ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Apr 2015

ਖਿੰਡਿਆ ਫੁੱਲ (ਹਾਇਬਨ)

ਨਿੱਕੀ -ਨਿੱਕੀ ਕਣੀ ਦਾ ਮੀਂਹ......ਤੇਜ਼ ਹਵਾ ਨਾਲ ਝੂਲਦੇ ਰੁੱਖ। ਅਚਾਨਕ ਕੜਕ ਕਰਕੇ ਕੁਝ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਹੱਥਲੀ ਕਿਤਾਬ ਮੇਜ਼ 'ਤੇ ਰੱਖ ਬਾਹਰ ਜਾ ਕੇ ਵੇਖਿਆ। ਬਗੀਚੇ 'ਚ ਲੱਗਿਆ ਇੱਕ ਸੋਹਣੇ ਜਿਹੇ ਪੱਤਿਆਂ ਵਾਲਾ ਸਦਾ-ਬਹਾਰ ਬੂਟਾ ਤਣੇ  ਤੋਂ ਹੀ ਟੁੱਟ ਗਿਆ ਸੀ। ਕਲਮ ਤੋਂ ਲੱਗਣ ਵਾਲੇ ਇਸ ਬੂਟੇ ਨੂੰ ਡੂੰਘਾ ਟੋਆ ਪੁੱਟ ਦੁਬਾਰਾ ਲਗਾਇਆ ਤੇ ਫੇਰ  ਮੈਂ ਘਰ ਦੇ ਹੋਰ ਕੰਮਾਂ 'ਚ ਰੁੱਝ ਗਈ। ਵਿਹਲੀ ਹੋਈ ਤਾਂ ਅਧੂਰੀ ਛੱਡੀ ਕਹਾਣੀ ਪੜ੍ਹਨ ਦੇ ਖ਼ਿਆਲ ਨਾਲ ਮੈਂ ਕਿਤਾਬ ਜਾ ਚੁੱਕੀ, ਪਰ ਕਿਵੇਂ ਪੜ੍ਹਦੀ.... ਐਨਕ ਵਾਲੀ ਡੱਬੀ 'ਚੋਂ ਐਨਕ ਗਾਇਬ ਸੀ। ਮੇਜ਼ 'ਤੇ ਸਰਸਰੀ ਜਿਹੀ ਨਿਗ੍ਹਾ ਮਾਰੀ ਪਰ ਐਨਕ ਨਾ ਦਿੱਸੀ। ਦੂਸਰੇ ਕਮਰਿਆਂ 'ਚ ਲੱਭੀ ਪਰ ਨਾ -ਕਾਮਯਾਬ। ਫਿਰ ਤਾਂ ਘਰ ਦਾ ਹਰ ਕੋਨਾ, ਹਰ ਖੂੰਜਾ ਫਰੋਲ ਮਾਰਿਆ, ਪਰ ਐਨਕ ਲਾਪਤਾ ਸੀ। ਪਤਾ ਨਹੀਂ ਇਸ ਨੂੰ ਜ਼ਮੀਨ ਖਾ ਗਈ ਜਾਂ ਅਸਮਾਨ ਨਿਗਲ ਗਿਆ ਸੀ।
          ਐਨਕ ਗੁਆਚਣ ਕਰਕੇ ਮੇਰੇ ਕੰਮਾਂ 'ਚ ਵਿਘਨ ਪੈ ਰਿਹਾ ਸੀ ....ਵਾਰ -ਵਾਰ ਧਿਆਨ ਜੋ ਉੱਖੜ ਰਿਹਾ ਸੀ ਕਿ ਆਖਿਰ ਐਨਕ ਗਈ ਤਾਂ ਗਈ ਕਿੱਥੇ ?ਦਿਨ ਆਪਣੀ ਆਖਰੀ ਡਗਰ 'ਤੇ ਤੁਰ ਰਿਹਾ ਸੀ ਕਿ ਅਚਾਨਕ ਇੱਕ ਧੁੱਪੀਲੇ  ਜਿਹੇ ਖ਼ਿਆਲ ਨੇ ਮੇਰੇ ਮਨ ਦੀਆਂ ਬਰੂਹਾਂ 'ਤੇ ਆ ਦਸਤਕ ਦਿੱਤੀ। ਮੇਰੀ ਐਨਕ ਵਾਲੀ ਡੱਬੀ ਦੇ ਐਨ ਕੋਲ ਮੇਰੇ ਪਤੀ ਦੀਆਂ ਐਨਕਾਂ ਵਾਲੀ ਪਈ ਡੱਬੀ ਖੋਲ੍ਹਣਾ ਮੈਨੂੰ ਅਚੰਭਿਤ ਕਰ ਗਿਆ। ਹੈਂ .....ਇਹ ਕੀ ਇੱਕੋ ਡੱਬੀ 'ਚ ਦੋ ਐਨਕਾਂ ? ਬੜਾ ਚਿਰ ਚੇਤਿਆਂ ਨੂੰ ਪੁਕਾਰਨ 'ਤੇ ਵੀ ਕੁਝ ਯਾਦ ਨਹੀਂ ਆਇਆ। ਮੇਰੀ ਚੇਤਨਾ ਦੇ ਪੰਨਿਆਂ ਤੋਂ ਅਜੇ ਵੀ ਉਹ ਪਲ ਮਨਫ਼ੀ ਸੀ ਜਿਸ ਪਲ ਮੈਂ ਆਪਣੀ ਐਨਕ ਇਸ ਦੂਜੀ ਡੱਬੀ 'ਚ ਪਾ ਦਿੱਤੀ ਸੀ।
       ਅੱਜ ਮੇਰੀ ਹਾਲਤ ਓਸ ਸਦਾ ਬਹਾਰ ਬੂਟੇ ਜਿਹੀ ਸੀ ਜਿਸ 'ਤੇ ਚਾਹੇ ਪੱਤਝੜ ਤਾਂ ਨਹੀਂ ਆਉਂਦੀ, ਪਰ ਇਸ ਨੂੰ ਸਮੇਂ ਸਿਰ ਛਾਂਗਣ ਜਾਂ ਆਰਜ਼ੀ ਸਹਾਰੇ ਦੀ ਅਣਹੋਂਦ ਕਰਕੇ ਅਣਗਿਣਤ ਪੱਤਿਆਂ ਅਤੇ ਟਾਹਣੀਆਂ ਦੇ ਭਾਰ ਨੂੰ ਨਾ ਸਹਿੰਦਿਆਂ ਇਸ ਦਾ ਤਣਾ ਲਿਫ਼ਦੇ -ਲਿਫ਼ਦੇ ਟੁੱਟ ਹੀ ਗਿਆ। ਇਹਨਾਂ ਅਮੁੱਕ ਰੁਝੇਵਿਆਂ ਦੀਆਂ ਗੁੰਝਲਾਂ ਤੋਂ ਰਾਹਤ ਪਾਉਣ ਲਈ ਕਿਸੇ ਸੰਦਲੀ ਫਿਜ਼ਾ 'ਚ ਉਡਾਰੀ ਮਾਰ ਥੱਕੀ ਚੇਤਨਾ ਦੇ ਸਫ਼ਿਆਂ ਨੂੰ ਨਵਿਆਉਣਾ ਹੁਣ ਮੈਨੂੰ ਅਤਿ ਜ਼ਰੂਰੀ ਭਾਸਣ ਲੱਗਾ।

ਤੇਜ਼ ਹਵਾਵਾਂ -
ਲਿਫ਼ੀਆਂ ਟਹਿਣੀਆਂ
ਖਿੰਡਿਆ ਫੁੱਲ।

ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ। 

     

28 Apr 2015

ਖੂਨੀ ਭੁਚਾਲ

ਨੇਪਾਲ ਦੇ ਕਾਠਮੰਡੂ ਦਾ ਇਲਾਕਾ। ਆਮ ਜਿਹਾ ਦਿਨ ਓਦੋਂ ਅਭਾਗਾ ਦਿਨ ਬਣ ਗਿਆ ਜਦੋਂ ਕੁਦਰਤ ਨੇ ਕਹਿਰ ਢਾਹ ਦਿੱਤਾ । ਖ਼ਤਰਨਾਕ ਭੂਚਾਲ, ਏਨੀ ਤੀਬਰਤਾ ਨਾਲ ਆਇਆ ਕਿ ਇਸ ਇਲਾਕੇ ਨੂੰ ਹਜ਼ਾਰਾਂ ਹੀ ਮਨੁੱਖਾਂ ਦੀ ਕਤਲਗਾਹ ਬਣਾ ਗਿਆ!.....ਕਿੰਨਾ ਹੋਰ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।  ਦੇਖੋ! ਸਭ ਪਾਸੇ ਮੱਚੀ ਹੋਈ ਹਾਹਾਕਰ.....ਢਹਿ ਢੇਰੀ ਹੋਏ ਨੇ ਘਰਾਂ ਦੇ ਘਰਮੰਦਰ ਅਤੇ ਕਈ ਹੋਰ ਪੁਰਾਣੀਆਂ ਇਮਾਰਤਾਂ। ਖੌਰੇ,ਕਿੰਨੀਆਂ ਕੁ ਲਾਸ਼ਾਂ ਮਲਬੇ ਦੇ ਹੇਠ ਦੱਬੀਆਂ ਪਈਆਂ ਹਨ। ਜ਼ਖਮੀਆਂ ਤੇ ਪੀੜਤਾਂ ਨਾਲ ਭਰੇ ਹਸਪਤਾਲ।ਅਜੇ ਵੀ ਅਣਗਿਣਤ ਲੋਕ ਲਾਪਤਾ ਹਨ ਅਤੇ ਹੁਣ ਭੂਚਾਲ ਤੋਂ ਬਾਅਦ ਨਿਰੰਤਰ ਆਉਣ ਵਾਲੇ ਝਟਕਿਆਂ ਦੇ ਡਰ ਨਾਲ ਸਹਿਮੇ ਨੇ ਲੋਕ।  

