ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਸੇਦੋਕਾ. Show all posts
Showing posts with label ਸੇਦੋਕਾ. Show all posts

29 Mar 2017

ਰੁੱਤ ਬਦਲੀ

Displaying rose.png
ਫੁੱਲਾਂ ਦਾ ਬੂਟਾ 
ਕੌਣ ਇੱਥੇ ਲਾ ਗਿਆ 
ਖਿੜੇ ਫੁੱਲੀਂ ਲੱਦਿਆ ।
ਰੁੱਤ ਬਦਲੀ 
ਕੀ ਕੁਝ ਪੁੰਗਰਿਆ 
ਹਰੀ ਭਰੀ ਏ ਗੋਦ ।

ਦਿਲਜੋਧ ਸਿੰਘ 
ਨੋਟ : ਇਹ ਪੋਸਟ ਹੁਣ ਤੱਕ 48 ਵਾਰ ਪੜ੍ਹੀ ਗਈ ਹੈ।

29 Nov 2016

ਤਪੱਸਿਆ (ਸੇਦੋਕਾ)

1.
ਬਿਰਧ ਮਾਂ ਨੇ 
ਆਟੇ ਵਿੱਚ ਗੁੰਨਿਆ 
ਵੇਖੋ ਪੁੱਤ ਪਿਆਰ 
ਵਿਛੜੇ ਮਾਪੇ 
ਤਾਰਿਆਂ ਦੀ ਛਾਂ ਹੇਠ 
ਹੁਣ ਤੁਰਦੇ ਜਾਪੇ। 
2.
ਬਾਲ ਹੱਸਿਆ 
ਮਾਂ ਦੀ ਤਪੱਸਿਆ 
ਪੂਰੀ ਹੋ ਗਈ 
ਮਾਂ ਦਾ ਪਿਆਰ 
ਪੁੱਤ ਦੀਆਂ ਅੱਖਾਂ ਥੀਂ 
ਦੇਖੇ ਸੰਸਾਰ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ : ਇਹ ਪੋਸਟ ਹੁਣ ਤੱਕ 16 ਵਾਰ ਪੜ੍ਹੀ ਗਈ ਹੈ।

8 Nov 2016

ਧੰਨ ਨੇ ਮਾਂਵਾਂ (ਸੇਦੋਕਾ)

1.
ਚੱਕੀ ਫੇਰਦੀ 
ਮਾਂ ਗਾਉਂਦੀ ਰਹਿੰਦੀ 
ਨਿੱਤ  ਰੂਹ ਦੇ ਗੀਤ 
ਜਿਸ ਘਰ ਮਾਂ 
ਨੂੰਹ ਜਵਾਈ ਧੀਆਂ 
ਨਿੱਤ ਤੀਆਂ ਹੀ ਤੀਆਂ। 

2.
ਗੂੰਗੇ ਦੀ ਭਾਸ਼ਾ 
ਜੀਵਨ ਪਰਿਭਾਸ਼ਾ 
ਇੱਕ ਮਾਂ ਹੀ ਜਾਣਦੀ 
ਧੁੱਪਾਂ ਅੰਦਰ 
ਸਿਰ  ਠੰਢੀਆਂ ਛਾਵਾਂ 
ਧੰਨ ਧੰਨ ਨੇ ਮਾਂਵਾਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 


ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ ਹੈ। 

8 Oct 2016

ਦਿਲ ਦੀ ਹੂਕ

1.
ਸੁੰਨ੍ਹੇ ਰਾਹ ਨੇ
ਨਾ ਮੰਜ਼ਿਲ ਦਾ ਪਤਾ
ਵੇਖੋ ਰੁਲੇ ਜ਼ਿੰਦਗੀ
ਬਿਖੜੇ ਪੈਂਡੇ
ਰਹਿਬਰ ਨਾ ਕੋਈ
ਮੰਜ਼ਿਲ ਜੋ ਲਭਾਏ। 

2.
ਦਿਲ ਦੀ ਗੱਲ
ਰੱਹਸ ਬਣ ਜਾਵੇ
ਓਦੋਂ ਪੈ ਜਾਵੇ ਦੂਰੀ
ਦਿਲ ਦੀ ਹੂਕ
ਸੁਣਦੇ ਨਾ ਪੱਥਰ
ਤਦ ਅੱਖੀਆਂ ਰੋਣ। 


ਮਨਦੀਪ ਗਿੱਲ ਧੜਾਕ

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ।

4 Oct 2016

ਇਹ ਜੀਵਨ (ਸੇਦੋਕਾ )

  1.
ਮੱਥੇ ਲਿਖੀਆਂ 
ਉੱਘੜ ਆਉਂਦੀਆਂ 
ਬਣਕੇ ਤਕਦੀਰਾਂ 
ਨਾਲ ਸਰੀਰਾਂ 
ਕਿਤੇ ਫੁੱਲਾਂ ਦੀ ਸੇਜ਼ 
ਕਿਤੇ ਪੈਰ ਜ਼ੰਜੀਰਾਂ। 
2.
ਕੌਰਵ ਸਭਾ 
ਪੰਚਾਲੀ ਕੁਰਲਾਈ 
ਮਹਾਂਬਲੀ ਸੂਰਮੇ 
ਪੰਜੇ ਪਾਂਡਵ 
ਬੈਠੇ ਸਿਰ ਝੁਕਾਈ 
ਕਿਸੇ ਲਾਜ ਨਾ ਆਈ। 
3.
ਮਨ ਧੁੱਖਦਾ 
ਅੰਗ ਅੰਗ ਦੁੱਖਦਾ 
ਭਲਾ ਕੌਣ ਜਾਣਦਾ 
ਇਹ ਜੀਵਨ 
ਕਿਥੋਂ ਕੁ ਸ਼ੁਰੂ ਹੁੰਦਾ 
ਕਿੱਥੇ ਜਾ ਕੇ ਰੁਕਦਾ। 

ਬੁੱਧ ਸਿੰਘ ਚਿੱਤਰਕਾਰ 
ਪਿੰਡ : ਨਡਾਲੋਂ 
ਜ਼ਿਲ੍ਹਾ :ਹੁਸ਼ਿਆਰਪੁਰ      
   ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ।                                                                                                                           

30 Sept 2016

ਕਾਗਜ਼ ਦੀ ਹਿੱਕ (ਸੇਦੋਕਾ )


ਅੱਜ ਸਾਡੇ ਨਾਲ ਮਨਦੀਪ ਗਿੱਲ ਧੜਾਕ ਨੇ ਸਾਂਝ ਪਾਈ ਹੈ। ਆਪ ਪਿੰਡ ਧੜਾਕ ਕਲਾਂ ਜ਼ਿਲ੍ਹਾ ਐਸ. ਏ. ਐਸ. ਨਗਰ ਮੋਹਾਲੀ ਤੋਂ ਹਨ। ਆਪ ਨੂੰ ਪੰਜਾਬੀ ਸਾਹਿਤ ਪੜ੍ਹਨ, ਕਵਿਤਾਵਾਂ ਤੇ ਗੀਤ ਲਿਖਣ ਦਾ  ਸ਼ੌਕ ਹੈ ਜੋ ਕਿ ਪੰਜਾਬੀ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਛਪਦੀਆ ਰਹਿੰਦੀਆਂ ਹਨ। ਦਿੱਤੇ ਸੁਝਾ 'ਤੇ ਗੌਰ ਕਰਦਿਆਂ ਆਪ ਨੇ ਸੇਦੋਕਾ ਸ਼ੈਲੀ (5-7-7-5-7-7) 'ਚ ਲਿਖ ਕੇ ਸਾਡੇ ਨਾਲ ਸਾਂਝ ਪਾਈ ਹੈ। ਆਪ ਜੀ ਦਾ ਨਿੱਘਾ ਸੁਆਗਤ ਹੈ। 


