ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Nov 2019

ਸੁੱਚੀ ਨਿਆਜ਼ (ਹਾਇਬਨ) ਡਾ. ਹਰਦੀਪ ਕੌਰ ਸੰਧੂ

                                     

Related image
ਅੰਬਰ ਦੀ ਖੁੱਲ੍ਹੀ ਟਾਕੀ 'ਚੋਂ ਚਾਨਣ ਤ੍ਰਿਪ ਤ੍ਰਿਪ ਚੋ ਰਿਹਾ ਸੀ। ਸਾਗਵਾਨ ਦਾ ਅਡੋਲ ਖੜ੍ਹਾ ਬਿਰਖ ਏਸ ਸੂਹੇ ਚਾਨਣ 'ਚ ਭਿੱਜ ਰਿਹਾ ਜਾਪ ਰਿਹਾ ਸੀ। ਨਿੰਮੀਆਂ ਸ਼ੋਖ ਹਵਾਵਾਂ ਦੀ ਫ਼ੈਲਦੀ ਹੋਈ ਪਰਿਕਰਮਾ ਚੌਗਿਰਦੇ ਨੂੰ ਆਪਣੇ ਕਲਾਵੇ 'ਚ ਭਰ ਰਹੀ ਸੀ।ਇਉਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਪੱਤਝੜ ਹੁਣ ਬਹਾਰ ਦੇ ਅੰਗ- ਸੰਗ ਹੋ ਵਿਚਰਨ ਲੱਗੀ ਹੋਵੇ । ਉਸ ਬਿਰਖ ਦੇ ਫੁੱਲਾਂ ਕੋਲ਼ੋਂ ਜੇ ਕਿਤੇ ਤੱਤੀ 'ਵਾ ਵੀ ਖਹਿ ਕੇ ਲੰਘ ਜਾਂਦੀ ਤਾਂ ਉਹ ਝੱਟ ਆਪਣੇ ਫੁੱਲਾਂ ਨੂੰ ਕਲਾਵੇ ਵਿੱਚ ਭਰ ਲੈਂਦਾ। ਬੇਰੁੱਖੇ ਮੌਸਮ ਦੀ ਮਾਰ ਝੱਲਦਾ ਜਦ ਕਦੇ ਕੋਈ ਫੁੱਲ ਕੁਮਲਾ ਜਾਂਦਾ ਤਾਂ ਉਹ ਝੱਟ ਬਿਰਖ ਦੀ ਬੁੱਕਲ਼ 'ਚ ਆ ਬਹਿੰਦਾ। ਪਰ ਉਸ ਦਿਨ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ ਹੋਣੈ ਕਿ ਟਾਹਣੀਓਂ ਝੜਨ ਵੇਲ਼ੇ ਖੌਰੇ ਓਸ ਫੁੱਲ ਨੂੰ ਕੋਈ ਪੀੜਾ ਹੀ ਨਹੀਂ ਹੋਈ ਸੀ ਤੇ ਉਹ ਬਿਰਖ ਵੀ ਓਸ ਵੇਲ਼ੇ ਬੇਖ਼ਬਰਾ ਹੀ ਰਹਿ ਗਿਆ। ਹਰੇਕ ਕੰਮ ਨੂੰ ਆਪਣਾ ਕਰਮ ਬਣਾਉਣਾ ਤੇ ਕਰਮ ਨੂੰ ਸ਼ੁਭਕਰਮਨ ਕਰਨਾ ਓਸ ਬਿਰਖ ਨੇ ਆਪਣੇ ਹਰ ਫੁੱਲ ਨੂੰ ਸਿਖਾਇਆ। ਹੋਰਾਂ ਫੁੱਲਾਂ ਜਿਹਾ ਸਧਾਰਨ ਜਿਹਾ ਦਿਖਾਈ ਦੇਣ ਵਾਲ਼ਾ ਉਸ ਬਿਰਖ ਦਾ ਇੱਕ ਫੁੱਲ ਉਸ ਦਿਨ ਜਦ ਪੱਤੀ ਪੱਤੀ ਹੋ ਬਿਖਰਿਆ ਤਾਂ ਚਹੁ ਕੁੰਟੀ ਖੁਸ਼ਬੋਈ ਕਰਦਾ ਬਹੁਮੁੱਲੇ ਤੋਂ ਅਮੁੱਲਾ ਬਣ ਗਿਆ,"ਤੂੰ ਫੁੱਲ ਦੀ ਅਉਧ ਹੰਢਾ ਕੇ ਤੁਰ ਗਿਓਂ ਅੰਮੜੀ ਬਿਰਖ ਬਣਾ ਕੇ ਤੁਰ ਗਿਓਂ।" ਉਸ ਦੇ ਸਦੀਵੀ ਤੁਰ ਜਾਣ 'ਚ ਸੁਖਨ ਤਾਂ ਭਾਵੇਂ ਨਹੀਂ ਸੀ ਪਰ ਸ਼ੋਭਾ ਸੀ  ਵਿਛੋੜੇ ਦੀ ਚਸਕ ਅਜੇ ਵੀ ਹੰਝੂ ਬਣ ਵਹਿ ਰਹੀ ਹੈ। 

