ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਸੁਖਵਿੰਦਰ ਸਿੰਘ ਦਾਨਗੜ੍ਹ. Show all posts
Showing posts with label ਸੁਖਵਿੰਦਰ ਸਿੰਘ ਦਾਨਗੜ੍ਹ. Show all posts

9 Aug 2018

ਰੋਟੀ ( ਮਿੰਨੀ ਕਹਾਣੀ )

ਸ਼ਮਸ਼ੇਰ ਅਾਪਣੇ ਪੁੱਤਰ ਨੂੰ ਵਧੀਅਾ ਪੜ੍ਹਾੳੁਣ ਦੇ ਇਰਾਦੇ ਨਾਲ਼ ਪਿੰਡ ਛੱਡ ਕੇ ਸ਼ਹਿਰ  ਵਿੱਚ ਰਹਿਣ ਲੱਗ ਪਿਆ ਸੀ । ਸ਼ਮਸ਼ੇਰ ਦੇ ਬੇਬੇ ਬਾਪੂ ਪਿੰਡ  ਵਿੱਚ ਹੀ ਇਕੱਲਤਾ ਦਾ ਸੰਤਾਪ ਹੰਢਾ ਰਹੇ ਸਨ । ਸਮੇਂ ਨੇ ਏਹੋ ਜਿਹਾ ਗੇੜ ਖਾਧਾ ਕਿ ਨਾ ਤਾਂ ਸ਼ਮਸ਼ੇਰ ਦੇ ਮਾਪੇ ਸ਼ਹਿਰ ਦੀ ਤੰਗ ਜਿੰਦਗੀ 'ਚ ਰਹਿ ਸਕਦੇ ਸਨ ਅਤੇ ਨਾ ਹੀ ਸ਼ਮਸ਼ੇਰ ਦਾ ਪਿੰਡ ਵਾਪਸ ਮੁੜਨਾ ਸੰਭਵ ਸੀ ।
       ਸ਼ਮਸ਼ੇਰ ਦਾ ਹੁਣ ਸ਼ਹਿਰ 'ਚ ਰਹਿਣ ਦਾ ਹੁਣ ਕੋਈ ਖਾਸ ਮਕਸਦ ਨਹੀਂ ਸੀ ਰਿਹਾ ਕਿਉਂਕਿ ੳੁਸ ਦਾ ਇਕਲੌਤਾ ਪੁੱਤਰ ਰਾਜਵੀਰ ਉਚੇਰੀ ਪੜ੍ਹਾਈ ਕਰਨ ਵਿਦੇਸ਼ ਚਲਾ ਗਿਆ ਸੀ ।
ਇਕ ਸ਼ਾਮ ਸ਼ਮਸ਼ੇਰ ਅਾਪਣੇ ਬਾਪੂ ਨੂੰ ਫੋਨ 'ਤੇ ਕਹਿਣ ਲੱਗਾ,
  "  ਬਾਪੂ ਜੀ ਪੈਰੀ ਪੈਨਾ, ਹੋਰ ਸੁਣਾਓ ਕਿਵੇਂ ਅਾ ਸਿਹਤ ਹੁਣ , ਦਵਾਈ ਬੂਟੀ ਚੰਗੀ ਤਰ੍ਹਾਂ ਲੈ ਲੈਨੇ ਓ ? ਨਾਲ਼ੇ ਹੁਣ ਤੁਸੀਂ ਰੋਟੀ ਪਾਣੀ ਦਾ ਖਾਸ ਧਿਆਨ  ਰੱਖਿਓ , ਚੰਗਾ !! "
  "  ਸ਼ਮਸ਼ੇਰ ਪੁੱਤ ,  ਤੂੰ ਵੀ ਅਾਪਣਾ ਖਿਅਾਲ ਰੱਖੀ , ਨਾਲੇ ਰਾਜਵੀਰ ਨੂੰ ਵੀ ਕਹਿ ਦੇਈ ਕਿ ਬੇਗਾਨੇ ਮੁਲਕ 'ਚ ਰੋਟੀ ਟੈਮ ਨਾਲ਼ ਈ ਖਾ ਲਿਆ ਕਰੇ ,  ਮੇਰੇ ਤਾਂ ਏਹ ਰੋਟੀ ਹੁਣ ਮਸਾਂ ਈ ਗਲੋਂ ਲੰਘਦੀ ਅੈ, ਜਿਹਨੇ ਅਾਪਣਾ ਘੁੱਗ ਵਸਦਾ ਪਰਿਵਾਰ ਖੇਰੂੰ - ਖੇਰੂੰ  ਕਰ ਕੇ ਰੱਖਤਾ  "
ਬਾਪੂ ਨੇ ਭਰੇ ਮਨ ਨਾਲ਼ ਕਿਹਾ |
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

18 Jun 2018

ਸਲਾਹ ( ਮਿੰਨੀ ਕਹਾਣੀ )


ਭਾਗ ਸਿੰਘ ਨੇ ਅਾਪਣੇ ਜੀਵਨ 'ਚ ਅਥਾਹ ਮਿਹਨਤ ਕਰਕੇ ਚੋਖੀ ਜਾਇਦਾਦ ਬਣਾਈ ਸੀ । ੳੁਸ ਨੇ ਅਾਪਣੇ ਧੀਅਾਂ ਪੁੱਤਰਾਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਤੋਟ ਨਹੀਂ ਰਹਿਣ ਦਿੱਤੀ ਸੀ । ੳੁਸਦੀ ਜਵਾਨੀ 'ਚ ਕੱਟੀ ਤੰਗੀ ਤੁਰਸੀ ਸਦਕਾ ਹੀ ਸਾਰਾ ਪਰਿਵਾਰ ਹੁਣ ਸਰਦਾਰੀ ਮਾਣ ਰਿਹਾ ਸੀ ।
ੳੁਮਰ ਦੇੇ ਲਿਹਾਜ਼ ਨਾਲ਼ ਭਾਗ ਸਿੰਘ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਅਤੇ ਜ਼ਿੰਦਗੀ ਦੇ ਸੁੱਖ ਲੈਣ ਵੇਲ਼ੇ ੳੁਸਨੂੰ ਗੁਰਦੇ ਰੋਗ ਨੇ ਘੇਰਾ ਪਾ ਲਿਆ ਸੀ । ਅਾਖ਼ਿਰ ਭਾਗ ਸਿੰਘ ਨੂੰ ਹਸਪਤਾਲ 'ਚ ਦਾਖ਼ਲ ਕਰਵਾੳੁਂਣਾ ਪੈ ਗਿਆ ।        
            ਡਾਕਟਰ ਨੇ ਭਾਗ ਸਿੰਘ ਦੇ ਪੁੱਤਰ ਨੂੰ ਕਿਹਾ ,
   " ਗੁਰਦਾ ਬਦਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀ ਅੈ , ਜਿਸ ਦਾ ਖ਼ਰਚ ਤਕਰੀਬਨ ਸਵਾ ਕੁ ਲੱਖ ਰੁਪਏ ਅਾਵੇਗਾ , ਮੈਨੂੰ ਕੱਲ੍ਹ ਤਾਂਈ  ਸਲਾਹ ਕਰਕੇ ਦੱਸ ਦੇਣਾ  "
ਘਰ ਵਿੱਚ ਸਲਾਹ ਕਰਨ ਵੇਲ਼ੇ  ਭਾਗ ਸਿੰਘ ਦੀ ਵੱਡੀ ਨੂੰਹ ਕਹਿਣ ਲੱਗੀ ,
         " ਕੀ ਲੋੜ ਐ ਐਨਾ ਪੈਸਾ ਖ਼ਰਾਬ ਕਰਨ ਦੀ , ਸੁੱਖ ਨਾਲ਼ ਬਾਪੂ ਜੀ ਦੀ ਹੁਣ ਤਾਂ ੳੁਮਰ ਵੀ ਬਥੇਰੀ ਹੋ ਗਈ ਅੈ , ਤੁਸੀਂ ਡਾਕਟਰ ਨੂੰ ਕਹਿ ਦਿਓ ਕਿ ਅਸੀਂ ਤਾਂ ਘਰੇ ਈ ਸੇਵਾ ਕਰਨੀ ਅੈ , ਮੇਰੀ ਤਾਂ ਸਲਾਹ ਅੈ , ਅਾਪਾਂ ਏਹੀਓ ਰੁਪਏ ਭੋਗ 'ਤੇ ਖ਼ਰਚ ਕਰ ਲਵਾਂਗੇ "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

10 Jun 2018

ਭਾਰ ( ਮਿੰਨੀ ਕਹਾਣੀ )