ਖੂਨੀ ਭੂਚਾਲ-
ਦੇਖ ਕਤਲਗਾਹ
ਸਹਿਮੇ ਲੋਕ । 

ਭੁਪਿੰਦਰ ਸਿੰਘ 
(ਨਿਊਯਾਰਕ )
ਨੋਟ: ਇਹ ਪੋਸਟ ਹੁਣ ਤੱਕ 12 ਵਾਰ ਪੜ੍ਹੀ ਗਈ। 27 Apr 2015

ਗਰੀਬ ਦੀ ਜ਼ਿੰਦਗੀ (ਚੋਕਾ)

ਸੁਣ ਜ਼ਿੰਦਗੀ 
ਮੇਰੇ ਸਾਹਮਣੇ ਹੈ 
ਗੁੰਝਲ ਖੜ੍ਹੀ
ਤੂੰ  ਹੀ ਦੱਸ ਤਾਂ ਭਲਾ
ਟੁਕੜਿਆਂ 'ਚ 
ਕਿਓਂ ਮਿਲ਼ਦੀ ਖੁਸ਼ੀ
ਇਓਂ ਹੀ ਹੁੰਦਾ 
ਕਿਓਂ ਹਮੇਸ਼ਾਂ ਭਲਾ
ਗਮ ਦਰਿਆ 
ਨੱਕੋ -ਨੱਕ ਵਹਿੰਦਾ 
ਲੱਭਦੀ ਨਹੀਂ 
ਕਿਤੇ ਖੁਸ਼ੀ ਅੜਿਆ 
ਛਾਣ ਮਾਰਿਆ 
ਨਿੱਤ ਮੈਂ ਜ਼ਰਾ-ਜ਼ਰਾ 
ਚੱਲ ਮੰਨ ਲੈ 
ਏਸੇ ਦਾ ਨਾਂ ਜ਼ਿੰਦਗੀ 
ਤਾਂ ਇੱਕ ਹੋਰ 
ਉਲਝਣ ਆ ਖੜ੍ਹੀ
ਘਰ ਗਰੀਬਾਂ 
ਗਮ ਠਾਠਾਂ ਮਾਰਦਾ 
ਕਿਓਂ ਉਨ੍ਹਾਂ ਨੂੰ 
ਜਿਉਣ ਅਧਿਕਾਰ 
ਨਹੀਂ ਮਿਲਦਾ 
ਕਿਓਂ ਨਹੀਂ ਮਿਲਦਾ 
ਖੁਸ਼ੀ ਤੋਹਫ਼ਾ 
ਬੀਤ ਜਾਂਦੀ ਉਮਰ 
ਗੁਰਬੱਤ 'ਚ 
ਹਰ ਦੁੱਖ ਪੀੜਾ ਨੂੰ 
ਆਪੇ ਸਹਿੰਦੇ 
ਦੂਜਿਆਂ ਖੁਸ਼ ਦੇਖ 
ਬੱਸ ਖੁਸ਼ ਹੋ ਲੈਂਦੇ। 

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲਾ) 
ਨੋਟ: ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ। 

25 Apr 2015

ਭੁੱਖ ਜਿਹਾ ਦੁੱਖ (ਹਾਇਬਨ)

ਸ਼ਾਮ ਦਾ ਵੇਲਾ.......ਆਗਰੇ ਦਾ ਰੇਲਵੇ ਸਟੇਸ਼ਨ .......ਆਗਰਾ ਕੈਂਟ। ਚਹਿਲ -ਪਹਿਲ ਵਾਲਾ ਮਾਹੌਲ ਉਸ ਸਮੇਂ ਉਦਾਸੀਨ ਹੋ ਗਿਆ ਜਦੋਂ ਇੱਕ 10-12 ਸਾਲ ਦੇ ਲੱਤ ਤੋਂ ਲੰਗੜੇ ਤੇ ਅੱਧਨੰਗੇ ਜਿਹੇ ਬੱਚੇ ਨੇ ਉੱਥੇ ਉੱਚੀ -ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਸਾਡੀ ਗੱਡੀ ਲੇਟ ਸੀ। ਅਸੀਂ ਕਾਫ਼ੀ ਦੇਰ ਤੋਂ ਬੈਠੇ ਹੋਏ ਸਾਂ। ਕੁਝ ਨੰਨੇ ਬੱਚੇ , ਸੁਕੜੇ ਜਿਹੇ ਢਿੱਡ, ਗੰਦੇ ਜਿਹੇ ਚਿਹਰੇ, ਨਿੱਕਰਾਂ ਪਾਈ ਵਾਰ -ਵਾਰ ਯਾਤਰੀਆਂ ਅੱਗੇ ਹੱਥ ਅੱਡ ਰਹੇ ਸਨ। ਕਿਸੇ ਨੂੰ ਇੱਕ ਰੁਪਿਆ ਮਿਲਿਆ ਤਾਂ ਉਸ ਦੇ ਚਿਹਰੇ 'ਤੇ ਖੇੜਾ ਆ ਗਿਆ। ਉਹ ਦੌੜਿਆ। ਦੋ ਉਸ ਦੇ ਮਗਰ ਦੌੜੇ। ਖੂਬ ਲੜਾਈ ਹੋਈ। ਫਿਰ ਵੀ ਉਹ ਬਚਦਾ -ਬਚਾਉਂਦਾ ਸਾਹਮਣੇ ਕਾਫ਼ੀ ਦੇਰ ਤੋਂ ਖਾਲੀ ਖੜ੍ਹੀ ਗੱਡੀ ਦੇ ਡੱਬੇ 'ਚ ਚੜ੍ਹ ਗਿਆ। ਫਿਰ ਦੂਜੇ ਪਾਸੇ ਦੀ ਨਿਕਲਦਾ ਮਰੂੰਡਾ ਲੈਣ ਲੱਗਾ। 
10-12 ਸਾਲ ਦੇ ਲੱਤੋਂ ਲੰਗੜੇ ਬੱਚੇ ਨੂੰ ਤਾਂ ਕਿਸੇ ਨੇ ਪੂਰੀ -ਛੋਲਿਆਂ ਦੀ ਪਲੇਟ ਹੀ ਦੇ ਦਿੱਤੀ ਸੀ। ਉਹ ਅਸਮਾਨ ਵੱਲ ਮੂੰਹ ਚੁੱਕੀ ਦੌੜਿਆ ,ਜਿਵੇਂ ਕਹਿ ਰਿਹਾ ਹੋਵੇ "ਦਾਤਿਆ ਅੱਜ ਕਿਵੇਂ ਮੇਹਰ ਹੋ ਗਈ। " ਉਸੇ ਖਾਲੀ ਖੜ੍ਹੀ ਗੱਡੀ ਦੇ ਡੱਬੇ 'ਚ ਉਹ ਅਜੇ ਚੜ੍ਹਿਆ ਹੀ ਸੀ ਕਿ 30 ਕੁ ਸਾਲ ਦਾ ਇੱਕ ਵੱਡਾ  ਮੰਗਤਾ  ਝਪਟ ਮਾਰ ਕੇ ਉਸ ਦੀ ਪਲੇਟ ਖੋਹ ਕੇ ਭੱਜ ਗਿਆ। ਉਹ ਆਪਣਾ ਢਿੱਡ ਫੜੀ ਉਸ ਦੇ ਮਗਰ ਦੌੜਿਆ ਤੇ ਨਿੱਕੇ ਬੱਚੇ ਵਾਂਗ ਉੱਚੀ -ਉੱਚੀ ਰੋਇਆ......ਜਿਵੇਂ ਬਹੁਤ ਵੱਡੀ ਚੀਜ਼ ਖੁੱਸ ਗਈ ਹੋਵੇ। ਮੈਥੋਂ ਦੇਖਿਆ ਨਹੀਂ ਜਾ ਰਿਹਾ ਸੀ। ਕਈ ਦਿਨ ਉਸ ਦੀ ਛਵੀ ਮੇਰੀਆਂ ਅੱਖਾਂ ਤੋਂ ਓਝਲ ਨਾ ਹੋ ਸਕੀ। ਭੁੱਖ ਦੇ ਦੁੱਖ ਦਾ ਅਹਿਸਾਸ ਉਸ ਬੱਚੇ ਦੀ ਬੇਵਸੀ ਰਾਹੀਂ ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਹੋਇਆ। ਮੈਂ ਸੋਚ ਰਹੀ ਸੀ ਕਿ ਭੁੱਖ ਜਿਹਾ ਕੋਈ ਦੁੱਖ ਨਹੀਂ ਅਤੇ ਰੋਟੀ ਜਿਹੀ ਕੋਈ ਲੋੜ ਨਹੀਂ। 

ਖੁਸ਼ਕ ਹਵਾ 
ਖਾਲੀ ਠੂਠੇ ਨੂੰ ਤੱਕੇ 
ਭਿਖਾਰੀ ਬੱਚਾ। 

ਪ੍ਰੋ . ਦਵਿੰਦਰ ਕੌਰ ਸਿੱਧੂ 
(ਦੌਧਰ -ਮੋਗਾ)
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ। 


22 Apr 2015

ਪਿੱਪਲੀ ਪੀਂਘਾਂ

1.

