ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Oct 2017

ਦੀਵਾਲੀ

ਦੀਵਾਲ਼ੀ ਜਾਂ ਦੀਪਾਂਵਾਲ਼ੀ
ਸਦੀਆਂ ਤੋਂ ਚੱਲਦੀ ਆਈ
ਕਿਸੇ ਦੀਪ ਜਿਲਾਏ
ਕਿਸੇ ਸੋਗ ਮਿਨਾਏ
ਕਿਸੇ ਚੌਸਰ ਲਾਏ
ਪਤਾ ਨਾ ਰਾਤ ਬਿਤਾਈ ਦਾ
ਇਹ ਵੀ ਰੰਗ ਦੀਵਾਲੀ ਦਾ !
ਪਿੱਠ 'ਤੇ ਬੱਚਾ
ਇੱਟਾਂ ਸਿਰ 'ਤੇ
ਪਹੁੰਚੀ ਤੀਜੀ ਮੰਜ਼ਲ ਜਾ
ਹੋਈ ਸਾਹੋ ਸਾਹਿ
ਇਹ ਹਾਲ ਮਿਹਨਤ ਵਾਲੀ ਦਾ
ਇਹ ਵੀ ਰੰਗ ਦਿਵਾਲੀ ਦਾ !
ਰੋੜ੍ਹੀ ਕੁੱਟੇ, ਪੋਟੇ ਫੁੱਟੇ
ਉਂਗਲਾਂ ਲਹੂ ਲੁਹਾਣ
ਬੱਚੇ ਪੈਏ ਕੁਰਲਾਣ
ਪੱਕੇ ਨਾ ਪਕਵਾਨ
ਅੱਠ ਜੀਅ, ਰੋਟੀਆਂ ਚਾਰ
ਅੱਧੀ ਅੱਧੀ ਖਾ
ਡੰਗ ਟਪਾ ਲਈਦਾ
ਇਹ ਵੀ ਰੰਗ ਦੀਵਾਲੀ ਦਾ !
ਦੂਜੇ ਪਾਸੇ, ਖੁਰਨ ਪਤਾਸੇ
ਕਾਰ ਭਰੀ, ਤੋਹਫ਼ਿਆਂ ਨਾਲ
ਰੰਗ ਚੜਿਆ ਪੈਸੇ ਦੀ ਲਾਲੀ ਦਾ
ਇਹ ਵੀ ਰੰਗ ਦੀਵਾਲੀ ਦਾ !
ਗੋਲੀਆਂ ਵਜਣ ਸਰੇ ਬਾਜ਼ਾਰ
ਪਿੱਠ ਪਿਛੇ ਖੜੀ ਸਰਕਾਰ
ਲੋਕੀਂ ਰੋਵਣ ਜ਼ਾਰੋ ਜ਼ਾਰ
ਬੋਲ਼ੀਆਂ ਕੰਧਾਂ, ਗੂੰਗੀ ਛੱਤ
ਕੋਈ ਨਾ ਫੜਦਾ ਹੱਥ
ਉਜੜੇ ਬਾਗ, ਪਤਾ ਨਾ ਮਾਲੀ ਦਾ
ਇਹ ਵੀ ਰੰਗ ਦੀਵਾਲੀ ਦਾ !
ਸੱਭੇ ਰਲ਼  ਕੇ ਕਰੋ ਵਿਚਾਰ
ਹੋਵਣ ਸਾਰੇ ਇੱਕ- ਸਾਰ
ਕੋਈ ਨਾ ਦਿਸੇ ਲਾਚਾਰ
ਹਰ ਕੋਈ ਦੀਪ ਜਗਾ ਕੇ
ਖੁਸ਼ੀ ਨਾਲ ਖੁਸ਼ੀ ਵੰਡਾਕੇ
ਮਾਣੇ ਦੌਰ ਖੁਸ਼ਹਾਲੀ ਦਾ
"ਥਿੰਦ" ਵੇਖੋ ਰੰਗ ਦੀਵਾਲੀ ਦਾ !

ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ

ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ ਹੈ।


ਲਿੰਕ 

28 Oct 2017

ਬਾਬੁਲ ਮੇਰੀਆਂ ਗੁੱਡੀਆਂ

Image result for broken doll sketch


ਉਸ ਦੀ ਡੋਲੀ ਜਦੋਂ ਪਿੰਡ ਦੀ ਜੂਹ ਟੱਪੀ ਤਾਂ ਆਪਣੇ ਮਨ ਦੀ ਭਟਕਣ ਟਿਕਾਉਣ ਲਈ ਉਸ ਪਿੱਛੇ ਵੱਲ ਮੁੜ ਵੇਖਿਆ।ਸੂਹੇ ਵਕਤਾਂ ਦੀ ਨਿਸ਼ਾਨਦੇਹੀ ਕਰਦਿਆਂ  ਉਸ ਅਨੁਭਵ ਕੀਤਾ ਕਿ ਉਹ ਤਾਂ ਆਪਣੇ ਇਸ ਗਰਾਂ ਨੂੰ ਸਦਾ ਲਈ ਛੱਡ ਕੇ ਜਾ ਰਹੀ ਸੀ। ਐਥੇ ਤਾਂ ਉਸ ਨੇ ਆਪਣੀ ਜ਼ਿੰਦਗੀ ਦਾ ਇੱਕ ਰੌਸ਼ਨ ਤੇ ਧੁਪਿਆਲਾ ਹਿੱਸਾ ਹੰਢਾਇਆ ਸੀ। ਹੁਣ ਉਹ ਕਿਸੇ ਹੋਰ ਦੀ ਜੂਹ ਵਿੱਚ ਦਾਖਲ ਹੋਣ ਜਾ ਰਹੀ ਸੀ ਨਵੇਂ ਚਾਅ ਝੋਲ਼ੀ ਪਾਉਣ ਲਈ। ਇਹ ਪਹਿਲੀ ਵਾਰ ਹੀ ਤਾਂ ਸੀ ਕਿ ਉਸ ਨੇ ਕੋਈ ਰਾਤ ਕਿਸੇ ਹੋਰ ਘਰ ਬਿਤਾਈ ਸੀ ਜਿਸ ਨੂੰ ਹੁਣ ਉਸ ਨੇ ਅਪਨਾਉਣਾ ਸੀ। ਪਰ ਉਹ ਔਖਾ ਅਨੁਭਵ ਨਹੀਂ ਸੀ ਕਰ ਰਹੀ। ਉਸ ਨੇ ਘਰ ਦੀ ਉਚੇਰੀ ਛੱਤ ਵੱਲ ਤੱਕਦਿਆਂ ਅਪਣੱਤ ਨਾਲ਼ ਆਪਣੇ ਹਾਣੀ ਬਾਰੇ ਸੋਚਿਆ। ਉਸ ਦੇ ਰੋਮ -ਰੋਮ ' ਜਾਗਦੀਆਂ ਸੱਧਰਾਂ ਨੇ ਅੰਗੜਾਈ ਭਰੀ," ਮੁਸ਼ੱਕਤਾਂ ਤੇ ਮੁਹੱਬਤਾਂ ਦੀ ਸੋਬਤ ਸਾਡੇ ਅਗਲੇਰੇ ਜੀਵਨ ' ਨਿੱਘ ਤੇ ਅਰਾਮ ਭਰ ਦੇਵੇ।"

ਸਮੇਂ ਦੇ ਲੰਘਾਅ ਨਾਲ਼ ਉਹ ਹਰ ਅਣਜਾਣੀ ਤੰਦ ਨੂੰ ਆਪਣਾ ਬਨਾਉਣ ਲੱਗੀ। ਹਰ ਰਿਸ਼ਤੇ ਨੂੰ ਬੋਚ -ਬੋਚ ਰੱਖਦੀ। ਕਦੇ ਕਦੇ ਪੇਕਿਓਂ ਲਿਆਂਦੀ ਉਮੰਗਾਂ ਦੀ ਗੁੱਥਲੀ 'ਚੋਂ ਰੀਝਾਂ ਦੀਆਂ ਗੁੱਡੀਆਂ ਪਟੋਲਿਆਂ ਨਾਲ਼ ਮਨ ਪ੍ਰਚਾਉਣ ਬੈਠ ਜਾਂਦੀ। ਪਰ ਉਸ ਦੇ ਮਲਾਰਾਂ ਨੂੰ ਬੇਰਹਿਮੀ ਨਾਲ਼ ਮਧੋਲ਼ ਦਿੱਤਾ ਜਾਂਦਾ, "ਤੇਰੇ ਇਨ੍ਹਾਂ ਸੂਈਆਂ ਧਾਗਿਆਂ ਨੇ ਕੁਛ ਨੀ ਦੇਣਾ ਤੈਨੂੰ। ਘਰ ਸੰਭਾਲ਼ ਲਾ ਓਹੀ ਵਾਧੂ ਆ।" ਅੱਖਾਂ ' ਭਰੀਆਂ ਆਪੇ ਨਾਲ਼ ਹੋਈਆਂ ਵਧੀਕੀਆਂ ਹੰਝੂ ਬਣ ਵਹਿ ਜਾਂਦੀਆਂ। ਇੱਕ ਧੀ ਤੋਂ ਮਾਂ ਬਣਨ ਦੇ ਸਫ਼ਰ ਦੌਰਾਨ ਪਲ- ਪਲ ਮਰਨ ਦੇ ਹਾਉਕੇ ਨੂੰ ਹੁਣ ਉਹ ਸਿਵਿਆਂ ਤੱਕ ਨਹੀਂ ਲੈ ਕੇ ਜਾਣਾ ਚਾਹੁੰਦੀ ਸੀ। ਨਿੱਕੀ ਉਮਰੇ ਸਮਝੇ ਔਰਤ ਹੋਣ ਦੇ ਅਰਥਾਂ ਨੂੰ ਹੁਣ ਉਹ ਬਦਲ ਦੇਣਾ ਲੋਚਦੀ ਸੀ। ਮਨ ਨੂੰ ਮਾਰੀਆਂ ਗੰਢਾਂ ਉਹ ਆਪਣੀ ਅੱਲੜ ਧੀ ਨਾਲ਼ ਫ਼ਰੋਲਦੀ ,"ਆਸਾਂ ਦੇ ਦੀਵੇ ' ਖਾਹਿਸ਼ਾਂ ਦਾ ਤੇਲ ਪਾਉਂਦੀ ਉਸ ਦੀਵੇ ਦੇ ਧੂੰਏਂ 'ਚ ਆਪਣੇ ਆਪ ਨੂੰ ਨਾ ਗਵਾਈਂ। ਆਪਣੇ ਖ਼ਾਬਾਂ ਨੂੰ ਕਦੇ ਵੀ ਧੁਖਣ ਨਾ ਦੇਵੀਂ। ਤੂੰ ਆਪਣੀਆਂ ਗੁੱਡੀਆਂ ਪਟੋਲਿਆਂ ਦੀ ਰੂਹ ਨੂੰ ਜਿਉਂਦਾ ਰੱਖੀਂ।"
ਡਾ. ਹਰਦੀਪ ਕੌਰ ਸੰਧੂ  


ਨੋਟ : ਇਹ ਪੋਸਟ ਹੁਣ ਤੱਕ 980 ਵਾਰ ਪੜ੍ਹੀ ਗਈ ਹੈ।
 ਲਿੰਕ 1                   ਲਿੰਕ 2

ਪੱਕੀ ਜਗ੍ਹਾ (ਵਾਰਤਾ)

ਸਾਡੇ ਘਰ ਦੇ ਇੱਕ ਖੂੰਜੇ ਚ, ਇੱਕ ਗਮਲੇ ਵਿੱਚ ਮੇਰੀ ਪਤਨੀ ਨੇ ਮਨੀ ਪਲਾਂਟ ਨਾਂ ਦੀ ਇੱਕ ਵੇਲ ਉਗਾਈ ਹੋਈ ਹੈ ਜੋ ਕੋਈ ਬਾਰਾਂ ਚੌਦਾਂ ਫੁੱਟ ਲੰਬੀ ਹੋ ਗਈ ਹੈ ਘਰ 'ਚ ਲਾਏ ਹੋਰ ਤਰਾਂ ਤਰਾਂ ਦੇ ਪੌਦੇ ਵੀ ਨੇ ਪਰ ਇਹ ਮਨੀ ਪਲਾਂਟ ਜੋ ਕਾਫੀ ਸਾਲਾਂ ਤੋਂ ਇਸੇ ਖੂੰਜੇ ਵਿੱਚ ਪਿਆ ਹੈ। ਵੈਸੇ ਤਾਂ ਪਤਨੀ ਸਾਹਿਬਾਂ ਨੂੰ ਸਾਰੇ ਪੌਦਿਆਂ ਨਾਲ ਪਿਆਰ ਹੈ ਲੇਕਿਨ ਇਸ ਮਨੀ ਪਲਾਂਟ ਨਾਲ ਹਦੋਂ ਵੱਧ ਪਿਆਰ ਹੈ। ਕਦੀ ਕਦੀ ਉਹ ਸਵੇਰ ਨੂੰ ਇੱਕਲੇ ਇੱਕਲੇ ਪੱਤੇ ਨੂੰ ਟਿਸ਼ੂ ਪੇਪਰ ਨਾਲ ਸਾਫ ਕਰਦੀ ਹੈ ਤੇ ਪੱਤਿਆਂ ਨਾਲ ਗੱਲਾਂ ਵੀ  ਕਰਦੀ ਹੈ। ਇਹ ਪਲਾਂਟ ਕਾਫੀ ਸਾਲਾਂ ਤੋਂ ਘਰ ਦੇ ਇਸੇ ਖੂੰਜੇ ਵਿੱਚ ਹੀ ਰੱਖਿਆ ਹੋਇਆ ਹੈ। 
            ਇੱਕ ਦਿਨ ਪਤਨੀ ਦੇ ਮਨ ਵਿੱਚ ਕੋਈ ਵਿਚਾਰ ਆਇਆ ਕਿ ਕਿਓਂ ਨਾ ਉਹ ਇਸ ਨੂੰ ਚੁੱਕ ਕੇ ਖਿੜਕੀ ਦੇ ਕੋਲ ਰੱਖ ਦੇਵੇ ਤਾਂ ਕਿ ਇਸ ਨੂੰ ਖੁੱਲੀ ਰੋਸ਼ਨੀ ਮਿਲ ਸਕੇ। ਪਲਾਂਟ ਦੀ ਜਗਾਹ ਬਦਲ ਨੂੰ ਇੱਕ ਹਫਤਾ ਹੀ ਹੋਇਆ ਸੀ ਕਿ ਸਵੇਰ ਨੂੰ ਮਨੀ ਪਲਾਂਟ ਦਾ ਇੱਕ ਪੱਤਾ ਟੁੱਟ ਕੇ ਗਮਲੇ ਵਿਚ ਡਿੱਗਿਆ ਹੋਇਆ ਸੀ। ਪਤਨੀ ਨੇ ਪੱਤਾ ਚੁੱਕ ਕੇ ਕੂੜੇ ਵਾਲੇ ਬਿਨ ਵਿਚ ਸੁੱਟ ਦਿੱਤਾ। ਹੌਲੀ ਹੌਲੀ ਹਰ ਰੋਜ਼ ਪੱਤੇ ਝੜ ਕੇ ਡਿੱਗਣ ਲੱਗੇ। ਪਤਨੀ ਨੇ ਸੋਚਿਆ, ਸ਼ਾਇਦ ਪਲਾਂਟ ਨੂੰ ਫ਼ੂਡ ਦੀ ਲੋੜ ਹੈ। ਉਸ ਨੇ ਪਲਾਂਟ ਫ਼ੂਡ ਦੇ ਡਰੌਪ ਪਾਣੀ 'ਚ ਮਿਲਾ ਕੇ ਪਾਏ ਤੇ ਹਰ ਰੋਜ਼ ਪਾਣੀ ਦਾ ਵੀ ਖਿਆਲ ਰੱਖਿਆ ਲੇਕਿਨ ਕੋਈ ਫਰਕ ਨਹੀਂ ਪਿਆ।  ਪੱਤੇ ਦਿਨ-ਬ-ਦਿਨ ਝੜਨ ਲੱਗੇ। ਫਿਰ ਉਸ ਨੇ ਇੱਕ ਹੋਰ ਖਿੜਕੀ ਦੇ ਨਾਲ ਇਸ ਗਮਲੇ ਨੂੰ ਰੱਖ ਦਿੱਤਾ ਕਿਓਂਕਿ ਉਥੇ ਲਾਈਟ ਹੋਰ ਵੀ ਜ਼ਿਆਦਾ ਪੈਂਦੀ ਸੀ ਲੇਕਿਨ ਕੋਈ ਫਰਕ ਨਹੀਂ ਪਿਆ। ਪਤਨੀ ਬਹੁਤ ਬੇਚੈਨ ਰਹਿਣ ਲੱਗੀ। ਬਥੇਰੀ ਕੋਸ਼ਿਸ਼ ਕੀਤੀ ਲੇਕਿਨ ਇੱਕ ਦਿਨ ਆਇਆ ਜਦ ਸਾਰੇ ਪੱਤੇ ਝੜ ਗਏ। ਨਿਰਾਸ਼ ਹੋ ਕੇ ਪਤਨੀ ਨੇ ਪਲਾਂਟ ਨੂੰ ਗਮਲੇ ਵਿਚੋਂ ਕੱਢ ਕੇ ਬਾਹਰ ਗਾਰਡਨ ਵਿਚ ਸੁੱਟ ਦਿੱਤਾ। ਕੁਝ ਹਫਤੇ ਉਥੇ ਹੀ ਪਿਆ ਰਿਹਾ ਅਤੇ ਬਿਲਕੁਲ ਸੁੱਕ ਗਿਆ। ਇੱਕ ਦਿਨ ਫਿਰ ਪਤਨੀ ਨੂੰ ਪਤਾ ਨਹੀਂ ਕੀ ਸੁਝਿਆ, ਉਸ ਨੇ ਪਲਾਂਟ ਨੂੰ ਮੁੜ ਗਮਲੇ 'ਚ ਪਾ ਕੇ ਮਿੱਟੀ ਪਾਈ ਅਤੇ ਫਿਰ ਉਥੇ ਹੀ ਰੱਖ ਦਿੱਤਾ ਜਿਥੇ ਕਈ ਸਾਲਾਂ ਤੋਂ ਪਿਆ ਆਇਆ ਸੀ। ਪਤਨੀ ਪਲਾਂਟ ਫ਼ੂਡ ਅਤੇ ਪਾਣੀ ਲਗਾਤਾਰ ਪਾਉਂਦੀ ਰਹੀ। ਉਸ ਦੀ ਇੱਕ ਰੂਹ ਜਿਹੀ ਸੀ ਕਿ ਇਸ ਨੂੰ ਦੁਬਾਰਾ ਉਸੇ ਸ਼ਕਲ ਵਿਚ ਲਿਆਉਣਾ ਹੈ। 
           ਦੋ ਕੁ ਹਫਤੇ ਤੋਂ ਬਾਅਦ ਇੱਕ ਦਿਨ ਪਤਨੀ ਥੱਲੇ ਆਈ ਤੇ ਪਲਾਂਟ ਵਲ ਨੂੰ ਧਿਆਨ ਨਾਲ ਦੇਖਿਆ। ਦੋ ਹਰੀਆਂ ਹਰੀਆਂ ਪਤੀਆਂ ਪਤਨੀ ਵੱਲ ਝਾਕ ਰਹੀਆਂ ਸਨ। ਪਤਨੀ ਨੇ ਜ਼ੋਰ ਦੀ ਤਾਲੀ ਵਜਾਈ ਅਤੇ ਪਲਾਂਟ ਨਾਲ ਗੱਲਾਂ ਕਰਨ ਲੱਗੀ, " ਸੌਰੀ ! ਫਿਰ ਐਸੀ ਗ਼ਲਤੀ ਨਹੀਂ ਕਰਾਂਗੀ, ਮੈਨੂੰ ਪਤਾ ਹੀ ਨਹੀਂ ਸੀ ਕਿ ਤੇਰੀ ਉਹ ਜਗ੍ਹਾ ਹੀ ਪੱਕੀ ਜਗ੍ਹਾ  ਹੈ। ਦੁਬਾਰਾ ਗਲਤੀ ਨਹੀਂ ਕਰਾਂਗੀ। " ਮੈਂ ਵੀ ਥੱਲੇ ਆ ਗਿਆ ਸੀ ਤੇ ਪਤਨੀ ਨੇ ਮੈਨੂੰ ਦੋ ਪੱਤੀਆਂ ਦਿਖਾਲੀਆਂ ਜਿਹੜੀਆਂ ਨਵੀਆਂ ਨਵੀਆਂ ਲੱਗੀਆਂ ਸਨ। ਰੋਜ਼ ਰੋਜ਼ ਪੱਤੀਆਂ ਨਿਕਲਣ ਲੱਗੀਆਂ ਅਤੇ ਕੁਝ ਹਫਤਿਆਂ ਵਿੱਚ ਹੀ ਮਨੀ ਪਲਾਂਟ ਫਿਰ ਪਹਿਲਾਂ ਵਾਲੀ ਅਵਸਥਾ ਵਿੱਚ ਆ ਗਿਆ। ਇਸ ਵਕਤ ਵੀ ਇਹ ਪਲਾਂਟ ਮੇਰੇ ਸਾਹਮਣੇ ਪਿਆ ਹੈ ਅਤੇ ਰਾਤ ਨੂੰ ਸੌਣ ਲੱਗੇ ਇਸ ਨੂੰ ਜਰੂਰ ਹੀ ਇੱਕ ਵਾਰੀ ਧਿਆਨ ਨਾਲ ਦੇਖ ਕੇ ਲਾਈਟ ਬੰਦ  ਕਰਦਾ ਹਾਂ। 

ਗੁਰਮੇਲ ਸਿੰਘ ਭੰਮਰਾ 

ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।

ਲਿੰਕ 1        ਲਿੰਕ 2

27 Oct 2017

ਮੇਰੀ ਮਾਂ (ਕਵਿਤਾ)
ਰੁਪਿੰਦਰ ਕੌਰ 
ਜਲੰਧਰ 

ਨੋਟ : ਇਹ ਪੋਸਟ ਹੁਣ ਤੱਕ 150 ਵਾਰ ਪੜ੍ਹੀ ਗਈ ਹੈ।

ਲਿੰਕ 

26 Oct 2017

ਜ਼ਿੰਦ ਪ੍ਰਾਹੁਣੀ (ਮਿੰਨੀ ਕਹਾਣੀ)

ਉਹ ਘੋਰ ਉਦਾਸੀ 'ਚ ਚੁੱਪ -ਚਾਪ ਬੈਠੀ ਸੀ। ਅੱਜ ਉਸ ਦਾ ਦਿਨ ਘਸਮੈਲ਼ੀਆਂ ਯਾਦਾਂ ਦੀ ਧੁੰਦ ਤੇ ਉਸ ਅਤਿ ਦੀ ਪੀੜਾ 'ਚੋਂ ਲੰਘਿਆ ਸੀ ਜਿਸ ਨੇ ਉਸ ਦੀ ਰੂਹ ਨੂੰ ਵਰ੍ਹਿਆਂ ਤੋਂ ਜਕੜਿਆ ਹੋਇਆ ਸੀ। ਉਹ ਇਧਰ -ਉਧਰ ਨਿਗ੍ਹਾ ਮਾਰਦੀ ਸਮਝੇ ਬਿਨਾਂ ਹੀ ਕੁਝ ਲੱਭ ਰਹੀ ਸੀ। ਉਸ ਨੇ ਉਠ ਕੇ ਪਾਣੀ ਦਾ ਘੁੱਟ ਭਰਿਆ ਜਿਸ ਨਾਲ਼ ਨਾ ਤਾਂ ਉਸ ਦੀ ਪਿਆਸ ਹੀ ਬੁਝੀ ਤੇ ਨਾ ਹੀ ਸੀਨੇ 'ਚ ਵਰ੍ਹਿਆਂ ਤੋਂ ਧੁੱਖਦੀ ਅੱਗ। 
ਉਹ ਬੇਔਲਾਦ ਤਾਂ ਨਹੀਂ ਸੀ ਪਰ ਫੇਰ ਵੀ ਦੋ ਦਿਨਾਂ ਦੀ ਪ੍ਰਾਹੁਣੀ ਓਸ ਮਾਸੂਮ ਜ਼ਿੰਦ ਦੀ ਛੋਹ ਅੱਜ ਉਸ 'ਤੇ ਹਾਵੀ ਸੀ ਜੋ ਕਈ ਦਹਾਕੇ ਪਹਿਲਾਂ ਏਸ ਜਹਾਨ ਤੋਂ ਰੁਖ਼ਸਤ ਹੋ ਗਈ ਸੀ। ਜਣੇਪੇ ਦੀਆਂ ਪੀੜਾਂ ਨੂੰ ਮੁੜ ਫ਼ੇਰ ਹੰਢਾਉਂਦਿਆਂ ਅੱਜ ਉਸ ਅੰਦਰ ਖਿੱਚੋਤਾਣ ਚੱਲ ਰਹੀ ਸੀ,"ਪਤਾ ਨਹੀਂ ਕੇਹੀ ਅਭਾਗੀ ਘੜੀ ਸੀ ਜਦੋਂ ਏਸ ਬੇਦਿਲੇ ਜਿਹੇ ਦੇ ਲੜ ਲੱਗੀ ਸਾਂ ਜੀਹਨੇ  ਇਨ੍ਹਾਂ ਦੁਖਦ ਪਲਾਂ ਨੂੰ ਆਪਣੇ ਚੇਤਿਆਂ 'ਚੋਂ ਬੜੇ ਸੁਖਾਲ਼ਿਆਂ ਹੀ ਵਿਸਾਰ ਦਿੱਤੈ ਜਾਂ ਫੇਰ ਕਦੇ ਚਿਤਵਿਆ ਹੀ ਨਹੀਂ ਹੋਣੈ ।" 
ਸਾਹਮਣੇ ਕੰਧ 'ਤੇ ਟੰਗੀ ਘੜੀ ਦੀ ਟਿੱਕ -ਟਿੱਕ ਉਸ ਦੀ ਬੇਚੈਨੀ ਹੋਰ ਵਧਾ ਰਹੀ ਸੀ।  ਉਸ ਦੇ ਬੁੱਲ ਸੁੱਕ ਰਹੇ ਸਨ ਤੇ ਪਿੰਡੇ 'ਤੇ ਠੰਢੀਆਂ ਝਰਨਾਟਾਂ ਛਿੜ ਰਹੀਆਂ ਸਨ। ਹੁਣ ਜੀਵਨ ਦੀ ਕੁੜੱਤਣ ਉਸ ਦੇ ਮੂੰਹ 'ਚ ਘੁਲ਼ ਗਈ ਸੀ," ਵੇ ਤੂੰ ਕਿਹੋ ਜਿਹਾ ਨਿਰਮੋਹਾ ਬਾਪ ਏਂ  ਜੀਹਨੇ ਆਪਣੇ ਆਪੇ ਦੇ ਅੰਸ਼ ਨਾਲ਼ ਉਸ ਦੇ ਕੁੱਖ ਦੇ ਅਲੋਕਾਰੀ ਸਫ਼ਰ ਦੌਰਾਨ ਕਦੇ ਕੋਈ ਸਾਂਝ ਪਾਈ ਹੀ ਨਹੀਂ। ਵੇ ਚੰਦਰਿਆ ! ਜੇ ਤੂੰ ਮੇਰਾ ਇੱਕ ਹੰਝੂ ਵੀ ਬੋਚ ਲਵੇਂ ਤਾਂ ਓਸ ਵਿਛੜੀ ਰੂਹ ਨੂੰ ਚੈਨ ਆ ਜਾਊ  ਤੇ ਨਾਲ਼ੇ ਮੈਨੂੰ ਵੀ।" ਉਸ ਦੀਆਂ ਝੁਰੜੀਆਂ 'ਚ ਹੰਝੂ ਅਜੇ ਵੀ ਥਰਥਰਾ ਰਹੇ ਸਨ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 730 ਵਾਰ ਪੜ੍ਹੀ ਗਈ ਹੈ।
ਲਿੰਕ 1                    ਲਿੰਕ 2

ਕਮਾਈ (ਮਿੰਨੀ ਕਹਾਣੀ)


Satnam Singh's profile photo, Image may contain: 1 person, close-upਬਜਾਰ ਵਿੱਚ ਇੱਕ ਪਾਸੇ ਇੱਕ ਛੋਟਾ ਜਿਹਾ ਇੱਕਠ ਸੀ। ਉਥੇ ਛੇ -ਸੱਤ ਸਾਲ ਦਾ ਇੱਕ ਛੋਟਾ ਜਿਹਾ ਮੁੰਡਾ ਆਪਣਾ ਖੇਡਾ ਦਿਖਾ ਰਿਹਾ ਸੀ। ਉਸ ਦੇ ਮੈਲੇ ਜਿਹੇ ਕੱਪੜੇ ਸਨ। ਮੂੰਹ 'ਤੇ ਕਾਲੇ ਰੰਗ ਨਾਲ ਮੁੱਛਾਂ ਬਣਾ ਰੱਖੀਅਾਂ ਸਨ। ਕਦੇ ਪੁੱਠੀਆਂ ਛਾਲਾਂ ਲਾਉਂਦਾ ਤੇ ਕਦੇ ਲੋਹੇ ਦੇ ਇੱਕ ਕੜੇ ਵਿੱਚੋਂ ਲੰਘਦਾ ਆਪਣੇ ਛੋਟੇ ਜਿਹੇ ਸਰੀਰ ਨੂੰ ਮੋੜ ਕੇ ਦੂਹਰਾ ਕਰ ਲੈਂਦਾ ਸੀ। ਕੋਲ਼ ਬੈਠੀ ਉਸ ਦੀ ਮਾਂ ਛੇ ਕੁ ਮਹੀਨੇ ਦੇ ਬੱਚੇ ਨੂੰ ਆਪਣੀ ਗੋਦੀ 'ਚ ਪਾਈ ਢੋਲਕੀ ਵਜਾ ਰਹੀ ਸੀ।
ਮਾਂ ਬੜੀ ਅੱਖੜ ਸੁਭਾਅ ਦੀ ਔਰਤ ਲੱਗਦੀ ਸੀ। ਜਦੋਂ ਬੱਚਾ ਕਰਤੱਬ ਪਾਉਂਦਾ ਰੁਕਦਾ ਜਾਂ ਸਹੀ ਢੰਗ ਨਾਲ ਨਹੀਂ ਕਰਦਾ ਸੀ ਤਾਂ ਉਹ ਔਰਤ ਉਸ ਨੂੰ ਝਿੜਕਦੀ। ਅਾਖਰ15-20 ਮਿੰਟ ਤੱਕ ਆਪਣੇ ਕਰਤੱਬ ਦਿਖਾਉਣ ਤੋਂ ਬਾਅਦ ਉਸ ਬੱਚੇ ਨੇ ਇੱਕ ਕੌਲਾ ਚੁੱਕ ਕੇ ਖੇਡਾ ਦੇਖ ਰਹੇ ਲੋਕਾਂ ਤੋਂ ਮੰਗਣਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਪੈਸੇ ਦਿੱਤੇ ਤੇ ਕੁਝ ਨੇ ਨਾ ਦਿੱਤੇ। ਉਹ ਬੱਚਾ ਕੋਲ ਦੀ ਲੰਘ ਰਹੇ ਹੋਰ ਬੱਚਿਆਂ ਵੱਲ ਨੀਝ ਨਾਲ ਦੇਖਣ ਲੱਗ ਪਿਆ ਤੇ ਮੰਗਣਾ ਭੁੱਲ ਗਿਆ। ਦੂਸਰੇ ਬੱਚਿਆਂ ਦੇ ਪਾਏ ਸੋਹਣੇ ਕੱਪੜੇ ਦੇਖਦਾ ਮੁਸਕਰਾ ਪਿਆ। ਸ਼ਾਇਦ ਬੱਚਾ ਆਪਣੇ ਤੇ ਦੂਸਰੇ ਬੱਚੇ ਦੇ ਪਾਏ ਕੱਪੜਿਆਂ ਬਾਰੇ ਆਪਣੇ ਕੋਮਲ ਮਨ 'ਚ ਸੋਚ ਰਿਹਾ ਹੋਣਾ ਹੈ। ਪਰ ਰੱਬ ਦੀ ਲਿਖੀ ਕਿਸਮਤ ਬਾਰੇ ਨਹੀਂ ਕਿ ਉਹ ਦੋਵੇਂ ਬੱਚੇ ਆਪਣੇ ਮਾਂ ਬਾਪ ਲਈ ਸਭ ਕੁਝ ਹਨ। ਅਮੀਰ ਮਾਂ- ਪਿਉ ਲਈ ਤੇ ਗਰੀਬ ਮਾਂ -ਪਿਉ ਲਈ ਵੀ। ਫਰਕ ਐਨਾ ਹੈ ਅਮੀਰ ਮਾਂ ਬਾਪ ਬੱਚੇ ਲਈ ਕਮਾਉਂਦੇ ਹਨ ਤੇ ਗਰੀਬ ਮਾਂ ਬਾਪ ਲਈ ਬੱਚਾ ਕਮਾਉਂਦਾ।