ਸੁਰਿੰਦਰ ਪਿੰਡ ਵਿੱਚ ਵੱਡੀ ਕੋਠੀ ਪਾ ਕੇ ਪੂਰੀ ਟੌਅਰ ਨਾਲ਼ ਰਹਿਣ ਲੱਗ ਪਿਆ ਸੀ । ੳੁਹ ਕਈ ਕੀਮਤੀ ਚੀਜ਼ਾਂ ਅਤੇ ਚਿੱਟੇ ਕੱਪੜੇ ਪਾੳੁਣ ਦਾ ਸ਼ੌਕੀਨ ਹੋ ਗਿਆ ਸੀ । ਉਹ ਸੋਚਦਾ ਸੀ ਕਿ  ' ਜਿੰਦਗੀ ਜੀਣ ਦਾ ਤਾਂ ਮਜ਼ਾ ਈ ਹੁਣ ਆਇਆ ਅੈ , ਪਹਿਲਾਂ ਤਾਂ ਬਾਪੂ ਅੈਂਵੀ ਮਰੂੰ-ਮਰੂੰ ਕਰੀਂ ਗਿਆ । '
  ਇੱਕ ਰਾਤ ਸੁਰਿੰਦਰ ਅਾਪਣੇ  ਬਾਪੂ ਨੂੰ ਵਿਹੜੇ 'ਚ ਘੁੰਮਦੇ ਹੋਏ ਦੇਖ ਕੇ ਬੋਲਿਆ ,
              " ਹੁਣ ਤਾਂ ਸੌਂ ਜਾ ਭਾਪੇ ! ਕਾਹਤੋਂ ਅੱਧੀ- ਅੱਧੀ ਰਾਤ ਤਾਂਈ ਤੁਰਿਆ ਫਿਰਦਾ ਰਹਿੰਣੈ , ਤੇਰੀ ਵੀ ਨੀਂਦ ਪਤਾ ਨੀਂ ਕਿੱਧਰ ਨੂੰ ਖੰਭ ਲਾ ਗਈ ਅੈ "
     ਜਦੋਂ ਬਾਪੂ ਨੇ ਸੁਰਿੰਦਰ ਦੇ ਬੇਬਾਕ ਬੋਲ ਸੁਣੇ ਤਾਂ ੳੁਹ ਅੱਖਾਂ ਭਰ ਕੇ ਕਹਿਣ ਲੱਗਾ ,
        " ਪੁੱਤਰਾ , ਮੇਰਾ ਤਾਂ ਸਾਹ ਘੁੱਟਦਾ ਐ ਏਸ ਘਰੇ , ਮੈਂਨੂੰ ਨੀਂ  ਨੀਂਦ ਅਾੳੁਂਂਦੀ ਏਹੋ ਜਹੀ ਪੈਲ਼ੀ ਖਾਣੀ ਛੱਤ ਥੱਲੇ , ਜਿਸ ਉੱਤੇ  ਬੇਲੋੜੇ ਕਰਜ਼ੇ ਦਾ ਭਾਰ ਹੋਵੇ  "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

23 May 2018

ਅਮਲ ( ਮਿੰਨੀ ਕਹਾਣੀ )

 ਸਿਮਰੋ ਪੰਜਵੀ ਜਮਾਤ ਦੀ ਬਹੁਤ ਹੀ ਹੋਣਹਾਰ ਲੜਕੀ ਸੀ । ਉਹ ਜੋ ਕੁੱਝ ਵੀ ਸਕੂਲ 'ਚ ਪੜ੍ਹਦੀ , ੳੁਸ 'ਤੇ ਜ਼ਰੂਰ ਅਮਲ ਕਰਿਅਾ ਕਰਦੀ ਸੀ ।
   ਇੱਕ ਦਿਨ ੳੁਸ ਦੀ ਮੈਡਮ ਨੇ ਪੜ੍ਹਾਉਂਦੇ ਹੋਏ ਕਿਹਾ ,
   " ਬੱਚਿਓ , ਸਾਨੂੰ  ਫ਼ਲ , ਹਰੀਆਂ ਸਬਜ਼ੀਆਂ ਖਾਣ ਤੋਂ ਇਲਾਵਾ ਰੋਜ਼ਾਨਾ ਦੁੱਧ ਵੀ ਪੀਣਾ ਚਾਹੀਦਾ ਐ "
   ਇਹ ਸੁਣ ਕੇ ਸਿਮਰੋ ਖੜ੍ਹੀ ਹੋ ਕੇ ਕਹਿਣ ਲੱਗੀ , 
   " ਮੈਡਮ ਜੀ , ਸਰਪੰਚਾਂ ਦੇ ਪਸ਼ੂਆਂ ਦਾ ਗੋਹਾ ਸੁੱਟ ਕੇ ,  ਮਸਾਂ ਤਾਂ ਚਾਹ ਜੋਗਾ ਦੁੱਧ ਮਿਲਦੈ ਮੇਰੀ ਮਾਂ ਨੂੰ , ਮੈਨੂੰ ਕੌਣ ਦੇਊ ਪੀਣ ਲਈ ? " 
        
  
ਮਾਸਟਰ ਸੁਖਵਿੰਦਰ ਦਾਨਗੜ੍ਹ

11 May 2018

ਮੌਕਾ ( ਮਿੰਨੀ ਕਹਾਣੀ )


    ਪਰਦੀਪ ਦੇ ਬਾਰਵੀਂ ਜਮਾਤ ਵਿੱਚੋਂ ਵਧੀਆ ਅੰਕ ਅਾੳੁਂਣ ਕਰਕੇ ਸਾਰਾ ਪਰਿਵਾਰ ਬਹੁਤ ਖ਼ੁਸ਼ ਸੀ । ੳੁਸਦੇ ਪਿਤਾ ਜਗਤਾਰ ਸਿੰਘ ਦਾ ਸੁਪਨਾ ਸੀ ਕਿ ੳੁਸ ਦਾ ਬੇਟਾ ਕੋਈ ਵੱਡਾ ਅਹੁਦਾ ਪ੍ਰਾਪਤ ਕਰੇ । ਇਸ ਲਈ ੳੁਸਨੇ ਪਰਦੀਪ ਨੂੰ ਟੈਸਟਾਂ ਦੀ ਤਿਆਰੀ ਕਰਨ ਲਈ ਸ਼ਹਿਰ ਭੇਜ ਦਿੱਤਾ ।
ਇਕ ਦਿਨ ਜਗਤਾਰ ਨੂੰ ੳੁਸਦਾ ਦੋਸਤ ਕਹਿਣ ਲੱਗਾ,
      " ਜਗਤਾਰ , ਕੀ ਫਾਇਦਾ  ਕੋਚਿੰਗ ਸੈਟਰਾਂ 'ਚ ਅੈਨੇ ਪੈਸੇ ਬਰਬਾਦ ਕਰਨ ਦਾ , ਮੇਰੀ ਮੰਨ ਤੂੰ ਮੁੰਡੇ ਨੂੰ ਕੋਈ ਛੋਟਾ ਮੋਟਾ ਕੋਰਸ ਕਰਾ ਲੈ , ਅਾਪਣੇ ਪਰਦੀਪ ਦੇ ਨੰਬਰ ਵੀ ਠੀਕ ਈ ਐ , ਬੱਚੇ ਤਾਂ ਬਾਹਲੇ-ਬਾਹਲੇ ਨੰਬਰ ਲਈ ਫਿਰਦੇ ਅੈ  "

ਇਹ ਸੁਣ ਕੇ ਜਗਤਾਰ ਬੋਲਿਆ ,
     " ਵੀਰ ਮੇਰਿਅਾ , ਬਾਹਲੇ ਨੰਬਰਾਂ ਅਾਲ਼ੇ ਹੁਣ ਟੈਸਟਾਂ ਦੀ ਤਿਆਰੀ ਕਿੱਥੇ ਕਰਦੇ ਐ , ੳੁਹ ਤਾਂ ਅਾਈਲੈਟਸ ਕਰਨ ਸਾਰ  ਜਹਾਜ ਚੜ੍ਹ ਜਾਂਦੇ ਨੇ , ਅਾਹੀ  ਤਾਂ ਮੌਕਾ ਅੈ ਪਰਦੀਪ ਕੋਲ ਇੱਥੇ ਹੀ ਕੁਝ ਬਣਨ ਦਾ "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

8 May 2018

ਨੁਕਸਾਨ ( ਮਿੰਨੀ ਕਹਾਣੀ )

