ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Nov 2017

ਧਰਮ ਕਰਮ (ਕਹਾਣੀ)

ਸ਼ੇਰ ਸਿੰਘ, ਪੱਕਾ ਨਾਸਤਿਕ ਸੀ। ਉਹਦੀ ਪਤਨੀ ਸੁਰਜੀਤ ਕੌਰ ਦਾ ਧਰਮ ਵਿੱਚ ਵਿਸ਼ਵਾਸ ਤਾਂ ਸੀ ਲੇਕਿਨ ਸ਼ੇਰ ਸਿੰਘ ਉਸ ਨੂੰ ਸਿਰਫ ਗੁਰਦੁਆਰੇ ਜਾਣ ਤਕ ਹੀ ਇਜਾਜਤ ਦਿੰਦਾ ਸੀ। ਘਰ ਵਿੱਚ ਨਾ ਕਦੇ ਉਹਨਾਂ ਨੇ ਕਦੀ ਪਾਠ ਕਰਾਇਆ ਜਾਂ ਕੋਈ ਹੋਰ ਧਾਰਮਿਕ ਰਸਮ। ਇਸ ਦੇ ਉਲਟ ਉਹਨਾਂ ਦੀ ਗੁਆਂਢਣ ਬਿਸ਼ਨ ਕੌਰ ਆਪਣੇ ਘਰ ਵਿੱਚ ਕੋਈ ਨਾ ਕੋਈ ਧਾਰਮਿਕ ਰਸਮ ਕਰਵਾਉਂਦੀ ਰਹਿੰਦੀ।  ਗੁਰਦੁਆਰੇ ਲੰਗਰ ਵਿੱਚ ਕੰਮ ਕਰਦੀ ਤੇ ਕਦੇ ਸਾਧ ਸੰਗਤ ਦੇ ਜੋੜੇ ਸਾਫ ਕਰਦੀ। ਉਹਦੀਆਂ ਸਾਰੀਆਂ ਨੂੰਹਾਂ ਉਸ ਦੇ ਕਹਿਣੇ ਵਿੱਚ ਸਨ। ਸਾਰੀਆਂ ਜਨਾਨੀਆਂ ਉਹਦੀ ਬਹੁਤ ਇਜ਼ਤ ਕਰਦੀਆਂ ਸਨ। ਕਈ ਵਾਰੀ ਬਿਸ਼ਨ ਕੌਰ ਜਦ ਕਦੇ ਸ਼ੇਰ ਸਿੰਘ ਨੂੰ ਰਾਹ ਵਿਚ ਮਿਲਦੀ ਤਾਂ ਹਾਸੇ ਨਾਲ ਉਹਨੂੰ ਕਹਿ ਦਿੰਦੀ, " ਸ਼ੇਰ ਸਿਆਂਹ  ! ਕਦੇ ਤਾਂ ਕੋਈ ਧਰਮ ਕਰਮ ਦਾ ਕੰਮ ਕਰ ਲਿਆ ਕਰ, ਆਖ਼ਰ ਤਾਂ ਸਾਨੂੰ ਇੱਕ ਦਿਨ ਧਰਮ ਰਾਜ ਦੇ ਦਰਬਾਰ ਵਿਚ ਲੇਖਾ ਦੇਣਾ ਹੀ ਪਵੇਗਾ, ਕੀ ਮੂੰਹ ਲੈ ਕੇ ਜਾਵੇਂਗਾ ? " ਸ਼ੇਰ ਸਿੰਘ ਕਹਿੰਦਾ, "ਉਹ ਮਾਈ! ਧਰਮ ਰਾਜ ਕਿਹੜੇ ਪਲੈਨੇਟ 'ਤੇ ਬੈਠਾ? " ਬਿਸ਼ਨ ਕੌਰ ਵੀ ਹੱਸ ਪੈਂਦੀ। 
             ਇੱਕ ਦਿਨ ਅਖਬਾਰ ਪੜ੍ਹਦੇ ਪੜ੍ਹਦੇ ਸ਼ੇਰ ਸਿੰਘ ਦੀ ਨਜ਼ਰ ਇੱਕ ਦਸ ਗਿਆਰਾਂ ਸਾਲ ਦੀ ਲੜਕੀ ਦੀ ਫੋਟੋ 'ਤੇ ਪਈ ਜੋ ਬਹੁਤ ਦੇਰ ਤੋਂ ਕਿਡਨੀ ਦੀ ਮਰੀਜ਼ ਸੀ ਅਤੇ ਕਿਸੇ ਦੀ ਕਿਡਨੀ ਨਾ ਮਿਲਣ ਕਰਕੇ ਦੁਨੀਆਂ ਤੋਂ ਕੂਚ ਕਰ ਗਈ ਸੀ। ਸ਼ੇਰ ਸਿੰਘ ਉਸ ਮਾਸੂਮ ਕੁੜੀ ਦੀ ਫੋਟੋ ਵੱਲ ਦੇਖ ਕੇ ਉਦਾਸ ਹੋ ਗਿਆ। ਉਸੀ ਵਕਤ ਉਸ ਨੇ ਅੰਗਦਾਨ ਕਰਨ ਦਾ ਫੈਸਲਾ ਕਰ ਲਿਆ ਅਤੇ ਅੰਗ ਦਾਨ ਰਜਿਸਟਰ ਵਿੱਚ ਨਾਮ ਰਜਿਸਟਰ ਕਰਵਾ ਲਿਆ। ਜਦ ਘਰ ਆ ਕੇ ਉਸ ਨੇ ਪਤਨੀ ਨੂੰ ਦੱਸਿਆ ਤਾਂ ਉਹ ਗੁੱਸੇ ਹੋ ਗਈ ਕਿ ਇਹ ਕੰਮ ਤਾਂ ਧਰਮ ਦੇ ਖਿਲਾਫ ਹੈ।  ਦੁਨੀਆਂ ਛੱਡਣ ਵੇਲੇ ਸਰੀਰ ਪੂਰਾ ਹੋਣਾ ਚਾਹੀਦਾ ਹੈ। ਕੁਝ  ਦਿਨ ਗੁੱਸੇ ਰਾਜੀ ਰਹਿਣ ਤੋਂ ਬਾਅਦ ਗੱਲ ਆਈ ਗਈ ਹੋ ਗਈ। 
              ਇੱਕ ਦਿਨ ਸ਼ੇਰ ਸਿੰਘ ਆਪਣੀ ਕਾਰ 'ਚ ਕਿਤੋਂ ਆ ਰਿਹਾ ਸੀ ਕਿ ਰਸਤੇ ਵਿਚ ਗੁਰਦੁਆਰੇ ਤੋਂ ਬਾਹਰ ਨਿਕਲੀ ਬਿਸ਼ਨ ਕੌਰ ਦਿਖਾਈ ਦਿੱਤੀ। ਸ਼ੇਰ ਸਿੰਘ ਨੇ ਉਹਦੇ ਕੋਲ ਕਾਰ ਖੜੀ ਕਰ ਦਿੱਤੀ ਤੇ ਪੁੱਛਿਆ ਕਿ ਅਗਰ ਉਹਨੇ ਘਰ ਜਾਣਾ ਹੋਵੇ ਤਾਂ ਬੈਠ ਜਾਵੇ। ਬਿਸ਼ਨ ਕੌਰ ਬੋਲੀ, " ਸ਼ੇਰ ਸਿਆਂਹ ! ਆਹ ਤਾਂ ਤੇਰਾ ਭਲਾ ਹੋਵੇ, ਮੇਰੇ ਤਾਂ ਖਸਮਨਖਾਣੇ ਗੋਡੇ ਹੀ ਬਹੁਤ ਦੁਖਦੇ ਆ " ਅਤੇ ਉਹ ਗੱਡੀ ਵਿਚ ਬੈਠ ਗਈ। ਗੱਲਾਂ ਬਾਤਾਂ ਕਰਦੇ ਥੋੜੀ ਦੂਰ ਹੀ ਗਏ ਸਨ ਕਿ ਤੇਜ਼ ਆਉਂਦੀ ਇੱਕ ਗੱਡੀ ਸ਼ੇਰ ਸਿੰਘ ਦੀ ਗੱਡੀ ਵਿਚ ਲੱਗੀ। 