1.
ਹੱਸੇ ਚਿਹਰਾ 
ਦਿਲ ਅੰਦਰੋਂ ਰੋਵੇ 
ਪਰ ਕੋਈ ਨਾ ਬੁੱਝੇ 
ਕਦੇ ਨਾ ਦਿਸੇ 
ਦਿਲ ਜਦ ਵੀ ਟੁੱਟੇ 
ਝੱਟ ਅੱਖਾਂ ਦੱਸਣ। 
2.
ਲਾਹਵਾਂ ਭਾਰ 
ਕਾਗਜ਼ ਦੀ ਹਿੱਕ 'ਤੇ 
ਮੇਰੀ ਕਲਮ ਰੋਵੇ 
ਭੇਤ ਦਿਲਾਂ ਦੇ 
ਦਰਿਆਵਾਂ ਤੋਂ ਡੂੰਘੇ 
ਪਰ ਕੋਈ ਨਾ ਬੁੱਝੇ। 
3.
ਪਾਗਲ ਦਿਲ  
ਵੇਖ ਖਿੜੇ ਚੰਨ ਨੂੰ 
ਖਾਵੇ ਜਦ ਭੁਲੇਖਾ     
ਦਰਦੇ ਦਿਲ 
ਸੁਨਾਉਣ ਅੱਖੀਆਂ 
ਕੋਈ ਭੇਤੀ ਸਮਝੇ। 

ਮਨਦੀਪ ਗਿੱਲ ਧੜਾਕ 
ਪਿੰਡ :ਧੜਾਕ ਕਲਾਂ 
ਜ਼ਿਲ੍ਹਾ : ਐਸ. ਏ. ਐਸ. ਨਗਰ ਮੋਹਾਲੀ

ਨੋਟ : ਇਹ ਪੋਸਟ ਹੁਣ ਤੱਕ 210 ਵਾਰ ਪੜ੍ਹੀ ਗਈ
 
                   
  

9 Jul 2016

ਪੁੱਤਾ ਵੇ ਤੈਨੂੰ (ਸੇਦੋਕਾ)

1.
ਰੁੱਖ ਵਿਚਾਰੇ 
ਪੱਤਝੜਾਂ ਦੇ ਮਾਰੇ 
ਕੋਰਾ  ਕੰਕਰ ਠਾਰੇ 
ਚੁੱਪ ਚੁਪੀਤੇ 
ਜ਼ਹਿਰ ਘੁੱਟ ਪੀਤੇ 
ਫਿਰ ਵੀ ਬੁੱਲ੍ਹ ਸੀਤੇ। 

2.
ਪੁੱਤਾ ਵੇ ਤੈਨੂੰ 
ਨਾ ਲਾਜ ਨਾ ਸ਼ਰਮ 
ਨਾ ਵਿਛੋੜੇ ਦਾ ਗਮ 
ਬੁੱਢੇ ਬਾਪ ਨੇ 
ਛੱਡੇ ਆਖ਼ਿਰੀ ਦਮ 
ਬਿਰਧ ਆਸ਼ਰਮ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ

9 Jun 2016

ਇੱਕ ਮੇਰੀ ਮਾਂ (ਸੇਦੋਕਾ )

1.
ਅੰਤਿਮ ਵੇਲੇ 
ਮੌਤ ਦੇ ਬਿਸਤਰ 
ਆਖਿਰੀ ਪੜ੍ਹਾਅ 'ਤੇ 
ਹਰ ਸਾਹ 'ਚੋਂ 
ਨਿਕਲੇ ਇੱਕ ਹੀ ਨਾਂ 
ਓ ਮਾਂ ,ਹਾਏ ਮੇਰੀ ਮਾਂ। 
2.
ਇੱਕ ਮੇਰੀ ਮਾਂ 
ਦੁਨੀਆਂ ਤੋਂ ਨਿਆਰੀ 
ਮਹਿਕਦੀ ਕਿਆਰੀ 
ਸਿਰ ਠੰਢੀ ਛਾਂ 
ਮੇਰੇ ਸਾਹਾਂ 'ਚ ਵਸੇ 
ਅੰਮ੍ਰਿਤ ਵਰਗਾ ਨਾਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ : ਨਡਾਲੋਂ 
ਹੁਸ਼ਿਆਰਪੁਰ 

ਨੋਟ : ਇਹ ਪੋਸਟ ਹੁਣ ਤੱਕ 14 ਵਾਰ ਪੜ੍ਹੀ ਗਈ

23 May 2016

ਕੰਤ ਵਿਛੋੜਾ(ਸੇਦੋਕਾ )