ਬਲਜੀਤ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ ਅਤੇ ਕੋਲ ਬੈਠਾ ੳੁਸ ਦਾ ਬੇਟਾ ਮੋਬਾਇਲ ਉੱਤੇ ਗੇਮ ਖੇਡ ਰਿਹਾ ਸੀ । ੳੁਹ ਰੋਜ਼ਾਨਾ ਬੇਟੇ ਨੂੰ ਸਕੂਲ ਵੈਨ ਚੜ੍ਹਾਉਣ ਪਿੱਛੋਂ ਆਪਣੀ ਡਿਊਟੀ 'ਤੇ ਜਾਂਦੀ ਸੀ ।
     ਵੈਨ ਦਾ ਹਾਰਨ ਸੁਣ ਕੇ ਜਦੋਂ ਬਲਜੀਤ ਨੇ ਅਾਪਣੇ ਬੇਟੇ ਤੋ ਮੋਬਾਇਲ ਮੰਗਿਆ ਤਾਂ ੳੁਹ ਰੋਣ - ਹਾਕਾ ਮੂੰਹ ਬਣਾ ਕੇ ਕਹਿਣ ਲੱਗਿਆ ,
      " ਮੰਮਾ,ਮੇਰਾ ਜੀਅ ਕਰਦੈ ,ਅੱਜ ਮੈਂ ਮੋਬਾਇਲ ਸਕੂਲ 'ਚ ਈ ਲੈ ਜਾਵਾਂ "

ਇਹ ਸੁਣ ਕੇ ਬਲਜੀਤ ਅੱਗ ਬਬੂਲਾ ਹੋ ਕੇ ਬੋਲੀ ,
    " ਸਕੂਲ 'ਚ ਫੋਨ !! ੳੁੱਥੇ ਪੜ੍ਹਨ ਜਾਣੈ ਜਾਂ ਮੋਬਾਇਲ 'ਤੇ ਗੇਮਾਂ ਖੇਡਣ ? ਬਥੇਰਾ ਨੁਕਸਾਨ ਕਰਤਾ ਪਹਿਲਾਂ ਹੀ ਇਸ ਨੇ ਤੇਰੀ ਪੜ੍ਹਾਈ ਦਾ , ਫੜਾ ੳੁਰੇ "
        ਬਲਜੀਤ ਨੇ ਇੱਕੋ ਝਟਕੇ 'ਚ ਮੋਬਾਇਲ ਖੋਹ ਲਿਅਾ ਅਤੇ ਬੇਟਾ ਗੁੱਸੇ 'ਚ ਬੋਲਿਆ ,
      " ਤੁਸੀਂ ਅਾਪ ਵੀਂ ਤਾਂ ਰੋਜ ਈ ਮੋਬਾਇਲ ਲੈ ਕੇ ਜਾਂਦੇ ਓ ਸਕੂਲ 'ਚ , ਜਦੋਂ ਉੱਥੇ ਚੈਟ ਕਰਦੇ ਓ , ੳੁਦੋਂ ਨੀਂ ਬੱਚਿਅਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ? " 

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

28 Apr 2018

ਕਾਂਵਾਂ ਰੌਲ਼ੀ ( ਮਿੰਨੀ ਕਹਾਣੀ )

ਬਾਬਾ ਅਤੇ ਪੋਤਾ ਦਰਵਾਜੇ ਵਿੱਚ ਬੈਠੇ ਅਖ਼ਬਾਰ ਪੜ੍ਹ ਰਹੇ ਸਨ । ਬਾਬਾ ਮੁੱਖ ਸਫਾ ਦੇਖਦਿਆਂ  ਬੋਲਿਆ ,  " ਅਾਹ ਫੇਰ ਹੋ ਗਏ ,  ਵਿਧਾਇਕ ਜੁੱਤਮ -ਜੁੱਤੀ , ਤੀਜੇ- ਕੁ ਦਿਨ ਕੁੱਤ-ਕਲੇਸ਼ ਪਾ ਲੈਂਦੇ ਐ , ਮੈਨੂੰ ਤਾਂ ਦਾਲ 'ਚ ਕੁਝ ਕਾਲ਼ਾ ਲਗਦੈ '' 
  ਅਜੇ ਬਾਬਾ ਹੋਰ ਕੁਝ ਬੋਲਣ ਹੀ ਲੱਗਾ ਸੀ ਕਿ ਪੋਤਾ ਵਿੱਚੋਂ ਹੀ ਮੈਗਜ਼ੀਨ ਪੰਨਾ ਚੁੱਕਦਾ ਹੋਇਅਾ ਬੋਲ ਪਿਆ , 
  " ਬਾਪੂ , ਰਾਜਨੀਤੀ ਦੀਅਾਂ ਗੱਲਾਂ ਮੈ ਫੇਰ ਸੁਣੂ , ਪਹਿਲਾਂ ਮੈਥੋਂ ਆਹ ਕਹਾਣੀ ਸੁਣੋ ,  ਇੱਕ  ਛੱਪੜ ਵਿੱਚੋਂ ਬਗਲੇ ਅਤੇ ਕਾਂ ਮੱਛੀਆਂ ਖਾਣ ਲਈ ਅਾੳੁਂਦੇ ਸਨ , ਮੱਛੀਆਂ ਅਾਪਣੇ ਬਚਾਅ ਲਈ ਚੀਕਾਂ ਮਾਰਨ ਲੱਗ ਜਾਂਦੀਆਂ ਸਨ ।     ਜਦੋ ੳੁਹਨਾ ਦੀਅਾਂ ਚੀਕਾਂ ਸੁਣ ਕੇ  ਅਾਸੇ ਪਾਸੇ ਦੇ ਲੋਕ ਅਾ ਜਾਂਦੇ ਤਾਂ ਕਾਂਵਾਂ ਅਤੇ ਬਗਲਿਅਾਂ ਨੂੰ ਭਾਜੜਾਂ ਪੈ ਜਾਂਦੀਅਾ ਸਨ । ਇੱਕ ਦਿਨ ਕਾਂਵਾਂ ਅਤੇ ਬਗਲਿਅਾਂ ਨੇ ਇਕੱਠੇ  ਹੋ ਕੇ ਸਕੀਮ ਬਣਾਈ ਕਿ ਜਦੋਂ ਇੱਕ ਟੋਲੀ ਮੱਛੀਆਂ ਖਾੳੂ ਤਾਂ ਦੂਜੀ ਕਿਨਾਰੇ ੳੁੱਤੇ ਬੈਠ ਕੇ ਚੀਕਾਂ ਮਾਰਿਆ ਕਰੂ  ਤਾਂ ਕਿ ਮੱਛੀਆਂ ਦੀ ਚੀਕਾਂ ਕਿਸੇ ਨੂੰ ਨਾ ਸੁਣਨ , ਏਸ ਤਰ੍ਹਾ ਕਾਂਵਾਂ-ਰੌਲ਼ੀ ਮੱਛੀਅਾਂ ਦੀਅਾਂ ਚੀਕਾਂ ਵਿੱਚੇ ਰੋਲ਼ ਦਿੰਦੀ ਅਤੇ ਬਗਲੇ ਮੱਛੀਅਾਂ ਖਾ ਕੇ ਭੱਜ ਜਾਦੇ , ਜਦੋਂ ਕਾਵਾਂ ਨੇ ਖਾਣੀਅਾਂ ਹੁੰਦੀਅਾ ਤਾਂ ਬਗਲੇ ਰੌਲਾ  ਪਾੳੁਣ ਲੱਗ ਜਾਂਦੇ ਸਨ । 
    ਕਿੰਨੀ ਸੋਹਣੀ ਕਹਾਣੀ ਅੈ ਹਨਾਂ ਬਾਪੂ ? ਹੁਣ ਤੁਸੀਂ ਸੁਣਾਓ ਰਾਜਨੀਤੀ ਵਾਲ਼ੀ ਗੱਲਬਾਤ "            
       ਪੋਤਾ ਕਹਾਣੀ ਖ਼ਤਮ ਕਰ ਕੇ ਬੋਲਿਆ ।
        " ਪੁੱਤਰਾ , ਹੁਣ ਮੈ ਕੀ ਸੁਣਾਵਾਂ , ਸਾਰਾ ਕੁਝ ਤਾਂ ਤੇਰੀ ਅੈਹ ਕਹਾਣੀ ਆਖ ਗਈ ਅੈ " 
     ਬਾਪੂ ਏਹ ਬੋਲ ਕੇ ਬਾਹਰ ਗਲੀ ਵੱਲ ਤੁਰ ਪਿਆ ।
     
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

17 Apr 2018

ਬੱਚਤ ( ਮਿੰਨੀ ਕਹਾਣੀ )

