ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਕਮਲਾ ਘਟਾਔਰਾ. Show all posts
Showing posts with label ਕਮਲਾ ਘਟਾਔਰਾ. Show all posts

27 Aug 2017

ਮੇਰੀ ਨਜ਼ਰ 'ਚ -ਡਾ. ਹਰਦੀਪ ਕੌਰ ਸੰਧੂ ਦੀਆਂ ਮਿੰਨੀ ਕਹਾਣੀਆਂ

Image result for my thoughts clipart
ਉਹੀਓ ਸਾਹਿਤ ਲੰਬੇ ਸਮੇਂ ਤੱਕ ਟਿਕਿਆ ਰਹਿ ਸਕਦਾ ਹੈ ਜੋ ਸਮੇਂ ਦੇ ਨਾਲ ਚੱਲਦਾ ਹੈ। ਜਿਹੜਾ ਲੋਕਾਂ ਨੂੰ ਝੰਜੋੜ ਕੇ ਰੱਖ ਦੇਵੇ ਤੇ ਦਿਲਾਂ 'ਚ ਵੱਸ ਜਾਏ। ਕਦੇ ਭਾਵਕ ਕਰ ਦੇਵੇ ਤੇ ਕਦੇ ਅੱਖਾਂ 'ਚ ਪਾਣੀ ਭਰ ਦੇਵੇ। ਇਨਸਾਨ ਦੇ ਅੰਦਰ ਸੁੱਤੀ ਮਾਨਵਤਾ ਨੂੰ ਜਗਾ ਦੇਵੇ। ਸਕਰਾਤਮਿਕ ਸੋਚ ਨੂੰ ਲੋਕਾਂ ਤੱਕ ਪਹੁੰਚਾਏ। 
    ਅੱਜ ਮਨੁੱਖ ਐਨਾ ਰਸਤੇ ਤੋਂ ਭਟਕ ਚੁੱਕਿਆ ਹੈ ਕਿ ਉਸ ਨੂੰ ਕਿਸੇ ਰਿਸ਼ਤੇ ਦੀ ਕਦਰ ਹੀ ਨਹੀਂ ਰਹੀ। ਸੁਆਰਥ ਤੇ ਸੁੱਖ ਅਰਾਮ ਨੇ ਉਸ ਨੂੰ ਖੁਦਗਰਜ਼ ਬਣਾ ਦਿੱਤਾ ਹੈ। ਲੇਖਕ ਸਮਾਜ 'ਚ ਛੁਪੇ ਹੋਏ ਉਨ੍ਹਾਂ ਹੀਰਿਆਂ ਨੂੰ ਵੀ ਲੱਭ ਲੈਂਦਾ ਹੈ ਜੋ ਦੂਜਿਆਂ ਲਈ ਇੱਕ ਮਿਸਾਲ ਦਾ ਕੰਮ ਕਰ ਜਾਂਦੇ ਹੋਣ। 
     ਅੱਜ ਮੈਂ ਡਾ. ਹਰਦੀਪ ਕੌਰ ਸੰਧੂ ਦੀਆਂ ਮਿੰਨੀ ਕਹਾਣੀਆਂ ਦੀ ਗੱਲ ਕਰਾਂਗੀ ਤੇ ਉਸ ਦੀ ਪਾਰਖੂ ਨਜ਼ਰ ਦੀ। ਉਸ ਦੀ ਲਿਖੀ 'ਮਿਲਣੀ' ਦਾ ਪਾਤਰ ਜੋ ਇੱਕ ਰਿਕਸ਼ੇਵਾਲਾ ਹੈ , ਇੱਕ ਅਣਜਾਣ  ਤੇ ਜੋਤਹੀਣ ਇਨਸਾਨ ਦੀ ਮਦਦ ਕਰਦਾ ਹੈ। ਉਸ ਦੇ ਮੋਹ ਭਰੇ ਮੁਸਕਰਾ ਕੇ ਕਹੇ ਸ਼ਬਦ ਰਿਕਸ਼ੇਵਾਲੇ ਨੂੰ ਐਨਾ ਪ੍ਰਭਾਵਿਤ ਕਰ ਦਿੰਦੇ ਨੇ ਕਿ ਉਹ ਵੀ ਉਹੋ ਜਿਹੀ ਮੁਸਕਾਨ ਵੰਡਣ ਕੇ ਉਸ ਨੂੰ ਯਾਦ ਕਰਦਾ ਰਹਿੰਦਾ ਹੈ। ਜਾਣੋ ਉਸ ਸਵਾਰ ਦੇ ਨਾਲ ਉਸ ਦਾ ਰੂਹ ਦਾ ਰਿਸ਼ਤਾ ਜੁੜ ਗਿਆ ਹੋਵੇ। 
      ਇਸੇ ਤਰਾਂ ਅਸੀਂ ਸਮਾਜ ਦੇ ਇੱਕ ਅਲਗ ਵਰਤਾਰੇ ਦਾ ਚਿੱਤਰ ਵੀ ਦੇਖਦੇ ਹਾਂ। ਅੱਜ ਲੋਕ ਦੂਜੇ ਦੀ ਹਮਦਰਦੀ ਨੂੰ , ਉਨ੍ਹਾਂ ਦੇ ਨਿਰਸਵਾਰਥ ਮੋਹ ਪਿਆਰ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ। ਇਹ ਵੀ ਅੱਜ ਦੀ ਇੱਕ ਹੋਰ ਸਚਾਈ ਹੈ ਜਿਸ ਨੂੰ ਹਰਦੀਪ ਜੀ ਨੇ 'ਬੇਵਜ੍ਹਾ'    ਕਹਾਣੀ 'ਚ ਬਹੁਤ ਖੂਬਸੂਰਤੀ ਨਾਲ ਉਕਰਿਆ ਹੈ। ਕਹਾਣੀ ਦੀ ਨਾਇਕਾ ਬਜ਼ੁਰਗ ਮਾਤਾ ਪਿਤਾ ਦੇ ਦੁੱਖ ਦਰਦ ਨੂੰ ਸੁਣ ਕੇ ਕੁਝ ਘੱਟ ਕਰਨ ਦੇ ਇਰਾਦੇ ਨਾਲ ਉਨ੍ਹਾਂ ਦੇ ਘਰ ਜਾਂਦੀ ਹੈ , ਜਿੰਨ੍ਹਾਂ ਦੇ ਨੌਜਵਾਨ ਪੁੱਤ ਦੀ ਮੌਤ ਹੋ ਚੁੱਕੀ ਹੈ। ਉਸ ਦੇ ਮਾਤਾ ਪਿਤਾ ਦਾ ਵਿਰਲਾਪ ਨਾਇਕਾ ਨੂੰ ਝੰਜੋੜ ਦਿੰਦਾ ਹੈ। ਉਹ ਮਾਨਵਤਾ ਦਾ ਧਰਮ ਨਿਭਾਉਣ ਬਿਨਾਂ ਵਜ੍ਹਾ ਓਥੇ ਆਉਂਦੀ ਜਾਂਦੀ ਹੈ ਤਾਂ ਉਸ 'ਤੇ ਵੀ ਸ਼ੱਕ ਦੀ ਉਂਗਲੀ ਉੱਠਣ ਲੱਗਦੀ ਹੈ। ਲੋਕਾਂ ਦੀ ਘਟੀਆ ਸੋਚ ਨੂੰ ਉਜਾਗਰ ਕਰਦੀ ਹੈ ਇਹ ਕਹਾਣੀ ਕਿਤੇ ਘੱਟ ਪ੍ਰਭਾਵਿਤ ਨਹੀਂ ਕਰਦੀ। 
     ਆਪਣੀ 'ਖੁਰਕ' ਕਹਾਣੀ ਰਾਹੀਂ ਅੱਜ ਦੇ ਯੁਵਕ ਵਰਗ ਨੂੰ ਰਾਹ 'ਤੇ ਲਿਆਉਣ ਦੀ ਕੋਸ਼ਿਸ਼ ਨੂੰ ਸੈਂਕੜੇ ਲੋਕਾਂ ਨੇ ਸਲਾਹਿਆ ਹੈ , ਪੜ੍ਹਿਆ ਹੈ। ਅੱਜ ਦਾ ਨੌਜਵਾਨ ਵਰਗ ਇਸ ਤਰਾਂ ਬੇਸ਼ਰਮੀ 'ਤੇ ਉਤਰ ਆਇਆ ਹੈ ਕਿ ਹਰ ਰਾਹ ਜਾਂਦੀ ਜਾਂ ਸਹਿ ਯਾਤਰੀ ਕੁੜੀ /ਔਰਤ ਨਾਲ ਛੇੜਛਾੜ ਕਰਨ ਤੋਂ ਬਾਜ਼ ਨਹੀਂ ਆਉਂਦਾ। ਇਸ 'ਤੇ ਨਾਇਕਾ ਨੇ ਸਾਹਸਪੂਰਣ ਕਹੇ ਸ਼ਬਦ ਉਸ ਯੁਵਕ ਨੂੰ ਸ਼ਰਮਸਾਰ ਕਰ ਦਿੰਦੇ ਨੇ। ਅਨੇਕਾਂ ਕੁੜੀਆਂ ਨੂੰ ਅਜਿਹੇ ਮਨਚਲਿਆਂ ਨਾਲ ਨਿਪਟਣ ਦਾ ਜਾਣੋ ਰਾਹ ਦਿਖਾ ਰਹੀ ਹੈ , ਕੁੜੀਆਂ 'ਚ ਸਾਹਸ ਭਰ ਰਹੀ ਹੈ । ਉਨ੍ਹਾਂ ਦੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਸਲਾਹ ਦੇ ਰਹੀ ਇਹ ਕਹਾਣੀ। ਜਿਸ ਦੀ ਸਾਡੀ ਧੀਆਂ -ਭੈਣਾਂ ਨੂੰ ਬਹੁਤ ਜ਼ਿਆਦਾ ਲੋੜ ਹੈ।
  ਆਪ ਦੀਆਂ ਚੁਣਿੰਦਾ ਕਹਾਣੀਆਂ 'ਚੋਂ ਪਹਿਲੀ ਸ਼੍ਰੇਣੀ 'ਚ ਹੈ 'ਚੁੰਨੀ ਵਾਲਾ ਸੂਟ' ਕਹਾਣੀ ਆਉਂਦੀ ਹੈ। ਜਿਸ ਵਿੱਚ ਵਿਦੇਸ਼ ਦੇ ਰੰਗ 'ਚ ਰੰਗਿ ਇੱਕ ਪੰਜਾਬਣ ਦੇ ਦਿਲ ਤੇ ਦਿਮਾਗ ਦੇ ਸੰਘਰਸ਼ ਨੂੰ ਦਿਖਾ ਕੇ ਆਪਣੇ ਦੇਸ਼ ਅਤੇ ਪੰਜਾਬੀ ਸੂਟ ਦਾ ਮਾਣ ਰੱਖਿਆ ਗਿਆ ਹੈ। ਨਾਇਕਾ ਸ਼ਾਪਿੰਗ ਮਾਲ 'ਚੋਂ ਸਮਾਂ ਦੀ ਟਰਾਲੀ ਰਾਹ ਵਿਚਕਾਰ ਛੱਡ ਕੇ ਅੱਗੇ ਜਾਣ ਬਾਰੇ ਸੋਚਦੀ ਹੈ। ਓਦੋਂ ਹੀ ਉਸ ਨੂੰ ਖਿਆਲ ਆਉਂਦਾ ਹੈ , " ਕੁੜੇ ਤੂੰ ਕੀ ਕਰਨ ਲੱਗੀ ਹੈਂ ? ਲੋਕ ਤੈਨੂੰ ਕੀ ਕਹਿਣਗੇ ? ਟਰਾਲੀ ਜੇ ਰਾਹ 'ਚ ਛੱਡ ਦੇਵੇਂਗੀ , ਜੋ ਲੋਕ ਤੈਨੂੰ ਦੇਖ ਰਹੇ ਨੇ , ਤੇਰੇ ਸੂਟ ਤੋਂ ਤੇਰੇ ਦੇਸ਼ ਨੂੰ ਪਛਾਣ ਇਸ ਦੀ ਨਿੰਦਾ ਕਰਨਗੇ। ਅਜਿਹਾ ਨਾ ਕਰ। ਤੇ ਉਹ ਦਿਲ ਤੇ ਦਿਮਾਗ ਦੋਵਾਂ ਤੋਂ ਕੰਮ ਲੈਂਦੀ ਹੈ। 