ਪਿੱਪਲ ਛਾਵੇਂ 
ਤਾਇਆ ਪੀਵੇ ਚਾਹ 
ਮਾਰ ਸੜ੍ਹਾਕੇ। 2.
ਪਿੱਪਲੀ ਪੀਂਘਾਂ 
ਪਿੰਡ ਦੀਆਂ ਕੁੜੀਆਂ 
ਸੌਣ ਮਹੀਨਾ। 


ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ: ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

19 Apr 2015

ਪੌਣਾਂ ਵਿੱਚ ਖ਼ੁਸ਼ਬੂ

1.
ਪਹਿਲੀ ਛੋਹ -
ਰੋਮ -ਰੋਮ ਬਣਿਆ 
ਜਲ -ਤਰੰਗ। 2.
ਨਿੰਮ 'ਤੇ ਬੂਰ 
ਪੌਣਾਂ ਵਿੱਚ ਖ਼ੁਸ਼ਬੂ 
ਖਿੰਡੀ ਵਿਹੜੇ। 


ਰਾਮੇਸ਼ਵਰ ਕੰਬੋਜ ਹਿੰਮਾਂਸ਼ੂ 
(ਨਵੀਂ ਦਿੱਲੀ)
ਨੋਟ : ਇਹ ਪੋਸਟ ਹੁਣ ਤੱਕ 24 ਵਾਰ ਪੜ੍ਹੀ ਗਈ। 

17 Apr 2015

ਰੰਗਲਾ ਪਿੰਡ -ਮੂਲੋਵਾਲ                                                    ਰੰਗ ਬਰੰਗ 
                                 ਕੰਧਾਂ ਬੂਹੇ ਬਾਰੀਆਂ 
                                    ਰੰਗਲਾ ਪਿੰਡ। 

ਅੱਜ ਵਿਆਹ ਵਰਗਾ ਮਾਹੌਲ ਹੈ ਪਿੰਡ ਮੂਲੋਵਾਲ ( ਜ਼ਿਲ੍ਹਾ ਸੰਗਰੂਰ) ਵਿੱਚ, ਜਿਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।  ਪਿੰਡ ਦੇ ਇੱਕ ਪੁਰਾਣੇ ਘਰ ਦੀ ਚੋਣ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਹਿੰਦੀ ਫ਼ਿਲਮ ‘ਸਿੰਘ ਇਜ਼ ਬਲਿੰਗ’ ਲਈ ਕੀਤੀ ਗਈ ਹੈ ਜਿਸ ਲਈ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ।ਪਿੰਡ ਮੂਲੋਵਾਲ ਦੀ ਡੱਲਾ ਪੱਤੀ ਵਿੱਚ ਸਥਿਤ ਇੱਕ ਪੁਰਾਣੇ ਘਰ ਤੋਂ ਇਲਾਵਾ ਗਲੀਆਂ ਅਤੇ ਦਰਵਾਜ਼ਿਆਂ ਨੂੰ ਜਿੱਥੇ ਤਰ੍ਹਾਂ-ਤਰ੍ਹਾਂ ਦੇ ਰੰਗ-ਰੋਗਨ ਕਰ ਕੇ ਸ਼ਿੰਗਾਰਿਆ ਜਾ ਰਿਹਾ ਹੈ, ਉੱਥੇ ਘਰ ਨੂੰ ਜਾਂਦੀ ਗਲੀ ਵਿੱਚ ਪੈਂਦੇ ਹਰ ਘਰ ਦੀਆਂ ਕੰਧਾਂ ’ਤੇ ਰੰਗਾਂ ਨਾਲ ਬੇਹੱਦ ਖੂਬਸੂਰਤ ਮੀਨਾਕਾਰੀ ਕੀਤੀ ਗਈ  ਹੈ। ਪੰਜਾਬੀ ਸੱਭਿਆਚਾਰਕ ਵਿਰਸੇ ਦੀ ਖੂਬਸੂਰਤ ਤਸਵੀਰ ਇਨ੍ਹੀਂ ਦਿਨੀਂ ਪਿੰਡ ਮੂਲੋਵਾਲ ਵਿੱਚ ਵੱਖਰਾ ਨਜ਼ਾਰਾ ਪੇਸ਼ ਕਰ ਰਹੀ ਹੈ। ਮਿੱਟੀ ਨਾਲ ਲਿੱਪੀਆਂ ਕੱਚੀਆਂ ਕੰਧਾਂ ਅਤੇ ਕੱਚੇ ਓਟਿਆਂ ਨੂੰ ਸਫੇਦ ਰੰਗ ਵਿੱਚ ਖੂਬਸੂਰਤ ਫੁੱਲ-ਬੂਟੀਆਂ ਪਾ ਕੇ ਸ਼ਿੰਗਾਰਿਆ ਗਿਆ ਹੈ।  ਇਸ ਦੌਰਾਨ ਪਿੰਡ ਦੇ ਲੋਕ ਕਾਫ਼ੀ ਖੁਸ਼ ਤੇ ਉਤਸ਼ਾਹਿਤ ਹਨ। ਫ਼ਿਲਮ ਲੲੀ ਚੁਣੇ ਗਏ ਪਿੰਡ ਮੂਲੋਵਾਲ ਦੇ ਘਰ ਦੀ ਚੋਣ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਲੋਕੇਸ਼ਨਾਂ ਵੇਖਣ ਤੋਂ ਬਾਅਦ ਕੀਤੀ ਗਈ ਹੈ। ਇੱਕ ਸਦੀ ਪੁਰਾਣਾ ਹੈ ਸ਼ੂਟਿੰਗ ਲੲੀ ਚੁਣਿਆ ਗਿਅਾ ਘਰ
ਘਰ ਦੇ ਮਾਲਕ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਲਗਪਗ ਇੱਕ ਸਦੀ ਪੁਰਾਣਾ ਹੈ ਜਿਸਦੀ ਵਿਰਾਸਤੀ ਦਿੱਖ ਅਜੇ ਤਕ ਕਾਇਮ ਹੈ। ਘਰ ਦੇ ਮੁੱਖ ਦਰਵਾਜ਼ੇ ’ਤੇ ਲੱਕੜ ਦੀ ਚੁਗਾਠ ਲੱਗੀ ਹੋਈ ਹੈ ਜਿਸ ’ਤੇ ਉਕਰੀ ਮੀਨਾਕਾਰੀ ਵੱਖਰੀ ਦਿੱਖ ਪੇਸ਼ ਕਰਦੀ ਹੈ। ਇਹ ਮਕਾਨ ਉਨ੍ਹਾਂ ਦੇ ਦਾਦਾ ਵੱਲੋਂ ਬਣਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਘਰ ਨੂੰ ਰੰਗ-ਰੋਗਨ ਕਰ ਕੇ ਬੇਹੱਦ ਖੂਬਸੂਰਤ ਦਿੱਖ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੰਬਈ ਤੋਂ ਆਈ ਇੱਕ ਟੀਮ  ਵੱਲੋਂ ਉਨ੍ਹਾਂ ਦੇ ਘਰ ਨੂੰ ਫ਼ਿਲਮ ‘ਸਿੰਘ ਇਜ਼ ਬਲਿੰਗ’ ਲਈ ਚੁਣਿਆ ਗਿਆ ਹੈ ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਨੋਟ : ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ। 

16 Apr 2015

ਅੰਨ-ਹੰਡਾਈ ਜਿੰਦ (ਚੋਕਾ)