ਬਲਦੇਵ  ਟੂਟੀ ਦੇ ਗੰਦੇ ਅਤੇ ਵੇਲ਼ੇ- ਕੁਵੇਲ਼ੇ ਪਾਣੀ ਅਾੳੁਂਣ ਤੋਂ ਬਹੁਤ ਪਰੇਸ਼ਾਨ ਸੀ। ਜਿਸ ਕਰਕੇ ੳੁਸਨੇ ਘਰ ਵਿੱਚ ਹੀ ਬੋਰ ਲਗਵਾ ਲਿਆ ਸੀ ।
          ਇੱਕ ਦਿਨ ੳੁਹਦੀ ਪਤਨੀ ਪਾਈਪ ਨਾਲ ਵਿਹੜਾ ਧੌਂਦੀ ਹੋਈ ਬੋਲੀ , " ਅਾਹ ਤਾਂ ਮੌਜ ਹੋਗੀ ਹੁਣ ,  ਅੱਗੇ ਘੰਟਾ ਟੁੱਲੂ ਪੰਪ ਨਾਲ ਚੁਰਲ - ਚੁਰਲ ਹੋਈ ਜਾਂਦੀ ਸੀ , ਹੁਣ ਤਾਂ ਘਰ ਧੋਣ ਨੂੰ ਬਿੰਦ ਲਗਦੈ, ਨਾਲ਼ੇ ਬਿਜਲੀ ਤੇ ਟੈਮ ਦੀ ਬੱਚਤ ਅੈ  " 
          ਇਹ ਸੁਣ ਕੇ ਬਲਦੇਵ ਬੋਲਿਆ, " ਅੈਹ ਜਿਹੜਾ ਹੁਣ ਤੂੰ ਹਜ਼ਾਰਾਂ ਲੀਟਰ ਕੀਮਤੀ ਪਾਣੀ  ਵਿਹੜਾ ਧੋ ਕੇ ਨਿੱਤ ਨਾਲ਼ੀ 'ਚ ਰੋੜ੍ਹ ਦਿੰਦੀ ਅੈ , ਏਹਦੀ ਬੱਚਤ ਦਾ ਖਿਆਲ ਵੀ ਕਰਿਐ ਕਰ "



ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

13 Apr 2018

ਵਜ੍ਹਾ ( ਮਿੰਨੀ ਕਹਾਣੀ)

ਕਮਲ ਨੂੰ ਸਵੇਰੇ ਵੇਲ਼ੇ ਸੈਰ ਕਰਦਾ ਵੇਖ ਕੇ ਬੰਟੀ ਬੋਲਿਆ,
  " ਕਮਲ !! ਅੱਜ ਕਿਵੇਂ ਸੈਰ 'ਤੇ ? "
" ਭਰਾਵਾ, ਯੂਰੀਆ ਜਾ ਵਧ ਗਿਐ , ਤੇ ਤੂੰ ?  "
" ਮੈਨੂੰ ਵੀ ਸੂਗਰ ਦੀ ਸ਼ਕਾਇਤ ਜੀ ਆ ਗਈ "   ਬੰਟੀ ਨੇ ਕਿਹਾ ।
" ਅਾਹੋ , ਬਿਨਾ ਵਜ੍ਹਾ ਕੌਣ ਕਰਦੈ ਸੈਰ  "
ਇਹ ਆਖ ਕੇ ਦੋਵੇਂ ਤੇਜ਼ੀ ਨਾਲ਼ ਤੁਰ ਪਏ।

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

10 Apr 2018

ਸਾਹਿਤ ( ਮਿੰਨੀ ਕਹਾਣੀ )


ਤਰਸੇਮ ਨੂੰ ਕਾਲਜ ਪੜ੍ਹਨ ਵੇਲ਼ੇ ਹੀ ਸਾਹਿਤਕ ਚੇਟਕ ਲੱਗ ਗਈ ਸੀ । ੳੁਸਨੂੰ ਚੰਗੀਅਾਂ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਗਿਆ ਸੀ । ਸਾਹਿਤ ਪੜ੍ਹਨ ਦੇ ਨਾਲ਼ - ਨਾਲ਼ ੳੁਹਦਾ ਝੁਕਾਅ ਲਿਖਣ ਵੱਲ ਨੂੰ ਹੋ ਗਿਆ ।
          ਇੱਕ ਦਿਨ ਤਰਸੇਮ ਨੂੰ ੳੁਦਾਸ ਬੈਠਾ ਦੇਖ ਕੇ ੳੁਸ ਦਾ ਦੋਸਤ ਹੇਮਰਾਜ  ਕਹਿਣ ਲੱਗਾ , " ਯਾਰ ਤਰਸੇਮ , ਅੱਜ ਤਾਂ ਤੈਨੂੰ ਖ਼ੁਸ਼ ਹੋਣਾ ਚਾਹੀਦੈ , ਅੈਨੇ ਮਸ਼ਹੂਰ  ਅਖ਼ਬਾਰ  ਨੇ ਤੇਰੀ ਰਚਨਾਂ ਛਾਪੀ ਅੈ , ਤੂੰ ਅੈਥੇ ਮੂੰਹ ਲਮਕਾਂਈ ਬੈਠਾਂ , ਗੱਲ ਕੀ ਅੈ ?  " 
ਅਖ਼ਬਾਰ ਵੱਲ ਵੇਖ ਕੇ ਤਰਸੇਮ ਆਖਣ ਲੱਗਾ , " ਵੀਰ, ਰਚਨਾ ਤਾਂ ਭਾਵੇ ਛਪ ਗਈ ਅੈ , ਪਰ ਮੈਨੂੰ ਲੱਗਦੈ ਪਾਠਕਾਂ ਨੂੰ ਪਸੰਦ ਨਹੀਂ ਅਾਈ  , ਕਿਸੇ ਨੇ ਵੀ ਫੋਨ ਨਹੀਂ ਕਰਿਅਾ ਮੈਨੂੰ "
           ਇਹ ਸੁਣ ਕੇ ਹੇਮਰਾਜ ਬੋਲਿਆ , " ਅੈਹ ਸਮੇਂ ਬਹੁਤੇ ਨੌਜਵਾਨ ਤਾਂ ਬੇਰੁਜ਼ਗਾਰੀ ਨੇ ਨਸ਼ੇੜੀ ਬਣਾ ਤੇ , ਜੋ ਨਸ਼ੇ ਤੋਂ ਬਚੇ ਓਹ ਮੋਬਾਇਲਾਂ ਨੇ ਕੁਰਾਹੇ ਪਾ ਤੇ , ਤੂੰ ਅੈਥੇ ਬੈਠਾ ਫੋਨ ਡੀਕੀ ਜਾਨੈ , ਅੱਜ-ਕੱਲ੍ਹ ਸਾਹਿਤ ਨੂੰ ਕੌਣ ਪੜ੍ਹਦਾ ਅੈ !! "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

14 Mar 2018

ਸਤੌਲ ( ਮਿੰਨੀ ਕਹਾਣੀ )

ਗਰਮੀਆਂ ਦੀ ਛੁੱਟੀਆਂ ਹੋਣ ਪਿੱਛੋਂ ਸਿੰਦਰ ਨੇ ਅਾਪਣੇ ਦੋਵੇਂ ਬੱਚਿਆਂ ਨੂੰ ਕਿਹਾ ਕਿ ਜਿੱਦਣ ਤੁਸੀਂ ਛੁੱਟੀਆਂ ਦਾ ਕੰਮ ਪੂਰਾ ਕਰ ਲਿਆ ੳੁੱਦਣ ਹੀ ਮੈਂ ਥੋਨੂੰ ਨਾਨਕੇ ਘਰ ਭੇਜ ਦੇੳੂਂ । ਇਹ ਸੁਣਦੇ ਹੀ ਬੱਚਿਆਂ ਦੇ ਚਿਹਰੇ ਫੁੱਲਾਂ ਵਾਂਗ ਖਿੜ ਗਏ । ੳੁਹਨਾ ਨੂੰ ਚਾਂਈ - ਚਾਂਈ ਸਕੂਲ ਦਾ ਕੰਮ ਕਰਦੇ ਵੇਖ ਕੇ ਸਿੰਦਰ ਦਾ ਪਤੀ ਬੋਲਿਆ,
       " ਸਿੰਦਰ ! ਅਾਹ ਅੱਜ ਕਿਵੇਂ ਚੁੱਪ - ਚਾਪ ਕੰਮ ਕਰੀ ਜਾਂਦੇ ਅੈ , ਕੀ ਲਾਲਚ ਦੇ ਤਾ ਅੈਹੋ ਜਾ ਤੈਂ , ਕਮਾਲ ਈ ਹੋਈ ਪਈ ਅੈ ਐਹ ਤਾਂ "
   ਇਹ ਸੁਣ ਕੇ ਸਿੰਦਰ ਅਾਖਣ ਲੱਗੀ , " ਮਾਮੇ ਪਿੰਡ ਜਾਣਾ , ਤਾਹੀਂਓ ਫੁੱਲੇ ਨੀਂ ਸਮਾੳੁਂਦੇ , ਨਾਲ਼ੇ ਨਾਨਕੇ ਘਰ ਜਾਣ ਦਾ ਕੀਹਨੂੰ ਨੀਂ ਚਾਅ ਹੁੰਦੈ  "
ਛੁੱਟੀਆਂ ਦਾ ਕੰਮ ਮੁਕਾ ਕੇ ਬੱਚੇ ਅਾਪਣੇ ਮਾਮੇ ਨਾਲ਼ ਖ਼ੁਸ਼ੀ-ਖ਼ੁਸ਼ੀ ਨਾਨਕੇ ਚਲੇ ਗਏ ।
       ਕੁਝ-ਕੁ ਦਿਨਾਂ ਮਗਰੋਂ ਜਦੋਂ  ਉਹਦੀ ਨਣਦ ਆਪਣੇ ਬੱਚੇ ਲੈ ਕੇ ਪੇਕੇ ਆਈ ਤਾਂ ਸਿੰਦਰ ਮੱਥੇ ਤਿਉੜੀ ਪਾ ਕੇ ਬੋਲੀ ,
     " ਅਾਹੀਓ  ਤਾਂ ਦੋ ਦਿਨ ਆਰਾਮ ਕਰਨ ਦੇ ਸੀ , ਹੁਣ ਅੌਹ ਅਾ ਗਈ ਐ ਸਤੌਲ  ਲੈ ਕੇ  "
            