  "ਔਰਤ ਬਨਾਮ ਮਾਂ" ਵਿੱਚ ਉਸ ਨੇ ਉਨ੍ਹਾਂ ਲੋਕਾਂ ਨੂੰ ਚਿੱਤਰਿਆ ਹੈ ਜੋ ਹਵਸ ਦੇ ਲਈ ਔਰਤ ਦੀ ਪੱਤ ਦੇ ਪਰਖਚੇ ਉਡਾਉਣ ਲਈ ਸੁੰਨਸਾਨ ਜਗ੍ਹਾ ਘੇਰ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਨੇ। ਇਹ ਇੱਕ ਮਹਾਂਮਾਰੀ ਵਾਂਗ ਫੈਲਿਆ ਰੋਗ ਹੈ , ਜਿਸ ਦੀ ਵਜ੍ਹਾ ਨਾਲ ਕੋਈ ਵੀ ਔਰਤ, ਮਾਂ , ਬੇਟੀ ਜਾਂ ਨਿੱਕੀ ਬਾਲੜੀ ਸੁੱਖਿਅਤ ਨਹੀਂ ਹੈ। ਇਹ ਸਾਡੇ ਸਮਾਜ ਦਾ ਹੀ ਨਹੀਂ ਦੁਨੀਆਂ ਦਾ ਅਜਿਹਾ ਘਿਨਾਉਣਾ ਸੱਚ ਹੈ ਕਿ ਇਸ ਨੂੰ ਕੋਈ ਕਾਨੂੰਨ ਨਾ ਕੋਈ ਸਜ਼ਾ ਦੇ ਪਾਉਂਦਾ ਹੈ , ਨਾ ਪ੍ਰਸ਼ਾਸਨ ਇਸ ਨੂੰ ਰੋਕ ਸਕਿਆ ਹੈ। ਮਾਂ -ਬੇਟੀ ਨੂੰ ਜਿਸ ਇਸ ਕਹਾਣੀ 'ਚ ਦਰਿੰਦਿਆਂ ਨੇ ਘੇਰ ਲਿਆ ਤਾਂ ਬੇਟੀ ਨੂੰ ਬਚਾਉਣ ਲਈ ਮਾਂ ਖੁਦ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੀ ਹੈ। ਮਾਂ ਬੱਚਿਆਂ ਦੀ ਰਾਖੀ ਕਰਨ ਲਈ ਕਿਸ ਹੱਦ ਤੱਕ ਜਾ ਸਕਦੀ ਹੈ ਇਸ ਕਹਾਣੀ 'ਚ ਦਿਖਾਇਆ ਗਿਆ ਤੇ ਨਾਲ ਹੀ ਸਮਾਜ ਤੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ  ਦਿੱਤੀ ਗਈ ਹੈ। ਇਹ ਹੋ ਰਿਹਾ ਤੁਹਾਡੇ  ਨੱਕ ਹੇਠ। ਢਿੱਡ ਪਾਲਣ ਲਈ ਅੱਜ ਇੱਕਲੀ ਜੀਵਨ ਜਿਉਣ ਵਾਲੀ ਔਰਤ ਕਿਤੇ ਕੰਮ ਕਰਨ ਲਈ ਵੀ ਕਿਉਂ ਜਾ ਆ ਨਹੀਂ ਸਕਦੀ ਇਹਨਾਂ ਦਰਿੰਦਿਆਂ ਦੀ ਮੌਜੂਦਗੀ 'ਚ। ਹੁਣ ਤਾਂ ਜਾਗੋ ਦੁਨੀਆਂ ਦੇ ਲੋਕੋ। ਜਿਵੇਂ ਕਹਾਣੀ ਚੀਕ -ਚੀਕ ਕੇ ਪੁਕਾਰ ਰਹੀ ਹੋਵੇ। 
           ਨਾਰੀ ਦੀ ਪੀੜਾ ਦਾ ਤਾਂ ਅੰਤ ਹੀ ਨਹੀਂ। ਬਚਪਨ ਤੋਂ ਜਵਾਨੀ ਦੇ ਸੰਘਰਸ਼ਮਈ ਮੰਜ਼ਿਲਾਂ ਪਾਰ ਕਰਦੇ ਜਦ ਬੁਢਾਪੇ 'ਚ ਆਉਂਦੀ ਹੈ ਤਾਂ ਉਸ ਨੂੰ ਲੱਗਦਾ ਹੈ ਹੁਣ ਉਹ ਕੁਝ ਦਿਨ ਸੁੱਖ ਨਾਲ ਜਿਉਂ ਲਵੇਗੀ , ਪਰ ਕਿੱਥੇ ? ਉਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਤਾਂ ਘਰ 'ਚ ਇੱਕ ਬੇਕਾਰ ਸਮਾਨ ਦੀ ਤਰ੍ਹਾਂ ਹੋ ਜਾਂਦੀ ਹੈ। ਜਦ 'ਬਟਵਾਰਾ' ਕਹਾਣੀ 'ਚ ਚੀਜ਼ਾਂ ਦਾ ਬਟਵਾਰਾ ਹੁੰਦਾ ਹੈ ਤਾਂ ਉਸ ਦਿਨ ਸੰਤਾਨ ਉਸ ਵੱਲ ਨਹੀਂ। ਇਹ ਸਵਾਲ ਮਾਂ ਦੇ ਮਨ 'ਚ ਉੱਠਦਾ ਹੈ ਕਿ ਮੈਂ ਕਿਸ ਦੇ ਹਿੱਸੇ ਆਈ ਹਾਂ ? ਉਸ ਦਾ ਇਹ ਦਰਦ ਪਾਠਕ ਨੂੰ ਅੰਦਰ ਤੱਕ ਹਿਲਾ ਦੇਣ ਦੀ ਤਾਕਤ ਨਾਲ ਭਰਿਆ ਹੋਇਆ ਹੈ। 
          ਅਜਿਹਾ ਹੀ ਬੱਚਿਆਂ ਦਾ ਚਿਹਰਾ ਇੱਕ ਹੋਰ ਕਹਾਣੀ 'ਚ ਸਾਹਮਣੇ ਆਉਂਦਾ ਹੈ। ਜਦੋਂ ਸਭ ਘਰ 'ਚ ਹੁੰਦੇ ਹੋਏ ਵੀ ਉਹ ਬਾਹਰ ਜਿੰਦਰਾ ਲਾ ਕੇ ਦਿਖਾਉਂਦੇ ਨੇ ਕਿ ਘਰ 'ਚ ਕੋਈ ਨਹੀਂ ਹੈ। ਉਸ ਜਿੰਦਰੇ ਨੂੰ ਵੇਖ ਕੇ ਬੁੱਢੇ ਮਾਂ -ਬਾਪ ਨੂੰ ਦਰ -ਦਰ ਭਟਕਣਾ ਪੈਂਦਾ ਹੈ। ਪੁੱਤਰਾਂ ਲਈ ਘਰ ਬਨਾਉਣ ਵਾਲੇ ਮਾਪਿਆਂ ਨੂੰ ਹੁਣ ਛੱਤ ਨਸੀਬ ਨਹੀਂ ਹੁੰਦੀ। ਪੜ੍ਹਨ ਵਾਲੇ ਦੇ ਦਿਲ 'ਚੋਂ ਸਹਿਜੇ ਹੀ ਕਿਹਾ ਜਾਂਦਾ ਹੈ ਅਜਿਹੀ ਸੰਤਾਂ ਨਾਲੋਂ ਤਾਂ ਬੇ-ਔਲਾਦ ਹੋਣਾ ਬੇਹਤਰ ਹੈ। ਕਹਾਣੀ ਅੱਖਾਂ ਨਮ ਕਰਨ ਤੇ ਅੱਜ ਦੀ ਪੀੜ੍ਹੀ ਦਾ ਕੌੜਾ ਸੱਚ ਸਾਹਮਣੇ ਲਿਆਉਣ 'ਚ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ। ਇੱਥੇ ਮੈਂ "ਨਿਰਮੋਹੇ" ਕਹਾਣੀ ਦਾ ਜ਼ਿਕਰ ਕਰ ਰਹੀ ਹਾਂ। ਜਿਸ 'ਚ ਨੱਬੇ ਸਾਲ ਦੇ ਬਜ਼ੁਰਗ ਕਮਜ਼ੋਰ ਯਾਦਾਸ਼ਤ ਆਪਣੀ ਜੀਵਨ ਸਾਥਣ ਨਾਲ ਦਰ -ਦਰ ਭਟਕ ਰਹੇ ਨੇ। ਇਹ ਓਹੀ ਮਾਪੇ ਨੇ ਜੋ ਆਪਣੀ ਸੰਤਾਂ ਦੀ ਪਰਵਰਿਸ਼ 'ਚ ਆਪਣਾ ਤਨ -ਮਨ ਤੇ ਸੁੱਖ ਅਰਾਮ ਨੌਸ਼ਾਵਰ ਕਰ ਦਿੰਦੇ ਨੇ। ਜੀਵਨ ਦੇ ਆਖ਼ਿਰੀ ਪਹਿਰ ਆਉਣ 'ਤੇ ਬੱਚੇ ਦੁੱਧ 'ਚ ਪਈ ਮੱਖੀ ਵਾਂਗ ਬਾਹਰ ਕੱਢ ਸੁੱਟ ਦਿੰਦੇ ਨੇ। ਉਹ ਪੱਥਰ ਦਿਲ ਹੋ ਜਾਂਦੇ ਨੇ। ਇਸ ਕਹਾਣੀ 'ਚ ਸ਼ਬਦਾਂ ਰਾਹੀਂ ਉਨ੍ਹਾਂ ਦੀ ਪੀੜਾ ਐਨੀ ਕਲਾਤਮਿਕਤਾ ਨਾਲ ਬਿਆਨ ਕੀਤੀ ਗਈ ਹੈ ਕਿ ਬਿਨਾਂ ਦੇਖੇ ਹੀ ਅਸੀਂ ਉਨ੍ਹਾਂ ਦੇ ਦਰਦ ਦੀ ਟੀਸ ਨਾਲ ਪਸੀਜ ਜਾਂਦੇ ਹਾਂ। ਇਹਨਾਂ ਸਤਰਾਂ 'ਤੇ ਜ਼ਰਾ ਗੌਰ ਕਰੋ ," ਬਾਪੂ ਦੇ ਚੀਸਾਂ ਭਰੇ ਜੀਵਨ ਦੇ ਅੱਲੇ ਜ਼ਖਮ ਆਪੂੰ ਫਿੱਸ ਪਏ , ਘਰ ਦੇ ਬਾਹਰ ਐਡਾ ਜਿੰਦਾ ਲਮਕਦੈ , ਹੈਗੇ ਤਾਂ ਉਹ ਅੰਦਰੇ ਪਰ ਸਾਨੂੰ ਬਾਰ ਨੀ ਖੋਲ੍ਹਦੇ। " ਇੱਕ ਬੁੱਢਾਪਾ ਤੇ ਉਸ ਦੇ ਉਤੋਂ ਯਾਦਾਸ਼ਤ ਦਾ ਘੱਟ ਜਾਣਾ , ਜੋ ਅੱਜ ਵਡੇਰੀ ਉਮਰ 'ਚ ਬਹੁਤ ਲੋਕਾਂ ਨੂੰ ਘੇਰ ਰਿਹਾ ਹੈ। ਇਸ ਵਕਤ ਆਪਣਿਆਂ ਦਾ ਸਾਥ ਨਾ ਮਿਲਣ 'ਤੇ , ਘਰ 'ਚ ਕੋਈ ਨਾ ਤਾਂ ਜੀਵਨ ਨਰਕ ਸਮਾਨ ਬਣ ਜਾਂਦਾ ਹੈ। ਲੋਕ ਤਾਂ ਆਪਣਾ ਨਾਮ ਤੱਕ ਭੁੱਲ ਜਾਂਦੇ ਨੇ। ਇਹਨਾਂ ਮਾਤਾ -ਪਿਤਾ ਦੀ ਪੀੜਾ ਦਾ ਤਾਂ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। 
    ਹਰਦੀਪ ਜੀ ਨੇ ਇਹ ਕਹਾਣੀਆਂ ਆਪਣੇ ਵਕਤ ਦੇ ਸਮਾਜ ਵਿੱਚੋਂ ਚੁਣੀਆਂ ਹਨ। ਤਾਂਕਿ ਲੋਕਾਂ 'ਚ ਸੰਵੇਦਨਾ ਜਾਗੇ। ਆਪਣੇ ਅੰਦਰ ਉਨ੍ਹਾਂ ਦੀ ਪੀੜਾ ਨੂੰ ਮਹਿਸੂਸ ਕਰਨ। ਕੁਝ ਸੋਚਣ। ਕੱਲ ਨੂੰ ਬਜ਼ੁਰਗ ਬਣਨ ਵਾਲੀ ਪੀੜ੍ਹੀ ਇਹ ਮਹਿਸੂਸ ਕਰ  ਇਸ ਸੰਸਾਰ 'ਚ ਹੀ ਸਵਰਗ ਨਰਕ ਹੈ। ਮਾਂ -ਬਾਪ ਦੀ ਸੇਵਾ ਦੇਖਭਾਲ ਹੀ ਸੱਚਾ ਸੁੱਖ ਹੈ। ਜਿਨ੍ਹਾਂ ਨੇ ਸਾਨੂੰ ਸੰਸਾਰ ਦਿਖਾਇਆ।ਸਾਡਾ ਪਾਲਣ ਪੋਸ਼ਣ ਕੀਤਾ। ਜੀਵਨ 'ਚ ਕੁਝ ਬਣਾ ਕੇ ਪੈਰਾਂ 'ਤੇ ਖੜ੍ਹਾ ਹੋਣਾ ਸਿਖਾਇਆ। ਉਨ੍ਹਾਂ ਦੇ ਚਰਨ ਪੂਜ ਕੇ ਅਸੀਸ ਚਾਹੀਦੀ ਹੈ ਨਾ ਕਿ ਉਨ੍ਹਾਂ ਦੇ  ਰਹਿੰਦੇ ਜੀਵਨ ਨੂੰ ਨਰਕ ਸਮਾਨ ਬਣਾ ਕੇ ਆਪਣੇ ਲਈ ਲੋਕਾਂ ਦੀ ਨਫ਼ਰਤ ਦਾ ਕਾਰਨ ਬਣਨਾ ਚਾਹੀਦਾ ਹੈ। ਇੱਕ ਮਿੰਨੀ ਕਹਾਣੀਕਾਰ ਦੀ ਸਭ ਤੋਂ ਵੱਡੀ ਸਫਲਤਾ ਇਹੋ ਹੁੰਦੀ ਹੈ ਕਿ ਉਸ ਦੀ ਰਚਨਾ ਕੁਝ ਸ਼ਬਦਾਂ 'ਚ ਆਪਣਾ ਗਹਿਰਾ ਅਸਰ ਛੱਡ ਜਾਂਦੀ ਹੈ। ਪੜ੍ਹਨ ਵਾਲਾ ਸੋਚਦਾ ਕਿ ਕਹਾਣੀ ਪੂਰੀ ਹੋ ਗਈ ? ਕਹਾਣੀ ਦਾ ਨਤੀਜਾ ਕੀ ਨਿਕਲਿਆ ? ਪਾਠਕ ਆਪਣੀ ਸੋਚ ਅਨੁਸਾਰ ਫੈਸਲਾ ਕਰਦਾ ਹੈ। ਡਾ ਹਰਦੀਪ ਕੌਰ ਸੰਧੂ ਦੀ ਹਰ ਕਹਾਣੀ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ। 