ਜਾਣ ਲੱਗਿਆਂ 
ਉਸ ਵਾਅਦਾ ਕੀਤਾ
ਮੁੜਾਂਗਾ ਛੇਤੀ    
ਚੂੜੇ ਵਾਲੀ ਉਡੀਕੇ
ਬੂਹੇ 'ਤੇ ਅੱਖਾਂ 
ਪਰ ੳੁਹ ਅਲੋਪ
ਥੌਹ ਨਾ ਪਤਾ
ਗਿਆ ਸੀ ਨਜ਼ਾਇਜ 
ਮੁ੍ੜ ਨਾ ਹੋਵੇ
ਕਰੇ ਕਿਵੇਂ ਸ਼ਿੰਗਾਰ 
ਮਾਹੀ ਬਾਹਰ
ਪੱਤਝੜ-  ਬਹਾਰਾਂ
ਐਵੇਂ ਲੰਘੀਆਂ 
ਬੁੱਲ੍ਹੀ ਜੰਮੀ ਸਿੱਕਰੀ 
ਬਾਹਾਂ ਸੁੱਕੀਆਂ 
ਰਹੀ ਨਾ ਮੁਟਿਆਰ 
ਕਹਿਰ ਕਮਾ
ਮੁੜਿਆ ਸਾਲਾਂ ਪਿੱਛੋਂ 
ਪੈਸੇ ਲੈ ਕਮਾ 
ਜੋਬਨ ਲਿਆ ਗਵਾ 
ਦੱਸ ਕੀ ਏ ਖੱਟਿਆ। 

 ਇੰਜ: ਜੋਗਿੰਦਰ ਸਿੰਘ "ਥਿੰਦ"
  (ਸਿਡਨੀ)
ਨੋਟ : ਇਹ ਪੋਸਟ ਹੁਣ ਤੱਕ 18 ਵਾਰ ਪੜ੍ਹੀ ਗਈ। 

12 Apr 2015

ਮਾਂ ਦਾ ਬਲੀਦਾਨ

ਪੱਤਝੜ ਦੀ ਸੁੰਨੀ, ਠੰਡੀ ਤੇ ਕਾਲੀ ਬੋਲੀ ਰਾਤ...... ਦੋ ਕੁ ਵਜੇ ਇੱਕ ਚੀਖ ਨਾਲ ਖੁੱਲੀ ਅੱਖ। ਅੱਖਾਂ ਮਲਦਾ ਟਾਰਚ ਚੱਕ ਕੇ ਭੱਜਿਆ ਬੱਤਖਾਂ ਦੇ ਬਾੜੇ  ਵੱਲ। ਵੇਖਿਆ..... ਇੱਕਠੀਆਂ ਹੋਈਆਂ ਇੱਕ ਕੋਨੇ 'ਚ ਖੜੀਆਂ ਹਨ| ਆਲੇ  ਦੁਆਲੇ ਦੇਖਿਆ ਕੁਝ ਨਹੀਂ  ਮਿਲਿਆ, ਵਾਪਿਸ ਘਰ ਅੰਦਰ ਆਇਆ.....ਤਾਂ ਘਰਵਾਲੀ ਨੇ  ਪੁੱਛਿਆ ਕਿ  ਮੋਰਨੀ ਠੀਕ ਹੈ | "ਓਹ ਤੇਰੀ"... ਮੇਰੇ ਤਾਂ ਖਿਆਲ 'ਚ ਈ ਨੀ ਆਇਆ ਕਿ ਇਹ ਮੋਰਨੀ ਦੀ ਚੀਖ ਸੀ ਜੋ ਅੰਡਿਆਂ 'ਤੇ ਬੈਠੀ ਸੀ | ਭੱਜਿਆ ਉਸ ਦੇ ਆਲ੍ਹਣੇ  ਵੱਲ ਜਿਸ ਨੂੰ  ਮੈਂ ਚੰਗੀ ਤਰਾਂ  ਲੂੰਬੜੀ  ਤੋ ਬਚਾਉਣ ਲਈ ਸੁਰੱਖਿਅਤ ਕੀਤਾ ਹੋਇਆ ਸੀ|
            ਲਾਈਟ ਮਾਰੀ ਤਾਂ ਦੇਖਿਆ ਆਲ੍ਹਣਾ ਖਾਲੀ ਸੀ ਤੇ ਅੰਡੇ ਟੁੱਟੇ ਪਏ  ਸਨ| ਇੱਧਰ- ਉਧਰ  ਭੱਜਿਆ ਦੇਖਿਆ ਕਿਤੇ ਕੁਝ ਨਾ ਮਿਲਿਆ| ਵਾਪਿਸ ਆ ਕੇ ਫੇਰ ਆਲ੍ਹਣੇ ਤੇ ਲਾਈਟ ਮਾਰੀ ਤਾਂ ਕੰਨਾਂ 'ਚ ਚੀਂ -ਚੀਂ ਦੀ ਅਵਾਜ ਪਈ | ਸੁਰੱਖਿਆ ਪੈਨਲ ਹਟਾ ਕੇ ਅੰਦਰ ਗਿਆ ਤਾਂ ਦੇਖਿਆ ਤਿੰਨ ਬੱਚੇ ਆਲ੍ਹਣੇ ਦੇ ਇੱਕ ਪਾਸੇ ਬੈਠੇ ਹਨ| ਤਿੰਨਾ ਨੂੰ ਚੁੱਕ ਕੇ ਪੱਲੇ 'ਚ ਪਾ ਲਿਆ ਤੇ ਲੱਗਾ ਚੌਥੇ ਨੂੰ ਲੱਭਣ, ਪਰ  ਉਹ ਨਾ  ਮਿਲਿਆ।  ਇੰਨੇ ਨੂੰ ਘਰਵਾਲੀ ਵੀ ਆ ਗਈ | ਤਿੰਨੇ ਬੱਚੇ ਮੈਂ ਉਸਦੀ ਝੋਲੀ 'ਚ ਪਾ ਦਿੱਤੇ  ਤੇ ਆਪ ਫੇਰ ਕੰਡਿਆਂ ਨਾਲ ਭਰੀਆਂ  ਝਾੜੀਆਂ 'ਚ ਚੌਥੇ ਬੱਚੇ ਨੂੰ ਲੱਭਣ ਲੱਗ ਪਿਆ| ਥੋੜੀ ਕੋਸ਼ਿਸ ਮਗਰੋਂ ਓਹ ਵੀ ਮਿਲ  ਗਿਆ| ਚਾਰੇ ਬੱਚਿਆਂ ਨੂੰ ਅੰਦਰ ਲਿਆ ਕੇ ਓਹਨਾ ਲਈ ਬਰੂਡਰ ਤਿਆਰ  ਕੀਤਾ ਤੇ ਉਸ ਵਿਚ ਰੱਖਿਆ , ਜੋ ਹੁਣ ਤੱਕ ਠੀਕ ਠਾਕ  ਹਨ | ਪਰ ਉਹਨਾ ਦੀ ਮਾਂ  ਕਿਤੇ  ਨਾਂ ਮਿਲੀ। ਸੋਚਿਆ ਸ਼ਾਇਦ ਕੋਠੇ  'ਤੇ ਜਾਂ  ਦਰੱਖਤ 'ਤੇ ਜਾ ਬੈਠੀ ਹੋਵੇਗੀ।  
               ਸਵੇਰੇ ਉੱਠ ਕੇ ਦੇਖਿਆ ਕਿ ਭਾਣਾ  ਤਾਂ ਵਰਤ ਗਿਆ...... ਜਦ  ਵਿਹੜੇ ਵਿੱਚ ਇੱਕ ਜਗਾਹ ਉਸ ਦੇ ਖੰਭ ਮਿਲੇ ਤੇ ਪੱਕਾ ਯਕੀਨ ਹੋ ਗਿਆ ਕਿ  ਲੂੰਬੜੀ ਕਾਰਾ  ਕਰ ਗਈ | ਉਦੋਂ ਤੋਂ ਹੀ ਸੋਚ  ਰਿਹਾਂ ਹਾਂ ਕਿ ਇਹ ਕਿਵੇਂ ਤੇ ਕਿਓਂ ਹੋਇਆ ? ਮੋਰਨੀ ਪਿੱਛਲੇ ਚਾਰ ਹਫਤਿਆਂ ਤੋਂ ਉਥੇ ਹੀ ਬੈਠੀ ਸੀ ਤੇ ਲੂੰਬੜੀ ਰੋਜ ਹੀ ਚੱਕਰ ਲਾਉਦੀ ਸੀ।  ਫੇਰ ਇਹ ਭਾਣਾ ਉਸ ਦਿਨ ਕਿਓਂ  ਵਰਤਿਆ| ਹੌਲੀ ਹੌਲੀ ਸਮਝ ਲੱਗੀ ਕਿ  ਉਸੇ ਦਿਨ ਬੱਚੇ ਨਿਕਲੇ ਸਨ ਤੇ ਬੱਚਿਆਂ ਦੀ ਅਵਾਜ ਨੇ ਲੂੰਬੜੀ  ਨੂੰ ਆਲ੍ਹਣੇ ਵੱਲ ਖਿੱਚਿਆ ਹੋਣਾ ਤੇ ਬੱਚਿਆਂ ਨੂੰ  ਬਚਾਉਣ ਲਈ ਮਾਂ ਨੇ ਆਲ੍ਹਣੇ ਚੋਂ  ਉਡਾਰੀ ਮਾਰ ਦਿੱਤੀ ਤੇ ਲੂੰਬੜੀ ਦੇ ਕਾਬੂ ਆ ਗਈ| ਬਸ ਤਦ ਤੋਂ ਹੀ ਇਹ ਖਿਆਲ ਮਨ ਚ ਘੁੰਮ  ਰਿਹਾ ਕਿ ਕਿਸ ਤਰਾਂ ਇੱਕ  ਮਾਂ ਆਪਣੀ ਜਾਨ ਦੀ ਬਾਜੀ ਲਾ ਕੇ ਵੀ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ| 