1.
ਉਦਾਸ ਸ਼ਾਮ 
ਅੱਜ ਆਥਣ ਵੇਲੇ 
ਸੱਜਣ ਛੱਡ ਗਏ 
ਬੜੇ ਕੁਵੇਲੇ 
ਮੁੜ ਯਾਦ ਸਤਾਵੇ 
ਇੱਕ ਇੱਕ ਪਲ ਦੀ। 

2.
ਦੇਹਰੀ ਬੈਠੀ 
ਜ਼ਿੰਦ ਹੌਕੇ ਭਰਦੀ 
ਪਲ -ਪਲ ਮਰਦੀ 
ਕੰਤ ਵਿਛੋੜਾ 
ਕਦੇ ਸਾਰ ਤਾਂ ਲੈ ਜਾ 
ਦੁਖਿਆਰੇ ਘਰ ਦੀ। 

3.
ਦੁੱਖਾਂ ਭਰਿਆ 
ਜਿੱਤ -ਜਿੱਤ ਹਰਿਆ 
ਏ ਜੀਵਨ ਤੱਕਿਆ 
ਦਿਲ ਰੋਇਆ 
ਹੰਝੂਆਂ 'ਚ ਧੋਇਆ 
ਸਾਰਾ ਜੱਗ ਹੱਸਿਆ। 

ਬੁੱਧ ਸਿੰਘ ਚਿੱਤਰਕਾਰ 

ਪਿੰਡ :ਨਡਾਲੋਂ
ਹੁਸ਼ਿਆਰਪੁਰ 

ਨੋਟ : ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ। 

18 Apr 2016

ਦੂਰ ਸਾਗਰ ( ਸੇਦੋਕਾ )

1.
ਕੋਲ ਆ ਬੈਠੇ 
ਕੁਝ ਦੇਰ ਠਹਿਰੇ 
ਧੋਖਾ ਕਰ ਗਏ ਸੀ 
ਰਾਹ 'ਚ ਮਿਲੇ 
ਚੁਰਾਉਣ ਨਜ਼ਰਾਂ
ਚੁਪਚਾਪ ਨਿਕਲੇ। 

2.
ਦੂਰ ਸਾਗਰ 
ਲੈ ਕੇ ਖ਼ਾਲੀ ਗਾਗਰ 
ਭਰਨ ਚੱਲੇ ਅਸੀਂ 
ਵੰਡੀ ਅਸਾਂ ਨੇ 
ਹਰ ਬੂੰਦ ਰਾਹ 'ਚ 
ਜੋ ਸਾਗਰ ਤੋਂ ਪਾਈ। 

ਰਾਮੇਸ਼ਵਰ ਕੰਬੋਜ ਹਿੰਮਾਂਸ਼ੂ 
(ਨਵੀਂ ਦਿੱਲੀ) 

ਨੋਟ: ਇਹ ਪੋਸਟ ਹੁਣ ਤੱਕ 10 ਵਾਰ ਖੋਲ੍ਹੀ ਗਈ 

22 Mar 2016

ਯਾਦ ਸਤਾਵੇ (ਸੇਦੋਕਾ)

1.
ਚੱਲ ਮਨਾ ਵੇ
ਫਰੋਲੀਏ ਵਕਤ
ਲੱਭੀਏ  ਬਚਪਨ
ਖੇਡ- ਖਿਡੌਣੇ 
ਫੱਟੀ ਬਸਤਾ ਕੈਦੇ
ਦਿਨ ਗੀਤ ਗਾਉਂਦੇ।

2.
ਯਾਦ ਸਤਾਵੇ
ਦੇਸ਼ ਪਿਆਰੇ ਤੇਰੀ
ਕਾਹਨੂੰ ਹੋਏ ਵੱਡੇ 
ਰਿਜਕ ਮਾਰੇ
ਆ ਬੈਠੇ ਪਰਦੇਸ
ਬਣ ਕੇ ਬਣਜਾਰੇ ।

ਕਮਲਾ ਘਟਾਔਰਾ 
ਯੂ ਕੇ 

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ 

2 Mar 2016

ਚੰਨ ਮਾਹੀਆ (ਸੇਦੋਕਾ)