ਕਮਲਾ ਘਟਾਔਰਾ 
ਯੂ ਕੇ 

ਨੋਟ : ਇਹ ਪੋਸਟ ਹੁਣ ਤੱਕ 95 ਵਾਰ ਪੜ੍ਹੀ ਗਈ ਹੈ।
 ਲਿੰਕ 1           ਲਿੰਕ 2           ਲਿੰਕ 3

24 Aug 2017

ਸਾਨੂੰ ਕੀ?

Image result for we don't care clipartਉਹ ਬੀਬਾ ਬੱਸ ਦੀ ਉਡੀਕ 'ਚ ਬੈਠੀ ਸੀ ।ਉਸਦੇ ਕੋਲ਼ ਇੱਕ ਬਜ਼ੁਰਗ ਮਹਿਲਾ ਵੀ ਬੱਸ ਦੀ ਉਡੀਕ ਕਰ ਰਹੀ ਸੀ। ਅਕਸਰ ਕਈ ਲੋਕ ਅਣਜਾਣੇ ਹੀ ਵਕਤ ਗੁਜਾਰਣ ਲਈ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਉਸ ਬੀਬਾ ਨੂੰ ਏਹ ਆਦਤ ਨਹੀਂ ਸੀ ।
ਲੇਕਿਨ ਗੱਲ ਸ਼ੁਰੂ ਹੋ ਜਾਏ ਤਾਂ ਆਪਣੇ ਆਪ ਝਿਜਕ ਮਿਟ ਜਾਂਦੀ ਹੈ ।ਗੱਲ  ਸ਼ੁਰੂ ਹੋਣ ਦਾ ਸਬੱਬ ਬਣ ਹੀ ਗਿਆ । ਸਾਹਮਣਿਓਂ ਇੱਕ ਮੁਟਿਆਰ ਆਪਣੀ ਬੇਟੀ ਨਾਲ ਬੱਸ ਸਟਾਪ ਦੀ ਜਗ੍ਹਾ ਉਨ੍ਹਾਂ ਦੇ ਸਾਹਮਣਿਓਂ ਲੰਘੀ। ਉਹ ਮਹਿਲਾ ਮੁਬਾਇਲ 'ਤੇ ਅੱਖਾਂ ਗੱਡੀ ਉਗਲਾਂ ਤੇਜ ਕਦਮੋਂ ਨਾਲ ਅੱਗੇ ਲੰਘ ਗਈ। ਪਿੱਛੇ ਆ ਰਹੀ ਉਸ ਦੀ ਪੰਚ -ਛੇ ਸਾਲ ਦੀ ਬੇਟੀ ਕੁਝ ਖਾਂਦੇ ਆ ਰਹੀ ਸੀ। ਖਾਂਦੇ -ਖਾਂਦੇ ਖਾਲੀ ਪੈਕਟ ਉੱਥੇ ਹੀ ਸੁੱਟ ਦਿੱਤਾ ਜਿੱਥੇ ਬੱਸ ਨੇ ਰੁਕਣਾ ਸੀ। ਸਾਹਮਣੇ ਹੀ ਕੂੜਾਦਾਨ ਵੀ ਪਿਆ ਸੀ। 
  ਉਹ ਦੋਵੇਂ ਇਸ ਦ੍ਰਿਸ਼ ਨੂੰ ਦੇਖ ਹੈਰਾਨ ਰਹਿ ਗਈਆਂ । "ਕਿਹੋ ਜਿਹੀ ਮਾਂ ਹੈ ?" ਬਜ਼ੁਰਗ ਮਹਿਲਾ ਕੋਲ ਬੈਠੀ ਬੀਬਾ ਨੂੰ ਕਹਿਣ ਲੱਗੀ। ਇਸ ਨੂੰ ਬੱਚੇ ਦੀ ਕੋਈ ਫਿਕਰ ਨਹੀਂ। ਚਾਹੇ ਪਿੱਛੇ ਬੱਸ ਆ ਜਾਂਦੀ। ਹੋਰ ਨਾ ਸਹੀ ਇੱਥੋਂ ਦੇ ਕਾਨੂੰਨ ਦਾ ਤਾਂ ਪਤਾ ਹੀ ਹੋਵੇਗਾ। 
"ਹਾਂ ਜੀ ਆਪ ਠੀਕ ਕਹਿ ਰਹੇ ਹੋ। ਨਵੀਂ ਆਈ ਲੱਗਦੀ ਹੈ।"  ਬੀਬਾ  ਵੀ ਬੋਲ ਪਈ।  ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਬਜ਼ੁਰਗ ਮਹਿਲਾ ਕਹਿਣ ਲੱਗੀ ," ਮਜਾਲ ਹੈ ਅਸੀਂ ਕਦੇ ਮਾਂ ਬਾਪ ਕੀ ਸਿੱਖਿਆ ਨੂੰ ਭੁਲਾਇਆ ਹੋਵੇ। ਇੱਥੇ ਆ ਕੇ ਵੀ ਬੱਚਿਆਂ ਨੂੰ ਓਸੇ ਤਰਾਂ ਸਲੀਕਾ ਸਿਖਾਇਆ ਹੈ। ਇੱਥੇ ਤਾਂ ਛੋਟੀ ਉਮਰ 'ਚ ਹੀ ਬੱਚੇ ਸਭ ਸਿੱਖ ਲੈਂਦੇ ਨੇ। ਇਸ ਨੂੰ ਤਾਂ ਜਿਵੇਂ ਕੁਝ ਪਤਾ ਹੀ ਨਹੀਂ ਹੈ। ਬੇਟੀ ਨੂੰ ਕੁਝ ਸਿਖਾਇਆ ਹੀ ਨਹੀਂ ਲੱਗਦਾ।" 
ਬੀਬਾ ਬੋਲੀ , "ਉਸ ਨੂੰ ਕਹਾਂ ਬੁਲਾ ਕੇ ਕਿ ਇੱਥੇ ਕੂੜਾ ਰਾਹ 'ਚ ਨਹੀਂ ਕੂੜੇਦਾਨ 'ਚ ਸੁੱਟਣਾ ਹੈ।"
ਬਜ਼ੁਰਗ ਮਹਿਲਾ ਬੋਲੀ," ਨਾ ਰਹਿਣ ਦੇ। ਕਿਸੇ ਨੂੰ ਕੁਝ ਕਹਿਣਾ ਤਾਂ ਇਓਂ ਹੈ ਜਿਸਨ ਆ ਬੈਲ ਮੁਝੇ ਮਾਰ। ਕੋਈ ਕੁਝ ਗਲਤ ਹੁੰਦਾ ਦੇਖ ਸਾਥੋਂ ਰੂਕੀਆ ਨਹੀਂ ਜਾਂਦਾ ਸਮਝਾਉਣ ਲੱਗਦੇ ਹਾਂ। ਇੱਕ ਵਾਰ ਮੈਂ ਕਿਸੇ ਨੂੰ ਕਹਿ ਬੈਠੀ ਬੀਬਾ ਬੱਚੇ ਦਾ ਹੱਥ ਫੜ ਕੇ ਨਾਲ ਚੱਲ । ਕਿਤੇ ਸੜਕ 'ਤੇ ਨਾ ਚੱਲਿਆ ਜਾਵੇ।ਉਹ ਬੋਲੀ, "ਮਾਤਾ ਜੀ ਚਲੇ ਜਾਏਗਾ ਤਲਕੀਫ ਮੈਨੂੰ ਹੋਵੇਗੀ ਕਿ ਆਪ ਨੂੰ  ? ਆਪ ਆਪਣੇ ਰਸਤੇ।"ਓਦੋਂ ਤੋਂ ਮੈਂ ਕਿਸੇ ਦੀ ਕਿਸੇ ਵੀ ਗੱਲ 'ਤੇ ਟੋਕਣਾ ਛੱਡ ਦਿੱਤਾ ਹੈ। ਸਾਨੂੰ ਕੀ ? ਆਪਣੀ ਬੇਇਜ਼ਤੀ ਥੋੜੇ ਕਰਵਾਉਣੀ ਹੈ। " 
ਬੀਬਾ "ਸਾਨੂੰ ਕੀ"  ਦੀ ਸੋਚਾਂ 'ਚ ਡੁੱਬੀ ਬੱਸ 'ਚ ਬੈਠ  ਗਈ । "ਸਾਨੂੰ ਕੀ" ਨਹੀਂ ਤਾਂ ਫਿਰ ਕਿਸ ਨੂੰ ਕੁਝ ਹੋਵੇਗਾ। ਸਮਾਜ ਦਾ ਅਸੀਂ ਵੀ ਇੱਕ ਹਿੱਸਾ ਹਾਂ। ਜੋ ਹੁੰਦਾ , ਹੁੰਦਾ ਰਹੇ ਤਾਂ ਗਲਤ ਨੂੰ ਸਹੀ ਕਰਨ ਰੋਕਣ ਕੌਣ ਅੱਗੇ ਆਵੇਗਾ ? 

ਕਮਲਾ ਘਟਾਔਰਾ 
ਯੂ ਕੇ.