ਅੱਜ ਵਿਹੜੇ ਖਿਲਰੀ ਕੱਕੀ ਧੁੱਪ ਵੀ ਕੋਈ ਧਿਆਨ ਧਰੀ ਬੈਠੀ ਜਾਪਦੀ ਸੀ। ਘਰ ਦੀਆਂ ਕੰਧਾਂ ਵੀ ਕਿਸੇ ਡੂੰਘੀ ਸੋਚ ਵਿੱਚ ਡੁੱਬੀਆਂ ਪਈਆਂ ਸਨ। ਵਕਤ ਵੀ ਅੱਜ ਸ਼ਾਇਦ ਰੁਕ- ਰੁਕ ਕੇ ਚੱਲ ਰਿਹਾ ਸੀ। ਮਾਂ ਧੁੱਪ ਦੀ ਬੁੱਕਲ਼ ਮਾਰੀ ਖੁਦ ਧੁੱਪ ਵਿੱਚ ਘੁਲ਼ਦੀ ਸਭਨਾਂ ਦੇ ਪੈਰਾਂ ਹੇਠ  ਛਾਂ ਵਿਛਾਉਂਦੀ ਜਾਪ ਰਹੀ ਸੀ।ਹੱਲਿਆਂ ਵੇਲ਼ੇ ਉਹ ਮਸੀਂ ਦੋ ਕੁ ਵਰ੍ਹਿਆਂ ਦੀ ਸੀ। ਪਰ ਮਾਪਿਆਂ ਨੇ ਕੁਰੱਖਤ ਸਮੇਂ ਦੇ ਪਰਛਾਵਿਆਂ ਤੋਂ ਉਸ ਨੂੰ ਸਦਾ ਹੀ ਨਿਰਲੇਪ ਰੱਖਿਆ। ਛੋਟੀ ਉਮਰੇ ਹਿੱਸੇ ਆਈਆਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੀ ਉਹ ਸਬਰ ਤੇ ਸੰਜਮ ਜਿਹੇ ਜਜ਼ਬਿਆਂ ਨੂੰ ਉਣਦੀ ਤੇ ਪਰੋਂਦੀ ਰਹੀ। ਆਪਣੀ ਮੋਈ ਮਾਂ ਦੇ ਵੈਰਾਗ ਨੇ ਉਸ ਨੂੰ ਵਰ੍ਹਿਆਂ ਬੱਧੀ ਬੇਚੈਨ ਰੱਖਿਆ। ਫ਼ੇਰ ਸਫ਼ਰ ਦੇ ਅਧਵਾਟੇ ਜਦੋਂ ਹਮਸਫ਼ਰ ਦੇ ਬੋਲ ਸਦੀਵੀ ਅਲਵਿਦਾ ਕਹਿ ਗਏ ਤਾਂ ਉਸ ਘਰ ਦੇ ਵਿਹੜੇ ਨੂੰ ਉਪਰਾਮ ਨਹੀਂ ਹੋਣ ਦਿੱਤਾ। ਬੇਚੈਨ ਮੰਥਨ ਦੇ ਵਾਸ਼ਪੀਕਰਣ ਨਾਲ਼ ਇਸ ਧੁੰਦਲਕੇ ਵਿੱਚ ਵੀ ਸੱਜਰੀਆਂ ਪੈੜਾਂ ਸਿਰਜਦਿਆਂ ਉਸ ਦੀ ਆਤਮਾ ਪੁਰਨੂਰ ਹੁੰਦੀ  ਗਈ,"ਦਰਦ ਸਹਿ ਨਹੀਓਂ ਜਿੰਦ ਪੇਚ ਦਾ ਹੋਣਾ ਹਰ ਕਿਸੇ ਦੇ ਵੱਸ ਨਹੀਂ ਤੇਰੇ ਮੇਚ ਦਾ ਹੋਣਾ। " 