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

7 Feb 2018

ਮੁੱਲ ( ਮਿੰਨੀ ਕਹਾਣੀ )

Image may contain: 1 person, close-upਨਾਜ਼ਰ ਸਿੰਘ ਦੇ ਘਰ  ਵਿੱਚ ਨਿੰਮ ਦਾ ਰੁੱਖ਼ ਸੀ । ਨਾਜ਼ਰ ਨੇ ੳੁਸ ਨੂੰ ਅਾਪਣੇ ਪੁੱਤ ਵਾਂਗ ਹੀ ਪਾਲ਼ਿਆ ਸੀ । ਕਿਸੇ ਵੇਲ਼ੇ ੳੁਸ ਦੀ ਛਾਂ ਹੇਠਾਂ ਸਾਰਾ ਪਰਿਵਾਰ ਰੌਣਕਾਂ ਲਾਈ ਰੱਖਦਾ ਸੀ । ਨਾਜ਼ਰ ਦੀਅਾਂ ਦੋਵੇਂ ਧੀਅਾਂ ਅਤੇ ਪੁੱਤ ਇਸ ਨਿੰਮ ਦੇ ਹੇਠਾਂ ਹੀ ਪੀਘਾਂ ਝੂਟ ਕੇ ਜਵਾਨ ਹੋਏ ਸਨ । ਬੁੱਢੀ ੳੁਮਰੇ ਭਾਵੇਂ ੳੁਸ ਦੇ ਚੇਤੇ ਵਿੱਚੋਂ ਨਮੋਲੀਅਾਂ ਦੀ ਸਾਬਣ ਬਣਾੳੁਣ ਦਾ ਗੁਰ ਵਿਸਰ ਗਿਆ ਪਰ ੳੁਸਨੂੰ ਸੱਕ ਰਗੜ ਕੇ ਲਹੂ ਪੀਣੇ ਫੋੜੇ  ਦਾ ਕੀਤਾ ਇਲਾਜ ਅੱਜ ਵੀ ਚੰਗੀ ਤਰਾਂ ਯਾਦ ਸੀ । ਦਾਤਣ ਕੀਤੇ ਬਿਨਾਂ ੳੁਸ ਨੇ ਕਦੇ ਚਾਹ ਵੀ ਨਹੀਂ ਪੀਤੀ ਸੀ । ਨਾਜ਼ਰ ਦੀ ਇਸ ਰੁੱਖ ਨਾਲ਼ ਬਹੁਤ ਪੀਡੀ ਸਾਂਝ ਪੈ ਗਈ ਸੀ ਕਿਉਂ ਜੋ ੳੁਸ ਨੇ ਅਾਪਣੇ ਪੁੱਤਰ ਕਰਮੇ ਦੇ ਜੰਮਣ ਵੇਲ਼ੇੇ ਅਤੇ ਪੋਤਾ ਹੋਣ ਵੇਲ਼ੇ ਇਸੇ ਹੀ ਨਿੰਮ ਦੇ ਪੱਤੇ ਬੰਨ੍ਹੇ ਸਨ ।
    ਪਰ ਹੁਣ ਨਾਜ਼ਰ ਦੀ ਨੂੰਹ ਵਿਹੜਾ ਸਾਫ਼ ਕਰਨ ਵੇਲੇ ਨਿੰਮ ਦੇ ਝੜੇੇ ਹੋਏ ਪੱਤੇ ਵੇਖ ਕੇ ਹਰ ਸਮੇਂ ਕਿਚ-ਕਿਚ ਕਰਦੀ ਰਹਿੰਦੀ ਸੀ । ਇੱਕ ਦਿਨ ੳੁਸ ਨੇ ਅਾਪਣੇ ਪਤੀ ਕਰਮੇ ਨੂੰ ਕਿਹਾ ,
   " ਮੈਥੋ ਨੀਂ ਅੈਨਾ ਕੂੜਾ ਨਿੱਤ ਹੂੰਝਿਆ ਜਾਂਦਾ , ਉੱਤੋਂ ਸਾਰਾ ਦਿਨ ਪੰਛੀ ਵਿਹੜੇ ਵਿੱਚ ਗੰਦ ਪਾਈ ਰੱਖਦੇ ਅੈ  " 
     ਰੋਜ ਦੀ ਬੁੜ-ਬੁੜ ਤੋਂ ਖਿਝੇ ਕਰਮੇ ਨੇ ਅਾਖ਼ਿਰ ਨਾਜ਼ਰ ਨੂੰ ਬਗ਼ੈਰ ਦੱਸੇ ਹੀ ਨਿੰਮ ਨੂੰ ਵੇਚਣ ਦਾ ਫ਼ੈਸਲਾ ਕਰ ਲਿਆ । ੳੁਸਨੇ ਸ਼ਹਿਰੋਂ ਵਾਢ ਵਾਲੇ ਬੰਦੇ ਬੁਲਾ ਕੇ ਰੁੱਖ਼ ਦਾ ਮੁੱਲ ਪੰਜ ਹਜ਼ਾਰ ਰੂਪੈ ਕਰ ਦਿੱਤਾ । 
 ਇਹ ਸੁਣ ਕੇ ਕੋਲ ਖੜ੍ਹਾ ਕਰਮੇ ਦਾ ਪੁੱਤਰ ਬੋਲਿਆ ,
 " ਪਾਪਾ,ਅੈਨਾ ਘੱਟ ਮੁੱਲ !! ਮੈ ਤਾਂ ਵਿਗਿਆਨ ਦੀ ਕਿਤਾਬ ਵਿੱਚ ਪੜ੍ਹਿਅੈ ਕਿ ਦਸ ਲੱਖ ਰੂਪੈ ਦੀ ਤਾਂ ਇੱਕ ਰੁੱਖ਼ ਅਾਪਾਂ ਨੂੰ ਸਾਹ ਲੈਣ ਲਈ ਅਾਕਸੀਜਨ ਗੈਸ ਹੀ ਦੇ ਦਿੰਦਾ ਅੈ  "
     ਰੁੱਖ਼ ਦੇ ਇੱਕ ਹੋਰ ਅਣਮੁੱਲੇ ਗੁਣ ਬਾਰੇ ਸੁਣ ਕੇ ਦੂਰ ਖੜ੍ਹਾ ਬੇਬੱਸ ਨਾਜ਼ਰ ਅੱਖਾਂ ਭਰ ਅਾਇਅਾ ।
ਮਾਸਟਰ ਸੁਖਵਿੰਦਰ ਦਾਨਗੜ੍ਹ

31 Jan 2018

ੳੁਮਰ ( ਮਿੰਨੀ ਕਹਾਣੀ )