ਨੋਟ : ਇਹ ਪੋਸਟ ਹੁਣ ਤੱਕ  101 ਵਾਰ ਪੜ੍ਹੀ ਗਈ ਹੈ।

ਲਿੰਕ 1            ਲਿੰਕ 2           ਲਿੰਕ 3

10 Jul 2017

ਰਿਸ਼ਤੇ ਮਾਨਵਤਾ ਦੇ

Image result for humanityਸੱਚੇ ਤੇ ਸੁੱਚੇ 
ਸਭ ਤੋਂ ਉੱਚੇ
ਰਿਸ਼ਤੇ ਮਾਨਵਤਾ ਦੇ
ਰੱਬ ਬਣ ਟੱਕਰਣ
ਦਿਲੋਂ ਨਾ ਵਿਸਰਣ
ਜਦ ਜਦ ਠੋਕਰ ਖਾਈਏ 
ਬਾਂਵ ਫੜ ਉਠਾਵਣ ।
ਅੱਥਰੂ ਪੂੰਝ ਦੇਵਣ ਹੌਸਲਾ
ਜਿਵੇਂ 
ਅਰਸ਼ੋਂ ਉਤਰੇ ਫਰਿਸ਼ਤੇ
ਰਿਸ਼ਤੇ ਮਾਨਵਤਾ ਦੇ ।
ਗੁਰੂ ਬਣ ਰਾਹ ਸੁਝਾਵਣ
ਇੱਕ ਮੁਸਕਾਨ ਝੋਲੀ ਪਾ ਕੇ
ਦੁੱਖ ਹਨ੍ਹੇਰਾ ਹਰ ਲੈ ਜਾਣ ।
ਜਦ ਜਦ  ਡੋਲੇ ਮਨ
ਉਹ ਸਾਹਮਣੇ ਆ ਖਲੋਵਨ
ਜਿਵੇਂ  ਪਿਆਸੇ ਕੋਲ ਪਾਣੀ 
ਰਿਸ਼ਤੇ ਮਾਨਵਤਾ ਦੇ
ਕਦੇ ਨਾ ਛੁੱਟਣ 
ਕਦੇ ਨਾ ਟੁੱਟਣ 
ਤਪਦੇ ਜੀਵਨ 'ਚ
ਠੰਡੀ ਹਵਾ ਦੇ ਬੁੱਲੇ
ਦਿਲਾਂ 'ਚ ਵਸਣ 

ਪਿਘਲਣ ਬਣ ਮੱਖਣ 
ਦੇਖ ਪੀੜਾ ਵੈਰੀ ਦੀ ਵੀ
ਦਿਲ ਦੇ ਬੂਹੇ ਰੱਖਣ 
ਸਦਾ ਹੀ ਉਹ ਖੁੱਲੇ
ਧੰਨ ਨੇ ਉਹ ਮਾਂਵਾਂ 

ਜਿਨ੍ਹਾਂ ਦੇ ਉਹ ਜਾਏ ।

ਕਮਲਾ ਘਟਾਔਰਾ 
ਯੂ ਕੇ 
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ ਹੈ।


1 May 2017

ਏਹ ਕੈਸਾ ਜੀਵਣਾ ਦਾਤਾ

ਇਹ ਰਚਨਾ ਹਾਇਬਨ 'ਅਧੂਰਾ ਚੰਨ' ਤੋਂ ਪ੍ਰਭਾਵਿਤ ਹੋ ਕੇ ਲਿਖੀ ਗਈ ਹੈ। ਵਿਸ਼ੇਸ਼ ਕਰਕੇ ਇਨ੍ਹਾਂ ਸਤਰਾਂ ਨੇ ਆਪ ਦੇ ਮਨ ਨੂੰ ਜ਼ਿਆਦਾ ਟੁੰਬਿਆ, " ਸਾਹਾਂ ਦੀ ਖ਼ਾਮੋਸ਼ ਧੜਕਣ ਸੁਣਦੀ ਉਸ ਨੇ ਬਾਹਰ ਵੱਲ ਇੱਕ ਵਾਰ ਫੇਰ ਝਾਤੀ ਮਾਰੀ। " ਕਮਲਾ ਜੀ ਦਾ ਕਹਿਣਾ ਹੈ," ਮੇਰੀ ਕਵਿਤਾ ਨਾਰੀ ਦੁੱਖਾਂ ਨੂੰ ਬਿਆਨ ਕਰਦੀ। ਆਪ ਮੂਲ ਤੌਰ 'ਤੇ ਹਿੰਦੀ ਭਾਸ਼ਾ 'ਚ ਲਿਖਦੇ ਨੇ ਪਰ ਆਪ ਦਾ ਕਹਿਣਾ ਹੈ ਕਿ 'ਅਧੂਰਾ ਚੰਨ' ਹਾਇਬਨ ਨੇ ਆਪ ਤੋਂ ਪੰਜਾਬੀ 'ਚ ਲਿਖਵਾ ਦਿੱਤਾ ਲਿਆ। 


Image result for sad indian woman sketchਕੰਡਿਆਂ 'ਤੇ ਸੇਜ ਸਜਾਈ
ਅੱਖੀਆਂ 'ਚੋਂ  ਨੀਂਦ ਉਡਾਈ
ਕਹਿ  ਦਿੱਤਾ ਸੌਂ ਜਾ ਜਾ ਕੇ
ਏਹੀ ਕਰਮ ਫਲ ਤੇਰਾ ?
ਸਦਾ ਇੰਝ ਹੀ ਜਿਉਂਦੀ ਆਈ
ਸਹਿਣਾ ਹੀ ਨਾਮ ਔਰਤ
ਸੁਣ ਸੁਣ ਹੋਠ ਸਿਉਂਦੀ ਅਈ ।
ਘਰੋਂ ਬਾਬੁਲ ਦੇ ਚੱਲੀ ਤਾਂ-
ਮਾਂ ਨੇ ਕੰਨਾਂ 'ਚ ਬੋਲ ਪਾਏ-
'ਬੀਬੀ ਬਣ ਕੇ ਰਹਿਣਾ ਧੀਏ
ਬਾਬੁਲ ਦੀ ਪੱਗ ਨੂੰ ਦਾਗ ਨਾ ਲਾਈਂਂ '
ਸਦੀਆਂ ਤੋਂ ਏਹ ਸਿੱਖਿਆ ਪਗਾਉਂਦੀ ਆਈ ।
ਉਮਰ ਪਿਛਾੜੀ ਜਦ ਜਾ ਪਹੁੰਚੇ 
ਹੋਵੇ ਨਾ ਉਸ ਦਾ ਕੋਈ ਸਹਾਈ
ਚਾਰ ਚੁਫ਼ੇਰੇ ਤੱਕ ਤੱਕ ਕੁਰਲਾਵੇ ।
ਦੱਸ ਓ ਰੱਬਾ !
ਪੰਜ ਤੱਤਾਂ ਨੂੰ ਘੋਲਣ ਵੇਲੇ
ਔਰਤ ਨੂੰ ਘੜਣ ਵੇਲ਼ੇ ਕੀ
ਕੀ ਮਿੱਟੀ ਦੀ ਮੁੱਠ ਜਾਂਦਾ ਪਾਈ 
ਧਰਤ ਵਾਂਗ ਸਹਿੰਦੀ ਸਹਿੰਦੀ 
ਚੁੱਪ ਚੁਪੀਤੀ ਧਰਤ 'ਚ ਸਮਾ ਜਾਏ
ਸੀਤਾ ਬਣ ਬਣ ਆਖਿਰ ਕਦੋਂ ਤੱਕ ?
ਕਿੰਨੇ  ਦਿਨ ਏਹ ਸੰਸਾਰ ਚੱਲੂ 
ਧਰਤ ਵੀ ਸਹਿ ਨਾ ਪਾਏ ਜੁਲਮ ਐਨਾ 
ਇਕ ਦਿਨ ਜਵਾਲਾ ਬਣ ਫਟ ਪੈਂਦੀ ।
ਹੰਝੂ ਪੀਣਾ ਹੋ ਜਾਵੇ ਜਦ ਔਖਾ
ਅਬਲਾ ਵੀਸਬਰ ਸਿਦਕ ਤੈਥੋਂ  ਮੰਗੇ
ਕਹੇ -ਕਿਉਂ ਮੈਥੋਂ  ਦੂਰ ਕਿਨਾਰੇ ?
ਤੂੰ ਹੀ ਡੋਬੇਂ ਤੂੰ ਹੀ ਤਾਰੇ
ਸਿਰੋਂ ਪਾਪ ਗਠਰੀ ਉਤਾਰੇ
ਸ਼ਰਣ ਆਪਣੀ ਲੈ ਜਾ ਹੁਣ ਤਾਂ ।
ਭੁੱਲ ਜਾਵਾਂ ਸਾਰਾ ਸੂਲਾਂ ਦਾ ਰਾਹ
ਚੱਲ ਕੇ ਜਿੱਥੋਂ ਆਈ ਹਾਂ
ਉਸ ਜੰਗਲ ਮੁੜ ਜਾਵਾਂ
ਹੁਣ ਤਾਂ ਬਖਸ਼ ਗੁਨਾਹਾਂ ਨੂੰ ਮੇਰੇ ।
ਤੱਕੇ ਅੰਬਰ ਨੂੰ ਖੜੀ ਇੱਕਲੀ 
ਕਿਉਂ ਜਿੰਦ ਬਣੀ ਪਹੇਲੀ
ਨਾ ਕੋਈ ਸਖੀ ਸਹੇਲੀ
ਏਹੀ ਅਰਦਾਸ ਓ ਰੱਬਾ !
ਮੁੜ ਨਾ ਭੇਜੀ ਏਸ ਗਲੀ ।