ਮਾਂ ਬਲੀਦਾਨ -
ਵਿਹੜੇ 'ਚ ਖਿਲਰੇ 
ਖੰਭ ਹੀ ਖੰਭ। 

ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ : ਇਹ ਪੋਸਟ ਹੁਣ ਤੱਕ 17 ਵਾਰ ਪੜ੍ਹੀ ਗਈ। 

11 Apr 2015

ਝੂਲਦੇ ਰੁੱਖ

1.
ਤਪੇ ਸੂਰਜ 
ਗਰਮੀ ਦਾ ਮੌਸਮ 
ਵਰ੍ਹਦੀ ਅੱਗ। 

2.
ਉੱਡਦਾ ਮਿੱਟ 
ਚੱਲਣ ਹਨੇਰੀਆਂ 
ਝੂਲਦੇ ਰੁੱਖ। 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ)

ਨੋਟ : ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ। 

10 Apr 2015

ਖਿੜਿਆ ਫੁੱਲ

1.
ਡੰਗੋਰੀ ਹੱਥ 
ਫੜੀ ਫਿਰੇ ਫ਼ਕੀਰ 
ਮੰਗਦਾ ਭੀਖ । 


2.
ਖਿੜਿਆ ਫੁੱਲ 
ਮੰਡਰਾਉਂਦੇ ਭੌਰੇ 
ਤਿੱਤਲੀਆਂ ਵੀ। ਚੌ. ਅਮੀਂ ਚੰਦ 
(ਮੁਕਤਸਰ)

ਨੋਟ : ਇਹ ਪੋਸਟ ਹੁਣ ਤੱਕ 18 ਵਾਰ ਪੜ੍ਹੀ ਗਈ। 

9 Apr 2015

ਬੱਚੇ ਗਾਉਂਦੇ

1.
ਰਾਤ ਹਨ੍ਹੇਰੀ 
ਲਿਸ਼ਕਦੀ ਬਿਜਲੀ 
ਫੈਲੇ ਸਹਿਮ। 

2.
ਬੱਚੇ ਗਾਉਂਦੇ 
ਮੀਂਹ 'ਚ ਨਹਾਉਂਦੇ 
ਸ਼ੋਰ ਪਾਉਂਦੇ। 

ਪ੍ਰੋ.ਨਿਤਨੇਮ ਸਿੰਘ 
(ਮੁਕਤਸਰ)

ਨੋਟ : ਇਹ ਪੋਸਟ ਹੁਣ ਤੱਕ 18 ਵਾਰ ਪੜ੍ਹੀ ਗਈ। 

8 Apr 2015

ਖੌਫ਼ ਦਾ ਸਾਇਆ

ਪਿਛਲੇ ਕਈ ਸਾਲਾਂ ਤੋਂ ਸੀਰੀਆ 'ਚ ਬੱਚੇ ਖੌਫ਼ ਦੇ ਸਾਏ 'ਚ ਰਹਿ ਰਹੇ ਹਨ। ਉਹਨਾਂ ਦੀਆਂ ਅੱਖਾਂ 'ਚ ਹੱਸਦੇ ਸੁਪਨੇ ਨਹੀਂ ਸਗੋਂ ਡਰ ਤੇ ਉਦਾਸੀ ਹੈ। ਜਰਮਨ ਰੈੱਡ ਕ੍ਰਾਸ ਦੇ ਵਰਕਰ ਨੇ ਰਫਿਊਜ਼ੀ ਕੈਂਪ 'ਚ ਰਹਿ ਰਹੀ ਚਾਰ ਸਾਲਾ ਇੱਕ ਬੱਚੀ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਉਸ ਦੇ ਕੈਮਰੇ ਨੂੰ ਬੰਦੂਕ ਸਮਝ ਕੇ ਡਰ ਦੇ ਮਾਰੇ ਆਪਣੇ ਹੱਥ ਉੱਪਰ ਕਰ ਲਏ। ਠੀਕ ਉਸੇ ਤਰ੍ਹਾਂ ਜਿਵੇਂ ਵੱਡੇ ਸਰੈਂਡਰ ਸਮੇਂ ਕਰਦੇ ਹਨ। ਜ਼ਿਕਰਯੋਗ ਹੈ ਕਿ ਸੀਰੀਆ 'ਚ ਪਿਛਲੇ 4 ਸਾਲਾਂ 'ਚ 11 ਹਜ਼ਾਰ ਬੱਚਿਆਂ ਦੀ ਮੌਤ ਅਤੇ 76 ਲੱਖ ਪ੍ਰਭਾਵਿਤ ਹੋਏ ਹਨ। 26 ਲੱਖ ਬੱਚੇ ਸਕੂਲ ਛੱਡ ਚੁੱਕੇ ਹਨ ਅਤੇ 50 ਹਜ਼ਾਰ ਅਧਿਆਪਕਾਂ ਦੀ ਹੱਤਿਆ ਹੋ ਚੁੱਕੀ ਹੈ। ਉਥੇ ਹੀ 42 ਲੱਖ ਬੇਘਰ, 12 ਲੱਖ ਲੋਕਾਂ ਨੇ ਦੂਜੇ ਦੇਸ਼ਾਂ 'ਚ ਸ਼ਰਣ ਲੈ ਰੱਖੀ ਹੈ। 

ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ। 

7 Apr 2015

ਆੲੀ ਵਿਸਾਖੀ

1.
ਝੂਲੇ
ਝੂੰਮਣ 

ਖੱਟੀ-ਮਿੱਠੀ ਖੁਸ਼ਬੂ
ਆੲੀ ਵਿਸਾਖੀ।2.
ਵੱਢ ਕਣਕ
ਖੁਸ਼ੀ ਮਨਾਵੇ ਜੱਟ
ਚੱਲਿਆ ਮੇਲੇ ।


ਅੰਮ੍ਰਿਤ ਰਾੲੇ 'ਪਾਲੀ'

ਫਾਜ਼ਿਲਕਾ 
ਨੋਟ : ਇਹ ਪੋਸਟ ਹੁਣ ਤੱਕ 08 ਵਾਰ ਪੜ੍ਹੀ ਗਈ। 

6 Apr 2015

ਜੁੱਤ ਪਤਾਣ

1.
ਮੂੰਹ ਮੋਟਾਪਾ -
ਪਿੱਠਾਂ ਜੋੜੀ ਮੰਜੇ 'ਤੇ
ਨਵ ਵਿਆਹੇ ।


2.
ਜੁੱਤ ਪਤਾਣ -
ਫਿਰੇ ਲੋਕਾਂ ਦੱਸਦਾ
ਚੁੰਮਣ ਚਾਟਾ। 

ਹਰਜਿੰਦਰ ਢੀਂਡਸਾ 
(ਕੈਨਬਰਾ)

ਨੋਟ : ਇਹ ਪੋਸਟ ਹੁਣ ਤੱਕ 06 ਵਾਰ ਪੜ੍ਹੀ ਗਈ। 

5 Apr 2015

ਡੱਬੀਦਾਰ ਲੂੰਗੀ (ਹਾਇਬਨ)