Image may contain: 1 person, close-upਕੁਲਵੰਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ੳੁਸ ਨੇ ਅੈਮ.ਏ. ਤੱਕ ਦੀ ਪੜ੍ਹਾਈ ਕਰ ਲਈ ਸੀ । ਜਦੋਂ ਵੀ ਮਾਂ ੳੁਸ ਨੂੰ ਵਿਆਹ ਕਰਵਾੳੁਂਣ ਨੂੰ ਅਾਖਦੀ ਤਾਂ ੳੁਹ ਬੇਰੁਜ਼ਗਾਰੀ ਦਾ ਵਾਸਤਾ ਪਾ ਕੇ ਚੁੱਪ ਕਰਵਾ ਦਿੰਦਾ ਸੀ ।
 ਕਈ ਸਾਲਾਂ ਦੀ ਅਣਥੱਕ ਮਿਹਨਤ ਸਦਕਾ ਜਦੋਂ ਕੁਲਵੰਤ ਨੂੰ ਨੌਕਰੀ ਮਿਲੀ ਤਾਂ ਉਸ ਨੇ ਅਾਪਣੀ ਮਾਂ ਨੂੰ ਕਿਹਾ, " ਮਾਂ, ਸ਼ੁਕਰ ਅੈ ਰੁਜ਼ਗਾਰ ਮਿਲ ਗਿਐ , ਨਹੀਂ ਤਾਂ ਅਗਲੇ ਸਾਲ ੳੁਮਰ ਵੀ ਲੰਘ ਜਾਣੀ ਸੀ , ਹੁਣ ਕਰ ਲੈ ਮੇਰੇ ਵਿਆਹ ਦੇ ਚਾਅ ਪੂਰੇ 
   ਕੁਝ-ਕੁ ਦਿਨਾਂ ਬਾਅਦ ਕੁਲਵੰਤ ਨੂੰ ਦੇਖਣ ਵਾਲੇ ਅਾੳੁਣ ਲੱਗ ਪਏ । ਉਹ ਦੇਖ ਕੇ ਮੁੜ ਜਾਂਦੇ ਪਰ ਕੋਈ ਰਿਸ਼ਤਾ ਕਰਨ ਨੂੰ ਤਿਅਾਰ ਨਹੀਂ ਹੁੰਦਾ ਸੀ ।
 ਇੱਕ ਦਿਨ ਕੁਲਵੰਤ ਨੂੰ ਬਹੁਤ ਉਦਾਸ ਬੈਠਾ ਦੇਖ ਕੇ ਉਸਦੀ ਮਾਂ ਭਾਵਕ ਹੁੰਦੀ ਬੋਲੀ ,
  " ਪੁੱਤ , ਤੂੰ ਕੋਈ ਫਿਕਰ ਨਾ ਕਰ , ਲੋਕੀਂ ਤਾਂ ਐਵੀਂ ਆਖ ਦਿੰਦੇ ਨੇ ਕਿ ਮੁੰਡੇ ਦੀ ੳੁਮਰ ਵੱਡੀ ਅੈ 
 " 
   
ਮਾਸਟਰ ਸੁਖਵਿੰਦਰ ਦਾਨਗੜ੍ਹ
   94171 80205

27 Dec 2017

ਸੇਕ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਰਾਜਕਮਲ ਨੂੰ ਗੀਤ ਲਿਖਣ ਦਾ ਬਹੁਤ ਸ਼ੌਕ ਸੀ । ੳੁਸ ਦੇ ਗੀਤ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਵੀ ਸਨ । ਅੱਜ ਰਾਜਕਮਲ ਜਦੋਂ ਘਰ ਅਾਇਅਾ ਤਾਂ ੳੁਸ ਦੇ ਪੈਰ ਧਰਤੀ `ਤੇ ਨਹੀਂ ਲੱਗ ਰਹੇ ਸਨ । ਅਾੳੁਂਣ ਸਾਰ ੳੁਹ ਅਾਪਣੀ ਮਾਂ ਨੂੰ ਜੱਫੀ 'ਚ ਲੈ ਕੇ ਕਹਿਣ ਲੱਗਾ , 
 " ਮਾਂ, ਅੱਜ ਜਾਗੀ ਐ ਤੇਰੇ ਪੁੱਤ ਦੀ ਕਿਸਮਤ, ਇੱਕ ਗੀਤ ਬਹੁਤ ਹੀ ਮਸ਼ਹੂਰ ਗਾਇਕ ਨੂੰ ਪਸੰਦ ਅਾ ਗਿਐ, ਹੁਣ ਤਾਂ ਮੇਰਾ ਨਾਂ ਪੂਰੀ ਦੁਨੀਅਾਂ ਵਿੱਚ ਛਾਅ ਜਾਣੈ ।" ਇਹ ਸੁਣ ਕੇ ਕੋਲ ਖੜ੍ਹੀ ਉਸ ਦੀ ਭੈਣ ਸੰਮੀ ਨੂੰ ਵੀ ਚਾਅ ਚੜ੍ਹ ਗਿਆ ੳੁਹ ਰਾਜ ਨੂੰ ਕਹਿਣ ਲੱਗੀ,           
" ਵਾਹ ! ਮੁਬਾਰਕਾਂ ਵੀਰੇ , ਲੱਖ- ਲੱਖ ਸ਼ੁਕਰ ਐ ਦਾਤੇ ਦਾ , ਕਿਹੜਾ ਗੀਤ ਪਸੰਦ ਅਾਇਅੈ ? "
 ਭੈਣ ਦੇ ਪੁੱਛੇ ਸਵਾਲ ਨੇ ਰਾਜ ਨੂੰ ਧੁਰ ਅੰਦਰ ਤੱਕ ਸੇਕ ਦਿੱਤਾ ਕਿਉਂਕਿ ਉਹ ਗੀਤ ਪਰਿਵਾਰਿਕ  ਨਹੀਂ ਸੀ ।
  
ਮਾਸਟਰ ਸੁਖਵਿੰਦਰ ਦਾਨਗੜ੍ਹ

14 Dec 2017

ੳੁਜਾੜ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 person
ਦਰਸ਼ਨ ਸਿੰਘ ਕਈ ਦਿਨਾਂ ਤੋਂ  ਮਕਾਨ ਖ਼ਰੀਦਣ ਲਈ ਸ਼ਹਿਰ ਵਿੱਚ ਗੇੜੇ ਮਾਰ ਰਿਹਾ ਸੀ । ੳੁਸ ਨੇ ਕਈ ਮਕਾਨ ਦੇਖੇ ਪਰ ਕੋਈ ਪਸੰਦ ਨਹੀਂ ਅਾਇਅਾ ਸੀ ।
     ਇੱਕ ਦਿਨ ਦਲਾਲ ਨੇ ਦਰਸ਼ਨ ਨੂੰ  ਫ਼ੋਨ ਕਰਕੇ ਸ਼ਹਿਰ ਬੁਲਾਇਅਾ ਅਤੇ ੳੁਸ ਨੂੰ ਸ਼ਹਿਰ ਦੀ ਸਭ ਤੋਂ ਵਧੀਅਾ ਕਲੋਨੀ ਵਿੱਚ ਲੈ ਗਿਆ ।
     ਦਲਾਲ ਇੱਕ ਮਕਾਨ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ,
     " ਦਰਸ਼ਨ , ਅਾਹ ਕੋਠੀ ਅਾਪਾਂ ਨੂੰ ਭਾਅ 'ਚ ਮਿਲਦੀ ਅੈ , ਗੁਅਾਂਢ ਵੀ ਬਹੁਤ ਵਧੀਅਾ , ਐਹ ਨਾਲ਼ ਲਗਦੀਅਾਂ ਦੋ ਕੋਠੀਅਾਂ ਅਮਰੀਕਾ ਵਾਲਿਆਂ ਦੀਅਾਂ ਨੇ , ਇਧਰ ਕਨੇਡੀਅਨ ਗਰੇਵਾਲ ਦੀ ਅੈ, ੳੁਹ ਸਾਹਮਣੇ ਇੰਗਲੈਡ ਵਾਲ਼ੇ ਐ "
 ਸਾਰੇ ਮਕਾਨਾਂ ਦੇ ਅੱਗੇ ਵੱਡੇ- ਵੱਡੇ ਜਿੰਦੇ ਲੱਗੇ ਦੇਖ ਕੇ ਦਰਸ਼ਨ ਬੋਲਿਆ ,
" ਯਾਰ, ਹੱਸਦੇ -ਵਸਦੇ ਮੁਹੱਲੇ 'ਚ ਮਕਾਨ ਦਿਖਾ ਕੋਈ ,  ਕਿੱਥੇ ੳੁਜਾੜ 'ਚ ਲਈ ਫਿਰਦੈ ਮੈਨੂੰ "

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

4 Dec 2017

ਜੜ੍ਹ (ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਹਰਦੀਪ ਨੇ ਨੌਕਰੀ ਲੱਗਣ ਤੋਂ ਚਾਰ-ਕੁ ਸਾਲ ਪਿੱਛੋਂ ਹੀ ਸ਼ਹਿਰ ਵਿੱਚ ਮਕਾਨ ਬਣਾਉਣ ਦਾ ਫ਼ੈਸਲਾ ਕਰ ਲਿਆ। ਜਦ ਉਸਦੇ ਪਿਤਾ ਗੁਰਦੇਵ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਤਾਂ ੳੁਹਨੇ ਹਰਦੀਪ ਨੂੰ ਆਪਣੇ ਕੋਲ਼ ਬੁਲਾ ਕੇ ਕਿਹਾ ,
   "  ਪੁੱਤਰ, ਪਿੰਡ 'ਚ ਰਹਿ ਕੇ ਹੀ ਪਿਓ ਦਾਦੇ ਦਾ ਨਾਂ ਉੱਚਾ ਕਰੀਦਾ ਹੁੰਦੈ , ਅਾਪਣੇ ਕੋਲ਼ ਸੁੱਖ ਨਾਲ਼ ਹੁਣ ਤਾਂ ਬਥੇਰੇ ਸਾਧਨ ਐ , ਤੈਨੂੰ ਸ਼ਹਿਰ ਵਿੱਚ ਰਹਿਣ ਦੀ ਕੀ ਲੋੜ ਐ ? " 
    ਬਾਪੂ ਦੇ ਬੋਲ ਸੁਣ ਕੇ ਹਰਦੀਪ ਕਹਿਣ ਲੱਗਿਆ , 
" ਬਾਪੂ,ਕੁਸ਼ ਨਹੀਂ ਅੈ ਪਿੰਡਾਂ ਵਿੱਚ, ਅੈਵੀਂ ਵਹਿਮ ਅੈ ਤੈਨੂੰ , ਮੈਂ ਤਾਂ ਸ਼ਹਿਰ ਵਿੱਚ ਜਵਾਕ ਪੜ੍ਹਾ ਕੇ ਵਿਦੇਸ਼ ਭੇਜਣੇ ਐ "
   