ਕਮਲਾ ਘਟਾਔਰਾ 

ਨੋਟ : ਹੇਠਲੀਆਂ ਹਰੇ ਰੰਗ ਵਾਲ਼ੀਆਂ ਸਤਰਾਂ 'ਅਧੂਰਾ ਚੰਨ' ਦੀ ਪਾਤਰ ਦੇ ਨਾਂ

ਨੋਟ : ਇਹ ਪੋਸਟ ਹੁਣ ਤੱਕ 27 ਵਾਰ ਪੜ੍ਹੀ ਗਈ ਹੈ।

19 Apr 2017

ਰਣਚੰਡੀ


Image result for shamshan ghat
ਅੱਗ ਦੀਆਂ ਲਪਟਾਂ ਚਿਤਾ ਨੂੰ ਪੂਰੀ ਤਰਾਂ ਆਪਣੇ ਆਗੋਸ਼ 'ਚ ਲੈ ਚੁੱਕੀਆਂ ਸਨ। ਅਰਥੀ ਦੇ ਨਾਲ਼ ਆਏ ਲੋਕ ਸ਼ਮਸ਼ਾਨ ਵੈਰਾਗ ਭਾਵ ਨਾਲ ਓਤ -ਪੋਤ ਦੂਰ ਵਰਾਂਡੇ 'ਚ ਜਾ ਖੜ੍ਹੇ। ਉਹ ਪੱਥਰ ਦੀ ਬੁੱਤ ਬਣੀ ਦੂਰ ਖੜ੍ਹੀ ਇੱਕ ਟੱਕ ਚਿਤਾ 'ਚ ਭਸਮ ਹੋ ਰਹੀ ਸੱਸ ਲਈ ਅੱਖਾਂ 'ਚੋਂ ਬੇਰੋਕ ਅੱਥਰੂ ਵਹਾਏ ਜਾ ਰਹੀ ਸੀ। ਔਰਤਾਂ ਦਾ ਇੱਕ ਝੁੰਡ ਖੁਸਰ -ਪੁਸਰ ਕਰ ਰਿਹਾ ਸੀ। ਕਿਵੇਂ ਪਖੰਡ ਕਰ ਰਹੀ ਹੈ ਜਿਵੇਂ ਇਸ ਦੀ ਮਾਂ ਦੀ ਚਿਤਾ ਮੱਚ ਰਹੀ ਹੋਵੇ। ਕੋਈ ਸੱਸ ਲਈ ਵੀ ਇਓਂ ਰੋਂਦਾ ਹੈ। ਅੰਦਰੋਂ ਤਾਂ ਖੁਸ਼ ਹੋਵੇਗੀ ਕਿ ਹੁਣ ਘਰ ਵਿੱਚ ਮੇਰਾ ਰਾਜ ਚੱਲੇਗਾ। 
       ਉਹ ਇਕਲੌਤੀ ਸੰਤਾਨ ਵਾਲ਼ੀ ਸ ਦੇ ਘਰ ਅੱਲੜ ਉਮਰੇ ਹੀ ਨੂੰਹ ਬਣ ਕੇ ਆਈ ਸੀ। ਨਵਾਂ ਮਾਹੌਲ, ਨਵੇਂ ਲੋਕਾਂ 'ਚ ਆਪਣੇ ਆਪ ਨੂੰ ਢਾਲਣ ਨੂੰਹ ਲਈ ਕਿੰਨਾ ਮੁਸ਼ਕਿਲ ਹੁੰਦਾ ਹੈ। ਸਭ ਜਾਣਦੇ ਨੇ ਕਿ ਨੂੰਹ -ਸੱਸ ਦਾ ਰਿਸ਼ਤਾ ਕਦੇ ਮਾਂ -ਧੀ ਦਾ ਰੂਪ ਲੈਂਦਾ ਹੀ ਨਹੀਂ। ਕਦੇ ਕਦੇ ਨਾ ਅਪਵਾਦ ਦਿਖਾਈ ਦੇ ਹੀ ਜਾਂਦਾ ਹੈ। 
         ਇਸ ਨੂੰਹ ਦੇ ਪਤੀ ਤੇ ਸੱਸ ਦਾ ਸੁਭਾਅ ਕੁਝ ਜ਼ਿਆਦਾ ਹੀ ਗਰਮ ਸੀ। ਅਕਸਰ ਦੋਵਾਂ 'ਚ ਠਣ ਜਾਂਦੀ। ਨੂੰਹ ਸਹਿਮ ਜਾਂਦੀ। ਬਿਨਾਂ ਕਿਸੇ ਵਿਸ਼ੇਸ਼ ਕਾਰਣ ਦੇ ਘਰ 'ਚ ਛੋਟੀ -ਮੋਟੀ ਗੱਲ ਨੂੰ ਲੈ ਕੇ ਤੇ ਭਾਂਡਾ ਫੁੱਟਦਾ ਨੂੰਹ ਸਿਰ। ਉਸ ਦਿਨ ਗੱਲ ਕੁਝ ਐਨੀ ਵੱਧ ਗਈ ਕਿ ਪੁੱਤ ਲੜਾਈ ਦੀ ਜੜ੍ਹ ਨੂੰ ਹੀ ਖਤਮ ਕਰਨ 'ਤੇ ਉਤਾਰੂ ਹੋ ਗਿਆ। ਨਾ ਜਾਣੇ ਕਿਵੇਂ ਉਸ ਨੇ ਰਸੋਈ 'ਚੋਂ ਲਿਆ ਕੇ ਮਿੱਟੀ ਦੇ ਤੇਲ ਦੀ ਪੂਰੀ ਬੋਤਲ ਪਤਨੀ ਉੱਪਰ ਪਾ ਮਾਚਿਸ ਲੈਣ ਦੌੜਿਆ। ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਪੁੱਤ ਨੂੰ ਧੱਕਾ ਮਾਰ ਨੂੰਹ ਨੂੰ ਕਿਸੇ ਦੂਜੇ ਕਮਰੇ 'ਚ ਧਕੇਲ ਦਿੱਤਾ। ਕੁੰਡੀ ਲਾ ਕੇ ਅੱਗੇ ਖੜ੍ਹੀ ਹੋ ਗਈ ਨੂੰਹ ਦੀ ਜਾਨ ਬਚਾਉਣ। ਨੂੰਹ ਹੈਰਾਨ ਸੀ ਸੱਸ ਦਾ ਇਹ ਰੂਪ ਵੇਖ ਕੇ। ਲੜਦੇ ਮਾਂ ਪੁੱਤ ਨੇ , ਮੈਂ ਦੋ ਪਾਟਾਂ 'ਚ ਉਂਝ ਹੀ ਪੀਸ  ਜਾਂਦੀ ਹਾਂ। ਅੱਜ ਕਿਉਂ ਉਹ ਮੇਰੀ ਜਾਨ ਬਚਾ ਰਹੀ ਹੈ ? ਬੋਲੀ ," ਮਾਂ ਜੇ ਕਲੇਸ਼ ਦੀ ਜੜ੍ਹ ਮੈਂ ਹਾਂ ਖ਼ਤਮ ਹੋ ਜਾਣ ਦੇ ਮੈਨੂੰ। " ਨੂੰਹ ਵੀ ਅੱਜ ਫੈਸਲਾ ਕਰਨ 'ਤੇ ਅੜ ਗਈ ਸੀ। 
         "ਨਹੀਂ ਕਲੇਸ਼ ਦੀ ਜੜ੍ਹ ਤੂੰ ਨਹੀਂ ਮੈਂ ਹਾਂ ਜੋ ਅਜਿਹੇ ਪੁੱਤ ਨੂੰ ਜਨਮ ਦਿੱਤਾ। ਜੋ ਆਪਣੇ ਬੱਚਿਆਂ ਦੀ ਮਾਂ ਨੂੰ ਮਾਰਨ ਜਾ ਰਿਹਾ ਹੈ। ਜਿੰਦਾ ਜਲਾਉਣ। ਮੱਤ ਮਾਰੀ ਗਈ ਹੈ ਇਸ ਦੀ। ਮੈਨੂੰ ਮਾਰ। ਕਾਤਿਲ ਪੁੱਤ ਦੀ ਮਾਂ ਕਹਾਉਣ ਨਾਲੋਂ ਤਾਂ ਚੰਗਾ ਹੈ ਅਜਿਹੇ ਪੁੱਤ ਦੇ ਹੱਥੋਂ ਖੁਦ ਮਰ ਜਾਣਾ। " ਪੁੱਤ ਦੀ ਜਾਨ ਤਾਂ ਮਾਂ 'ਚ ਵਸਦੀ ਸੀ। ਉਹ ਸ਼ਰਮ ਨਾਲ ਪਾਣੀ -ਪਾਣੀ ਹੋ ਗਿਆ। ਜਿਵੇਂ ਕਿਸੇ ਨੇ ਉਸ 'ਤੇ ਸੌ ਘੜਾ ਪਾਣੀ ਡੋਲ੍ਹ ਦਿੱਤਾ ਹੋਵੇ। ਇਸ ਗੱਲ ਨੂੰ ਹੁਣ ਅਰਸਾ ਬੀਤ ਗਿਆ ਸੀ। 
          ਅੱਜ ਓਹੀ ਸ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਚਿਤਾ 'ਤੇ ਪਈ ਰਾਖ 'ਚ ਤਬਦੀਲ ਹੋ ਰਹੀ ਸੀ। ਨੂੰਹ ਲਪਟਾਂ ਨੂੰ ਵੇਖ ਕੇ ਯਾਦਾਂ 'ਚ ਅਜਿਹੀ ਗੁਆਚੀ ਕਿ ਅੱਥਰੂ ਆਪ ਮੁਹਾਰੇ ਵਹਿ ਤੁਰੇ। ਉਸ ਨੂੰ ਨਾ ਭੁੱਲਣ ਵਾਲੀ ਇਸ ਯਾਦ ਨੇ ਆ ਘੇਰਿਆ। ਅੱਥਰੂ ਸੀ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਇੱਕ ਦਿਨ ਜਿੰਦਾ ਜਲ ਗਈ ਹੁੰਦੀ ਬੱਚਿਆਂ ਨੂੰ ਵਿਲਕਦਾ ਛੱਡ ,ਜੇ ਸ ਨੇ ਬਚਾਇਆ ਨਾ ਹੁੰਦਾ। ਜਿਵੇਂ ਜਿਵੇਂ ਚਿਤਾ ਦੀਆਂ ਲਪਟਾਂ ਤੇਜ਼ ਹੁੰਦੀਆਂ ਜਾ ਰਹੀਆਂ ਸਨ ਉਸ ਦੀਆਂ ਅੱਖਾਂ 'ਚੋਂ ਗੰਗਾ -ਜਮਨਾ ਦਾ ਪ੍ਰਵਾਹ ਵੱਧਦਾ ਜਾ ਰਿਹਾ ਸੀ। ਲੋਕਾਂ ਨੂੰ ਉਸ ਦੇ ਅੱਥਰੂ ਬਨਾਉਟੀ ਲੱਗ ਰਹੇ ਸਨ। ਪ੍ਰੰਤੂ  ਉਹ ਅੱਥਰੂਆਂ ਨਾਲ ਧੁੰਦਲਾਈਆਂ ਅੱਖਾਂ ਨਾਲ ਰਾਖ ਬਣਦੀ ਸੱਸ ਦੇ ਅਸ਼ੀਰਵਾਦ ਨੂੰ ਮਹਿਸੂਸ ਕਰ ਰਹੀ ਸੀ। 

ਕਮਲਾ ਘਟਾਔਰਾ 
ਹਿੰਦੀ ਤੋਂ ਅਨੁਵਾਦ :ਡਾ.ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 78 ਵਾਰ ਪੜ੍ਹੀ ਗਈ ਹੈ।

16 Apr 2017

ਪਾਪ ਜਾਂ ਪੁੰਨ

Image result for dog feeding pups punjab
ਸੰਘਣੀ ਅਬਾਦੀ ਵਾਲੇ ਉਸ ਰਿਹਾਇਸ਼ੀ ਇਲਾਕੇ 'ਚ ਇੱਕ ਭੀੜੀ ਜਿਹੀ ਸੜਕ 'ਤੇ ਬੜੀ ਆਵਾਜਾਈ ਰਹਿੰਦੀ ਸੀ। ਦੋਨਾਂ ਪਾਸੇ ਸਬਜ਼ੀ ਵਾਲਿਆਂ ਦੇ ਛਾਬੜੇ ਫੁੱਟਪਾਥ ਰੋਕ ਲੈਂਦੇ। ਰਿਕਸ਼ੇ, ਸਕੂਟਰਾਂ, ਠੇਲਿਆਂ ਤੇ ਅੱਗੇ ਜਾ ਕੇ ਇੰਡਸਟਰੀ ਦਾ ਸਮਾਨ ਲਿਆਉਣ ਵਾਲੇ ਟਰੱਕਾਂ ਦਾ ਵੀ ਆਉਣਾ -ਜਾਣਾ ਰਹਿੰਦਾ। ਤੇਜ਼ ਰਫ਼ਤਾਰ ਜ਼ਿੰਦਗੀ 'ਚ ਕੌਣ ਕਿੱਥੇ ਕੁਚਲ ਦਿੱਤਾ ਜਾਏ ਕਿਸੇ ਨੂੰ ਨਹੀਂ ਪਤਾ। ਹਾਦਸਾ ਹੋਣ 'ਤੇ ਕੋਈ ਮੁੜ ਕੇ ਵੀ ਨਹੀਂ ਦੇਖਦਾ ਕਿ ਉਹ ਕਿਸ ਨੂੰ ਕੁਚਲ ਕੇ ਆ ਰਿਹਾ ਹੈ। 
    ਸਵੇਰ ਦਾ ਨਾਸ਼ਤਾ ਕਰਕੇ ਉਹ ਇਓਂ ਹੀ ਆਪਣੀ ਖਿੜਕੀ ਤੋਂ ਬਾਹਰ ਦੇ ਨਜ਼ਾਰੇ ਦੇਖਣ ਲੱਗੀ। ਉਸ ਨੇ ਦੇਖਿਆ ਓਥੇ ਇੱਕ ਜਗ੍ਹਾ ਨਿੱਕੇ ਨਿੱਕੇ ਪਿਆਰੇ ਜਿਹੇ ਪੰਜ -ਛੇ ਕਤੂਰੇ ਆਪਣੀ ਮਾਂ ਦਾ ਦੁੱਧ ਚੁੰਘ ਰਹੇ ਸਨ ਕਿ ਇੱਕ ਸਾਈਕਲ ਸਵਾਰ ਸੜਕ 'ਤੇ ਅੱਗੇ ਜਾਣ ਦੀ ਕਾਹਲ 'ਚ ਇੱਕ ਕਤੂਰੇ ਦੀ ਲੱਤ ਤੋਂ ਹੋ ਕੇ ਲੰਘ ਗਿਆ। ਕਤੂਰੇ ਦੀ ਬਰੀਕ ਜਿਹੀ ਚੀਕ ਦੇ ਨਾਲ ਉਸ ਦੇ ਮੂੰਹੋਂ ਵੀ ਹਾਏ ਨਿਕਲ ਗਈ। ਪਲਾਂ 'ਚ ਹੀ ਖੁਸ਼ਨੁਮਾ ਮਾਹੌਲ ਦੁਖਾਂਤ 'ਚ ਬਦਲ ਗਿਆ। ਉਹ ਅਜੇ ਸੋਚ ਹੀ ਰਹੀ ਸੀ ਕਿ ਕਾਸ਼ ਉਨ੍ਹਾਂ 'ਚੋਂ ਕਿਸੇ ਇੱਕ ਕਤੂਰੇ ਨੂੰ ਉਹ ਘਰ ਲਿਆ ਕੇ ਪਾਲ ਸਕਦੀ। ਪਰ ਘਰ ਵਾਲਿਆਂ ਤੋਂ  ਇਜ਼ਾਜਤ ਨਹੀਂ ਮਿਲ ਸਕਦੀ ਸੀ। ਉਸ ਨੇ ਸੋਚਿਆ ਕਿ ਉਹ ਪਾਲ ਨਹੀਂ ਸਕਦੀ ਤਾਂ ਕੀ ਹੋਇਆ ? ਉਸ ਦੀ ਲੱਤ ਦੀ ਸੱਟ ਦਾ ਤਾਂ ਇਲਾਜ ਕਰਵਾ ਸਕਦੀ ਹੈ। ਉਹ ਤੁਰੰਤ ਬਿਨਾਂ ਸੋਚੇ ਵਿਚਾਰੇ ਉਸ ਕਤੂਰੇ ਨੂੰ ਚੁੱਕ ਕੇ ਪਸ਼ੂ ਹਸਪਤਾਲ਼ ਲੈ ਗਈ। ਚੈਕ ਕਰਾਇਆ ਕਿਤੇ ਲੱਤ ਟੁੱਟ ਤਾਂ ਨਾ ਗਈ ਹੋਵੇ। ਤਾਕਤ ਦਾ ਟੀਕਾ ਲਗਵਾਇਆ। ਦਵਾਈ ਪਿਲਾਈ ਤੇ ਉਸ ਨੂੰ ਉਸ ਦੀ ਮਾਂ ਕੋਲ ਛੱਡ ਆਈ। ਦੋਬਾਰਾ ਫੇਰ ਇੱਕ ਵਾਰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਤਸੱਲੀ ਕਰਵਾਈ ਕਿ ਲੱਤ ਬਿਲਕੁਲ ਠੀਕ ਹੈ। ਇੱਕ ਦੋ ਦਿਨ 'ਚ ਠੀਕ ਹੋ ਜਾਵੇਗੀ। ਅਤੇ ਸੱਚੀ ਦੋ ਦਿਨਾਂ ਬਾਦ ਉਹ ਫਿਰ ਤੋਂ ਚੱਲਣ ਲਾਇਕ ਹੋ ਗਿਆ। ਪਰ ਹੁਣ ਉਸ ਦੀ ਮਾਂ ਉਸ ਨੂੰ ਆਪਣੇ ਕੋਲ ਫਟਕਣ ਨਾ ਦੇਵੇ। ਉਹ ਕੁਝ ਦਿਨਾਂ 'ਚ ਚੱਲਣ -ਫਿਰਨ ਦੇ ਯੋਗ ਹੋ ਕੇ ਵੀ ਬਹੁਤੇ ਦਿਨ ਨਾ ਚੱਲ ਸਕਿਆ। ਹੁਣ ਭੁੱਖ ਨੇ ਉਸ ਦੇ ਪ੍ਰਾਣ ਲੈ ਲਏ। 
     ਉਸ ਨੂੰ ਨਹੀਂ ਪਤਾ ਸੀ ਕਿ ਬਿੱਲੀ ਜਾਂ ਕੁੱਤੇ ਦੇ ਬੱਚੇ ਨੂੰ ਉਨ੍ਹਾਂ ਕੋਲੋਂ ਵੱਖ ਕਰਕੇ ਫੇਰ ਦੁਬਾਰਾ ਛੱਡ ਆਉਣ 'ਤੇ ਮਾਂ ਉਸ ਬੱਚੇ ਨੂੰ ਨਹੀਂ ਅਪਣਾਉਂਦੀ। ਉਹ ਅਜਿਹੀਆਂ ਗੱਲਾਂ ਨੂੰ ਨਹੀਂ ਮੰਨਦੀ ਸੀ। ਲੇਕਿਨ ਇਹ ਦ੍ਰਿਸ਼ ਉਸ ਨੂੰ ਮੰਨਣ ਲਈ ਮਜਬੂਰ ਕਰ ਗਿਆ ਤੇ ਉਦਾਸ ਕਰ ਗਿਆ। ਉਹ ਸੋਚਣ ਲੱਗੀ ਕਿ ਉਸ ਨੇ ਪੁੰਨ ਕੀਤਾ ਜਾਂ ਪਾਪ ਕਮਾਇਆ ?