 ਅੱਜ ਜਦੋਂ ਮੈਂ ਅਲਮਾਰੀ ਦੇ ਅੰਦਰਲੇ ਖਾਨੇ ਨੂੰ ਖੋਲ੍ਹ ਕੇ, ਬੜੇ ਅਦਬ ਨਾਲ ਲੂੰਗੀ ਨੂੰ ਧੁੱਪ ਲੁਵਾਉਣ ਲਈ ਬਾਹਰ ਕੱਢਿਆ ਤਾਂ ਆਪਣੇ ਹੀ ਖਿਆਲਾਂ 'ਚ ਵਹਿ ਤੁਰਿਆ.......
ਹੱਲਿਆਂ ਵੇਲੇ ਮੇਰੇ ਨਾਨਕੇ ਬਾਰ ’ਚੋਂ ਇੱਧਰਲੇ ਪੰਜਾਬ ’ਚ ਆਏ ਸੀ। ਪਾਕਿਸਤਾਨ ਵਾਲੀ ‘ਗੰਜੀ ਬਾਰ’ ਵਿਚ ਉਹ ਸਰਦਾਰ ਸਨ ਪਰ ਉਜਾੜੇ ਨੇ ਆਰਥਿਕਤਾ ਤਬਾਹ ਕਰ ਦਿੱਤੀ ਸੀ। ਉਹ ਜਿਹੜਾ ਸਾਮਾਨ ਨਾਲ ਲੈ ਕੇ ਆਏ, ਉਸ ਵਿੱਚ ਇਹ ਡੱਬੀਦਾਰ ਲੂੰਗੀ ਵੀ ਸੀ। ਮੇਰੀ ਨਾਨੀ ਨੇ ਆਪਣੇ ਵਿਆਹ ਤੋਂ ਪਹਿਲਾਂ ਇਹ ‘ਲੂੰਗੀ’ ਅੱਕ ਦੀਆਂ ਕੁਕੜੀਆਂ ਨੂੰ ਕੱਤ ਕੇ ਬਣਾਈ ਸੀ। ਕੂਲੀ ਰੇਸ਼ਮ ਵਰਗੀ ਛੋਹ ਹੈ ਇਸ ਦੀ । ਮੇਰਾ ਨਾਨਾ ਇਸ ਲੂੰਗੀ ਨੂੰ ਲੱਕ ਨਾਲ ਬੰਨ੍ਹ ਕੇ ਅਤੇ ਘੋੜੀ ’ਤੇ ਬੈਠ ਕੇ ਮੁਰੱਬਿਆਂ ਉੱਤੋਂ ਦੀ ਸ਼ੌਕ ਦਾ ਗੇੜਾ ਦੇਣ ਜਾਂਦਾ ਹੁੰਦਾ ਸੀ। 
                 
                1947 ਦੀ ਵੱਢ-ਟੁੱਕ ਸਮੇਂ ਜਦੋਂ ਉਹ ਘਰੋਂ ਸਾਰਾ ਸਾਮਾਨ ਛੱਡ ਕੇ ਉਜੜਨ ਲੱਗੇ ਤਾਂ ਸੋਨੇ ਦੇ ਗਹਿਣਿਆਂ ਵਾਲੇ ਟਰੰਕ ਵਿੱਚ ਇਹ ਲੂੰਗੀ ਵੀ ਸੀ। ਮੇਰਾ ਨਾਨਾ ਇਸ ਨੂੰ ਟਰੰਕ ਵਿੱਚੋਂ ਕੱਢ ਕੇ ਕਿਤੇ ਸਾਲ ਛੇ ਮਹੀਨੇ ਪਿੱਛੋਂ ਜ਼ਰੂਰ ਦੇਖਦਾ। ਭਰੇ ਮਨ ਨਾਲ ਫਿਰ ਟਰੰਕ ਵਿਚ ਰੱਖ ਦਿੰਦਾ ਹੈ। ਮੇਰੀ ਨਾਨੀ ਨੂੰ ਧਰਵਾਸਾਂ ਵੀ ਦਿੰਦਾ ਕਿ ਥੋੜ੍ਹੇ ਚਿਰ ਨੂੰ ਘੋੜੀ ਲੈ ਲਵਾਂਗੇ, ਫਿਰ ਉਹ ਇਹ ਲੂੰਗੀ ਬੰਨ੍ਹ ਕੇ ਜ਼ਮੀਨਾਂ ਉੱਤੋਂ ਗੇੜਾ ਦਿਆ ਕਰੂ’’ ਪਰ ਉਹ ਸਮਾਂ ਕਦੇ ਨਾ ਆਇਆ। ਛਾਤੀ ਦੇ ਕੈਂਸਰ ਨਾਲ ਮਰਨ ਤੋਂ ਪਹਿਲਾਂ ਮੇਰੀ ਨਾਨੀ ਨੇ ਇਹ ‘ ਲੂੰਗੀ’ ਮੇਰੀ ਮਾਂ ਨੂੰ ਇਹ ਕਹਿ ਕੇ ਫੜਾ ਦਿੱਤੀ, ‘‘ਲੈ ਧੀਏ ਸਾਂਭ ਕੇ ਰੱਖੀ’, ਇਹ ਬਨਾਉਣ ਲਈ ਮੈਂ ਪੰਜ ਸੌ ਅੱਕ ਦੀ ਕੁਕੜੀ ਚਰਖੇ ਨਾਲ ਕੱਤੀ ਸੀ। ਕੱਤਣ ਵੇਲੇ ਲੂੰਆਂ ਦੀ ਧੂੜ ਨੱਕ ਨੂੰ ਚੜ੍ਹ ਜਾਂਦੀ। ਹਰ ਰੋਜ਼ ਥੋੜ੍ਹਾ ਜਿਹਾ ਹੀ ਕੱਤਣਾ ਪੈਂਦਾ। ਤੇਰਾ ਪਿਓ ਤਾਂ ਇਸ ਨੂੰ ਮੁੜ ਕੇ ਬੰਨ੍ਹ ਨਹੀਂ ਸਕਿਆ, ਹੋ ਸਕਦਾ ਤੇਰੇ ਸਿਰ ਦਾ ਸਾਈਂ ਕਿਤੇ ਘੋੜੀ ਲੈ ਲਵੇ’’। 
                       
                ਮੇਰੀ ਨਾਨੀ ਦੇ ਖਿਆਲਾਂ ਵਾਲੀ ਸਰਦਾਰੀ ਸਾਡੇ ਘਰੇ ਵੀ ਕਦੇ ਨਾ ਆਈ। ਫੇਰ ਮੇਰੀ ਮਾਂ ਨੇ ਇਹ ਲੂੰਗੀ ਮੈਨੂੰ ਫੜਾ ਕੇ ਕਿਹਾ, ‘‘ਮੇਰੀ ਮਰੀ ਤੋਂ ਬਾਅਦ ਮੇਰੀ ਪੇਟੀ ਤਾਂ ਨੂੰਹਾਂ ਵੰਡ ਲੈਣਗੀਆਂ ਪਰ ਤੂੰ ਇਹ ‘ ਲੂੰਗੀ’ ਸਾਂਭ ਕੇ ਰੱਖੀਂ। ਇਹ ਮੇਰੀ ਮਾਂ ਦੀ ਇਕੋ ਬਾਕੀ ਨਿਸ਼ਾਨੀ ਹੈ।’’ ਦੇਖਦਾ ਹਾਂ ਤਾਂ ਮਨ ਰੋਣ ਨੂੰ ਕਰਦਾ ਹੈ। ਘੋੜੀ ਖਰੀਦਣ ਦੀ ਕੋਈ ਉਮੀਦ ਨਹੀਂ। ਨਵਾਬ ਬਣ ਕੇ ਸ਼ੌਂਕ ਦਾ ਗੇੜਾ ਦੇਣ ਦੇ ਜ਼ਮਾਨੇ ਵੀ ਨਹੀਂ ਰਹੇ। ਤਿੰਨ ਪੀੜ੍ਹੀਆਂ ਦੀ ਵਿਰਾਸਤ ‘ਲੂੰਗੀ’ ਮੇਰੇ ਲਈ ਬੇਸ਼ਕੀਮਤੀ ਗਹਿਣੇ ਵਾਂਗੂ ਹੈ ਪਰ ਕਦੇ-ਕਦੇ ਇਹ ਮੈਨੂੰ ‘ਕੈਂਸਰ ਦੀ ਵਿਰਾਸਤ’ ਵੀ ਪ੍ਰਤੀਤ ਹੁੰਦੀ ਹੈ। ਇਸ ‘ਲੂੰਗੀ’ ਦੀਆਂ ਵਾਰਸ ਮੇਰੀ ਨਾਨੀ ਅਤੇ ਮਾਂ ਨੂੰ ਮੈਂ ਕੈਂਸਰ ਨਾਲ ਮਰਦੇ ਦੇਖਿਆ ਹੈ। ਹੁਣ ਸਾਡੇ ਮਾਲਵੇ ਵਿਚ ਵੀ ਕੈਂਸਰ ਨਾਲ ਹਰ ਰੋਜ਼ ਮੌਤਾਂ ਹੋ ਰਹੀਆਂ ਹਨ। ਇਹ ‘ਲੂੰਗੀ’ ਤਾਂ ਮੇਰੇ ਕੋਲ ਹੀ ਰਹੇਗੀ ਪਰ ਜੇ ਮੇਰੀ ਮੌਤ ਵੀ ‘ਕੈਂਸਰ’ ਨਾਲ ਹੋਣ ਲੱਗੀ ਤਾਂ ਮਰਨ ਤੋਂ ਪਹਿਲਾਂ ਇਹ ਮੈਂ ਆਪਣੀ ਧੀ ਨੂੰ ਨਹੀਂ ਦਿਆਂਗਾ।

