ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Mar 2019

ਪਰਛਾਈਂ (ਹਾਇਬਨ)

Image result for shadow of soul
ਸੰਵਾਦ ਨਿਰਵਿਘਨ ਲਗਾਤਾਰ ਚੱਲ ਰਿਹਾ ਸੀ। ਬੜੀ ਹੀ ਮੱਧਮ ਜਿਹੀ ਦਸਤਕ ਦਿੰਦਾ ਜਿਸ ਨੂੰ ਸੁਣਨ ਲਈ ਪੌਣਾਂ ਨੂੰ ਸਹਿਜ ਹੋਣਾ ਪੈਂਦਾ ਸੀ। ਸਥਾਨਕ ਤੌਰ 'ਤੇ ਚਾਹੇ ਅਸੀਂ ਇੱਕ ਦੂਜੇ ਤੋਂ ਮੀਲਾਂ ਦੂਰ ਬੈਠੇ ਸਾਂ ਪਰ ਇੱਕੋ ਸਮੇਂ ਇੱਕੋ ਥਾਂ ਹਮੇਸ਼ਾਂ ਮੌਜੂਦ ਰਹਿੰਦੇ। ਕਦੇ ਚੁੱਪ ਬੈਠ ਚੁੱਪ ਨੂੰ ਸੁਣਦੇ ਤੇ ਕਦੇ ਖੁਦ ਮੌਨ ਹੋ ਜਾਂਦੇ। ਮੀਂਹ ਮਗਰੋਂ ਧੋਤੇ ਫੁੱਲ ਬੂਟਿਆਂ ਨੂੰ ਕਦੇ ਉਹ ਮੇਰੇ ਸਨਮੁੱਖ ਕਰ ਦਿੰਦਾ ਤੇ ਕਦੇ ਵਿਹੜੇ 'ਚੋਂ ਉਠਦੀ ਮਿੱਟੀ ਦੀ ਮਹਿਕ ਖਿਲਾਰ ਜਾਂਦਾ।ਕਦੇ ਰੁੱਖ ਦੀ ਸੱਖਣੀ ਟਹਿਣੀ ਬੈਠੀ ਕੋਇਲ ਦੀ ਕੂਕ ਤੇ ਕਦੇ ਵਿਹੜੇ 'ਚ ਮਸਤ ਘੁੰਮਦੀਆਂ ਚੋਗ ਚੁੱਗਦੀਆਂ ਕੁੱਕੜ-ਕੁੱਕੜੀਆਂ ਦੀ ਕੁੜ -ਕੁੜ ਸੁਣਾਉਂਦਾ। ਤ੍ਰੇਲ ਦੀਆਂ ਬੂੰਦਾਂ 'ਚ ਨ੍ਹਾਤਾ ਹਰਾ ਕਚੂਰ ਹੋਇਆ ਆਲਾ ਦੁਆਲਾ ਕਦੇ ਮਨ ਮੋਹ ਲੈਂਦਾ। ਇੱਕੋ ਵਿਹੜੇ ਦੁੜੰਗੇ ਲਾਉਂਦੇ ਬਚਪਨ ਤੋਂ ਹੀ ਅਰਧ ਚੇਤਨਾ ਵਿੱਚ ਅਸੀਂ ਸਦਾ ਇੱਕ ਦੂਜੇ ਦੇ ਅੰਗ ਸੰਗ ਹੀ ਵਿਚਰਦੇ ਆ ਰਹੇ ਸਾਂ। 
ਉਸ ਦਿਨ ਸ਼ਾਮ ਦਾ ਘੁਸਮੁਸਾ ਜਿਹਾ ਸੀ। ਵਿਹੜੇ 'ਚ ਡੱਠੇ ਮੰਜਿਆਂ 'ਤੇ ਬੈਠਿਆਂ ਦੇ ਚਿਹਰੇ ਸਾਫ਼ ਦਿਖਾਈ ਨਹੀਂ ਦੇ ਰਹੇ ਸਨ। ਚਾਰੇ ਪਾਸੇ ਚੁੱਪ ਦਾ ਪਸਾਰਾ ਸੀ। ਇੱਕ ਪਾਸੇ ਬੈਠੀ ਮਾਂ ਦੀਆਂ ਅੱਖਾਂ ਬਰੂਹਾਂ 'ਤੇ ਲੱਗੀਆਂ ਹੋਈਆਂ ਸਨ ਜਿਵੇਂ ਕਿਸੇ ਨੂੰ ਉਡੀਕ ਰਹੀਆਂ ਹੋਣ। ਉਹ ਆਪਣੀ ਆਦਤ ਮੂਜਬ ਕਾਹਲ਼ੇ ਕਦਮੀਂ ਤੁਰਿਆ ਆ ਰਿਹਾ ਸੀ। ਤੇੜ ਦੁੱਧ ਧੋਤਾ ਚਿੱਟਾ ਕੁੜਤਾ ਪਜਾਮਾ, ਬਦਾਮੀ ਬਾਸਕਟ ਤੇ ਸਿਰ 'ਤੇ ਸੋਹੰਦੀ ਗ਼ੁਲਾਬੀ ਪੱਗ। ਉਸ ਨੇ ਮੇਰੇ ਵੱਲ ਸ਼ਾਇਦ ਕੋਈ ਗੌਰ ਹੀ ਨਹੀਂ ਕੀਤੀ ਤੇ ਨਾ ਹੀ ਵੇਖਿਆ। ਉਹ ਸਭ ਨੂੰ ਅਣਦੇਖਿਆ ਕਰ ਰਵਾਂ -ਰਵੀਂ ਮਾਂ ਵੱਲ ਅਹੁਲਿਆ। ਸ਼ਾਇਦ ਉਹ ਮਾਂ ਨੂੰ ਕੁਝ ਦੱਸਣ ਦੀ ਕਾਹਲ਼ ਵਿੱਚ ਸੀ ਜਿਵੇਂ ਮਾਂ ਨੇ ਉਸ ਦੇ ਅਚਾਨਕ ਗਾਇਬ ਹੋਣ ਦੀ ਕੋਈ ਚੋਰੀ ਫੜ ਲਈ ਹੋਵੇ । ਇਸ ਤੋਂ ਪਹਿਲਾਂ ਕਿ ਮਾਂ ਕੁਝ ਕਹਿੰਦੀ ਉਹ ਬਾਂਹ ਉਲਾਰ ਇਸ਼ਾਰਾ ਕਰਦਾ ਆਪ ਮੁਹਾਰੇ ਹੀ ਬੋਲ ਪਿਆ ਜਿਵੇਂ ਉਹ ਬਚਪਨ 'ਚ ਅਕਸਰ ਬੋਲਿਆ ਕਰਦਾ ਸੀ," ਮੈਂ ਤਾਂ ਕਿਤੇ ਨਹੀਂ ਗਿਆ, ਬੱਸ ਐਥੇ ਹੀ ਸੀ।" ਐਨਾ ਕਹਿੰਦਿਆਂ ਹੀ ਉਹ ਮਾਂ ਦੇ ਮੰਜੇ ਦੀਆਂ ਪੈਂਦਾਂ ਵੱਲ ਬੈਠ ਗਿਆ। ਮਾਂ ਦੀਆਂ ਅੱਖਾਂ 'ਚ ਹੁਣ ਅੰਤਾਂ ਦਾ ਸਕੂਨ ਸੀ ਤੇ ਚਿਹਰੇ 'ਤੇ ਨਿੰਮੀ ਮੁਸਕਾਨ। ਮੈਂ ਦੂਰ ਖੜੀ ਅਪਲਕ ਨਿਹਾਰ ਰਹੀ ਸੀ। ਜਿਥੋਂ ਕਦੇ ਕੋਈ ਨਹੀਂ ਮੁੜਿਆ ਕਿਸੇ ਅਣਦੱਸੀ ਥਾਵੇਂ ਗਿਆ ਉਹ ਸੱਚੀਂ ਪਰਤ ਆਇਆ ਸੀ ਜਾਂ ਇਹ ਕੋਈ ਮੇਰਾ ਭਰਮ ਹੀ ਸੀ।  ਜਾਗੋ- ਮੀਚੀ 'ਚ ਮੈਨੂੰ ਸੁਫ਼ਨਾ ਤੇ ਹਕੀਕਤ ਰਲ਼ਗੱਡ ਹੋਏ ਪ੍ਰਤੀਤ ਹੋ ਰਹੇ ਸਨ। 
ਕਿਰੇ ਹਨ੍ਹੇਰਾ 
ਢੂੰਢਣ ਪਰਛਾਈਂ 
ਤਰਲ ਅੱਖਾਂ। 
ਡਾ. ਹਰਦੀਪ ਕੌਰ ਸੰਧੂ