ਕਮਲਾ ਘਟਾਔਰਾ 

ਹਿੰਦੀ ਤੋਂ ਅਨੁਵਾਦ : ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ ਹੈ।

ਹਿੰਦੀ 'ਚ ਪੜ੍ਹਨ ਲਈ 

11 Apr 2017

ਦਿਲਾਂ 'ਚ ਕੰਧ ਅਤੇ ਆਸ ਦੀ ਖਿੜਕੀ


Related image

ਬਚਪਨ 'ਚ ਬੱਚੇ ਆਪਸ ਵਿੱਚ ਲੜ -ਝਗੜ ਕੇ ਗੁੱਸੇ ਹੋ ਕੇ ਕੱਟੀ ਕਰ ਲੈਂਦੇ  ਨੇ। ਇਹ ਹੈ ਨੰਨ੍ਹੇ ਦਿਲਾਂ 'ਚ  ਕੱਚੀ ਕੰਧ ਜੋ ਕੁਝ ਪਲਾਂ ਤੱਕ ਹੀ ਖੜ੍ਹੀ ਰਹਿਣ ਵਾਲੀ ਹੁੰਦੀ ਹੈ। ਬੱਚੇ ਛੇਤੀ ਹੀ ਭੁੱਲ -ਭੁਲਾ ਕੇ ਸੁਲਾਹ ਕਰ ਲੈਂਦੇ ਹਨ। ਇੱਥੇ ਆਸ ਦੀ ਖਿੜਕੀ ਬਣ ਹੀ ਨਹੀਂ ਸਕਦੀ। ਕੰਧ ਆਪੇ ਹੀ ਢਹਿ ਜਾਂਦੀ ਹੈ। 
ਜਵਾਨੀ -ਜਿੱਥੇ ਇੱਕੋ ਤੱਕਣੀ 'ਚ ਹੀ ਜਨਮ ਜਨਮਾਂਤਰਾਂ ਦੇ ਬੰਧਨ ਅਚਾਨਕ ਬੱਝ ਜਾਂਦੇ ਨੇ। ਇੱਥੇ ਦਿਲਾਂ 'ਚ ਕੰਧ ਉਸਰਣ ਦੇ ਅਨੇਕਾਂ ਕਾਰਣ ਹੋ ਸਕਦੇ ਨੇ -ਜਾਤ -ਪਾਤ , ਅਮੀਰੀ -ਗਰੀਬੀ , ਧਰਮ ਭੇਦ। ਇੱਥੇ ਪ੍ਰੇਮ ਨੂੰ ਜਿਉਂਦਾ ਰੱਖਣ ਲਈ ਇਸ ਨੂੰ ਮਿੱਤਰਤਾ ਦੇ ਰੂਪ 'ਚ ਬਦਲ ਦਿੱਤਾ ਜਾ ਸਕਦਾ ਹੈ। ਸੰਭਾਵਨ ਇੱਥੇ ਆਸ ਦੀ ਖਿੜਕੀ ਮਾਅਨੇ ਰੱਖਦੀ ਹੈ। ਜਦੋਂ ਜੀ ਕਰੇ ਮਿਲਿਆ ਵਰਤਿਆ ਜਾ ਸਕਦਾ ਹੈ। 
 ਪਤੀ ਪਤਨੀ -ਇਨ੍ਹਾਂ ਦੋਹਾਂ ਦੇ ਦਿਲਾਂ 'ਚ ਕੰਧ ਅਕਸਰ ਬਣ ਜਾਂਦੀ ਹੈ, ਨਰਾਜ਼ਗੀ 'ਚ ਚੁੱਪੀ ਦੀ। ਇੱਥੇ ਆਸ ਦੀ ਖਿੜਕੀ ਬਨਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਰੁੱਸੇ ਨੂੰ ਮਨਾਉਣ ਲਈ ਬੱਸ ਇੱਕ ਮੁਸਕਾਨ ਹੀ ਕਾਫ਼ੀ ਹੈ। ਰੁੱਸੇ ਨੂੰ ਮਨਾਏ ਬਿਨਾਂ ਜੀਵਨ ਅੱਗੇ ਚੱਲ ਹੀ ਨਹੀਂ ਸਕਦਾ। ਗੱਲ ਕੀਤੇ ਬਿਨਾਂ ਲੰਬੇ ਸਮੇਂ ਤੱਕ ਇਨਸਾਨ ਨਹੀਂ ਰਹਿ ਸਕਦਾ। ਇੱਥੇ ਕੰਧ ਇੱਟਾਂ -ਪੱਥਰ ਦੀ ਨਹੀਂ ਹੁੰਦੀ ਸਗੋਂ ਦਿਖਾਈ ਨਾ ਦੇਣ ਵਾਲੀ ਅਦ੍ਰਿਸ਼ ਹੁੰਦੀ ਹੈ। ਆਪਣੇ ਆਪ ਗਾਇਬ ਹੋ ਜਾਂਦੀ ਹੈ। 
   ਅਜੋਕੇ ਯੁੱਗ 'ਚ ਇਹ ਕੰਧ ਦਿਲਾਂ 'ਚ ਨਹੀਂ ਦੋ ਜ਼ਿੰਦਗੀਆਂ ਦੇ ਵਿਚਕਾਰ ਬਣਦੀ ਹੈ। ਇਹ ਕੰਧ ਹੈ ਤਲਾਕ ਦੀ। ਇੱਥੇ ਕੋਈ ਵੀ ਖਿੜਕੀ ਨਹੀਂ ਬਣਦੀ। ਸਿਰਫ਼ ਬੱਚਿਆਂ ਨੂੰ ਮਿਲਣ ਲਈ ਅਦਾਲਤ ਵੱਲੋਂ ਬਣਾਈ ਜਾਂਦੀ ਹੈ ਇੱਕ ਖਿੜਕੀ। 
       ਇਸ ਕੰਧ ਤੇ ਆਸ ਦੀ ਖਿੜਕੀ ਦੇ ਦਾਰਸ਼ਨਿਕ ਪੱਖ ਨੂੰ ਘੋਖਦਿਆਂ - ਆਤਮਾ ਰੂਪੀ ਦੇਹਧਾਰੀ ਜੀਵ ਪਰਮਾਤਮਾ ਰੂਪੀ ਪ੍ਰੀਤਮ ਨੂੰ ਜਦੋਂ ਪਾਉਣ ਦਾ ਹੱਕਦਾਰ ਜਾਣੀ ਅਧਿਕਾਰੀ ਨਹੀਂ ਹੁੰਦਾ ਤਾਂ ਮੋਹ ਮਾਇਆ ਦੇ ਜਾਲ ਤੋਂ ਆਪਣੇ ਆਪ ਨੂੰ ਦੂਰ ਨਹੀਂ ਰੱਖ ਪਾਉਂਦਾ। ਓਦੋਂ ਪਰਮਾਤਮਾ ਆਪਣੇ ਤੇ ਆਪਣੇ ਭਗਤਾਂ ਵਿਚਕਾਰ ਕੰਧ ਦੀ ਗੱਲ ਕਰਦਾ ਹੈ ਕਿਉਂਕਿ ਇੱਕ ਮੀਆਂ 'ਚ ਦੋ ਤਲਵਾਰਾਂ ਨਹੀਂ ਟਿਕ ਸਕਦੀਆਂ। ਇਹ ਉਹ ਕੰਧ ਹੈ ਜੋ ਜੀਵ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੀ ਹੈ। ਮੋਹ ਮਾਇਆ ਵਿੱਚ ਫੱਸਿਆ ਜੀਵ ਮਜਬੂਰ ਹੈ ਕਿਉਂਕਿ ਅਜੇ ਉਹ ਆਪਣੇ ਪ੍ਰੀਤਮ ਨੂੰ ਪਾਉਣ ਦਾ ਪੂਰਾ ਹੱਕਦਾਰ ਨਹੀਂ ਬਣ ਸਕਿਆ। ਸੋ ਮਨ ਨੂੰ ਓਸ ਕੰਧ ਦੀ ਮੌਜੂਦਗੀ ਦਾ ਅਹਿੰਸਾ ਕਰਾਉਂਦਾ ਹੈ। ਆਪਣੇ ਪ੍ਰੀਤਮ ਦੀ ਖੁਸ਼ੀ ਲਈ ਹਾਮੀ ਭਰਦਾ ਹੈ। ਕਹਿੰਦਾ ਹੈ ਕਿ ਮੇਰੀ ਆਤਮਾ ਇੱਕ ਦਿਨ ਇਸ ਕੰਧ ਨੂੰ ਢਾਹੁਣ ਯੋਗ ਜ਼ਰੂਰ ਬਣ ਜਾਵੇਗੀ ਤੇ ਤੈਨੂੰ ਮੈਨੂੰ ਅਪਨਾਉਣਾ ਹੀ ਪਵੇਗਾ। ਇੱਥੇ ਆਸ ਦੀ ਖਿੜਕੀ ਦੀ ਸ਼ਰਤ ਰੱਖਦਾ ਹੈ। ਉਸ ਨੂੰ ਵਿਸ਼ਵਾਸ ਹੈ ਕਿ ਕਦੇ ਨਾ ਕਦੇ ਸਾਡਾ ਮਿਲਣ ਜ਼ਰੂਰ ਹੋਵੇਗਾ। ਉਹ ਆਸ ਦੀ ਖਿੜਕੀ ਤੋਂ ਆਪਣੀ ਗੱਲ ਕਹਿ ਸਕੇਗਾ -ਮੋਹੇ ਨ ਬਿਸਰਨਾ ਮੈਂ ਤੋਂ ਜਨ ਤੇਰਾ। 
ਕਮਲਾ ਘਟਾਔਰਾ 
ਹਿੰਦੀ ਤੋਂ ਅਨੁਵਾਦ : ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ ਹੈ।

ਹਿੰਦੀ 'ਚ ਪੜ੍ਹਨ ਲਈ 

30 Mar 2017

ਮੌਤ

Image result for death lineਐ ਮੌਤ
ਤੂੰ ਕੀ ਹੈ
ਨਿਰਾਧਾਰ
ਨਿਰਾਕਾਰ
ਕਦੇ ਸੋਚਿਆ
ਆਪਣੇ ਵਜੂਦ ਬਾਰੇ
ਇੱਕ ਰੇਖਾ ਦਾ ਅੰਤਿਮ ਸਿਰਾ
ਜੋ ਜੀਵਨ ਘੜਦਾ ਹੈ
ਰੇਖਾ ਮਿਟੇ ਤੂੰ ਵੀ ਮਿਟ ਜਾਂਦੀ।
ਤਨ ਦੀ ਜੋਤ ਖਿੱਚ ਕੇ
ਤੂੰ ਆਕਾਰ ਬਣਾ
ਉੜਦੀ ਜਾਵੇਂ  
ਆਪਣੇ ਨੂੰ ਅਮਰ ਸਮਝੇ।
ਬਿੰਨ ਤਨ ਤੋਂ ਤੇਰਾ
ਹੋਣਾ ਨਾ ਹੋਣਾ
ਇੱਕ ਬਰਾਬਰ
ਕਰੇ ਕਾਹਦਾ ਗਰੂਰ ?
ਨਾ ਕਿਸੇ ਦੀ ਸਖ਼ੀ ਨਾ ਸਹੇਲੀ
ਕੋਈ ਕਿਸਮਤ ਮਾਰਿਆ ਹੀ
ਤੈਨੂੰ ਗਲੇ ਲਗਾਏ
ਫਿਰ ਮੁਕਤੀ ਦੀ ਭਾਲ ‘ਚ ਭਟਕੇ ।