ਮਾਂ ਨੇ ਜ਼ਿੰਦਗੀ ਨੂੰ ਬਹੁਤ ਨੇੜਿਓਂ ਨੀਝ ਨਾਲ਼ ਵੇਖਿਆ ਹੋਣੈ।ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਬੰਨਣ ਵਾਲ਼ੀ ਉਹ ਸੁਘੜ ਸੁਆਣੀ ਜੀਵਨ ਭਰ ਘਰ ਦੀ ਰੂਹ ਨੂੰ ਸੁਖਾਵਾਂ ਜਿਹਾ ਰੱਜ ਦਿੰਦੀ ਰਹੀ।ਬੇਤਰਤੀਬੀਆਂ ਨੂੰ ਤਰਤੀਬ ਦਿੰਦੀ ਉਸ ਰਿਸ਼ਤਿਆਂ ਦਾ ਇੱਕ ਨਵਾਂ ਸੰਸਾਰ ਸਿਰਜਿਆ ਸੀ। ਆਪਣੀ ਦੇਹ ਦੀ ਮਿੱਟੀ ਨਾਲ਼ ਉਸ ਧੀ -ਪੁੱਤਾਂ ਨੂੰ ਜਨਮਿਆ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਰੂਹਾਂ 'ਚ ਬੇਅੰਤ ਰੰਗਾਂ ਦੇ ਬੀਜ ਵੀ ਬੀਜੇ ਜੋ ਉਮਰ ਭਰ ਉਨ੍ਹਾਂ ਦੀ ਜ਼ਿੰਦਗੀ 'ਚ ਬਸੰਤੀ ਦਿਨਾਂ ਦੀ ਨਿਸ਼ਾਨਦੇਹੀ ਕਰਦੇ ਰਹੇ। ਉਸ ਨੇ ਰੂਪ ਨਾਲ਼ੋਂ ਰੂਹ ਨੂੰ ਤਰਜੀਹ ਦੇਣੀ ਸਿਖਾਈ। ਇੰਝ ਰੂਹ ਨੂੰ ਨਿਖਾਰਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ।

