
15 ਅਗਸਤ ਨੂੰ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਆਜ਼ਾਦੀ ਦਾ ਇਹ ਅਹਿਸਾਸ ਹੋਣ ਤੋਂ ਪਹਿਲਾਂ ਹੀ ਫਿਰਕੁਪੁਣੇ ਦੀ ਅੱਗ 'ਚ ਕੁੱਲ ਪੰਜਾਬ ਆ ਗਿਆ ਤੇ ਪੰਜਾਬੀ ਮਾਂ ਭੂਮੀ ਵੰਡੀ ਗਈ । ਮੇਰੀ ਸਰ-ਜ਼ਮੀਨ ਜਦੋਂ ਪਾਈ ਤਾਂ ਅਸੀਂ ਲੁੱਟੇ ਗਏ ।ਮਾਂ ਦੇ ਟੋਟੇ ਕਰ , ਆਪਣੀ ਝੱਗੀ ਫੂਕ ਲੋਕਾਂ ਨੂੰ ਤਮਾਸ਼ਾ ਦਿਖਾਇਆ ।ਇਸ ਵਹਿਸ਼ੀਪੁਣੇ 'ਚ ਫਿਰਕੂਪੁਣੇ ਦੀ ਜ਼ਹਿਰ ਨੇ ਖੂਨ ਦੀ ਹੋਲੀ ਖੇਡੀ ।
ਪਾਪਾ ਜੀ ਦੇ ਦੱਸਣ ਮੁਤਾਬਿਕ 3 ਅਗਸਤ 1947 ਦੀ ਸਵੇਰ ਕਹਿਰ ਦੀ ਬਰਬਾਦੀ ਲੈ ਕੇ ਆਈ। ਪਾਪਾ ਜੀ ਵਰਗੇ ਲੋਕ ਜਿਨ੍ਹਾਂ ਸਭ ਅੱਖੀਂ ਵੇਖਿਆ ਤੇ ਤਨ ਮਨ 'ਤੇ ਝੱਲਿਆ। ਗੱਡੀ ਵਿੱਚ ਲਾਸ਼ਾਂ ਨਾਲ਼ ਲਾਸ਼ ਬਣ ਕੇ ਇਧਰਲੇ ਪੰਜਾਬ ਬਹੁੜੇ, ਸਭ ਕੁਝ ਯਾਦ ਕਰਕੇ ਅੱਜ ਵੀ ਅੱਖਾਂ ਵਿੱਚੋਂ ਅੱਥਰੂ ਟਪਕਦੇ ਨੇ.....ਹੌਲ ਪੈਂਦੇ ਨੇ । ਜ਼ਖਮ ਇੰਨੇ ਗਹਿਰੇ ਨੇ ਕਿ ਚਸਕ ਪੈਂਦੀ ਹੈ।ਪਰ ਸਾਂਦਲ ਬਾਰ ਤੋਂ ਆਏ ਇਨ੍ਹਾਂ ਲੋਕਾਂ ਨੂੰ ਰੱਬ ਨੇ ਬਹੁਤ ਵੱਡਾ ਸਬਰ ਬਖਸ਼ਿਆ ਹੋਇਆ ਹੈ ।ਹੌਲ ਪੈਂਦੇ ਨੇ ਤਾਂ ਸਬਰ-ਸਿਦਕ ਨਾਲ਼ ਜਰਦੇ ਰਹੇ ਨੇ। ਵਤਨ ਛੱਡਣ ਦਾ ਉਦਰੇਵਾਂ ਉਨ੍ਹਾਂ ਦੀ ਹਰ ਗੱਲ 'ਚੋਂ ਚਸਕਦਾ ਹੈ।
ਪੱਛੋਂ ਦਾ ਬੁੱਲਾ
ਓਧਰੋਂ ਖੂਸ਼ਬੂ ਲੈ
ਟੱਪਿਆ ਹੱਦਾਂ।
ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ)
ਨੋਟ: ਇਹ ਪੋਸਟ ਹੁਣ ਤੱਕ 39 ਵਾਰ ਵੇਖੀ ਗਈ।