ਕਮਲਾ ਘਟਾਔਰਾ 
ਯੂ ਕੇ 

ਨੋਟ : ਇਹ ਪੋਸਟ ਹੁਣ ਤੱਕ 52 ਵਾਰ ਪੜ੍ਹੀ ਗਈ ਹੈ।

22 Mar 2017

ਦਲ ਬਦਲੂ

Related imageਸੁਰੇਸ਼ ਨੂੰ ਅੱਗੇ ਪੜਾਈ ਕਰਨ ਲਈ ਹੋਸਟਲ ਗਏ ਨੂੰ ਅਜੇ ਸਾਲ ਵੀ ਨਹੀਂ ਲੰਘਿਆ ਸੀ ਕਿ ਪਿਤਾ ਜੀ ਦਾ ਖ਼ਤ ਮਿਲਿਆ। ਬੇਟੇ ਕੁਝ ਦਿਨਾਂ ਦੀ ਛੁੱਟੀ ਲੈ ਕੇ ਘਰ ਆ ਜਾ ਤੇਰੀ ਮਾਂ ਤੈਨੂੰ ਬਹੁਤ ਯਾਦ ਕਰਦੀ ਹੈ। ਉਸਦੀ ਸਿਹਤ ਠੀਕ ਨਹੀਂ ਰਹਿੰਦੀ। ਸੁਰੇਸ਼ ਨੇ ਸੋਚਿਆ ਕਿ ਜ਼ਰੂਰ ਮਾਂ ਦੀ ਸਿਹਤ ਕੁਝ ਜ਼ਿਆਦਾ ਹੀ ਖ਼ਰਾਬ ਹੋਵੇਗੀ। ਨਹੀਂ ਤਾਂ ਪਾਪਾ ਅਜਿਹਾ ਨਹੀਂ ਲਿਖਦੇ। ਉਸਨੇ ਤੁਰੰਤ ਹਫ਼ਤੇ ਦੀ ਛੁੱਟੀ ਲਈ ਤੇ ਘਰ ਆ ਗਿਆ। 
ਮਾਂ ਸੱਚਮੁੱਚ ਕੁਝ ਜ਼ਿਆਦਾ ਹੀ ਬਿਮਾਰ ਸੀ , ਪ੍ਰੰਤੂ ਪੁੱਤਰ ਨੂੰ ਦੇਖਦਿਆਂ ਹੀ ਝੱਟ ਉੱਠ ਬੈਠੀ। ਜਿਵੇਂ ਪੁੱਤਰ ਦੇ ਆਉਣਾ ਮਾਂ ਲਈ ਸੰਜੀਵਣੀ ਬੂਟੀ ਦਾ ਕੰਮ ਕਰ ਗਿਆ ਸੀ। ਹਫ਼ਤੇ ਬਾਦ ਸੁਰੇਸ਼ ਮਾਂ ਦੇ ਠੀਕ ਹੋਣ 'ਤੇ ਹੋਸਟਲ ਮੁੜ ਗਿਆ। 
ਹੁਣ ਉਹ ਵਿਆਹਿਆ ਗਿਆ। ਬਾਪ ਵੀ ਬਣ ਗਿਆ। ਫਿਰ ਵੀ ਮਾਂ ਦੇ ਪ੍ਰਤੀ ਉਸ ਦੇ ਪਿਆਰ 'ਚ ਕੋਈ ਫ਼ਰਕ ਨਹੀਂ ਪਿਆ। ਪਿਤਾ ਜੀ ਦੇ ਗੁਜ਼ਰ ਜਾਣ ਤੋਂ ਬਾਦ ਉਸ ਨੇ ਮਾਂ ਨੂੰ ਆਪਣੇ ਕੋਲ ਹੀ ਬੁਲਾ ਲਿਆ ਸੀ। ਮਾਂ ਦਾ ਇੱਥੇ ਆਉਣਾ ਹੀ ਸੀ ਕਿ ਸੁਰੇਸ਼ ਤੇ ਉਸ ਦੀ ਪਤਨੀ 'ਚ ਰੋਜ਼ਾਨਾ ਖਟਪਟ ਹੋਣ ਲੱਗੀ। ਪਤਨੀ ਇਸੇ ਮੌਕੇ ਦੀ ਤਲਾਸ਼ 'ਚ ਰਹਿੰਦੀ ਕਿਵੇਂ ਏਸ ਬਲਾ ਨੂੰ ਘਰ ਤੋਂ ਕੱਢਿਆ ਜਾਵੇ। ਰੋਜ਼ ਕੋਈ ਨਾ ਕੋਈ ਕਹਾਣੀ ਘੜ ਕੇ ਪਤੀ ਨੂੰ ਸੁਣਾਉਂਦੀ। ਪਤੀ ਚੁੱਪਚਾਪ ਸੁਣਦਾ ਰਹਿੰਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਮਾਂ ਨੂੰ ਰਾਤ ਪਿਆਸ ਲੱਗੀ। ਉਸ ਨੇ ਫਰਿਜ਼ 'ਚੋਂ ਠੰਢਾ ਪਾਣੀ ਪੀ ਲਿਆ। ਘਰ 'ਚ ਜਿਵੇਂ ਤੂਫ਼ਾਨ ਹੀ ਆ ਗਿਆ। 
ਸੁਰੇਸ਼ ਦੇ ਕੰਮ ਤੋਂ ਵਾਪਿਸ ਆਉਣ 'ਤੇ ਚਾਹ -ਨਾਸ਼ਤਾ ਪ੍ਰੋਸਦੀ ਪਤਨੀ ਬੋਲੀ ," ਤੇਰੀ ਮਾਂ ਦਾ ਢਿੱਡ ਹੈ ਜਾਂ ਖੂਹ। ਸਾਰਾ ਦਿਨ ਖਾ ਖਾ ਕੇ ਵੀ ਨਹੀਂ ਭਰਦਾ। ਰਾਤ ਨੂੰ ਵੀ ਉੱਠ -ਉੱਠ ਖਾਂਦੀ ਰਹਿੰਦੀ ਹੈ। 
"ਕਦੇ ਤਾਂ ਘਰ ਆਉਣ 'ਤੇ ਦੋ ਮਿੰਟ ਅਰਾਮ ਕਰਨ ਦਿਆ ਕਰੋ। ਆਉਂਦਿਆਂ ਹੀ ਸ਼ੁਰੂ ਹੋ ਜਾਨੀ ਹੈਂ। ਮਾਂ ਕੀ ਸੋਚੇਗੀ ?" ਸੁਰੇਸ਼ ਨੇ ਸਖਤੀ ਨਾਲ ਕਿਹਾ। 
ਮਾਂ ਨੂੰ ਸੁਣਾਉਂਦਿਆਂ ਬਹੂ ਨੇ ਫਿਰ ਕਿਹਾ , " ਮੈਂ ਕੁਝ ਗਲਤ ਤਾਂ ਨਹੀਂ ਕਹਿ ਰਹੀ। " ਕੋਲ ਬੈਠੀ ਮਾਂ ਤਾੜ ਗਈ ਸੀ। ਬੋਲੀ ," ਕੁਝ ਖਾਣ ਲਈ ਨਹੀਂ ਉੱਠੀ ਸੀ ਪੁੱਤ , ਗਲਾ ਖੁਸ਼ਕ ਹੋ ਰਿਹਾ ਸੀ , ਸੋਚਿਆ ਨਿੰਬੂ ਪਾਣੀ ਪੀ ਲਵਾਂ। ਠੰਢਾ ਪਾਣੀ ਲਿਆ ਸੀ ਤੇਰੇ ਫਰਿਜ਼ 'ਚੋਂ। ਖਾਧਾ ਕੁਝ ਨਹੀਂ। "
ਪੁੱਤਰ ਦੇ ਦਿਲ ਨੂੰ ਠੇਸ ਲੱਗੀ। ਉਹ ਕੁਝ ਨਹੀਂ ਬੋਲਿਆ। ਪਤਨੀ ਅੱਗੇ ਕੀ ਬੋਲਦਾ। ਖਾਮੋਸ਼ ਰਿਹਾ। ਸਾਰੀ ਜ਼ਿੰਦਗੀ ਪਤਨੀ ਨਾਲ ਕੱਢਣੀ ਹੈ। ਕਿਸੇ ਨੇਤਾ ਵਾਂਗ ਫ਼ਾਇਦੇ ਵਾਲੇ ਪੱਲੜੇ 'ਚ ਚਲਾ ਗਿਆ। ਮਾਂ ਦੀ ਦਿੱਤੀ ਸਫ਼ਾਈ ਉਸ ਨੂੰ ਸ਼ਰਮਿੰਦਾ ਤਾਂ ਕਰ ਗਈ , ਪਰ ਜ਼ੁਬਾਨ 'ਤੇ ਜਿਵੇਂ ਜਿੰਦਰਾ ਲੱਗ ਗਿਆ ਹੋਵੇ। 
ਮਾਂ ਦਿਲ 'ਤੇ ਲੱਗੀ ਇਸ ਗੱਲ ਨਾਲ ਸਾਰਾ ਦਿਨ ਬੁਖ਼ਾਰ ਨਾਲ ਤੜਫ਼ਦੀ ਰਹੀ। ਦੂਸਰੇ ਦਿਨ ਸ਼ਾਮ ਨੂੰ ਪੁੱਤਰ ਨੇ ਘਰ ਆ ਕੇ ਨਾ ਮਾਂ ਨਾਲ ਕੋਈ ਗੱਲ ਕੀਤੀ ਨਾ ਹਾਲ ਪੁੱਛਿਆ। 
ਹੁਣ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ ਸੀ। ਮਾਂ ਨੇ ਪਿੰਡ ਜਾਣ ਦਾ ਫ਼ੈਸਲਾ ਕਰ ਲਿਆ। ਪੁੱਤਰ ਨੂੰ ਦੱਸ ਦਿੱਤਾ। ਉਸ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਨਾ ਜਾ ਮਾਂ , ਪਿੰਡ 'ਚ ਇੱਕਲੀ ਕਿਵੇਂ ਰਹੇਂਗੀ ?" ਉਹ ਤਾਂ ਦਲ ਬਦਲੂ ਹੋ ਚੁੱਕਿਆ ਸੀ। 


ਕਮਲਾ ਘਟਾਔਰਾ 
(ਹਿੰਦੀ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ )


ਨੋਟ : ਇਹ ਪੋਸਟ ਹੁਣ ਤੱਕ 80 ਵਾਰ ਪੜ੍ਹੀ ਗਈ ਹੈ।

8 Mar 2017

ਵਕਤਾ ਵੇ !

Related imageਵਕਤਾ ਵੇ !
ਤੇਰੇ 'ਤੇ ਕੀ ਗਿਲਾ ਕਰਨਾ 
ਤੂੰ ਲੰਘ ਚੱਲਿਆ 
ਚੁੱਪ ਚੁਪੀਤਾ 
ਮੂੰਹ ਮੋੜ 
ਬਿਨ ਦੇਖਿਆਂ 
ਚੜਦੇ ਨੂੰ 
ਜੀ ਆਇਆਂ ਕਹਿਣ 
ਢਲਦੇ ਦਾ ਦਿਲ ਤੋੜ।
ਕਸੂਰ ਨਹੀਂ ਤੇਰਾ 
ਉਮਰਾਂ ਦੀ ਪੱਤਝੜ ਆਈ
ਹੱਡੀਆਂ ਨੇ ਖੜਖੜ ਲਾਈ
ਵਿੱਚ ਭੇਦ ਲੁਕਾਇਆ 
ਝੜਦੇ ਪੱਤੇ ਹੀ ਬਣਨ ਖਾਦ
ਨਵਿਆਂ ਲਈ 
ਮਿੱਟ ਜੀਵਨ ਗੁਆਵਣ 
ਆਸ਼ਾਵਾਦੀ ਨਹੀਂ ਹਾਰਨ 
ਲੱਖ ਜਾਨ ਗੁਆਵਣ 
ਫਿਰ ਪੁੰਗਰਦੇ 
ਲਹਿ ਲਹਾਉਂਦੇ 
ਫੁੱਲ ਬਣ ਬਾਗਾਂ ਦੇ 
ਐ ਵਕਤਾ 
ਤੇਰੇ 'ਤੇ ਕੀ ਸ਼ਿਕਵਾ ਕਰਾਂ?  