1.
ਯਾਦਾਂ ਦੀ ਗੰਢ 
ਸੀਨੇ ਛੁਪਾਈ ਸਾਂਭੀ
ਨਿੱਤ ਰਾਤਾਂ ਨੂੰ ਖੋਲ੍ਹੀ । 
ਛੁਪ ਛੁਪ ਕੇ 
ਤਾਰਿਆਂ ਆ ਆ ਦੇਖੀ
ਹਾਸੀ ਬੜੀ ਉੜਾਈ। 

2
ਸੁੱਕੇ ਅੱਥਰੂ 
ਦਿਲ ਕਿਵੇਂ ਵਰਾਵਾਂ 
'ਕੱਲਾ ਠਾਠਾਂ ਮਾਰਦਾ
ਲਾਵੀਂ ਨਾ ਦੇਰ
ਚੰਨ ਮਾਹੀਆ ਵੇਖ
ਚਾਂਦਨੀ ਫਿੱਕੀ -ਫਿੱਕੀ। 

ਕਮਲਾ ਘਟਾਔਰਾ 
ਯੂ. ਕੇ. 
ਨੋਟ: ਇਹ ਪੋਸਟ ਹੁਣ ਤੱਕ 52 ਵਾਰ ਪੜ੍ਹੀ ਗਈ

19 Feb 2016

ਪਿੰਡ ਦੀ ਯਾਦ

1.
ਪੱਛੋਂ ਦੀ ਹਵਾ 
ਤੱਤੇ -ਤੱਤੇ ਗੁੜ ਦੀ 
ਆਵੇ ਮਿੱਠੀ ਮਹਿਕ 
ਗੁੜ ਦੀ ਰੋੜੀ 
ਦਿਲਕਸ਼ ਸੁਆਦ 
ਆਈ ਪਿੰਡ ਦੀ ਯਾਦ। 
2.
ਧੁੰਦ ਤੇ ਕੋਰਾ 
ਰੁੱਖ ਬ੍ਰਿਖ ਸੜਦੇ 
ਪਰ ਫੁੱਲ ਖਿੜਦੇ 
ਰੁੱਖ ਉਦਾਸ 
ਫੁੱਲ ਪੱਤੇ ਬੇਆਸ 
ਜਦ ਜੜ੍ਹਾਂ ਸੁੱਕੀਆਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ ਨਡਾਲੋਂ 
ਜ਼ਿਲ੍ਹਾ ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 145 ਵਾਰ ਪੜ੍ਹੀ ਗਈ

11 Feb 2016

ਕਾਂ,ਚਿੜੀਆਂ ਅਤੇ ਧੁੱਪ (ਸੇਦੋਕਾ )

1.
ਵਾਣ ਦੀ ਮੰਜੀ
ਟੁੱਟੀ ਦੌਣ ਤੇ ਢਿੱਲੀ
ਧੁੱਪੇ ਪਈ ਸੜਦੀ
ਢਿੱਲੀ ਹੀਹ 'ਤੇ
ਚੁੱਪ ਇੱਕ ਕਾਂ ਬੈਠਾ
ਪਿਆ ਸਮੇਂ ਨੂੰ  ਕੋਸੇ ।
2.
ਤਿੰਨ ਚਿੜੀਆਂ
ਵਿਹੜੇ 'ਚ ਖੇਡਣ
ਚੋਗਾ ਵੀ ਲੱਭਦੀਆਂ
ਸੁੰਨਾ ਵਿਹੜਾ
ਕੌਣ ਚੋਗ ਚੁਗਾਵੇ
ਮਾਰੀ ਦੂਰ ਉਡਾਰੀ ।
3.
ਕੋਸੀ ਹੈ ਧੁੱਪ
ਵਿਹੜੇ ਦੀਆਂ ਕੰਧਾਂ
ਧੁੱਪ ਨੇ ਸੇਕਦੀਆਂ
ਹਵਾ ਦਾ ਬੁੱਲ੍ਹਾ
ਵਿਹੜੇ 'ਚ ਵੜਿਆ
ਕੰਧਾਂ ਨਾਲ ਖਹਿੰਦਾ ।

ਦਿਲਜੋਧ ਸਿੰਘ 
(ਨਵੀਂ ਦਿੱਲੀ)
ਨੋਟ: ਇਹ ਪੋਸਟ ਹੁਣ ਤੱਕ 46 ਵਾਰ ਪੜ੍ਹੀ ਗਈ

2 Feb 2016

ਜ਼ਿੰਦਾਬਾਦ ਜ਼ਿੰਦਗੀ

1.