                          ਬੇਹੋਸ਼ ਹੋਇਆ ਸ਼ੇਰ ਸਿੰਘ ਹਸਪਤਾਲ ਵਿੱਚ ਪਿਆ ਸੀ ਕਿ ਇੱਕ ਦਮ ਯਮਰਾਜ ਨੇ ਆ ਕੇ ਉਸ ਨੂੰ ਬਾਹੋਂ ਫੜ ਲਿਆ। ਆਪਣੇ ਝੋਟੇ 'ਤੇ ਬਿਠਾਇਆ ਅਤੇ ਹਵਾ ਵਿਚ ਉਡਣ ਲੱਗਾ। ਅਗਲੇ ਪਲ ਉਹ ਧਰਮਰਾਜ ਦੇ ਦਰਬਾਰ ਵਿਚ ਖੜਾ ਸੀ। ਧਰਮ ਰਾਜ, ਚਿੱਤਰਗੁਪਤ ਨੂੰ ਬੋਲਿਆ, " ਚਿੱਤਰਗੁਪਤ ਜੀ, ਸ਼ੇਰ ਸਿੰਘ ਦਾ ਹਿਸਾਬ ਕਰਕੇ ਦੱਸੋ ਤਾਂ ਕੀ ਲਿਖਿਆ? "  ਚਿੱਤਰਗੁਪਤ ਨੇ ਕੁਝ ਟਾਈਪ ਕੀਤਾ ਅਤੇ ਕੰਪਿਊਟਰ ਪ੍ਰਿੰਟਰ ਵਿਚੋਂ ਇੱਕ ਬੜਾ ਪੇਪਰ ਕੱਢਿਆ ਅਤੇ ਧਰਮਰਾਜ ਨੂੰ ਫੜਾ ਦਿੱਤਾ।  ਕਾਫੀ ਦੇਰ ਸਟੱਡੀ ਕਰਨ ਤੋਂ ਬਾਅਦ ਧਰਮ ਰਾਜ ਜੀ ਸ਼ੇਰ ਸਿੰਘ ਵੱਲ  ਮੁਖ਼ਾਤਿਬ ਹੋ ਕੇ ਬੋਲੇ, " ਬਈ ਸ਼ੇਰ ਸਿਆਂਹ, ਬੇਸ਼ੱਕ  ਤੂੰ ਕਦੇ ਧਰਮ ਕਰਮ ਵਿੱਚ  ਹਿੱਸਾ ਨਹੀਂ ਲਿਆ ਲੇਕਿਨ ਤੇਰੇ ਅੰਗਦਾਨ ਨੇ ਪੰਜ ਲੋਕਾਂ ਨੂੰ ਜੀਵਨ ਦਾਨ ਦਿੱਤੀ ਹੈ। ਇਸ ਲਈ ਤੈਨੂੰ ਸਵਰਗ 'ਚ ਜਗ੍ਹਾ  ਦਿੱਤੀ ਜਾਂਦੀ ਹੈ।  " ਹੈਰਾਨ ਹੋਇਆ ਸ਼ੇਰ ਸਿੰਘ ਬਾਹਰ ਆਉਣ ਲੱਗਾ ਸੋਚ ਰਿਹਾ ਸੀ ਕਿ ਉਹ ਤਾਂ ਸਮਝਦਾ ਸੀ ਕਿ ਕਿਤੇ ਲੇਖਾ ਜੋਖਾ ਨਹੀਂ ਹੁੰਦਾ ਪਰ ਹੁਣ ਤਾਂ ਇਹ ਪ੍ਰਤੱਖ ਸੀ। ਉਹ ਬਾਹਰ ਜਾਣ ਹੀ ਲੱਗਾ ਸੀ ਕਿ ਇੱਕ ਜਮਰਾਜ ਬਿਸ਼ਨ ਕੌਰ ਨੂੰ ਫੜ ਕੇ ਲਿਆ ਰਿਹਾ ਸੀ। ਸ਼ੇਰ ਸਿੰਘ ਖੜਾ ਹੋ ਕੇ ਬਿਸ਼ਨ ਕੌਰ ਦੀ ਕਿਸਮਤ ਦੇਖਣ ਲੱਗ ਪਿਆ। 
                     ਧਰਮਰਾਜ ਕੁਝ ਕੜਕ ਕੇ ਬੋਲਿਆ, " ਏ ਬਿਸ਼ਨ ਕੌਰ, ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ, ਕੁਝ  ਕਹਿਣਾ ਹੈ ਤਾਂ ਕਹਿ " ਬਿਸ਼ਨ ਕੌਰ ਡਰਦੀ ਡਰਦੀ ਬੋਲੀ, ਮਹਾਰਾਜ ! ਮੈਂ ਤਾਂ ਸਾਰੀ ਉਮਰ ਨਾਮ ਜਪਿਆ, ਗੁਰਦੁਆਰੇ ਵਿੱਚ ਸੇਵਾ ਕੀਤੀ, ਕਿੰਨੇ ਅਖੰਡਪਾਠ ਕਰਵਾਏ, ਫਿਰ ਮੈਨੂੰ ਇੰਨੀ ਸਜ਼ਾ ਕਿਓਂ ਜਦ ਕਿ ਸ਼ੇਰ ਸਿੰਘ ਨੇ ਕਦੇ ਗੁਰਦੁਆਰੇ ਵਲ ਮੂੰਹ ਹੀ ਨਹੀਂ ਕੀਤਾ।  ਫਿਰ ਵੀ  ਉਹ ਨੂੰ ਸਵਰਗਵਾਸ ਮਿਲ ਰਿਹਾ ਹੈ। " ਧਰਮ ਰਾਜ ਕ੍ਰੋਧ ਵਿਚ ਬੋਲਿਆ,  " ਤੂੰ ਕਿਸੇ ਨੂੰ ਜੀਵਨ ਦਾਨ ਤਾਂ ਕੀ ਦੇਣਾ ਸੀ, ਆਪਣੀਆਂ ਤਿੰਨਾਂ ਨੂੰਹਾਂ ਨੂੰ ਕੁੱਖ ਵਿੱਚ ਧੀਆਂ ਮਾਰਨ ਨੂੰ ਮਜ਼ਬੂਰ ਕੀਤਾ।  ਇਸ ਤੋਂ ਵੱਧ ਭੈੜਾ ਕੰਮ ਕੀ ਹੋ ਸਕਦਾ ਹੈ ? ਲੈ ਜਾਓ ਇਹਨੂੰ ਤੇ ਅਗਨ ਕੁੰਡ ਵਿਚ ਸੁੱਟ ਦਿਓ।  " ਚੀਖ ਚਿਹਾੜਾ ਪਾਉਂਦੀ ਬਿਸ਼ਨ ਕੌਰ ਅੱਖਾਂ ਤੋਂ ਉਹਲੇ ਹੋ ਗਈ। 
               ਸ਼ੇਰ ਸਿੰਘ ਦੀ ਅੱਖ ਖੁੱਲ ਗਈ, ਉਹ ਹਸਪਤਾਲ ਦੀ ਬੈਡ 'ਤੇ ਪਿਆ ਸੀ। ਉਹਦੇ ਕੋਲ ਉਹਦੀ ਪਤਨੀ ਸੁਰਜੀਤ ਕੌਰ ਅਤੇ ਸਾਰੇ ਮੁੰਡੇ ਕੁੜੀਆਂ ਖੜੇ ਸਨ। ਉਹਨਾਂ ਸਾਰਿਆਂ ਦੇ ਚੇਹਰੇ 'ਤੇ ਰੌਣਕ ਆ ਗਈ। ਸ਼ੇਰ ਸਿੰਘ ਹੈਰਾਨ ਹੋਇਆ ਆਲੇ ਦੁਆਲੇ ਦੇਖਣ ਲੱਗਾ ਤੇ  ਫਿਰ ਅਚਾਨਕ ਉੱਚੀ ਉੱਚੀ ਹੱਸਣ ਲੱਗ ਪਿਆ। 
ਗੁਰਮੇਲ ਸਿੰਘ ਭੰਵਰਾ 
ਯੂ ਕੇ 