  ਕੋਈ ਚਾਰਾ ਨਾ ਚਲਦਾ ਦੇਖ ਬਾਪੂ ਅੱਖਾਂ ਭਰ ਅਾਇਅਾ ਅਤੇ ੳੁਸ ਦੇ  ਮੂੰਹੋ ਅਾਪ ਮੁਹਾਰੇ ਨਿੱਕਲਿਆ , 
       " ਪੁੱਤਰ ਤੂੰ ਕੀ ਜਾਣੇ ਕਿ ਕਿਵੇਂ ਸੰਤਾਲੀ ਵੇਲ਼ੇ ਤੇਰੇ ਦਾਦੇ ਨੇ ਏਸ ਪਿੰਡ 'ਚ ਜੜ੍ਹਾਂ ਲਾਈਆਂ ਸੀ , ਜੋ ਹੁਣ ਤੂੰ ਪੁੱਟਣ ਨੂੰ ਫਿਰਦੈ ,  ਮੇਰੀ ਇੱਕ ਗੱਲ ਯਾਦ ਰੱਖੀ, ਵਾਰ -ਵਾਰ ਜੜ੍ਹ ਪੁੱਟਣ ਨਾਲ਼ ਬੂਟਾ ਸੁੱਕ ਵੀ ਜਾਂਦਾ ਹੁੰਦੈ  "

ਮਾਸਟਰ ਸੁਖਵਿੰਦਰ ਦਾਨਗੜ੍ਹ

2 Dec 2017

ਚਰਚਾ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਪਿੰਡ ਵਿੱਚ ਚਰਚਾ ਸੀ
ਬਾਬੇ ਦਾ ਪੋਤਾ ਕਨੇਡਾ ਗਿਆ । ਕੁਝ ਸਮੇਂ ਬਾਅਦ ਬਾਬਾ ਸੁਰਗ ਸੁਧਾਰ ਗਿਆ। ਬਾਬੇ ਦਾ ਪੁੱਤਰ ਵੀ ਪਰਿਵਾਰ ਸਮੇਤ ਕਨੇਡਾ ਚਲਾ ਗਿਆ । ਹੁਣ ਕੋਈ ਚਰਚਾ ਨਹੀਂ ਕਰਦਾ ਕੀਹਦਾ ਕੌਣ ਕਨੇਡਾ ਗਿਆ । ਮਾਸਟਰ ਸੁਖਵਿੰਦਰ ਦਾਨਗੜ੍ਹ 94171 80205

23 Nov 2017

ਲੋੜ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਅਮਰ ਕੌਰ ਅਾਪਣੇ ਦੋਵੇਂ ਪੁੱਤਰ ਵਿਅਾਹ ਕੇ ਸੁਰਖ਼ਰੂ ਹੋ ਗਈ ਸੀ। ੳੁਹ ਹਰ ਵੇਲ਼ੇ ਖ਼ੁਸ਼ੀ ਵਿੱਚ ਖ਼ੀਵੀ ਹੋਈ ਰਹਿੰਦੀ ਸੀ । ਇੱਕ ਦਿਨ ਜਦੋ ੳੁਹਦੀ ਛੋਟੀ ਨੂੰਹ ਅਾਪਣੀ ਇਕਲੌਤੀ ਧੀ ਦੀ ਲੋਹੜੀ ਮਨਾਉਣ ਬਾਰੇ ਸਲਾਹ ਕਰਨ ਲੱਗੀ ਤਾਂ ਅਮਰੋ ਨੇ ਵਿਚੋਂ ਟੋਕ ਕੇ ਕਿਹਾ ," ਧੀਏ , ਸੁੱਖ ਨਾਲ਼ ਗਾਹਾਂ ਨੂੰ ਰੱਬ ਮੈਨੂੰ ਪੋਤਾ ਹੀ ਦੇ ਦੂ , ੳੁਦੋਂ ਹੀ ਸਾਰੀਅਾਂ ਖ਼ੁਸ਼ੀਆਂ ਮਨਾ ਲਵਾਂਗੇ, ਹੁਣ ਕਾਹਤੋ ਖ਼ਰਚ ਕਰਨਾ ਖਾਮਖ਼ਾਹ  " 
ਸੱਸ ਦੇ ਬੋਲਾਂ ਤੋ ਖਿਝ ਕੇ ੳੁਸ ਨੇ ਅਾਪਣਾ ਫ਼ੈਸਲਾ ਸੁਣਾ ਦਿੱਤਾ, " ਪਰ ਮਾਂ ਜੀ , ਅਸੀਂ ਤਾਂ ਇੱਕੋ ਬੱਚਾ ਰੱਖਣਾ ਬੱਸ  , ਹੁਣ ਤਾਂ ਮੇਰੀ ਧੀ ਹੀ ਸਭ ਕੁਝ ਅੈ , ਮੇਰੀ ਜੇਠਾਣੀ ਦੇ ਵੀ ਤਾਂ ਇੱਕੋ ਜਵਾਕ ਹੀ ਐ, ੳੁਹਨੂੰ ਤਾਂ ਤੁਸੀਂ ਕਦੇ ਨਹੀਂ ਕਿਹਾ ਦੂਜਾ ਬੱਚਾ ਜੰਮਣ ਨੂੰ।"
ਇਹ ਸੁਣ ਕੇ ਅਮਰੋ ਨੂੰਹ ਨੂੰ  ਅੱਖਾਂ ਨਾਲ਼ ਘੂਰਦੀ ਹੋਈ ਬੋਲੀ ,

 " ਜੇ ੳੁਹਦੇ ਕੁੜੀ ਹੁੰਦੀ ਫਿਰ ਤਾਂ ੳੁਹ ਵੀ ਹੋਰ ਜਵਾਕ ਜੰਮਦੀ , ਜਦੋਂ ਰੱਬ ਨੇ ਪਹਿਲਾਂ ਹੀ ਮੁੰਡਾ ਦੇ ਦਿੱਤਾ , ਹੁਣ ੳੁਹਨੂੰ ਕੀ ਲੋੜ ਅੈ ਹੋਰ ਜਵਾਕ ਜੰਮਣ ਦੀ "