ਮਾਂ ਦੇ ਹਿੱਸੇ ਆਈ ਪੱਤਝੜ ਵੀ ਨਿਵੇਕਲੀ ਸੀ ਜੋ ਸਾਵਿਆਂ ਸੰਗ ਗਲਵੱਕੜੀ ਪਾਉਣਾ ਸਿਖਾਉਂਦੀ ਰਹੀ। ਉਹ ਘਰ ਦੇ ਵਿਹੜੇ ਵਾਸਤੇ ਅਸੀਸਾਂ ਦੀ ਆਬਸ਼ਾਰ ਏ ਤੇ ਘਰ ਦੇ ਜੀਆਂ ਦੇ ਸੁਪਨਿਆਂ ਦੀ ਜੂਹ। ਚਾਨਣ ਰਾਹਾਂ 'ਤੇ ਤੁਰਨ ਦੀਆਂ ਤਰਕੀਬਾਂ ਦੱਸ ਉਹ ਉਨ੍ਹਾਂ ਨੂੰ ਉਂਗਲ ਲਾ ਆਪਣੇ ਨਾਲ਼ ਤੋਰੀ ਰੱਖਦੀ ਹੈ। ਉਸ ਨੇ ਸਭਨਾਂ ਦੀ ਝੋਲ਼ੀ ਰੰਗ ਚਾਨਣ ਪਾਇਆ। ਉਸ ਦੀ ਇੱਕ ਆਂਦਰ ਉਸ ਚਾਨਣ ਨੂੰ ਹੋਰ ਲੋਇ -ਲੋਇ ਕਰ ਬਿਖੇਰ ਗਈ। ਤੇ ਫ਼ੇਰ ਇੱਕ ਰਾਤ ਉਹ ਅੰਸ਼ ਸੁਫ਼ਨਾ ਬਣ ਜਦੋਂ ਫ਼ੇਰੀ ਪਾਉਣ ਆਇਆ ਤਾਂ ਮਲਕੜ੍ਹੇ ਜਿਹੇ ਮਾਂ ਦੇ ਐਨ ਨੇੜੇ ਹੋ ਬਹਿ ਗਿਆ ਸੀ। ਇਉਂ ਲੱਗਦਾ ਸੀ ਕਿ ਜਿਵੇਂ ਉਹ ਮਾਂ ਦੀ ਕਿਸੇ ਦੁਬਿੱਧਾ ਤੋਂ ਜਾਣੂੰ ਹੋਵੇ ਤੇ ਕੋਈ ਜ਼ਰੂਰੀ ਮਸ਼ਵਰਾ ਕਰਨ ਆਇਆ ਹੋਵੇ। ਮਾਂ ਨੇ ਜਦੋਂ ਮੋਹਵੰਤੀ ਗਲਵੱਕੜੀ ਪਾਉਂਦਿਆਂ ਉਸ ਤੋਂ ਕੁਝ ਪੁੱਛਿਆ ਤਾਂ ਹਮੇਸ਼ਾਂ ਵਾਂਗਰ ਮੂਕ ਹੁੰਗਾਰਾ ਭਰਦਿਆਂ ਆਪਣੀ ਸਹਿਮਤੀ ਪ੍ਰਗਟਾਈ ਸੀ। ਪਤਾ ਨਹੀਂ ਮਾਂ ਨੇ ਉਸ ਨੂੰ ਕੇਹਾ ਪਾਠ ਪੜ੍ਹਾਇਆ ਸੀ ਕਿ ਉਸ ਨੂੰ ਮਿਲਣ ਤੋਂ ਬਾਅਦ ਹਰ ਕੋਈ ਮਾਂ ਨੂੰ ਮਿਲਣਾ ਲੋਚਦਾ ਸੀ। 

ਉਮਰਾਂ ਦੀ ਲਹਿੰਦੀ ਆਥਣ ਨੇ ਹੁਣ ਮਾਂ  ਦੇ ਪ੍ਰਛਾਵਿਆਂ ਨੂੰ ਸਿਖਰ 'ਤੇ ਪਹੁੰਚ ਦਿੱਤਾ ਹੈ ਜਿਥੇ ਦੇਹ ਅਰੋਗਤਾ ਦਾ ਕੋਈ ਭਰੋਸਾ ਨਹੀਂ ਰਹਿੰਦਾ। ਪਰ ਉਸ ਦੇ ਬੋਲਾਂ 'ਚ ਅਜੇ ਵੀ ਸਹਿਜ ਤੇ ਠਰ੍ਹਮਾ ਹੈ ਤੇ ਕਦਮਾਂ 'ਚ ਹਿੰਮਤ ਤੇ ਦ੍ਰਿੜਤਾ।ਉਸ ਦੇ ਬੋਲਾਂ ਦੀ ਅਸੀਮ ਸਮਰੱਥਾ ਹਰ ਸੁਣਨ ਵਾਲ਼ੇ ਨੂੰ ਆਪਣੇ ਕਲਾਵੇ 'ਚ ਆਪੂੰ ਹੀ ਭਰ ਲੈਂਦੀ ਹੈ। ਮਾਂ ਦੀ ਹੋਂਦ ਦੀ ਛੋਹ ਨਾਲ਼ ਲਿਪਟ ਮੈਂ ਆਪਣੀ ਉਡਾਰੀ ਵੇਖਦੀ ਹਾਂ। ਫ਼ੇਰ ਉਹ ਮੈਨੂੰ ਉੱਚੇ ਅੰਬਰਾਂ ਦੀ ਸੈਰ ਕਰਾਉਂਦੀ ਹੈ। ਉਹ ਜ਼ਿੰਦਗੀ ਦੀਆਂ ਅਣਗਿਣਤ ਦੁਪਹਿਰਾਂ ਦੀ ਤਪਸ਼ ਝੱਲਦੀ ਹੋਈ ਅੱਜ ਵੀ ਕੋਈ ਸੁਰਖ਼ ਲੋਇ ਬਣ ਰੰਗ ਚਾਨਣ ਬਿਖੇਰ ਰਹੀ ਹੈ।ਮੈਂ ਓਸ ਚਾਨਣ ਭਰੇ ਸਫ਼ਰ ਦਾ ਭਾਗ ਬਣ ਅਜੇ ਹੋਰ ਅਗਾਂਹ ਤੁਰਦੇ ਜਾਣਾ ਹੈ ਤਾਂ ਕਿ ਉਸ ਦੇ ਬਰਾਬਰ ਖੜਨ ਜੋਗੀ ਹੋ ਜਾਵਾਂ,"ਇੱਕ ਚੀਸ ਰੂਹ ਵਿੱਚ ਸਿੰਮਦੀ ਵੇਖੀ ਜਿੰਦ ਤਲੀ 'ਤੇ ਜੰਮਦੀ ਵੇਖੀ।" 