ਨਾਨੀ ਨਿਸ਼ਾਨੀ 
ਕੂਲੀ ਰੇਸ਼ਮੀ ਲੂੰਗੀ 
ਵੇਖਾਂ ਤੇ ਰੋਵਾਂ। 

ਗੁਰਸੇਵਕ ਸਿੰਘ ਧੌਲਾ

ਨੋਟ : ਇਹ ਪੋਸਟ ਹੁਣ ਤੱਕ 104 ਵਾਰ ਪੜ੍ਹੀ ਗਈ। 

4 Apr 2015

ਕੁਦਰਤ ਦੇ ਰੰਗ

   
                  ਹਾਇਕੁ: ਡਾ. ਹਰਦੀਪ ਕੌਰ ਸੰਧੂ                              ਫੋਟੋ: ਗੁਰਸੇਵਕ ਸਿੰਘ ਧੌਲਾ 
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ। 

2 Apr 2015

ਪਲਕ ਝਲਕ ਦਾ ਮੇਲਾ

ਅੱਜ ਤਾਂ ਨਿੱਕੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਜਾਗ ਗਈ ਸੀ।  ਅੱਖਾਂ ਮਲਦੀ ਮੇਰੇ ਕੋਲ ਆ ਕੇ ਕਹਿਣ ਲੱਗੀ, " ਛੇਤੀ ਬਾਹਰ ਚੱਲੋ ........ਮੈਂ ਸ਼ਬਨਮ ਦੇਖਣੀ ਏ ........ਫੇਰ ਧੁੱਪ 'ਚ ਆਪਾਂ ਨੂੰ ਲੱਭਣੀ ਨੀ। "
           ਦੂਜੇ ਹੀ ਪਲ ਅਸੀਂ ਘਰ ਦੀ ਬਗੀਚੀ ਵਿੱਚ ਸਾਂ। ਘਾਹ 'ਤੇ ਪਈ ਸ਼ਬਨਮ ਦੀ ਕੂਲੀ -ਕੂਲੀ ਚਾਦਰ 'ਤੇ ਨੰਗੇ ਪੈਰੀਂ ਚਹਿਲ ਕਦਮੀ ਕਰਨਾ ਆਪਣੇ ਆਪ ਵਿੱਚ ਇੱਕ ਸੁਖਦ ਅਨੁਭਵ ਸੀ। ਮੇਰੀ ਉਂਗਲ ਫੜੀ ਉਹ ਨਿੱਕੇ -ਨਿੱਕੇ ਸੁਆਲ ਕਰਦੀ ਗਈ ਤੇ ਮੈਂ ਹੁੰਗਾਰਾ ਭਰਦੀ ਜਾਵਾਂ ......." ਕਿੰਨੀ ਸੋਹਣੀ ਲੱਗ ਰਹੀ ਹੈ ਸ਼ਬਨਮ ਘਾਹ 'ਤੇ ਬਿਖਰੀ .......ਇਸ ਦੀ ਹੋਂਦ ਬੱਸ ਕੁਝ ਪਲਾਂ ਦੀ ਪ੍ਰਾਹੁਣੀ ਹੈ। ਇਹੀ ਛਿਣ ਇਸ ਨੂੰ ਜੀਣ ਜੋਗਾ ਬਣਾ ਦਿੰਦੇ ਨੇ। ਇਸ ਦੇ ਇਹ ਪਲ ਕਿਸੇ ਦੇ ਲੇਖੇ ਲੱਗ ਗਏ ਨੇ। " 
          ਸੁਖਦ -ਸੁਖਦ ਸਵੇਰ 'ਚ ਤ੍ਰੇਲ ਸੰਗ ਵਿਚਰਦਿਆਂ ਮੈਂ ਸੋਚਾਂ ਦੇ ਵਹਿਣ 'ਚ ਵਹਿ ਗਈ........" ਹੋਂਦ ਮੇਰੀ ਵੀ ਜੀਣ ਜੋਗੀ ਬਣ ਜਾਵੇ ਜੇ ਇੱਕ ਪਲ ਵੀ ਲੇਖੇ ਲੱਗ ਜਾਵੇ। ਕਾਸ਼ ਮੇਰਾ ਇੱਕ ਪਲ ਇੱਕ ਛਿਣ ਮਨੁੱਖਤਾ ਦੇ ਨਾਂ ਲੱਗ ਜਾਵੇ। ਕਾਸ਼ ਮੈਂ ਸ਼ਬਨਮ ਬਣ ਮਨੁੱਖਤਾ ਦੇ ਪੈਰੀਂ ਵਿਛ ਜਾਵਾਂ, ਐ ਕੁਦਰਤ, ਐ ਕਾਦਰ ਮੈਨੂੰ ਇੱਕ ਪਲ ਹੀ ਐਸਾ ਦੇ ਦੇ। "
          ਮੈਨੂੰ ਪਤਾ ਹੀ ਨਾ ਲੱਗਾ ਨਿੱਕੀ ਕਦੋਂ ਮੇਰੀ ਉਂਗਲ ਛੁੱਡਾ ਕੇ ਪੱਤਿਆਂ 'ਤੇ ਪਈ ਤ੍ਰੇਲ ਨੂੰ ਜਾ ਫੜ੍ਹਨ ਲੱਗੀ।  ਮੇਰੀ ਬਿਰਤੀ ਓਦੋਂ ਟੁੱਟੀ ਜਦੋਂ ਰੋਣਹਾਕੀ ਜਿਹੀ ਹੋਈ ਮੇਰੀ ਚੁੰਨੀ ਖਿੱਚਦਿਆਂ ਉਹ ਬੋਲੀ, "..........ਵੇਖੋ ਮਸਾਂ ਮੈਂ ਮੋਤੀ ਲੱਭੇ ਸਨ  ਪਤਾ ਨਹੀਂ ਕਿੱਥੇ ਚਲੇ ਗਏ?" ਗੋਦੀ ਚੁੱਕ ਮੈਂ ਉਸ ਨੂੰ ਵਰਾਉਂਦਿਆਂ ਸਮਝਾਇਆ , " ਘਾਹ ਦੀਆਂ ਸੋਹਲ ਪੱਤੀਆਂ ਨੂੰ ਨੁਹਾ ਕੇ , ਨੈਣਾਂ ਨੂੰ ਠੰਡਕ ਦੇ ਕੇ , ਮਹੌਲ ਨੂੰ ਖੁਸ਼ਗਵਾਰ ਕਰਕੇ ਇਹ ਮੋਤੀ ਕਿਤੇ ਗਵਾਚੇ ਨਹੀਂ ..... ਸਗੋਂ ਕੁਦਰਤ ਰਾਣੀ ਦੀ ਮਾਣਮੱਤੀ ਗੋਦ 'ਚ ਸੌਣ ਲਈ ਚਲੇ ਗਏ ਨੇ .....ਜਿਵੇਂ ਤੂੰ ਮੇਰੀ ਗੋਦੀ 'ਚ ਸੌਂ ਜਾਂਦੀ ਏਂ। ਕੱਲ ਫਿਰ ਜਾਗਣਗੇ , ਜਿੰਦ ਵਿੱਚ ਜਾਨ ਪਾਉਣਗੇ, ਜੀਣ ਜੋਗਾ ਬਨਾਉਣਗੇ , ਕੁਦਰਤ ਸੰਗ ਮੇਲ ਕਰਾਉਣਗੇ। " " ਸੱਚੀ ......ਹਾਂ ......ਮੁੱਚੀ ......। "ਨਿੱਕੀ ਦੀਆਂ ਅੱਖਾਂ ਦੇ ਤਰਲ ਮੋਤੀ ਮੈਂ ਬੋਚ ਲਏ ਸਨ। 

ਰੁਮਕਦੀ 'ਵਾ 
ਕਤਰਾ ਸ਼ਬਨਮ 
ਚੁੱਗਦੀ ਮੋਤੀ। 

ਪ੍ਰੋ. ਦਵਿੰਦਰ ਕੌਰ ਸਿੱਧੂ 
ਦੌਧਰ -ਮੋਗਾ 
ਨੋਟ: ਇਹ ਪੋਸਟ ਹੁਣ ਤੱਕ 23 ਵਾਰ ਪੜ੍ਹੀ ਗਈ ਹੈ । 

1 Apr 2015

ਖਿੜੀ ਸ਼੍ਰਿਸ਼ਟੀ (ਹਾਇਬਨ)