ਫੁੱਲ ਤੇ ਸੂਲਾਂ
ਇੱਕੋ ਟਹਿਣੀ ਯਾਰੋ
ਜ਼ਿੰਦਾਬਾਦ ਜ਼ਿੰਦਗੀ
ਸੂਰਜ ਚੰਨ
ਰੁੱਤਾਂ ਆਉਣ ਜਾਣ
ਬਦਲਾਅ ਜ਼ਿੰਦਗੀ ।

2.

ਤ੍ਰੇਲ ਤੁਪਕੇ
ਮੋਤੀ ਪਲ ਦੋ ਪਲ
ਸਜੇ ਪੱਤਿਆਂ ਮੱਥੇ
ਸੁੱਖ ਨੇ ਮੋਤੀ
ਜ਼ਿੰਦਗੀ ਮੱਥੇ ਜੜੇ
ਤ੍ਰੇਲ ਤੁਪਕੇ ਜਿਹੇ । 

ਬਾਜਵਾ ਸੁਖਵਿੰਦਰ
ਪਿੰਡ :ਮਹਿਮਦਪੁਰ 
ਜ਼ਿਲ੍ਹਾ :ਪਟਿਆਲਾ 
ਨੋਟ: ਇਹ ਪੋਸਟ ਹੁਣ ਤੱਕ 44 ਵਾਰ ਪੜ੍ਹੀ ਗਈ

24 Jan 2016

ਆਪਣਾਪਣ (ਸੇਦੋਕਾ)

1.
ਮੇਰੇ ਅੰਦਰੋਂ 
ਗੁਆਚਦਾ ਜਾ ਰਿਹਾ 
ਕਿਉਂ ਆਪਣਾਪਣ 
ਲੱਭ ਰਿਹਾ ਹਾਂ 
ਮੈਂ ਆਪਣੇ ਅੰਦਰੋਂ 
ਇਹ ਕਈ ਯੁੱਗਾਂ ਤੋਂ। 
2.
ਸ਼ਬਦ ਸੇਤੂ 
ਤੇਰੇ ਮੇਰੇ ਵਿਚਾਲੇ 
ਐਸੀ ਸਾਂਝ ਸਦੀਵੀ 
ਦਿਲ ਰੋਇਆ 
ਅੱਜ ਫੇਰ ਜ਼ਿਕਰ 
ਜਦ ਤੇਰਾ ਹੋਇਆ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ ਹੁਸ਼ਿਆਰਪੁਰ 

ਨੋਟ: ਇਹ ਪੋਸਟ ਹੁਣ ਤੱਕ 64 ਵਾਰ ਪੜ੍ਹੀ ਗਈ

23 Jan 2016

ਰੰਗਾਂ ਦੀ ਛਹਿਬਰ (ਸੇਦੋਕਾ)

1.
ਮੈਂ ਵਗਦਾ ਹਾਂ
ਦਰਿਆ ਤੁਰਦੇ ਨੇ
ਸਮਾਂ ਜਾਏ ਤੁਰਦਾ
ਹਰ ਝੁਰੜੀ
ਸਮੇਂ ਦਾ ਵਿਗਿਆਨ
ਬੁੱਢੇ ਬਾਬੇ ਦੇ ਮੱਥੇ। 


2.
ਬੇਬੇ ਦੇ ਹੱਥ
ਜੋ ਸੁਹਾਗ ਪਿਟਾਰੀ
ਮੋੜੇ ਸੁੰਦਰ ਯਾਦਾਂ
ਮਿਲੇ ਵਧਾਈ
ਰੰਗਾਂ ਦੀ ਛਹਿਬਰ
ਸਾਡੇ ਵਿਹੜੇ ਆਈ। 


ਕਸ਼ਮੀਰੀ ਚਾਵਲਾ
(ਮੁਕਤਸਰ)