ਲਿੰਕ 

23 Nov 2017

ਲੋੜ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਅਮਰ ਕੌਰ ਅਾਪਣੇ ਦੋਵੇਂ ਪੁੱਤਰ ਵਿਅਾਹ ਕੇ ਸੁਰਖ਼ਰੂ ਹੋ ਗਈ ਸੀ। ੳੁਹ ਹਰ ਵੇਲ਼ੇ ਖ਼ੁਸ਼ੀ ਵਿੱਚ ਖ਼ੀਵੀ ਹੋਈ ਰਹਿੰਦੀ ਸੀ । ਇੱਕ ਦਿਨ ਜਦੋ ੳੁਹਦੀ ਛੋਟੀ ਨੂੰਹ ਅਾਪਣੀ ਇਕਲੌਤੀ ਧੀ ਦੀ ਲੋਹੜੀ ਮਨਾਉਣ ਬਾਰੇ ਸਲਾਹ ਕਰਨ ਲੱਗੀ ਤਾਂ ਅਮਰੋ ਨੇ ਵਿਚੋਂ ਟੋਕ ਕੇ ਕਿਹਾ ," ਧੀਏ , ਸੁੱਖ ਨਾਲ਼ ਗਾਹਾਂ ਨੂੰ ਰੱਬ ਮੈਨੂੰ ਪੋਤਾ ਹੀ ਦੇ ਦੂ , ੳੁਦੋਂ ਹੀ ਸਾਰੀਅਾਂ ਖ਼ੁਸ਼ੀਆਂ ਮਨਾ ਲਵਾਂਗੇ, ਹੁਣ ਕਾਹਤੋ ਖ਼ਰਚ ਕਰਨਾ ਖਾਮਖ਼ਾਹ  " 
ਸੱਸ ਦੇ ਬੋਲਾਂ ਤੋ ਖਿਝ ਕੇ ੳੁਸ ਨੇ ਅਾਪਣਾ ਫ਼ੈਸਲਾ ਸੁਣਾ ਦਿੱਤਾ, " ਪਰ ਮਾਂ ਜੀ , ਅਸੀਂ ਤਾਂ ਇੱਕੋ ਬੱਚਾ ਰੱਖਣਾ ਬੱਸ  , ਹੁਣ ਤਾਂ ਮੇਰੀ ਧੀ ਹੀ ਸਭ ਕੁਝ ਅੈ , ਮੇਰੀ ਜੇਠਾਣੀ ਦੇ ਵੀ ਤਾਂ ਇੱਕੋ ਜਵਾਕ ਹੀ ਐ, ੳੁਹਨੂੰ ਤਾਂ ਤੁਸੀਂ ਕਦੇ ਨਹੀਂ ਕਿਹਾ ਦੂਜਾ ਬੱਚਾ ਜੰਮਣ ਨੂੰ।"
ਇਹ ਸੁਣ ਕੇ ਅਮਰੋ ਨੂੰਹ ਨੂੰ  ਅੱਖਾਂ ਨਾਲ਼ ਘੂਰਦੀ ਹੋਈ ਬੋਲੀ ,

 " ਜੇ ੳੁਹਦੇ ਕੁੜੀ ਹੁੰਦੀ ਫਿਰ ਤਾਂ ੳੁਹ ਵੀ ਹੋਰ ਜਵਾਕ ਜੰਮਦੀ , ਜਦੋਂ ਰੱਬ ਨੇ ਪਹਿਲਾਂ ਹੀ ਮੁੰਡਾ ਦੇ ਦਿੱਤਾ , ਹੁਣ ੳੁਹਨੂੰ ਕੀ ਲੋੜ ਅੈ ਹੋਰ ਜਵਾਕ ਜੰਮਣ ਦੀ "

ਮਾਸਟਰ ਸੁਖਵਿੰਦਰ ਦਾਨਗੜ੍ਹ  

22 Nov 2017

ਸਿਵੇ ਦਾ ਸੇਕ(ਮਿੰਨੀ ਕਹਾਣੀ)

Image result for ਸਿਵੇ
ਸਿਵੇ 'ਚੋਂ ਉਠਦੇ ਧੂੰਏਂ ਨਾਲ਼ ਚਾਨਣ ਧੁੰਦਲਾ ਹੋ ਗਿਆ ਸੀ। ਬਲ਼ਦੇ ਸਿਵੇ ਦੀ ਤਿੜ -ਤਿੜ 'ਚ ਮੇਰੀਆਂ ਸਿਸਕੀਆਂ ਦੀ ਆਵਾਜ਼ ਕਿਧਰੇ ਗੁੰਮ ਹੋ ਰਹੀ ਸੀ। ਉਸ ਦੇ ਦਿਲ 'ਚ ਦਫ਼ਨ ਕੋਈ ਗੁੱਝਾ ਰਾਜ਼ ਅੱਜ ਏਸ ਧੂੰਏਂ ਨਾਲ ਧੂੰਆਂ ਹੋ ਗਿਆ ਸੀ। ਪਰ ਇਸ ਦੀ ਸਾਂਝ ਪਾਉਣ ਤੋਂ ਖ਼ੌਰੇ ਉਹ ਅਖ਼ੀਰ ਤੱਕ ਕਿਉਂ ਝਿਜਕਦਾ ਰਿਹਾ ?ਅੱਜ ਕਿਸੇ ਕੋਲ ਕਹਿਣ ਕਹਾਉਣ ਨੂੰ ਬਹੁਤਾ ਕੁਝ ਨਹੀਂ ਸੀ। ਤਰਲ ਅੱਖਾਂ ਨਾਲ਼ ਬਾਤਾਂ ਪਾਉਂਦੇ ਹੰਝੂਆਂ ਦੇ ਹੁੰਗਾਰੇ ਹੁਣ ਹਉਕੇ ਭਰ ਰਹੇ ਸਨ। 
ਸਿਵਾ ਹੁਣ ਬਲ ਚੁੱਕਿਆ ਸੀ ਤੇ ਪਿੰਡ ਵਾਲ਼ੇ ਵੀ ਘਰੀਂ ਪਰਤ ਰਹੇ ਸਨ। ਪਰ ਮਘਦੇ ਸਿਵੇ ਦੀ ਰਾਖ ਨੇ ਮੈਨੂੰ ਉਥੇ ਹੀ ਰੋਕ ਲਿਆ ਸੀ,"ਉਹ ਅਪਣੱਤ ਦੀ ਬੁੱਕਲ਼ 'ਚੋਂ ਨਿਕਲ ਸੱਖਣਤਾ 'ਚ ਲਿਪਟ ਕਿਉਂ ਆਪਣੇ ਵਜੂਦ ਨੂੰ ਖੁਦ ਮਾਰਦਾ ਰਿਹਾ ? ਇਸ ਗੱਲ ਦਾ ਅਹਿਸਾਸ ਉਸ ਨੂੰ ਕਦੇ ਹੋਇਆ ਹੀ ਨਹੀਂ ਸੀ ਜਾਂ ਉਹ ਸਦਾ ਹੀ ਇਸ ਨੂੰ ਮੰਨਣ ਤੋਂ ਇਨਕਾਰੀ ਰਿਹਾ। ਜ਼ਿੰਦਗੀ ਦੇ ਅੰਤਿਮ ਪੜਾਅ 'ਤੇ ਅੱਪੜ ਸ਼ਾਇਦ ਉਹ ਜੰਮ ਚੁੱਕੇ ਅੱਥਰੂ ਧੋ ਕੇ ਇਸ ਦੀ ਅਸਹਿ ਚਿਣਗ ਦੇ ਸੇਕ ਤੋਂ ਸੁਰਖ਼ਰੂ ਹੋਣ ਲਈ ਜ਼ਰੂਰ ਲੋਚਦਾ ਹੋਣੈ।"
     ਕੁਝ ਪਲਾਂ 'ਚ ਹੀ ਉਹ ਤਾਂ ਇੱਕ ਰਾਖ ਦੀ ਢੇਰੀ ਬਣ ਗਿਆ ਸੀ, "ਰਿਸ਼ਤਿਆਂ ਦੇ ਬਦਲਦੇ ਰੰਗਾਂ ਦਾ ਤਸੱਵਰ ਉਸ ਨੂੰ ਸਾਥੋਂ ਕੋਹਾਂ ਦੂਰ ਲੈ ਗਿਆ ਸੀ। ਟੁੱਟ -ਭੱਜ ਹੁੰਦੀ ਰਹੀ ਸਾਡੀਆਂ ਸਾਂਝਾ ਵਿੱਚ। ਉਹ ਤਾਂ ਉਸ ਰਿਸ਼ਤੇ ਦੀ ਹੋਂਦ ਤੋਂ ਹੀ ਮੁਨਕਰ ਹੋ ਗਿਆ ਸੀ ਜਿਸ ਨੇ ਉਸ ਦੀ ਰੂਹ ਨੂੰ ਸਿੰਜਿਆ ਤੇ ਸੰਵਾਰਿਆ ਸੀ । ਉਸ ਰਿਸ਼ਤੇ ਨੇ ਤਾਂ ਉਸ ਨੂੰ ਆਪਣੇ ਆਪੇ ਦੀ ਆਭਾ ਮੰਨਿਆ ਸੀ। ਪਰ ਉਹ ਕਦੇ ਵੀ ਉਸ ਦੇ ਸਿਦਕ ਦਾ ਹਾਣੀ ਬਣਨ ਜੋਗਾ ਕਿਉਂ ਨਾ ਹੋਇਆ?"
ਅਖ਼ੀਰਲੇ ਪਲਾਂ 'ਚ ਨਿਭਣ ਨਿਭਾਉਣ ਵਾਲੇ ਰਿਸ਼ਤਿਆਂ 'ਚ ਵੱਸਦਾ ਵੀ ਉਹ ਇੱਕਲਤਾ ਨਾਲ ਭਰਦਾ ਅੰਦਰੋਂ -ਅੰਦਰੀਂ ਘੁਲ਼ਦਾ ਰਿਹਾ। ਹਰ ਵਾਰ ਕਾਲਜਿਓਂ ਉਠਦੀ ਟੀਸ ਨੂੰ ਪਤਾ ਨਹੀਂ ਉਹ ਹੋਰ ਘੁੱਟ ਕੇ ਕਿਵੇਂ ਨੱਪਦਾ ਹੋਣੈ ? ਉਸ ਦੀ ਉਹ ਅਣਕਹੀ ਚੀਸ ਮੈਨੂੰ ਹੁਣ ਵੀ ਪੀੜ -ਪੀੜ ਕਰ ਰਹੀ ਹੈ। ਉਸ ਨੇ ਮੋਹਵੰਤਾ ਫੰਬਾ ਕਿਉਂ ਕਿਸੇ ਨੂੰ ਧਰਨ ਹੀ ਨਹੀਂ ਦਿੱਤਾ ਸੀ? ਪਰ ਘਰ ਦੀਆਂ ਤੈਹਾਂ ਹੇਠ ਉਸ ਦੀਆਂ ਸਾਂਭੀਆਂ ਅਮੁੱਲ ਯਾਦਾਂ ਉਸ ਦੇ ਤੁਰ ਜਾਣ ਤੋਂ ਬਾਦ ਰੁੱਸੇ ਹੋਏ ਪਲਾਂ ਨੂੰ ਮੋੜ ਲਿਆਈਆਂ ਨੇ । ਸਿਵੇ ਦੇ ਸੇਕ ਨੇ ਅੱਜ ਫੇਰ ਜੀਵੰਤ ਕਰ ਦਿੱਤਾ ਹੈ ਬੀਤੀ ਜ਼ਿੰਦਗੀ ਦਾ ਉਮਰਾਂ ਜਿੱਡਾ ਦਸਤਾਵੇਜ਼। ਹੁਣ ਰਾਖ ਦੀ ਢੇਰੀ ਵਿੱਚ ਲੁਪਤ ਉਸ ਦਾ ਵਜੂਦ ਗੁਆਚੇ ਅਮੁੱਲੇ ਰਿਸ਼ਤਿਆਂ ਦਾ ਸਿਰਨਾਵਾਂ ਜ਼ਰੂਰ ਲੱਭਦਾ ਹੋਣੈ। 
ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ  898 ਵਾਰ ਪੜ੍ਹੀ ਗਈ ਹੈ। 
  ਲਿੰਕ 1           ਲਿੰਕ 2

21 Nov 2017

ਨਵੀਂ ਦੁਨੀਆਂ

ਚੱਲ ਇੱਕ ਦੂਜੇ ਦਾ ਦੁੱਖ ਅਪਣਾ ਲੈਂਦੇ ਹਾਂ ਦੂਰ ਕਿਤੇ ਜਾ ਕੇ ਚੰਨਾਂ ਦੁਨੀਆਂ ਨਵੀਂ ਵਸਾ ਲੈਂਦੇ ਹਾਂ ਦੁਨੀਆਂ ਤੋਂ ਚੋਰੀ ਚੋਰੀ ਪਿਆਰ ਦਿਆਂ ਬਾਗਾਂ 'ਚ ਇੱਕ ਦੂਜੇ ਦਾ ਹੱਥ ਫੜ੍ਹ ਕੇ ਗੀਤ ਇਸ਼ਕ ਦੇ ਗਾ ਲੈਂਦੇ ਹਾਂ ਟੁੱਟ ਗਏ ਸੁਪਨੇ ਮੇਰੇ ਵੀ ਟੁੱਟ ਗਏ ਸੁਪਨੇ ਤੇਰੇ ਵੀ ਨੇਕ ਚੰਦ ਦੇ ਗਾਰਡਨ ਵਾਂਗੂ ਟੁੱਟੀਆਂ ਚੀਜ਼ਾਂ 'ਚ ਜਾਨ ਪਾ ਲੈਂਦੇ ਹਾਂ ਆਪਣੇ ਦੋਹਾਂ ਨਾਲ ਇਨਸਾਫ਼ ਕਰੀਂ ਜੇ ਗਲਤ ਹੋਵਾਂ ਤਾਂ ਮਾਫ਼ ਕਰੀਂ ਹੱਥ ਜੋੜ ਕੇ ਮੈਂ ਤੈਨੂੰ ਕਹਿੰਦੀ ਇਕੱਠਿਆਂ ਜੀਣ ਦੀਆਂ ਸੋਹਾਂ ਖਾ ਲੈਂਦੇ ਹਾਂ ਚੱਲ ਇੱਕ ਦੂਜੇ ਦਾ ਦੁੱਖ ਅਪਣਾ ਲੈਂਦੇ ਹਾਂ ਦੂਰ ਕਿਤੇ ਜਾ ਕੇ ਚੰਨਾਂ ਦੁਨੀਆਂ ਨਵੀਂ ਵਸਾ ਲੈਂਦੇ ਹਾਂ !

ਰੁਪਿੰਦਰ ਕੌਰ
ਜਲੰਧਰ
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ। 

20 Nov 2017

ਸੇਧ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਪਿੰਡੋਂ ਬਾਹਰ ਮੰਡੀ ਵਿੱਚ ਬੈਠੇ ਸਾਧ ਦੀ ਪੂਰੇ ਇਲਾਕੇ ਵਿੱਚ ਚਰਚਾ ਸੀ । ਲੋਕਾਂ ਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਤ੍ਰਿਵੈਣੀ ਵਾਲ਼ੇ ਬਾਬੇ ਵੱਲੋਂ ਦਿੱਤੇ ਪੌਦੇ ਜਿਵੇਂ-ਜਿਵੇਂ ਘਰ ਜਾਂ ਖੇਤ ਵਿੱਚ ਵੱਧਦੇ ਜਾਣਗੇ ਤਿਵੇਂ-ਤਿਵੇਂ ਸਾਡੇ ਦੁੱਖ ਅਤੇ ਕਲੇਸ਼ ਘੱਟਦੇ ਜਾਣਗੇ ।
ਇਕ ਦਿਨ ਬਲਦੇਵ ਸਿੰਘ ਨੇ ਜਦੋਂ ਅਾਪਣੀ ਪਤਨੀ ਦੇ ਹੱਥ ਵਿੱਚ ਸਾਧ ਵੱਲੋਂ ਦਿੱਤੀ ਖੰਮਣੀ ਨਾਲ਼ ਬੰਨੀ ਤ੍ਰਿਵੈਣੀ ਦੇਖੀ ਤਾਂ ੳੁਹ ਅੱਗ ਬਬੂਲਾ ਹੋ ਕੇ ਬੋਲਿਆ ,
" ਤੂੰ ਵੀ ਚੱਕ ਲਿਆਈ ਇਹ ਸਾਧ ਦੇ ਡੇਰੇ ਵਿੱਚੋਂ , ਤਰਕਸ਼ੀਲ ਵਾਲ਼ੇ ਲੋਕਾਂ ਨਾਲ਼ ਦਿਨ-ਰਾਤ ਮਗਜ਼ ਮਾਰਦੇ ਫਿਰਦੇ ਅੈ, ਭਾਈ ਨਾ ਫਸੋ ਪਾਖੰਡੀਆਂ ਦੇ ਜਾਲ਼ ਵਿੱਚ, ਕੋਈ ਇੱਕ ਨੀਂ ਸੁਣਦਾ , ਤੜਕੇ ਚੁਕਵਾੳੁਣਾ ਤੌੜੀ ਤਪਲਾ ਸਾਧ ਦਾ, ਬੁਲਾ ਕੇ ਚਾਰ ਬੰਦੇ 
ਇਹ ਕਹਿ ਕੇ ੳੁਸ ਨੇ ਤ੍ਰਿਵੈਣੀ ਖੋਹ ਕੇ ਗਲੀ ਵਿੱਚ ਵਗਾਹ ਮਾਰੀ ।
 ਦੂਸਰੇ ਦਿਨ ਬਲਦੇਵ ਤਰਕਸ਼ੀਲ ਮੈਂਬਰ ਨਾਲ਼ ਲੈ ਕੇ ਸਾਧ ਦੇ ਡੇਰੇ ਪੁੱਜ ਗਿਆ ਅਤੇ ਸਾਧ ਨੇ ਅੱਗੋਂ ਨਿਮਰਤਾ ਨਾਲ਼ ਪੇਸ਼ ਅਾੳੁਂਦਿਅਾਂ ਕਿਹਾ ,
" ਭਾਈ ਸਾਹਿਬ, ਪਹਿਲਾਂ ਮੇਰੀ ਗੱਲ ਸੁਣ ਲਵੋ ,ਫਿਰ ਜੋ ਮਰਜ਼ੀ ਕਹਿ ਲੈਣਾ 
ਪੁੱਠੀ ਦੁਨੀਅਾਂ ਨੂੰ ਸਿੱਧੇ ਢੰਗ ਨਾਲ਼ ਸਹੀ ਰਸਤੇ ਪਾੳੁਣਾ ਬੜਾ ਔਖਾ ਕੰਮ ਐ

ਤੁਹਾਡੇ ਵਾਂਗ ਪਹਿਲਾਂ ਮੈਂ ਵੀ ਬੜਾ ਜ਼ੋਰ ਲਾਇਆ ਸੀ ਪਰ ਕਿਸੇ ਦੇ ਕੰਨ 'ਤੇ ਜੂੰ ਵੀ ਨਹੀਂ ਸਰਕੀ 
ਮੇਰਾ ਕੰਮ ਸਿਰਫ ਵੱਧ ਤੋਂ ਵੱਧ ਪੌਦੇ ਲਗਾਵਾਓਣਾ ਅੈ 
ਦੋਂ ਦਾ ਮੈਂ ਆਪਣੇ ਪਿੰਡੋਂ ਦੂਰ ਅਾ ਕੇ ਇਹ ਭੇਸ ਧਾਰਿਅਾ ਤਾਂ ਲੋਕਾਂ ਦੀਆਂ ਪੌਦੇ ਲੈਣ ਵਾਸਤੇ ਕਤਾਰਾਂ ਲੱਗ ਜਾਦੀਅਾਂ ਨੇਜਿਥੇ ਪਹਿਲਾਂ ਇੱਕ ਪੌਦਾ ਲਗਵਾਉਣਾ ਵੀ  ਬੜਾ ਔਖਾ ਸੀ ਹੁਣ ੳੁਹੀ ਲੋਕ ਤ੍ਰਿਵੈਣੀ 'ਤੇ ਤ੍ਰਿਵੈਣੀ ਲਾ ਰਹੇ ਨੇ
ਘਰਾਂ ਅਤੇ ਖੇਤਾਂ ਵਿੱਚ ਲਗਾਈਆਂ ਤ੍ਰਿਵੈਣੀਆਂ ਵੇਖ ਕੇ ਮੇਰੀ ਰੂਹ ਖ਼ੁਸ਼ ਹੋ ਜਾਂਦੀ ਐ 
ਵਾਤਾਵਰਨ ਪ੍ਰੇਮੀ ਦੇ ਸੇਧ ਦੇਣ ਵਾਲ਼ੇ ਇਸ ਰੂਪ ਨੇ  ਸਭ ਦੀ ਜ਼ੁਬਾਨ ਖ਼ਾਮੋਸ਼ ਕਰ ਦਿੱਤੀ ।


ਮਾਸਟਰ ਸੁਖਵਿੰਦਰ ਦਾਨਗੜ੍ਹ 

94171 80205

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ। 

17 Nov 2017

ਬੇਰੀ ਤੇ ਧੀਆਂ (ਵਾਰਤਾ)

ਅਸੀਂ ਆਪਣੇ ਘਰਾਂ ਵਿੱਚ ਰੁੱਖ ਲਾਉਣ ਲੱਗੇ ਇਹ ਸੋਚਦੇ ਹਾਂ ਕਿ ਇਹ ਰੁੱਖ ਵੱਡਾ ਹੋ ਕੇ ਸਾਨੂੰ ਫੁੱਲ- ਫਲ ਜਾਂ ਫਿਰ ਗਰਮੀ ਦੇ ਮਹੀਨੇ ਠੰਡੀ ਛਾਂ ਦੇਵੇਗਾ ਤਾਂ ਹੀ ਅਸੀਂ ਉਸ ਦੀ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਕਰਦੇ ਹਾਂ। ਪਰ ਕਦੇ ਕਦੇ ਉਹੀ ਰੁੱਖ ਸਾਨੂੰ ਫੁੱਲ ਫਲ ਦੇਣ ਦੀ ਬਜਾਏ ਸਾਡੇ ਘਰ ਦੇ ਵਿਹੜੇ ਵਿੱਚ ਆਪਣੇ ਪੱਤੇ ਸੁੱਟ ਕੇ ਜਾਂ ਫਿਰ ਕੰਡੇ ਖਿਲਾਰਣ ਲੱਗ ਜਾਂਦਾ ਹੈ ਤੇ ਉਹ ਕੰਡੇ ਸਾਡੇ ਹੱਥਾ ਪੈਰਾਂ ਵਿੱਚ ਵੱਜਦੇ ਨੇ ਤਾਂ ਕਈ ਵਾਰੀ ਅਸੀਂ ਉਸ ਨੂੰ ਛਾਂਗ ਦਿੰਦੇ ਜਾਂ ਫਿਰ ਆਖਿਰ ਅੱਕ ਕੇ ਪੁੱਟ ਦਿੰਦੇ ਹਾਂ। ਨਾਲ ਹੀ ਕਹਿ ਦਿੰਦੇ ਹਾਂ ਕਿ ਐਵੇਂ ਹੀ ਲਾ ਲਿਆ, ਅਗਾਂਹ ਨੂੰ ਨੀ ਲਾਉਂਦੇ।

ਬੱਸ ਇਸ ਤਰਾਂ ਹੀ ਮਾਪੇ ਧੀਆਂ ਨੂੰ ਜਨਮ ਦਿੰਦੇ ਨੇ। ਬੜੇ ਲਾਡਾਂ ਚਾਵਾਂ ਨਾਲ ਧੀਆਂ ਨੂੰ ਪਾਲਦੇ ਨੇ। ਇਹ ਸੋਚ ਕੇ ਉਹਨਾਂ ਦੀ ਧੀ ਵੱਡੀ ਹੋ ਕੇ ਵਧੀਆ ਪੜ ਲਿਖ ਕੇ ਆਪਣੇ ਮਾਂ -ਪਿਉ ਤੇ ਪੂਰੇ ਖਾਨਦਾਨ ਦਾ ਨਾਂ ਰੋਸ਼ਨ ਕਰੇਗੀ ਪਰ ਬੜੇ ਦੁੱਖ ਦੀ ਗੱਲ ਜਦੋਂ ਲਾਡਾਂ ਚਾਵਾਂ ਨਾਲ ਪਾਲੀ ਉਹ ਧੀ ਜਿਸ ਨੂੰ ਮਾਪਿਆਂ ਨੇ ਬੜੇ ਦੁੱਖ ਤਕਲੀਫਾਂ ਸਹਿ ਸਹਿ ਪਾਲਿਆ ਹੋਵੇ ਤੇ ਜਿਸ 'ਤੇ ਉਹ ਰੱਬ ਵਰਗਾ ਵਿਸ਼ਵਾਸ ਕਰਦੇ ਹੋਣ ਤੇ ਉਹੀ ਧੀ ਜਦੋਂ ਝੂਠੇ ਇਸ਼ਕ ਮੁਸ਼ਕ ਦੇ ਚੱਕਰਾਂ ਵਿੱਚ ਪੈ ਕੇ ਤੇ ਮਾਪਿਆਂ ਤੋਂ ਬਾਹਰੀ ਹੋ ਕੇ ਵਿਆਹ ਕਰਵਾ ਲਵੇ ਜਾਂ ਹੋਰ ਨਸ਼ੇ ਵਰਗੀ ਬਿਮਾਰੀ ਦੀ ਸ਼ਿਕਾਰ ਹੋ ਜਾਂਦੀ ਹੈ ਤੇ ਮਾਪਿਆਂ ਦੀ ਮੁਦੱਤਾਂ ਦੀ ਬਣੀ ਇੱਜ਼ਤ ਮਿੱਟੀ ਮਿਲ ਜਾਂਦੀ ਹੈ। ਲੋਕ ਤਰਾਂ ਤਰਾਂ ਦੇ ਤਾਹਨੇ ਮਿਹਣੇ ਮਾਰਦੇ ਨੇ ਜਿਨਾਂ ਨੂੰ ਜਰਨਾ ਬੜਾ ਹੀ ਮੁਸ਼ਕਿਲ ਹੁੰਦਾ ਹੈ। ਇਹਨਾਂ ਤਾਹਨੇ ਮਿਹਣਿਆਂ ਤੋਂ ਡਰਦੇ ਮਾਰੇ ਧੀਆਂ ਜਨਮ ਲੈਣ ਤੋਂ ਪਹਿਲਾਂ ਹੀ ਮਾਰਦੇ ਨੇ। ਸ਼ਾਇਦ ਇਹੀ ਸਭ ਤੋਂ ਵੱਡਾ ਕਾਰਨ ਕਿ ਲੋਕ ਘਰੇ ਬੇਰੀ ਦਾ ਰੁੱਖ ਲਾਉਣ ਤੇ ਧੀਆਂ ਜੰਮਣ ਤੋਂ ਡਰਦੇ ਨੇ।

ਕੇਵਲ ਨਿਮਾਣਾ ਚੁੱਘੇ

ਨੋਟ : ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ ਹੈ। 
ਲਿੰਕ

16 Nov 2017

ਗੁਰਦਈ

      ਗੁਰਦਈ, ਮੁਹੱਲੇ ਦੀ ਰੌਣਕ ਹੁੰਦੀ ਸੀ। ਉਸ ਦੀ ਉਮਰ ਕਿੰਨੀ ਸੀ, ਕਿਸੇ ਨੂੰ ਸੋਚਣ ਦਾ ਖਿਆਲ ਹੀ ਨਹੀਂ ਆਇਆ ਸੀ। ਉਮਰ ਪੁੱਛ ਕੇ ਕੀ ਕਰਨਾ ਸੀ ? ਉਸ ਦੀਆਂ ਬਾਹਾਂ ਅਤੇ ਮੂੰਹ ਤੋਂ ਥੱਲੇ ਨੂੰ ਢਿਲਕਦਾ ਮਾਸ ਹੀ ਉਹਦਾ ਬਰਥ ਸਰਟੀਫੀਕੇਟ ਸੀ। ਗਰਮੀਆਂ ਨੂੰ ਉਹਦਾ ਮੰਜਾ ਨਿੰਮ ਦੇ ਦਰੱਖਤ ਥੱਲੇ ਹੁੰਦਾ ਸੀ ਅਤੇ ਸਰਦੀਆਂ ਨੂੰ ਉਹ ਗਲੀ ਵਿੱਚ ਹੀ ਬੈਠੀ ਧੁੱਪ ਸੇਕਦੀ ਹੁੰਦੀ ਸੀ। ਹਰ ਕੋਈ ਉਹਦੇ ਕੋਲ ਦੀ ਲੰਘਦਾ ਤਾਂ ਉਸ ਨੂੰ ਬੁਲਾ ਕੇ ਜਰੂਰ ਜਾਂਦਾ। ਗੁਰਦਈਏ ! ਕੋਈ ਗੱਲ ਸੁਣਾ ਦੇ ਚੋਂਦੀ ਚੋਂਦੀ।  ਅਕਸਰ ਬਜ਼ੁਰਗ ਵੀ ਉਹਨੂੰ ਕਹਿੰਦੇ। ਗੁਰਦਈ ਵੀ ਐਸਾ ਜਵਾਬ ਦਿੰਦੀ ਕਿ ਸਾਰੇ ਹੱਸ ਪੈਂਦੇ। ਛੋਕਰੇ ਤਾਂ ਉਹਨੂੰ ਹਮੇਸ਼ਾ ਇਹ ਹੀ ਕਹਿੰਦੇ, "ਓ ਮਾਈ, ਕੋਈ ਚੋਂਦੀ ਚੋਂਦੀ ਗਾਲ੍ਹ ਕੱਢ ਦੇ ਸਾਨੂੰ। ਸਾਡਾ ਦਿਨ ਸੋਹਣਾ ਲੰਘ ਜਾਊ।" ਗੁਰਦਈ ਵੀ ਇਹੋ ਜਿਹੀ ਗਾਲ੍ਹ ਕੱਢਦੀ ਕਿ ਸਾਰੇ ਉੱਚੀ ਉੱਚੀ ਹੱਸਣ ਲੱਗ ਪੈਂਦੇ,"ਹੈਹਾ ਵੇ ਤੁਹਾਡੇ ਪਿਓ ਦਾ.... । " ਐਸੀ ਗਾਲ੍ਹ ਕੱਢਦੀ ਕਿ ਉਥੇ ਬੈਠੀਆਂ ਹੋਰ ਬੁੜੀਆਂ ਵੀ ਉੱਚੀ ਉੱਚੀ ਹੱਸਣ ਲੱਗਦੀਆਂ। ਓ ਮਾਈ ! ਤੈਨੂੰ ਤਾਂ ਜਾਣ ਲੱਗੀ ਨੂੰ ਹੁਣ ਸੋਨੇ ਦੀ ਪੌੜੀ ਮਿਲਣੀ ਹੈ, ਅੱਗੇ ਵੀ ਤੈਨੂੰ ਸਵਰਗ ਵਿਚ ਸੋਨੇ ਦੇ ਮਹੱਲ ਮਿਲਣੇ ਆ। ਗੁਰਦਈ  ਮੁਸਕਰਾਉਣ ਲੱਗਦੀ। ਗੁਰਦਈ ਤੋਂ ਬਗੈਰ ਸਾਰਾ ਮੁਹੱਲਾ ਐਮੇਂ ਹੀ ਸੀ ਅਤੇ ਅੱਜ ਉਹ ਇਸ ਦੁਨੀਆਂ ਤੋਂ ਕੂਚ ਕਰ ਗਈ ਸੀ। ਉਹਦੀ ਅਰਥੀ ਨੂੰ ਹਰ ਕੋਈ ਮੋਢਾ ਦੇਣਾ ਚਾਹੁੰਦਾ ਸੀ। ਇਹ ਮੁਹੱਲਾ ਤਾਂ ਕੀ, ਸਾਰੇ ਪਿੰਡ ਦੇ ਲੋਕ ਉਹਦੀ ਅਰਥੀ ਨਾਲ ਸ਼ਮਸ਼ਾਨ ਘਾਟ ਗਏ ਸੀ। ਉਹਦੇ ਪੜੋਤੇ ਨਤਿਆਂ ਨੇ ਗੁਰਦਈ ਨੂੰ ਸੋਨੇ ਦੀ ਪੌੜੀ ਚੜ੍ਹਾਇਆ ਸੀ। 
             ਸ਼ਮਸ਼ਾਨ ਘਾਟ ਤੋਂ ਆਉਂਦੇ ਵਕਤ ਮੇਹਰ ਸਿੰਘ ਤੇ ਜਵਾਲਾ ਸਿੰਘ ਉਦਾਸ ਉਦਾਸ ਤੁਰੇ ਆਉਂਦੇ ਗੁਰਦਈ ਦੀਆਂ ਗੱਲਾਂ ਕਰਦੇ ਆ ਰਹੇ ਸੀ। ਜਵਾਲਾ ਸਿਆਂਹ ! ਬਈ ਦੇਖ ਲਾ ਗੁਰਦਈ ਕਿੰਨੇ ਜਿਗਰੇ ਵਾਲੀ ਔਰਤ ਸੀ।  ਹਰ ਵੇਲੇ ਹੱਸਦੀ ਮਖੌਲ ਕਰਦੀ ਰਹਿੰਦੀ ਸੀ। ਕਿੰਨਾ ਇਹਨੇ ਜ਼ਿੰਦਗੀ ਵਿਚ ਸਖਤ ਕੰਮ ਕੀਤਾ। ਕਿੰਨੇ ਦੁੱਖ ਉਠਾਏ। ਫਿਰ ਵੀ ਹਸੂੰ ਹਸੂੰ ਕਰਦੀ  ਰਹਿੰਦੀ।  ਮੇਹਰ ਸਿੰਘ ਬੋਲਿਆ। ਹਾਂ, ਮੇਹਰ ਸਿਆਂਹ ਗੁਰਦਈ ਵਰਗਾ ਮੁੜ ਕੇ ਨਹੀਂ ਹੋਣਾ। ਤਿੰਨ ਮੁੰਡੇ ਜੰਮ ਕੇ ਵਿਧਵਾ ਹੋ ਗਈ। ਆਦਮੀਆਂ ਦੀ ਤਰਾਂ ਖੇਤਾਂ ਵਿਚ ਕੰਮ ਕੀਤਾ। ਜੁਆਕ ਪਾਲ ਕੇ ਵਿਆਹੇ, ਪੋਤੇ ਹੋਏ ਤਾਂ ਖੂਨ ਖ਼ਰਾਬੇ ਵਿਚ ਪੁੱਤ ਮਰ ਗਏ। ਪੋਤੇ ਪਾਲਦੀ ਪਾਲਦੀ ਬੁੱਢੀ ਹੋ ਗਈ, ਪਰ ਖੇਤੀ ਫਿਰ ਭੀ ਉਸੇ ਜੋਸ਼ ਵਿਚ ਕਰਦੀ, ਪੋਤੇ ਵਿਆਹੇ, ਪੜੋਤੇ ਹੋ ਗਏ ਤਾਂ ਪੋਤੇ ਸ਼ਰਾਬ ਪੀ ਪੀ ਕੇ ਮਰ ਗਏ  ਪਰ ਪਤਾ ਨਹੀਂ ਗੁਰਦਈ ਕਿਹੜੀ ਮਿੱਟੀ ਦੀ ਬਣੀ ਹੋਈ ਸੀ ! ਅੱਜ ਇਹਦੇ ਪੜੋਤਿਆਂ ਨਤਿਆਂ ਨੇ ਦੇਖ ਲੈ ਘਰ ਨੂੰ ਕਿਥੇ ਤਕ ਪਹੁੰਚਾ ਦਿੱਤਾ ! ਘਰ ਵਿਚ ਬਹਾਰਾਂ ਲੱਗੀਆਂ ਹੋਈਆਂ, ਜਮੀਨ ਕਿੰਨੀ ਖਰੀਦ ਲਈ ! ਲੇਕਿਨ ਇੰਨੀ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਇਹਨੂੰ ਕਦੇ ਕਿਸੇ ਨੇ ਰੋਂਦਿਆਂ ਨਹੀਂ ਦੇਖਿਆ, ਹਮੇਸ਼ਾ ਹੱਸਦਿਆਂ ਹੀ ਦੇਖਿਆ। ਇੰਨੀ ਸ਼ਕਤੀ ਤਾਂ ਕਿਸੇ ਦੇਵੀ ਵਿਚ ਹੀ ਹੋ ਸਕਦੀ ਹੈ, ਜਵਾਲਾ ਸਿੰਘ ਬੋਲਿਆ। ਸੱਚੀ ਗੱਲ ਹੈ, ਮੇਹਰ ਸਿੰਘ ਬੋਲਿਆ, ਸੁਣਿਆ, ਇਹਦੇ ਪੜੋਤੇ ਨਤੇ ਗੁਰਦਈ ਦੇ ਨਾਮ ਤੇ ਜਠੇਰੇ ਬਣਾਉਣ ਲੱਗੇ ਹਨ। ਚਾਹੀਦਾ ਭੀ ਹੈ, ਅਤੇ ਗੁਰਦਈ ਦੀ ਸਾਰੀ ਜ਼ਿੰਦਗੀ ਦੀ ਜਦੋ ਜਹਿਦ ਨੂੰ ਇਹਨਾਂ ਜਠੇਰਿਆਂ ਦੀ ਜਗਾਹ ਤੇ ਲਿਖਣਾ ਚਾਹੀਦਾ ਹੈ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਸਬਕ ਸਿੱਖਣ। ਜਵਾਲਾ ਸਿੰਘ ਨੇ ਸਿਰ ਹਿਲਾ ਕੇ ਸਹਿਮਤੀ ਦਰਸਾਈ।  