ਮਾਸਟਰ ਸੁਖਵਿੰਦਰ ਦਾਨਗੜ੍ਹ  

20 Nov 2017

ਸੇਧ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਪਿੰਡੋਂ ਬਾਹਰ ਮੰਡੀ ਵਿੱਚ ਬੈਠੇ ਸਾਧ ਦੀ ਪੂਰੇ ਇਲਾਕੇ ਵਿੱਚ ਚਰਚਾ ਸੀ । ਲੋਕਾਂ ਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਤ੍ਰਿਵੈਣੀ ਵਾਲ਼ੇ ਬਾਬੇ ਵੱਲੋਂ ਦਿੱਤੇ ਪੌਦੇ ਜਿਵੇਂ-ਜਿਵੇਂ ਘਰ ਜਾਂ ਖੇਤ ਵਿੱਚ ਵੱਧਦੇ ਜਾਣਗੇ ਤਿਵੇਂ-ਤਿਵੇਂ ਸਾਡੇ ਦੁੱਖ ਅਤੇ ਕਲੇਸ਼ ਘੱਟਦੇ ਜਾਣਗੇ ।
ਇਕ ਦਿਨ ਬਲਦੇਵ ਸਿੰਘ ਨੇ ਜਦੋਂ ਅਾਪਣੀ ਪਤਨੀ ਦੇ ਹੱਥ ਵਿੱਚ ਸਾਧ ਵੱਲੋਂ ਦਿੱਤੀ ਖੰਮਣੀ ਨਾਲ਼ ਬੰਨੀ ਤ੍ਰਿਵੈਣੀ ਦੇਖੀ ਤਾਂ ੳੁਹ ਅੱਗ ਬਬੂਲਾ ਹੋ ਕੇ ਬੋਲਿਆ ,
" ਤੂੰ ਵੀ ਚੱਕ ਲਿਆਈ ਇਹ ਸਾਧ ਦੇ ਡੇਰੇ ਵਿੱਚੋਂ , ਤਰਕਸ਼ੀਲ ਵਾਲ਼ੇ ਲੋਕਾਂ ਨਾਲ਼ ਦਿਨ-ਰਾਤ ਮਗਜ਼ ਮਾਰਦੇ ਫਿਰਦੇ ਅੈ, ਭਾਈ ਨਾ ਫਸੋ ਪਾਖੰਡੀਆਂ ਦੇ ਜਾਲ਼ ਵਿੱਚ, ਕੋਈ ਇੱਕ ਨੀਂ ਸੁਣਦਾ , ਤੜਕੇ ਚੁਕਵਾੳੁਣਾ ਤੌੜੀ ਤਪਲਾ ਸਾਧ ਦਾ, ਬੁਲਾ ਕੇ ਚਾਰ ਬੰਦੇ 
ਇਹ ਕਹਿ ਕੇ ੳੁਸ ਨੇ ਤ੍ਰਿਵੈਣੀ ਖੋਹ ਕੇ ਗਲੀ ਵਿੱਚ ਵਗਾਹ ਮਾਰੀ ।
 ਦੂਸਰੇ ਦਿਨ ਬਲਦੇਵ ਤਰਕਸ਼ੀਲ ਮੈਂਬਰ ਨਾਲ਼ ਲੈ ਕੇ ਸਾਧ ਦੇ ਡੇਰੇ ਪੁੱਜ ਗਿਆ ਅਤੇ ਸਾਧ ਨੇ ਅੱਗੋਂ ਨਿਮਰਤਾ ਨਾਲ਼ ਪੇਸ਼ ਅਾੳੁਂਦਿਅਾਂ ਕਿਹਾ ,
" ਭਾਈ ਸਾਹਿਬ, ਪਹਿਲਾਂ ਮੇਰੀ ਗੱਲ ਸੁਣ ਲਵੋ ,ਫਿਰ ਜੋ ਮਰਜ਼ੀ ਕਹਿ ਲੈਣਾ 
ਪੁੱਠੀ ਦੁਨੀਅਾਂ ਨੂੰ ਸਿੱਧੇ ਢੰਗ ਨਾਲ਼ ਸਹੀ ਰਸਤੇ ਪਾੳੁਣਾ ਬੜਾ ਔਖਾ ਕੰਮ ਐ

ਤੁਹਾਡੇ ਵਾਂਗ ਪਹਿਲਾਂ ਮੈਂ ਵੀ ਬੜਾ ਜ਼ੋਰ ਲਾਇਆ ਸੀ ਪਰ ਕਿਸੇ ਦੇ ਕੰਨ 'ਤੇ ਜੂੰ ਵੀ ਨਹੀਂ ਸਰਕੀ 
ਮੇਰਾ ਕੰਮ ਸਿਰਫ ਵੱਧ ਤੋਂ ਵੱਧ ਪੌਦੇ ਲਗਾਵਾਓਣਾ ਅੈ 
ਦੋਂ ਦਾ ਮੈਂ ਆਪਣੇ ਪਿੰਡੋਂ ਦੂਰ ਅਾ ਕੇ ਇਹ ਭੇਸ ਧਾਰਿਅਾ ਤਾਂ ਲੋਕਾਂ ਦੀਆਂ ਪੌਦੇ ਲੈਣ ਵਾਸਤੇ ਕਤਾਰਾਂ ਲੱਗ ਜਾਦੀਅਾਂ ਨੇਜਿਥੇ ਪਹਿਲਾਂ ਇੱਕ ਪੌਦਾ ਲਗਵਾਉਣਾ ਵੀ  ਬੜਾ ਔਖਾ ਸੀ ਹੁਣ ੳੁਹੀ ਲੋਕ ਤ੍ਰਿਵੈਣੀ 'ਤੇ ਤ੍ਰਿਵੈਣੀ ਲਾ ਰਹੇ ਨੇ
ਘਰਾਂ ਅਤੇ ਖੇਤਾਂ ਵਿੱਚ ਲਗਾਈਆਂ ਤ੍ਰਿਵੈਣੀਆਂ ਵੇਖ ਕੇ ਮੇਰੀ ਰੂਹ ਖ਼ੁਸ਼ ਹੋ ਜਾਂਦੀ ਐ 
ਵਾਤਾਵਰਨ ਪ੍ਰੇਮੀ ਦੇ ਸੇਧ ਦੇਣ ਵਾਲ਼ੇ ਇਸ ਰੂਪ ਨੇ  ਸਭ ਦੀ ਜ਼ੁਬਾਨ ਖ਼ਾਮੋਸ਼ ਕਰ ਦਿੱਤੀ ।


ਮਾਸਟਰ ਸੁਖਵਿੰਦਰ ਦਾਨਗੜ੍ਹ 

94171 80205

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ। 

13 Nov 2017

ਰੀਤ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਜੀਤੋ ਦਾ ਵਿਆਹ ਤੋਂ ਤਿੰਨ ਕੁ ਸਾਲਾਂ ਪਿੱਛੋਂ ਹੀ ਤਲਾਕ ਹੋ ਗਿਆ ਸੀ । ੳੁਹ ਅਾਪਣੇ ਦੋਵਾਂ ਬੱਚਿਆਂ  ਨਾਲ਼ ਅਾਪਣੇ ਪੇਕੇ ਘਰ ਰਹਿਣ ਲੱਗ ਪਈ । ਪੇਕਿਆਂ ੳੁੱਪਰ ਬੋਝ ਨਾ ਬਣੇ  ਇਸ ਲਈ ਗ਼ਰੀਬੀ ਦੀ ਝੰਬੀ ੳੁਹ ਅਾਪਣੇ ਪੁੱਤਰ ਅਤੇ ਧੀ ਦੇ ਪਾਲਣ- ਪੋਸ਼ਣ  ਲਈ ਲੋਕਾਂ ਦੇ ਘਰ ਕੰਮ ਕਰਨ ਲੱਗ ਪਈ ਸੀ।
   ਇੱਕ ਦਿਨ ਜਦੋਂ ਸਕੂਲ ਵਿੱਚ  ਦੋਵੇਂ ਬੱਚੇ ਦਾਖ਼ਲ ਕਰਨ ਸਮੇਂ ੳੁਸ ਨੂੰ ਸਕੂਲ ਹੈੱਡ ਟੀਚਰ  ਨੇ ਬੱਚਿਆਂ ਦੇ ਪਿਤਾ ਦਾ ਨਾਮ ਪੁੱਛਿਆ ਤਾਂ ੳੁਹ ਭਰੀ ਪੀਤੀ ਬੋਲੀ,
" ਕੀ ਦੱਸਾਂ ਜੀ, ਪਿਓ ਤਾਂ ਇਹਨਾਂ ਨੂੰ ਜੰਮ ਕੇ , ਲੱਗ ਪਿਆ ਸੀ ਖੇਹ ਖਾਣ ਕਿਸੇ ਕੰਜਰੀ ਨਾਲ਼ 
 ਤਲਾਕ ਦੇ ਗਿਐ ਮੈਨੂੰ, ਹੁਣ ਤਾਂ ਮੈਂ ਹੀ ਮਾਂ-ਪਿਓ ਅਾਂ ਇਹਨਾ ਦੀ  , ਤੁਸੀਂ ਮੇਰਾ ਨਾਂ ਹੀ ਲਿਖ ਲਓ  ਜਿੱਥੇ ਵੀ ਲਿਖਣੈ "
  
" ਨਹੀਂ ਬੀਬਾ , ਇਹ ਤਾਂ ਸਦੀਅਾਂ ਦੀ ਰੀਤ ਐ ਕਿ ਬੱਚੇ ਦੇ ਨਾਂ ਨਾਲ਼ ਹਮੇਸ਼ਾ ਪਿਤਾ ਦਾ ਨਾਂ ਹੀ ਲਿਖਿਅਾ ਜਾਂਦਾ ਐ , ਮੈਂ ਇਹਨੂੰ ਕਿਵੇਂ ਬਦਲ ਸਕਦਾਂ
 " 
  ਹੈੱਡ ਨੇ ਅਾਪਣੀ ਮਜ਼ਬੂਰੀ ਜ਼ਾਹਿਰ ਕੀਤੀ ।
" ਬੱਚਾ ਤਾਂ ਮਾਂ ਦਾ ਵੀ ਓਨਾ ਹੀ  ਹੁੰਦੈ , ਫਿਰ ਨਾਂ ਪਿਓ ਦਾ ਹੀ ਕਿਉਂ ਲਿਖਦੇ ਐ ਹਰ ਥਾਵੇਂ ? "  
  ਜੀਤੋ ਦੇ ਸਵਾਲ ਨੇ ਹੈੱਡ ਟੀਚਰ ਦਾ ਪੈੱਨ ਸਨ/ਡਾਟਰ ਅਾਫ ਵਾਲ਼ੇ ਖਾਨੇ ਤੇ ਹੀ ਰੋਕ ਦਿੱਤਾ ।

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205


ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ।