ਸ਼ਾਮ ਦਾ ਵੇਲ਼ਾ .... ਬਾਜ਼ਾਰ 'ਚ ਰੌਣਕ.......ਢਿੱਲੀ ਜਿਹੀ ਪੈਂਟ ਪਾਈ ਓਹ ਮੇਰੇ ਮੂਹਰੇ ਤੁਰਿਆ ਜਾ ਰਿਹਾ ਸੀ। ਇਉਂ ਲੱਗਦਾ ਸੀ ਕਿ ਜਿਵੇਂ ਪੈਂਟ ਲੱਕ ਦੀਆਂ ਮਿੰਨਤਾਂ ਕਰ ਰਹੀ ਹੋਵੇ ਕਿ ਇਸ ਨੇ ਤਾਂ ਮੈਨੂੰ ਸੰਭਾਲਣਾ ਨਹੀਂ ਭਰਾਵਾ ਤੂੰ ਹੀ ਸਹਾਰਾ ਦੇ ਦੇ। ਅੱਗੋਂ ਪੈਂਟ ਦਾ ਹਾਲ ਤਾਂ ਹੋਰ ਵੀ ਬੁਰਾ ਹੁੰਦਾ । ਪੈਂਟ ਸੜਕ 'ਤੇ ਘਸ- ਘਸ ਕੇ ਪੌਚਿਆਂ ਕੋਲੋ ਲੀਰਾਂ ਹੋਈ ਜਾ ਰਹੀ ਸੀ। ਨਾਲ ਤੁਰੇ ਜਾਂਦੇ ਇੱਕ ਬਜ਼ੁਰਗ ਤੋਂ ਤਾਂ ਜਿਵੇਂ ਰਿਹਾ ਨਾ ਗਿਆ ਤੇ ਉਸ ਨੂੰ ਸਮਝਾਉਂਦੇ ਹੋਏ ਆਖਿਆ ," ਪੁੱਤਰਾ ਇਹ ਹੁਣ ਪੌਚਿਆਂ ਕੋਲੋ ਘਸ ਗਈ ਹੈ ਇਸ ਨੂੰ ਠੀਕ ਕਰਵਾ ਲੈ ਜਾਂ ਫੇਰ ਇਸ ਨੂੰ ਆਪਣਾ ਮੋਟਰ ਸਾਇਕਲ ਸਾਫ ਕਰਨ ਨੂੰ ਰੱਖ ਲੈ।"ਅਗੋਂ ਪਤਾ ਕੀ ਜਵਾਬ ਮਿਲਿਆ ....."ਬਜ਼ੁਰਗੋ ਤੁਹਾਨੂੰ ਨਹੀਂ ਪਤਾ ਅੱਜ ਦੇ ਫੈਸ਼ਨ ਬਾਰੇ।
ਇਹ ਫੈਸ਼ਨ ਤਾਂ ਅਜੇ ਏਥੇ ਆਪਣੇ ਸ਼ਹਿਰ 'ਚ ਵੀ ਨਹੀਂ ਆਇਆ। ਇਹ ਪੈਂਟ ਤਾਂ ਮੇਰੇ ਭਰਾ ਨੇ ਬਾਹਰੋਂ ਭੇਜੀ ਹੈ। ਸਿਆਣਾ ਬੰਦਾ ਆਪਣੇ ਮੱਥੇ 'ਤੇ ਹੱਥ ਮਾਰਦਾ ਬੁੜਬੁੜਾਉਂਦਾ ਹੋਇਆ ਓਥੋਂ ਤੁਰ ਜਾਂਦਾ ਹੈ..."ਭਲਾ ਇਹ ਕੀ ਫੈਸ਼ਨ ਹੋਇਆ? ਬਈ ਨਵੀਂ ਪੈਂਟ ਨੂੰ ਗੋਡਿਆਂ ਤੋਂ ਪਾੜ ਲਓ ਜਾਂ ਬਲੇਡ ਨਾਲ ਗੋਡਿਆਂ ਕੋਲੋਂ ਕੱਟ ਲਓ..... ਜੇ ਕੋਈ ਸਮਝਾਵੇ ਤਾਂ ਘੜਿਆ ਘੜਾਇਆ ਓਹੀਓ ਜਵਾਬ ....ਬਈ ਇਹ ਫੈਸ਼ਨ ਆ ...... ਥੋਡੀ ਸਮਝੋਂ ਬਾਹਰ ਆ ।"
ਅਜੇ ਥੋੜਾ ਅੱਗੇ ਗਿਆ ਤਾਂ ਦੋ ਮੁੰਡੇ ਬਿਨਾਂ ਹੈਲਮਟ ਤੋਂ ਮੋਟਰ- ਸਾਇਕਲ 'ਤੇ ਆਉਂਦੇ ਦਿਖਾਈ ਦਿੱਤੇ। ਭਲਾ ਹੈਲਮਟ ਨਾ ਪਾਉਣਾ ਵੀ ਫੈਸ਼ਨ ਹੋਇਆ। ਬਿਲਕੁਲ ਸਹੀ ਸਮਝਿਆ .... ਜੇ ਉਹ ਹੈਲਮਟ ਪਾ ਕੇ ਚਲਾਉਣਗੇ ਤਾਂ ਉਹਨਾਂ ਦਾ ਹੇਅਰ ਸਟਾਈਲ ਨਾ ਖਰਾਬ ਹੋ ਜਾਵੇਗਾ ।ਕੰਡੇਰਨੇ ਵਾਂਗ ਖੜ੍ਹੇ ਕੀਤੇ ਵਾਲ਼ਾਂ ਦਾ ਤਾਂ ਨਾਸ ਹੀ ਮਾਰ ਦੇਵੇਗਾ ਇਹ ਹੈਲਮਟ।ਭਾਂਤ -ਭਾਂਤ ਦੀਆਂ ਕਰੀਮਾਂ ਲਾ ਕੇ ਵਾਲ ਜੋ ਸੈਟ ਕੀਤੇ ਹੋਏ ਨੇ.. ਜੇ ਹੈਲਮਟ ਪਾ ਲਿਆ ਤਾਂ ਸਾਰੀ ਕੀਤੀ ਮਿਹਨਤ ਬਰਬਾਦ ਨਾ ਹੋ ਜਾਵੇਗੀ ਵਿਚਾਰਿਆਂ ਦੀ।
ਰਹਿੰਦੀ ਕਸਰ ਫੋਨਾਂ ਨੇ ਪੂਰੀ ਕਰ ਦਿੱਤੀ। ਈਅਰਫੋਨ ਕੰਨਾਂ ਵਿੱਚ ਲਾ ਕੇ ਨਚਾਰਾਂ ਵਾਂਗੂ ਹਿੱਲਦਾ ਆਪਣੇ ਹੀ ਲੋਰ 'ਚ ਇੱਕ ਹੋਰ ਤੁਰਿਆ ਆਵੇ । ਜਦੋਂ ਉਹ ਦਵਾਈਆਂ ਦੀ ਦੁਕਾਨ 'ਚ ਵੜਨ ਲੱਗਾ ਤਾਂ ਓਥੇ ਖੜ੍ਹੀ ਬੇਬੇ ਨੂੰ ਲੱਗਾ ਕਿ ਖੌਰੇ ਏਸ ਨੂੰ ਕੋਈ ਮਿਰਗੀ ਦਾ ਦੌਰਾ ਪੈ ਗਿਆ ਹੋਵੇ...."ਵੇ ਪੁੱਤ ਸੰਭਲ ਕੇ।" ........"ਬੇਬੇ ਤੂੰ ਘਾਬਰ ਨਾ .... ਇਸ ਨੂੰ ਕੁਝ ਨਹੀਂ ਹੋਇਆ ......ਇਹ ਮਿਰਗੀ ਦਾ ਦੌਰਾ ਨਹੀਂ ਇਹਨਾਂ ਨੂੰ ਤਾਂ ਫੈਸ਼ਨ ਦਾ ਦੌਰਾ ਪਿਆ ਹੋਇਆ ਹੈ।" ਬੇਬੇ ਦੇ ਚਿੱਤ ਦਾ ਡਰ ਤੇ ਗਲਤ ਫਹਿਮੀ ਨੂੰ ਦੂਰ ਕਰਦਿਆਂ ਮੈਂ ਕਿਹਾ। ਜਦੋਂ ਏਹੋ ਜਿਹੇ ਦੋ-ਚਾਰ 'ਕੱਠੇ ਹੋ ਕੇ ਤੁਰਦੇ ਹੋਣ ਤੇ ਜੇ ਇੱਕ ਢੋਲਕੀ ਵਾਲ਼ਾ ਨਾਲ਼ ਰਲ਼ ਜਾਵੇ ਤਾਂ ਆਮ ਬੰਦਾ ਤਾਂ ਇਹਨਾਂ ਨੂੰ ਨਚਾਰਾਂ ਦਾ ਟੋਲਾ ਹੀ ਸਮਝੇਗਾ।"
ਪੱਲੇ ਨਾ ਧੇਲਾ
ਹੱਥ 'ਚ ਮੋਬਾਇਲ
ਫੈਸ਼ਨ ਮੇਲਾ।
ਵਰਿੰਦਰਜੀਤ ਸਿੰਘ ਬਰਾੜ
ਬਰਨਾਲਾ
ਨੋਟ: ਇਹ ਪੋਸਟ ਹੁਣ ਤੱਕ 48 ਵਾਰ ਵੇਖੀ ਗਈ।