ਕਿਸੇ ਅਨੰਤ ਲੌਅ 'ਚ ਮਹਾਂ ਸ਼ਾਂਤੀ ਦੇ ਉਸ ਬਿਰਖ 'ਤੇ ਬੈਠੇ ਪੰਖੇਰੂਆਂ ਦੇ ਕਿਰਦੇ ਸੁਰ ਅਤੇ ਟਹਿਣੀਓਂ ਝਰਦੇ ਪੱਤੇ ਹੌਲੇ -ਹੌਲੇ ਹੁਣ ਵੀ ਮੇਰੀ ਝੋਲ਼ੀ ਪੈ ਰਹੇ ਨੇ ਜਿਵੇਂ ਬੇਨਜ਼ੀਰ ਪਲਾਂ ਦੀ ਕੋਈ ਸੁੱਚੀ ਨਿਆਜ਼ ਹੋਣ। 
ਸਾਰੰਗ ਨਾਦ  
ਪੱਤਾ ਪੱਤਾ ਬਿਰਖ 
ਸੁੱਚੀ ਨਿਆਜ਼। 

ਡਾ. ਹਰਦੀਪ ਕੌਰ ਸੰਧੂ  


2 Nov 2019

ਡੱਬੀਆਂ ਵਾਲ਼ਾ ਖੇਸ (ਹਾਇਬਨ) ਡਾ. ਹਰਦੀਪ ਕੌਰ ਸੰਧੂ


ਅੱਜ ਫ਼ੇਰ ਇੱਕ ਸੁਰਖ਼ ਲੋਅ ਵਾਲ਼ੀ ਨਵੀਂ ਸਵੇਰ ਸੀ। ਇਉਂ ਲੱਗਦਾ ਸੀ ਜਿਵੇਂ ਕਿਸੇ ਸੁੱਚੀ ਜਿਹੀ ਧੁੱਪੜੀ ਨੇ ਦਰਾਂ 'ਤੇ ਆਣ ਦਸਤਕ ਦਿੱਤੀ ਹੋਵੇ। ਕਹਿੰਦੇ ਨੇ ਕਿ ਮਨ ਦੇ ਦੁਆਰ 'ਤੇ ਕਿਸੇ ਰੱਬ ਸਬੱਬੀਂ ਕੁਝ ਨਾ ਕੁਝ ਅੱਪੜਦਾ ਹੀ ਰਹਿੰਦਾ ਹੈ। ਕਦੇ ਪੋਲੇ- ਪੋਲੇ ਪੱਬੀਂ ਆਏ ਦੂਰ ਦੁਰੇਡੀਓਂ ਚਾਅ ਵਿਹੜੇ ਦੀ ਰੌਣਕ ਬਣ ਜਾਂਦੇ ਨੇ ਤੇ ਕਦੇ ਸੂਹੇ ਪਲਾਂ ਦਾ ਨਾਦ ਗੂੰਜਣ ਲੱਗਦਾ ਹੈ। 
ਡੱਬੀਆਂ ਵਾਲ਼ਾ ਖੇਸ ਹੁਣ ਮੇਰੇ ਹੱਥਾਂ 'ਚ ਸੀ। ਇਹ ਬਹੁਤ ਲੰਮੇਰਾ ਸਫ਼ਰ ਤਹਿ ਕਰਦਾ ਦਾਦਕੇ ਪਿੰਡੋਂ ਮੇਰੇ ਦਾਦੇ ਦੇ ਭਰਾ ਦੇ ਘਰੋਂ ਏਥੇ ਸੱਤ ਸਮੁੰਦਰੋਂ ਪਾਰ ਆਇਆ ਸੀ। ਏਸ ਖੇਸ ਨੂੰ ਬੁਣਨ ਵੇਲ਼ੇ ਹੀ ਮੇਰੇ ਨਾਓਂ ਦੀ ਸ਼ਾਇਦ ਕੋਈ ਅਣਦਿੱਖ ਮੋਹਰ ਪਹਿਲਾਂ ਹੀ ਲੱਗ ਗਈ ਹੋਵੇ। ਜਿਸ ਦੀ ਖ਼ਬਰ ਨਾ ਖੇਸ ਬੁਣਨ ਵਾਲ਼ੀ ਓਸ ਬੇਬੇ ਨੂੰ ਸੀ ਜੋ ਆਪਣੀ ਉਮਰ ਦੇ ਹੁਣ ਨੌਂ ਦਹਾਕੇ ਵਿਹਾ ਚੁੱਕੀ ਹੈ ਤੇ ਮੈਨੂੰ ਤਾਂ ਹੋਣੀ ਹੀ ਕੀ ਸੀ ? ਬੇਬੇ ਨੇ ਆਪਣੇ ਸੰਦੂਕ ਦੇ ਭਰਪੂਰ ਖਜ਼ਾਨੇ 'ਚੋਂ ਕੱਢ ਕੇ ਸਭ ਤੋਂ ਅਮੁੱਲੀ ਵਸਤ ਮੈਨੂੰ ਭੇਜੀ ਸੀ ਜੋ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਹੁਣ ਮੈਂ ਉਹ ਖੂਬਸੂਰਤੀ ਮਾਣ ਰਹੀ ਸਾਂ ਜੋ ਮੇਰੀ ਪੜਨਾਨੀ ਤੇ ਮਾਂ ਨੇ ਹਰ ਨਿੱਕੀ ਸ਼ੈਅ 'ਚੋਂ ਮੈਨੂੰ ਮਾਨਣੀ ਸਿਖਾਈ ਹੈ। 
ਬੇਬੇ ਦੇ ਚਰਖ਼ੇ ਦੀ ਘੂਕਰ ਹੁਣ ਮੈਨੂੰ ਸੁਣਾਈ ਦੇ ਰਹੀ ਸੀ।ਉਸ ਦੇ ਹੱਥੀਂ ਬੁਣੇ ਖੇਸ 'ਚੋਂ ਪਿਆਰ ਭਰੀ ਮਹਿਕ ਨੂੰ ਕਿਸੇ ਬਿਆਨ ਨਾਲ਼ ਮਿਣਿਆ ਨਹੀਂ ਜਾ ਸਕਦਾ। ਖੇਸ ਦੇ ਬੰਬਲਾਂ 'ਚ ਵੱਟੇ ਚਾਅ ਹੁਣ ਮੇਰੀ ਝੋਲ਼ੀ ਆ ਪਏ ਨੇ। ਹਰੀ ਕੰਨੀ ਵਾਲ਼ਾ ਮਿਟਿਆਲਾ ਜਿਹਾ ਡੱਬੀਆਂ ਵਾਲ਼ਾ ਖੇਸ ਮੈਨੂੰ ਕਿਸੇ ਅਨੋਖੀ ਸੂਖਮਤਾ ਦੇ ਨੇੜੇ ਲੈ ਗਿਆ ਸੀ। ਰਿਸ਼ਤਿਆਂ ਦੀ ਉਹ ਸੂਖਮਤਾ ਜਿਹੜੀ ਬੇਬੇ ਨੇ ਮੇਰੇ ਮਾਪਿਆਂ ਸੰਗ ਹੰਢਾਈ ਸੀ। ਖੇਸ ਭੇਜਣ ਵੇਲ਼ੇ ਵੀ ਬੇਬੇ ਦੀਆਂ ਗੱਲਾਂ 'ਚ ਮੇਰੀ ਮਾਂ ਦੇ ਨਿੱਘੇ ਤੇ ਮਿਲਾਪੜੇ ਸੁਭਾਅ ਦਾ ਜ਼ਿਕਰ ਸੀ। ਵਕਤ ਦੇ ਤਕਾਜ਼ਿਆਂ ਤੋਂ ਪਾਰ ਉਸ ਨੇ ਮੇਰੇ ਮਾਪਿਆਂ ਦੇ ਅਕਸ ਥੀਂ ਹੀ ਮੈਨੂੰ ਕਿਆਸਿਆ ਹੋਣੈ। 