ਧੁੰਦ ਦੀ ਗਹਿਰ.........ਅਣਸੁਖਾਵਾਂ ਜਿਹਾ ਮੌਸਮ........ਉਸ ਦੇ ਮਨ ਦੀ ਇਹੋ ਹਾਲਤ ਸੀ ਉਸ ਦਿਨ । ਉਹ ਕਾਫ਼ੀ ਕਮਜ਼ੋਰ ਦਿਖਾਈ ਦੇ ਰਿਹਾ ਸੀ। ਕਿਸੇ ਸਰੀਰਕ ਪੀੜਾ ਨੇ ਉਸ ਦਾ ਆਪਾ ਨਿਚੋੜ ਸੁੱਟਿਆ ਸੀ। ਹਰ ਪਾਸਿਓਂ ਨਾਤਾ ਤੋੜ ਉਸ ਨੇ ਜੀਵਨ ਨੂੰ ਇੱਕ ਹਨ੍ਹੇਰੀ ਗੁਫ਼ਾ ਵਾਂਗ ਬਣਾ ਲਿਆ ਸੀ। ਕਿਧਰੋਂ ਵੀ ਚਾਨਣ ਦੀ ਛਿੱਟ ਨਜ਼ਰ ਨਹੀਂ ਆਉਂਦੀ ਸੀ। 
           .....ਤੇ ਅੱਜ ਉਸ ਕੋਲ ਬੈਠਦਿਆਂ ਹੀ ਮੇਰੇ ਚੇਤਿਆਂ ਦਾ ਵੇਗ ਅਚਨਚੇਤ ਵਹਿ ਤੁਰਿਆ .......ਨਿੱਕੇ ਹੁੰਦਿਆਂ ਕਿਸੇ ਸੱਟ -ਫੇਟ ਨੂੰ ਉਹ ਗੌਲਦਾ ਹੀ ਨਹੀਂ ਸੀ........ਕਦੇ ਬਹੁਤੀ ਹੀ ਲੱਗ ਜਾਂਦੀ ਤਾਂ ਮਿੱਟੀ ਲਾ ਕੇ ਠੀਕ ਕਰ ਲੈਂਦਾ ਸੀ। ਬੜਾ ਹੀ ਸ਼ਰਾਰਤੀ ਸੀ ਉਹ ਕੱਦੂ ਜਿਹਾ।  ਕੱਦੂਆ ਓਏ ਜਾਂ ਟੋਐਂ ਟੋਐਂ .....ਟੋਐਂ ਟੋਐਂ ਟੋਐਂ ਦੀ ਆਵਾਜ਼ 'ਤੇ ਭੱਜੇ ਆਉਂਦੇ ਦੀ ਅੱਡੀ ਦੀ ਧਮਕ ਅੱਜ ਵੀ ਸੁਣਾਈ ਦੇ ਰਹੀ ਸੀ ਕਿਤੇ ਵਿਹੜੇ 'ਚੋਂ। ਕਿਤੇ ਆਪੂੰ ਫੋਟੋ ਖਿੱਚਣ ਦੀ ਮਨਾਹੀ ਤੋਂ ਰੁੱਸਿਆ ਓਟੇ ਨਾਲ ਲੱਗਿਆ ਖੜ੍ਹਾ ਦਿਖਾਈ ਦਿੱਤਾ .......ਤੇ ਅੰਬਾਂ ਨੂੰ ਚੂਪ ਕੇ ਤੇ ਫਿਰ ਹਵਾ ਭਰ ਫੁਲਾ ਕੇ ਮੁੜ ਧਰ ਦੇਣ ਵਰਗੀਆਂ ਉਸਦੀਆਂ ਮਿੱਠੀਆਂ ਜਿਹੀਆਂ ਸ਼ਰਾਰਤਾਂ ਹੁਣ ਵੀ ਰੂਹ ਨੂੰ ਸੁਆਦ -ਸੁਆਦ ਕਰ ਗਈਆਂ । 
         ਕਿਸੇ ਦਾ ਦੁੱਖ ਤਾਂ ਅੱਜ ਵੀ ਉਸ ਤੋਂ ਝੱਲਿਆ ਨਹੀਂ ਜਾਂਦਾ...........ਮੋਹ ਭਰੇ ਰਿਸ਼ਤਿਆਂ ਦੀ ਵਫ਼ਾ ਪਾਲਦਾ ਪੱਲਿਓਂ ਲਾ ਆਉਂਦਾ ਹੈ ਅਣਜਾਣ ਰਾਹੀਆਂ 'ਤੇ। ਅਨੋਖੀ ਜਾਣਕਾਰੀ ਇੱਕਤਰ ਕਰਨ ਦੇ ਪੈਂਡੇ 'ਤੇ ਤੁਰਨ ਦੀ ਉਸਦੀ ਆਦਤ ਲਾਜਵਾਬ ਬਣਾ ਗਈ ਹੈ ਉਸ ਨੂੰ .........ਅਖੇ ਦੁਨੀਆਂ ਦੇ ਸੂਝਵਾਨ ਵਿਅਕਤੀਆਂ ਦੀ ਬਾਹਵਾਂ ਦੀ ਲੰਬਾਈ ਉਹਨਾਂ ਦੇ ਗੋਡਿਆਂ ਤੱਕ ਹੁੰਦੀ ਹੈ ......ਤੇ ਫੇਰ ਦੁਨੀਆਂ ਦੇ ਭੂਗੋਲ, ਕਿਰਸਾਨੀ, ਸਿਆਸਤ ਤੇ ਰਾਜਨੀਤੀ ਬਾਰੇ ਉਸ ਦੀਆਂ ਨਾ ਮੁੱਕਣ ਵਾਲੀਆਂ ਗੱਲਾਂ ਸੁਣਦਿਆਂ ਇੰਝ ਲੱਗਦਾ ਜਿਵੇਂ ਨਿੱਤਰਿਆ ਪਾਣੀ ਤ੍ਰਿਹਾਈਆਂ ਫਸਲਾਂ ਨੂੰ ਸਿੰਜ ਰਿਹਾ ਹੋਵੇ। 
         ਮੌਤ ਵਰਗੇ ਕਰੂਰ  ਹਾਦਸਿਆਂ ਨੂੰ ਐਨ ਨੇੜੇਓਂ ਤੱਕਦਿਆਂ ......ਕਦੇ -ਕਦੇ ਉਸ 'ਤੇ ਨਿਰਾਸ਼ਤਾ ਦਾ ਪੱਲਾ ਭਾਰੂ ਹੋ ਜਾਂਦਾ , "..........ਓਹ ਤਾਂ ਐਵੇਂ ਹੀ ਤੁਰ ਗਿਆ ਇਸ ਜਹਾਨ ਤੋਂ ..........ਤੇ ਮੈਂ ਬਚ ਗਿਆ ?" 
           ਓ ਝੱਲਿਆ ਤੈਨੂੰ ਕਿਵੇਂ ਸਮਝਾਵਾਂ ਕਿ ਤੈਨੂੰ ਦਿਲ ਦਰਿਆ ਤੇ ਗੈਰਤਮੰਦ ਫਿਜ਼ਾ ਨੇ ਪਾਲਿਆ ਹੈ.........ਤੈਨੂੰ ਚਾਹੁਣ ਵਾਲਿਆਂ ਦੀਆਂ ਦੁਆਵਾਂ 'ਚ ਤੇਰਾ ਨਾਂ ਸਭ ਤੋਂ ਉੱਪਰ ਆਉਂਦਾ ਹੈ ........ਦਵਾ ਨਾਲੋਂ ਦੁਆਵਾਂ ਵੱਧ ਅਸਰਦਾਰ ਹੁੰਦੀਆਂ ਨੇ .........ਤੇਰੀ ਅਗੰਮੀ ਖੁਸ਼ੀ ਲਈ ਕੀਤੇ ਸਜਦੇ ਅਜਾਈਂ ਕਿਵੇਂ ਜਾ ਸਕਦੇ ਸੀ.........ਰੱਬ ਕੋਲ ਕੀਤੀਆਂ ਦੁਆਵਾਂ ਜਦ ਜਰਬਾਂ ਹੋ ਹੋ ਤੈਨੂੰ ਲੱਗੀਆਂ ਹੋਣਗੀਆਂ .........ਤੂੰ ਰਾਜੀ ਕਿਵੇਂ ਨਾ ਹੁੰਦਾ, ਤੂੰ ਤਾਂ ਸਿਹਤਯਾਬ ਹੋਣਾ ਹੀ ਸੀ।  
        ਉਸ ਦੀਆਂ ਅੱਖਾਂ 'ਚ ਹੁਣ ਨਮੀ ਵੀ ਸੀ ਤੇ ਚਮਕ ਵੀ ਜਿਵੇਂ ਤ੍ਰੇਲ 'ਤੇ ਸੂਰਜ ਚਮਕ ਰਿਹਾ ਹੋਵੇ। ਉਦਾਸੀ ਦੀ ਧੁੰਦ ਛਟ ਗਈ ਸੀ। ਮਨ ਦੇ ਮੌਸਮ ਦਾ ਖਿੜਨਾ ਹੁਣ ਸੁਭਾਵਿਕ ਸੀ ਤੇ ਲਾਜਮੀ ਵੀ। ਮਾਂ ਨੇ ਮੋਹ ਦਾ ਮਿੱਠਾ ਪਾ ਕੇ ਬਣਾਇਆ ਕੇਕ ਮੂਹਰੇ ਜੋ ਲਿਆ ਧਰਿਆ ਸੀ। 
ਰੁੱਤ ਬਦਲੀ 
ਫੁੱਟੀਆਂ ਕਰੂੰਬਲਾਂ 
ਖਿੜੀ ਸ਼੍ਰਿਸ਼ਟੀ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ ਹੈ ।