ਸਤਨਾਮ ਸਿੰਘ ਮਾਨ
(ਬਠਿੰਡਾ)

ਨੋਟ : ਇਹ ਪੋਸਟ ਹੁਣ ਤੱਕ 125 ਵਾਰ ਪੜ੍ਹੀ ਗਈ ਹੈ।

ਲਿੰਕ

25 Oct 2017

ਕੇਸਰ ਵਰਗੀ ਕੁੜੀ (ਕਵਿਤਾ)

Parveen Sharma's profile photo, Image may contain: 2 people, selfie, close-up and indoorਕੇਸਰ ਰੰਗੀਏ ਸੋਹਣੀਏ ਕੁੜੀਏ
ਫੁਦਕਦੀਏ
ਚੁਲਬੁਲੀਏ
ਚਿੜੀਏ
ਪੈਰਾਂ ਹੇਠ ਤੇਰੇ
ਫੁੱਲ ਵਿਛਾ ਦਿਅਾਂ
ਤੇਰੀ ਹਰ ਹਸਰਤ ਨੂੰ
ਖੰਭ ਲਗਾ ਦਿਅਾਂ
ਸੌੜੇ ਖਿਅਾਲ ਨਾ ਰੋਕ ਸਕਣ
ਤੇਰੇ ਵੇਗ ਨੂੰ
ਪੂਰੀ ਕਾਇਨਾਤ ਹੀ
ਤੇਰਾ ਘਰ ਬਣਾ ਦਿਅਾਂ
ਤੂੰ ਨਦੀ ਬਣ
ਰਸਤੇ ਖੁਦ, ਬਣਾਉਂਦੀ ਚੱਲ
ਕੌੜੇ ਬੋਲ 'ਤੇ
ਤਿੱਖੀਅਾਂ ਨਜ਼ਰਾਂ
ਤੂੰ ਹਰ ਗਹਿਰ
ਮਿਟਾਉਂਦੀ ਚੱਲ
ਤੂੰ ਨਿੱਘੀ ਨਿੱਘੀ ਧੁੱਪ ਜਿਹੀ
ਤੂੰ ਬਰਫ਼ ਜਿਹੀ
ਤੂੰ ਅਾਬ ਜਿਹੀ
ਤੂੰ ਕਿਸੇ ਸ਼ਾਇਰ ਦੇ
ਖੁਅਾਬ ਜਿਹੀ
ਤੂੰ ਹੱਸਦੀ ਰਹੇਂ
ਤੂੰ ਵੱਸਦੀ ਰਹੇਂ
ਪਰਵਾਜ਼ ਤੇਰੀ ਨਾ ਰੁਕੇ ਕਦੀ
ਤੂੰ ਖੁੱਲੇ ਅੰਬਰੀਂ
ਉੱਡਦੀ ਰਹੇਂ
ਰਹਿਣ ਬਲਦੇ ਦੀਵੇ
ਖੁਸ਼ੀਅਾਂ ਦੇ
ਤੇਰੇ ਮਨ ਦੀ ਮੰਮਟੀ
ਸਜਦੀ ਰਹੇ !
ਪਰਵੀਨ ਸ਼ਰਮਾ 
ਨਵੀਂ ਦਿੱਲੀ 
ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।

 ਲਿੰਕ 1       ਲਿੰਕ 2

24 Oct 2017

ਕਾਤਲ (ਮਿੰਨੀ ਕਹਾਣੀ)