ਨੋਟ: ਇਹ ਪੋਸਟ ਹੁਣ ਤੱਕ 39 ਵਾਰ ਪੜ੍ਹੀ ਗਈ

20 Jan 2016

ਅਸਚਰਜ (ਸੇਦੋਕਾ)

1.
ਕੀ ਕਿਹਾ ਹੋਣਾ 
ਹਵਾ ਨੇ ਪੱਤਿਆਂ ਨੂੰ 
ਝੂਮ ਉੱਠੇ ਨੇ ਪੱਤੇ 
ਆਲ੍ਹਣਾ ਮੇਰਾ 
ਰੁੱਖ ਦੀ ਹੈ ਸਿਖਰੇ 
ਪਰ ਚੋਗਾ ਮਿੱਟੀ 'ਤੇ। 
2.
ਤਾਕਤਵਰ
ਧਰਤ ਉੱਤੇ ਕੀੜੀ
ਅਸਮਾਨੀ ਪਰਿੰਦੇ
ਅਸਚਰਜ
ਕੀੜੀ ਬਲਵਾਨ ਹੈ
ਪਰਿੰਦੇ ਨਿਰਭੁਓ। 

ਬਾਜਵਾ ਸੁਖਵਿੰਦਰ
    ਪਿੰਡ- ਮਹਿਮਦਪੁਰ
    ਜਿਲ੍ਹਾ- ਪਟਿਆਲਾ




ਨੋਟ: ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ

7 Jan 2016

ਕਪਟੀ ਲੋਕਾਂ (ਸੇਦੋਕਾ)

1.                                                                    
ਐ ਵਿਸ਼ਵਾਸ਼ 
ਗੰਗਾ ਘਾਟ 'ਤੇ ਵੇਖੀ 
ਮੈਂ ਤੇਰੀ ਪਈ ਲਾਸ਼ 
ਕਪਟੀ ਲੋਕਾਂ 
ਗੰਗਾ ਗੰਧਲੀ ਕੀਤੀ 
ਅੱਜ ਆਸਥਾ ਦੇ ਨਾਂ।  
2.
ਮੁੜ ਕੇ ਜਾਗੇ 
ਦੇਖ ਦੇਖ ਦੁਨੀਆਂ 
ਹੁਣ ਮੋਹ ਤਿਆਗੇ 
ਟੁੱਟਾ ਪਿੰਜਰਾ 
ਹਿੰਮਤ ਕਿਓਂ ਹਾਰੀ 
ਚੱਲ ਮਾਰ ਉਡਾਰੀ। 

ਬੁੱਧ ਸਿੰਘ ਚਿੱਤਰਕਾਰ 
ਪਿੰਡ: ਨਡਾਲੋਂ 
(ਜ਼ਿਲ੍ਹਾ;ਹੁਸ਼ਿਆਰਪੁਰ)
ਨੋਟ: ਇਹ ਪੋਸਟ ਹੁਣ ਤੱਕ 115 ਵਾਰ ਪੜ੍ਹੀ ਗਈ

14 Dec 2015

ਜੋੜ ਘਟਾਓ (ਸੇਦੋਕਾ)

.
1.
ਇਹ ਜ਼ਿੰਦਗੀ
ਸਮੇਂ ਦਾ ਵਹੀ ਖਾਤਾ
ਸਭ ਜੋੜ ਘਟਾਓ

ਸਮੇਂ ਦੇ ਨਾਲ 
ਨਦੀ  ਵਾਂਗ ਵਹਿਣਾ
ਬਸ ਇਹੋ ਜ਼ਿੰਦਗੀ। 

2.
ਫੈਲ ਗਿਆ ਤਾਂ
ਇੱਕ ਸਮੁੰਦਰ ਹਾਂ
ਕੋਈ ਬੂੰਦ ਤਾਂ ਨਹੀਂ 
ਸੱਚਾ ਇਸ਼ਕ
ਨਾਜ਼ੁਕ ਹੈ ਰਿਸ਼ਤਾ 
ਹੈ ਇੱਕ ਕੱਚਾ ਘੜਾ। 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ)
ਨੋਟ: ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