ਡੱਬੀਦਾਰ ਖੇਸ ਹੱਥਾਂ 'ਚ ਲੈਂਦਿਆਂ ਜਦੋਂ ਆਪਣੀਆਂ ਪਲਕਾਂ ਭੀੜ੍ਹ ਲਈਆਂ ਤਾਂ ਮੈਂ ਕਈ ਦਹਾਕੇ ਪਿਛਾਂਹ ਉਨ੍ਹਾਂ ਅਣਦੇਖੇ ਪਲਾਂ 'ਚ ਜਾ ਖਲੋਈ ਜੋ ਮੇਰੀ ਅੰਮੜੀ ਤੇ ਬਾਬਲ ਨੇ ਕਦੇ ਬੇਬੇ ਦੇ ਪਰਿਵਾਰ ਸੰਗ ਬਿਤਾਏ ਸਨ। ਗੱਲ-ਗੱਲ 'ਤੇ ਸ਼ੁਗਲ ਮੇਲਾ ਮਨਾਉਂਦੇ ਤਰੋ -ਤਾਜ਼ੇ ਪਲ, ਸੁੱਚੀ ਗੁਫ਼ਤਗੂ 'ਚ ਰੁੱਝੇ ਪਲ। ਇਨ੍ਹਾਂ ਪਲਾਂ ਦੀ ਸੱਤਰੰਗੀ ਤਹਿਜ਼ੀਬ ਮੈਨੂੰ ਅਸੀਸ ਦਿੰਦੀ ਜਾਪੀ। ਵਰ੍ਹਿਆਂ ਪਿੱਛੋਂ ਅੱਜ ਮੈਂ ਉਹ ਪਲ ਜਿਉਂ ਲਏ ਸਨ ਜੋ ਮੇਰੇ ਹਿੱਸੇ ਕਦੇ ਆਏ ਹੀ ਨਹੀਂ ਸਨ । 
ਮੈਂ ਦਾਦਕਿਆਂ ਦੀ ਵਾਦੀ 'ਚ ਹੁਣ ਕਿਸੇ ਪੰਛੀ ਵਾਂਗ ਉੱਡ ਰਹੀ ਸਾਂ। ਮੈਂ ਇਹਨਾਂ ਪਲਾਂ ਤੋਂ ਵਿਦਾ ਨਹੀਂ ਲੈਣੀ ਚਾਹੁੰਦੀ ਸਾਂ ਜਿਥੇ ਦਿਲਦਾਰੀਆਂ ਜਿਉਂਦੀਆਂ ਸਨ। ਚਾਨਣ ਰੁੱਤੇ ਰਾਹਾਂ ਵਿੱਚ ਕਿਸੇ ਸੁਖਦ ਨਾਦ ਦੀ ਧੁਨ 'ਤੇ ਮਹਿਕਾਂ ਦਾ ਵਣਜ ਹੁੰਦਾ ਸੀ। ਹੁਣ ਮੈਂ ਉਨ੍ਹਾਂ ਸਮੁੰਦ ਪਲਾਂ ਜਿਹਾ ਹੋਣਾ ਲੋਚਦੀ ਸਾਂ ਜਿਥੇ ਪਾਣੀਆਂ ਜਿਹੀ ਪਾਕੀਜ਼ਗੀ ਸੀ। ਇਉਂ ਲੱਗਦਾ ਸੀ ਕਿ ਅੱਜ ਇਹਨਾਂ ਪਲਾਂ ਨੇ ਮੇਰੇ ਮਨ ਦੀ ਮੁਹਾਠ 'ਤੇ ਸਤਵਰਗੀ ਰਹਿਮਤਾਂ ਦਾ ਛਿੱਟਾ ਦੇ ਦਿੱਤਾ ਹੋਵੇ। 

ਪੁੱਜੀ ਪ੍ਰਦੇਸ 
ਵਿਸਮਾਦੀ ਖੁਸ਼ਬੋ 
ਸੁਹੰਦਾ ਖੇਸ।