀ 
         ਉਹ ਬੱਚਿਆਂ  ਨੂੰ ਕਦੇ ਦੁੱਖ ਆਉਣ ਨਹੀਂ  ਸੀ ਦਿੰਦੀ ਪਰ ਵਕਤ ਦੀ ਮਾਰ ਨੇ ਉਸ ਦੇ ਹੌਸਲੇ ਤੋੜ ਦਿੱਤੇ।ਘਰਵਾਲੇ ਦੇ ਲੜਾਈ ਝਗੜੇ ਤੇ ਕੁੱਟ ਮਾਰ ਨੇ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ ਮਾਨਸਿਕ ਤੌਰ 'ਤੇ ਉਹ ਹੌਸਲਾ ਹਾਰ ਗਈ ਹੋਰ ਕਿੰਨਾ ਕੁ ਚਿਰ ਲੜਦੀ ਉਹ ਇੱਕਲੀ ਰਹਿ ਗਈ ਸੀ ਲੜਾਈ ਵਿੱਚ ਤੇ ਆਖਰ ਉਹ ਪਾਗਲ ਹੋ ਗਈ। ਪਾਗਲਾਂ ਵਾਂਗ ਗਲੀਆਂ ਵਿੱਚ ਘੁੰਮਦੀ ਰਹਿੰਦੀ  ਕਦੇ ਕਿਤੇ ਤੇ ਕਦੇ ਕਿਸੇ ਘਰ। ਉਸ ਦੇ ਘਰਵਾਲੇ ਨੇ ਉਸ ਨੂੰ ਘਰੋਂ ਕੱਢ ਦਿੱਤਾ  ਜੇ ਕੋਈ ਰੋਟੀ ਦਿੰਦਾ ਖਾ ਲੈਂਦੀ ਨਹੀਂ  ਤਾਂ ਉਚੀ ਉਚੀ ਗਾਲਾਂ ਕੱਢਦੀ ਉਹ ਸਾਧੂਆਂ ਨਾਲ ਰਲ਼ ਗਈਭਗਵੇ ਕੱਪੜੇ ਪਾ ਲਏਸਾਧੂ ਜੋ ਦਿੰਦੇ ਖਾ ਲੈਂਦੀ ਪਰ ਫਿਰ ਇੱਕ ਦਿਨ ਸਾਧੂਆਂ ਨਾਲ ਰੇਲ ਗੱਡੀ ਚੜ ਗਈ ਫਿਰ ਕਦੇ ਮੁੜ ਕੇ ਨਾ ਅਾੲੀਉਸ ਦੀ ਕਿਸੇ ਨੇ ਭਾਲ ਨਾ ਕੀਤੀ ਜਿਨਾਂ ਲੋਕਾਂ ਦੇ ਘਰਾਂ ' ਉਹ ਕੰਮ ਕਰਦੀ ਝੂਠੇ ਬਰਤਨ ਧੋਂਦੀ ਉਹਨਾਂ ਨੇ ਇੱਕ ਵਾਰ ਵੀ ਉਸ ਦੇ ਕੋਲ ਬਹਿ ਕੇ ਕਦੇ ਨਾ ਪੁੱਛਿਆ ਕਿ ਤੈਨੂੰ ਕੀ ਦੁੱਖ ਹੈ ? ਕਿਸੇ ਨੇ ਵੀ ਨਹੀਂ ਉਹ ਤਾਂ ਆਪਣੇ ਦੁੱਖ ਨਾਲ ਹੀ ਲੈ ਗਈ।ਜਿਉਂਦੀ ਲਾਸ਼ ਬਣ ਗਈਪਤਾ ਨਹੀਂ ਹੁਣ ਉਹ ਕਿੱਥੇ ਹੋਵੇਗੀ ?ਹੈ ਜਾਂ ਮਰ ਗਈ ?ਕੁਝ ਪਤਾ ਨਹੀਂ  । 


ਸਤਨਾਮ ਸਿੰਘ ਮਾਨ
(ਬਠਿੰਡਾ)
ਨੋਟ : ਇਹ ਪੋਸਟ ਹੁਣ ਤੱਕ 125 ਵਾਰ ਪੜ੍ਹੀ ਗਈ ਹੈ।