Image result for knife in woman's hand sketch
"ਗ਼ੈਰ ਦੇ ਖ਼ਿਆਲ ਨਾਲ਼ੋਂ ਮੌਤ ਪਹਿਲਾਂ ਮੰਗੀ ਏ, ਤੇਰਿਆਂ ਹੀ ਰੰਗਾਂ ਵਿੱਚ ਮੇਰੀ ਖੁਦੀ ਰੰਗੀ ਏ। ਬੇਅੰਤ ਮੋਹ ਤੇ ਪਾਰਸੁ ਛੋਹ।" ਉਸ ਦੀਆਂ ਹੱਥ ਘੁੱਟਣੀਆਂ ਦੀ ਨਿੱਘੀ ਛੋਹ ਨੂੰ ਮਲਕੜੇ ਜਿਹੇ ਆਪਣੇ ਕਲਾਵੇ 'ਚ ਭਰਨ ਲਈ ਜਿਉਂ ਹੀ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਓਥੇ ਕੋਈ ਨਹੀਂ ਸੀ। ਦੂਰ ਧੁੰਦਲਕੇ 'ਚ ਝਾਂਜਰ ਦੀ ਛਣਕਾਰ ਮੱਧਮ ਹੁੰਦੀ -ਹੁੰਦੀ ਇੱਕ ਬੇਸੁਰਾ ਸ਼ੋਰ ਬਣ ਗਈ ਸੀ। ਉਹ ਤਾਂ ਐਥੇ ਕਿਤੇ ਨਹੀਂ ਸੀ। ਇਖ਼ਲਾਕ ਦੀਆਂ ਸਾਰੀਆਂ ਹੱਦਾਂ ਪਾਰ ਕਰਦੀ ਉਸ ਨੂੰ ਆਪਣੀ ਕੋਝੀ ਚਾਲ ਦਾ ਮੋਹਰਾ ਬਣਾ ਕੇ ਉਹ ਤਾਂ ਕਦੋਂ ਦੀ ਕਿਸੇ ਹੋਰ ਦੀ ਬਣ ਬੈਠੀ ਸੀ। 
ਹੁਣ ਉਹ ਉਣੀਂਦਰੇ ਨੈਣੀਂ ਜਾਗਦੀਆਂ ਰਾਤਾਂ ਦੇ ਦਰਦ ਨੂੰ ਆਪਣੇ ਪਿੰਡੇ 'ਤੇ ਹੰਢਾ ਰਿਹਾ ਸੀ, "ਕੋਈ ਐਨਾ ਬੇਕਿਰਕ, ਬੇਰਹਿਮ ਤੇ ਬੇਗ਼ੈਰਤ ਕਿਵੇਂ ਹੋ ਸਕਦੈ ? ਕੁਝ ਦਹਾਕੇ ਪਹਿਲਾਂ 'ਕੱਠੇ ਜਿਉਣ ਮਰਨ ਦੀਆਂ ਖਾਧੀਆਂ ਸੌਹਾਂ ਕਿਧਰ ਵਾਸ਼ਪ ਹੋ ਗਈਆਂ? ਮੇਰੀ ਪਾਕੁ ਮੁਹੱਬਤ ਦਾ ਮਜ਼ਾਕ ਬਣਾ ਕੇ ਰੱਖ ਦਿੱਤੈ। ਧੋਖੇ ਨਾਲ਼ ਮੇਰਾ ਸਭ ਕੁਝ ਹੜੱਪ ਤੇ ਹੁਣ ਕਿਸੇ ਹੋਰ ਨੂੰ ਲੁੱਟ ਰਹੀ ਏ।" 
ਪੁੱਤ ਦੇ ਚਸਕਦੇ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਮਾਂ ਵੀ ਤੁਰ ਗਈ ਸੀ । ਜੀਵਨ ਸਫ਼ਰ 'ਚ ਉਗੀਆਂ ਪੀੜਾਂ ਤੋਂ ਹਾਥ ਪਾਉਣ ਲਈ ਉਸ ਨਹਿਰ 'ਚ ਜਾ ਛਾਲ਼ ਮਾਰੀ ਪਰ ਮੌਤ ਨੇ ਵੀ ਉਸ ਤੋਂ ਮੂੰਹ ਮੋੜ ਲਿਆ। ਰੋਹੀ 'ਚ ਇੱਕਲੇ ਖੜ੍ਹੇ ਰੁੱਖ ਵਾਂਗ ਕਸੈਲ਼ੀਆਂ ਰੁੱਤਾਂ ਦੇ ਕਹਿਰ ਨਾਲ ਲੜਦਾ ਹੁਣ ਉਹ ਕਿਸੇ ਦੀ ਜੁਸਤਜੂ ਨੂੰ ਆਪਣੇ ਦਰਾਂ ਦੀ ਦਸਤਕ ਬਣਨ ਦੀ ਆਰਜ਼ੂ ਮਨ 'ਚ ਪਾਲ਼ੀ ਬੈਠੈ।ਪਰ ਉਹ ਆਪਣੀ ਰੂਹ ਦੇ ਕਾਤਲ ਨੂੰ ਅਜੇ ਨਹੀਂ ਭੁੱਲਿਆ। 
ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 630 ਵਾਰ ਪੜ੍ਹੀ ਗਈ ਹੈ।

        ਲਿੰਕ 1                                  ਲਿੰਕ 2