ਗੁਰਮੇਲ ਸਿੰਘ ਭੰਮਰਾ 
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ। 


ਲਿੰਕ 

15 Nov 2017

ਗੂੰਗੀ ਚੀਖ਼ (ਮਿੰਨੀ ਕਹਾਣੀ)

Image result for silent scream
ਮਾਂ ਦੀ ਬੁੱਕਲ਼ ' ਬੈਠੀ ਉਹ ਹੁਬਕੀਂ ਰੋ ਰਹੀ ਸੀ। ਉਸ ਦੀਆਂ ਸਿਸਕੀਆਂ ' ਸਿੱਸਕੀ ਹੋ ਮਾਂ ਵੀ ਇੱਕ ਸੁੱਕਾ ਅੱਥਰੂ ਬਣ ਗਈ ਸੀ। ਇੱਕ ਹੋਰ ਕਾਲਖੀ ਰਾਤ ਬੀਤ ਚੁੱਕੀ ਸੀ। ਲੰਘੀ ਰਾਤ ਵੀ ਉਸ ਲਈ ਕੋਈ ਵੱਖਰੀ ਨਹੀਂ ਸੀ। ਦੂਰ ਕਿਧਰੇ ਕੋਈ ਟਟਹਿਰੀ ਜਦੋਂ ਰਾਤ ਦੀ ਚੁੱਪੀ ਨੂੰ ਤੋੜ ਰਹੀ ਸੀ ਓਦੋਂ ਹੀ ਉਸ ਦੇ ਆਪੇ ਵਿੱਚ ਨਿੱਤ ਵਾਂਗ ਸ਼ਾਹ ਕਾਲ਼ੀ ਸਿਆਹੀ ਘੁਲ ਰਹੀ ਸੀ। 
ਕੱਲ ਰਾਤ ਤਾਂ ਪੀੜ ਦੀ ਨਪੀੜੀ ਉਸ ਦੀ ਸਾਰੀ ਸੱਤਾ ਹੀ ਜਵਾਬ ਦੇ ਗਈ ਸੀ। ਜਦੋਂ ਇੱਕ ਹੋਰ ਜ਼ੋਰ ਦੀ ਕਸਕ ਉਠੀ ਤਾਂ ਉਹ ਵਿਲਕ ਪਈ,"ਰੱਬ ਦੇ ਵਾਸਤੇ ਅੱਜ ਦੀ ਰਾਤ ਤਾਂ ਮੈਨੂੰ ਛੱਡ ਦੇ ਨਿਲੱਜ ਪਾਪੀਆ।ਉਸ ਬਥੇਰੇ ਤਰਲੇ ਪਾਏ ਪਰ ਬੇਰਹਿਮੀ ਬਾਪ ਦੀ ਧਿੰਗੋਜੋਰੀ ਮੂਹਰੇ ਉਹ ਪੱਥਰ ਦੀ ਇੱਕ ਸਿੱਲ ਬਣ ਗਈ ਸੀ।ਆਪਣੀ ਜ਼ਮੀਰ ਨੂੰ ਅੱਜ ਫੇਰ ਉਸ ਦੇ ਗੁਨਾਹਾਂ ਦੀ ਧੂੜ ਹੇਠ ਉਸ ਨੇ ਦਫ਼ਨ ਕਰ ਦਿੱਤਾ ਸੀ। 
ਉਹ ਤਾਂ ਆਪਣੇ ਘਰ ' ਹੀ ਮਹਿਫੂਜ਼ ਨਹੀਂ ਰਹੀ ਸੀ। ਉਸ ਦਾ ਅਧਰਮੀ ਬਾਪ ਉਸ ਲਈ ਕੁਹਜ ਦਾ ਪ੍ਰਛਾਵਾਂ ਬਣ ਗਿਆ ਸੀ।ਲੀਰਾਂ ਹੋ ਰਹੀ ਆਪਣੀ ਅਜ਼ਮਤ ਦੀ ਬੇਚਾਰਗੀ ਅੱਗੇ ਉਹ ਅੱਜ ਵੀ ਬੇਵੱਸ ਸੀ।ਇੱਕ ਬਾਪ ਦੇ ਧਰਮ ਤੋਂ ਵਿਹੂਣੇ ਉਸ ਪਾਪੀ ਦੀ ਕਮੀਨਗੀ ਦਾ ਉਜਰ ਆਖ਼ਿਰ ਉਹ ਕਿਸ ਕੋਲ਼ ਕਰੇ ?ਗੁੰਮਸੁੰਨਤਾ ਦਾ ਸਾਇਆ ਬਣੀ ਧੁਰ ਅੰਦਰੋਂ ਭੁਰਦੀ ਉਹ ਆਪੇ 'ਤੇ ਝੁਰਦੀ ਜਾ ਰਹੀ ਸੀ," ਮਾਂ ਦੀ ਐਸੀ ਕਿਹੜੀ ਮਜਬੂਰੀ ਉਹ ਏਸ ਕੁਕਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਮੇਰੇ ਬਾਪ ਨੂੰ ਆਖ਼ਿਰ ਰੋਕ ਕਿਉਂ ਨਹੀਂ ਸਕਦੀ?ਏਸ ਨਰਕ ' ਜਿਉਣ ਨਾਲ਼ੋਂ ਮੈਂ ਕਿਸੇ ਪਤਾਲ ' ਗਰਕ ਕਿਉਂ ਨਹੀਂ ਹੋ ਜਾਂਦੀ?" ਮਨ ' ਉੱਗੇ ਸਵਾਲਾਂ ਸਾਹਵੇਂ ਬੇਵੱਸ ਹੋਈ ਉਹ ਇੱਕ ਗੂੰਗੀ ਚੀਖ਼ ਬਣ ਗਈ ਸੀ। 
ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 225 ਵਾਰ ਪੜ੍ਹੀ ਗਈ ਹੈ। 

   ਲਿੰਕ 1                 ਲਿੰਕ 2