ਕਮਲਾ ਘਟਾਔਰਾ 
ਨੋਟ : ਇਹ ਪੋਸਟ ਹੁਣ ਤੱਕ 59 ਵਾਰ ਪੜ੍ਹੀ ਗਈ ਹੈ।

12 Oct 2016

ਨਾਨੀ ਨੇ ਕਿਹਾ ਸੀ (ਵਾਰਤਾ)

Image result for heaven
ਓਹ ਵੀ ਕੇਹੇ ਦਿਨ ਸਨ। ਦਾਦਕਿਆਂ ਤੋਂ ਵੱਧ ਨਾਨਕੇ ਲੁਭਾਉਂਦੇ । ਗਰਮੀਆਂ ਦੀਆਂ ਛੁੱਟੀਆਂ 'ਚ ਨਾਨਕੇ ਜਾਣ ਲਈ ਮਾਂ ਦੀ ਹਰ ਗੱਲ ਭੱਜ -ਭੱਜ ਪੂਰੀ ਕਰਨਾ ਵੀ ਥਕਾਉਂਦਾ ਨਹੀਂ ਸੀ। ਮਾਂ ਤੋਂ ਵੱਧ ਨਾਨੀ ਜੋ ਪਿਆਰੀ ਸੀ। ਛੁੱਟੀਆਂ ਦਾ ਢੇਰ ਕੰਮ -ਸੁੰਦਰ ਲਿਖਾਈ ,ਜਮਾ -ਘਟਾਓ ਦੇ ਸਵਾਲ ਤੇ ਵੀਹ ਤੱਕ ਦੇ ਪਹਾੜੇ ਯਾਦ ਕਰਨੇ। ਮਾਂ ਦਾ ਵਾਅਦਾ ਜਿੰਨੀ ਛੇਤੀ ਕੰਮ ਮੁਕਾਉਣਾ ਓਨੀ ਛੇਤੀ ਨਾਨਕੇ ਲੈ ਜਾਣ ਦਾ। ਭਲਾ ਕੰਮ ਕਿਵੇਂ ਅਧੂਰਾ ਰਹਿੰਦਾ ? ਕੰਮ ਕਰਦਿਆਂ ਵੀ ਨਾਨੀ ਦੇ ਕੋਲ ਹੋਣ ਦਾ ਅਹਿਸਾਸ ਕਿਤੇ ਘੱਟ ਲੁਭਾਉਣਾ ਨਹੀਂ ਹੁੰਦਾ ਸੀ। ਓਥੇ ਪਹੁੰਚ ਕੇ ਮਾਮੇ -ਮਾਸੀਆਂ ਦੇ ਬੱਚਿਆਂ 'ਚ ਰਲ਼ ਕੇ ਨਾਨੀ ਨੂੰ ਘੇਰਨਾ। ਨਾਨੀ ਦੀ ਗੋਦੀ 'ਚ ਬਹਿਣਾ। ਰਾਤ ਨੂੰ ਨਾਨੀ ਦੇ ਮੰਜੇ ਨਾਲ ਮੰਜਾ ਡਾਹ ਕੇ ਦੋ -ਦੋ ਬੱਚਿਆਂ ਨੇ ਇਕੱਠਾ ਸੌਣਾ ਤਾਂ ਕਿ ਨੈਣੀਂ ਦੀ ਕਹਾਣੀਆਂ ਨੇੜੇ ਹੋ ਕੇ ਸੁਣ ਸਕੀਏ ਤੇ ਸਵਾਲ ਕਰ ਸਕੀਏ। 
    ਨਾਨੀ ਦੀ ਕਹਾਣੀਆਂ ਖੰਡ ਮਿਸ਼ਰੀ ਦੀ ਗੋਲੀਆਂ। ਸਵਾਦ ਐਨੀਆਂ ਕਿ ਹੋਰ -ਹੋਰ ਦੀ ਫਰਮਾਇਸ਼ ਹੁੰਦੀ। ਕਹਾਣੀ ਕਦੇ ਲੋਰੀ ਬਣ ਸੁਲਾ ਦਿੰਦੀ ਕਦੇ ਅਸੀਂ ਪਰੀਆਂ ਜਾਂ ਰਾਜਕੁਮਾਰੀਆਂ ਬਣੀਆਂ ਲੱਗਣਾ। ਦਲਾਨ ਦੀ ਛੱਤ 'ਤੇ ਤਾਰਿਆਂ ਦੀ ਛਾਂ ਥੱਲੇ ਠੰਢੀ ਹਵਾ ਦੇ ਨਾਲ ਪਲੋਸਦੇ ਹੱਥ , ਨੀਂਦ ਵੀ ਖੂਬ ਆਉਂਦੀ। ਤੜਕਸਾਰ ਜਦੋਂ ਤ੍ਰੇਲ ਪੈਂਦੀ ਤਾਂ ਨਾਨੀ ਨੇ ਸਭ 'ਤੇ ਖੇਸ ਦੇ ਦੇਣਾ। ਹੋਰ ਵੀ ਚੰਗਾ ਲੱਗਦਾ ਰੌਸ਼ਨੀ ਵੱਧਣ 'ਤੇ ਮੂੰਹ ਸਿਰ ਲਪੇਟ ਕੇ ਸੌਣਾ। ਨੀਂਦ ਦਾ ਹੋਰ ਅਨੰਦ ਲੈਂਦੇ। ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਸਕੂਲ ਜਾਣ ਦੀ ਕਾਹਲ਼ੀ। ਸਕੂਲ ਦਾ ਕੰਮ ਅਧਿਆਪਕ ਨੂੰ ਸਭ ਤੋਂ ਪਹਿਲਾਂ ਦਿਖਾ ਕੇ ਸ਼ਾਬਾਸ਼ ਜੋ ਲੈਣੀ ਹੁੰਦੀ। ਦੂਜਾ ਛੁੱਟੀਆਂ ਦਾ ਸਾਰਾ ਹਾਲ ਸਹੇਲੀਆਂ ਨੂੰ ਸੁਣਾਉਣਾ ਹੁੰਦਾ। 
     ਏਸ ਵਾਰ ਤਾਂ ਬੜਾ ਕੁਝ ਰੌਚਕ ਹੋਇਆ ਸੀ ਮੇਰੇ ਨਾਨਕੇ। ਓਥੇ ਪਹੁੰਚਦਿਆਂ ਹੀ ਮੈਥੋਂ ਥੋੜੀ ਜਿਹੀ ਵੱਡੇਰੀ ਮੇਰੀ ਮਾਸੀ ਨੇ ਦੱਸਿਆ," ਪਤਾ ਚਾਚੀ ਸਵਰਗ ਜਾ ਕੇ ਆਈ ਹੈ ?" ਉਹ ਮੇਰੀ ਨਾਨੀ ਦੀ ਗੱਲ ਕਰ ਰਹੀ ਸੀ ਤੇ ਆਪਣੀ ਮਾਂ ਨੂੰ ਚਾਚੀ ਕਹਿੰਦੀ ਆਪਣੀ ਤਾਈ ਦੇ ਬੱਚਿਆਂ ਵਾਂਗ।"ਹਾਂ ਉਹ ਆਪਣੇ ਦਾਦੀ, ਦਾਦਾ, ਬੀਬੀ , ਬਾਪੂ ਨੂੰ ਵੀ ਮਿਲੀ ਸੀ ਓਥੇ।"ਮਾਸੀ ਨੇ ਬੜੇ ਹੀ ਵਿਸ਼ਵਾਸ਼ ਨਾਲ ਗੱਲ ਪੂਰੀ ਕੀਤੀ। "ਹੋਰ ਕੀ  ਵੇਖਿਆ ਚਾਚੀ ਨੇ ?" "ਹੋਰ ਤਾਂ ਕਹਿੰਦੀ ਹੈ ਮੈਨੂੰ ਯਾਦ ਨਹੀਂ। ਤੂੰ ਹੀ ਪੁੱਛ ਲੈ ਸ਼ਾਇਦ ਤੈਨੂੰ ਦੱਸ ਦੇਵੇ। " ਮਾਸੀ ਨੂੰ ਲੱਗਦਾ ਸੀ ਕਿ ਨਾਨੀ ਮੈਨੂੰ ਵੱਧ ਪਿਆਰ ਕਰਦੀ ਹੈ। 
   ਮੈਂ ਵੀ ਬਿਨਾ ਪੁੱਛਿਆਂ ਕਿਵੇਂ ਰਹਿ ਸਕਦੀ ਸਾਂ। "ਚਾਚੀ ਜੀ ਕੀ ਤੁਸੀਂ ਸੱਚੀਂ ਸਵਰਗ ਜਾ ਆਏ ਹੋ ?"
 "ਕਿਸ ਨੇ ਕਿਹਾ ?" ਨਾਨੀ ਦਾ ਗੁੱਸੇ ਵਾਲਾ ਚਿਹਰਾ ਦੇਖ ਲੱਗ ਰਿਹਾ ਸੀ ਕਿ ਹੁਣੇ ਕੰਨ ਖਿੱਚੇਗੀ। 
"ਤੁਸੀਂ ਬੇਹੋਸ਼ ਹੋ ਗਏ ਸੀ ਕੀ ? ਸਭ ਕਹਿ ਰਹੇ ਨੇ ਕਿ ਤੁਸੀਂ ਉੱਠ ਹੀ ਨਹੀਂ ਰਹੇ ਸੀ। ਮਾਸੀ ਦਾ ਨਾਮ ਲੈਣਾ ਮੈਂ ਠੀਕ ਨਹੀਂ ਸਮਝਿਆ।
 "ਹਾਂ , ਮੈਂ ਪਤਾ ਨਹੀਂ ਕਿਉਂ ਗਹਿਰੀ ਨੀਂਦ 'ਚ ਚਲੀ ਗਈ ਸੀ। ਇਹਨਾਂ ਨੂੰ ਲੱਗਾ ਮੈਂ ਸਵਰਗ ਸਿਧਾਰ ਗਈ ਹਾਂ।" "ਅੱਛਾ ਇਹ ਗੱਲ ਏ। ਮਾਸੀ ਮੈਨੂੰ ਮੂਰਖ ਬਣਾ ਰਹੀ ਹੈ। "ਮਾਸੀ ਦੇ ਪ੍ਰਤੀ ਮਨ ਗੁੱਸੇ ਨਾਲ ਭਰ ਗਿਆ।
 "ਚਾਚੀ ਜੀ ਕੀ ਸੱਚੀਂ ਸਵਰਗ ਹੁੰਦਾ ਹੈ ?" ਮੈਂ ਕਿੱਥੇ ਗੱਲ ਨੂੰ ਛੱਡਣ ਵਾਲੀ ਸੀ। 
"ਹਾਂ ਸੱਚੀਂ ਹੁੰਦਾ ਹੈ ਸਵਰਗ। ਤੇਰੇ ਵਰਗੇ ਬੱਚਿਆਂ ਦੀਆਂ ਗੱਲਾਂ 'ਚ , ਦੁਧੀਆ ਹਾਸੇ 'ਚ ਤੇ ਕਿਲਕਾਰੀਆਂ 'ਚ। ਮੁਗਧ ਹੋ ਕੇ ਆਪਣੇ ਮਾਂ -ਬਾਪ ਵੱਲ ਵੇਖਦੇ ਨੰਨ੍ਹਿਆਂ ਦੀਆਂ ਨਿਗਾਹਾਂ 'ਚ , ਇਨ੍ਹਾਂ ਦੇ ਪਵਿੱਤਰ ਪਿਆਰ 'ਚ ਸਵਰਗ ਹੁੰਦਾ। ਪਹਿਲਾਂ ਦੱਸ ਛੁੱਟੀਆਂ ਦਾ ਕੰਮ ਪੂਰਾ ਕਰਕੇ ਆਈਂ ਏ। ਨਹੀਂ ਤਾਂ ਹੁਣੇ ਵਾਪਸ ਭੇਜ ਦੇਵਾਂਗੀ। " ਨਾਨੀ ਨੇ ਗੱਲ ਟਾਲਣ ਲਈ ਕਿਹਾ ਸੀ। 
   ਵਕਤ ਬੀਤਦਾ ਗਿਆ ਲੇਕਿਨ ਉਹ ਗੱਲ ਨਹੀਂ ਭੁੱਲੀ। ਸਵਾਲ ਮੈਨੂੰ ਤੰਗ ਕਰਦਾ ਸਵਰਗ ਦੀ ਹੋਂਦ ਬਾਰੇ। ਜਦੋਂ ਨਾਨੀ ਸਾਨੂੰ ਮਿਲਣ ਆਉਂਦੀ ਮੈਂ ਫਿਰ ਓਹੀਓ ਸਵਾਲ ਦੁਹਰਾਉਂਦੀ।
 "ਚਾਚੀ ਜੀ ਕੀ ਕੋਈ ਸਵਰਗ ਤੋਂ ਵੀ ਮੁੜ ਕੇ ਆਇਆ ਹੈ ?" 
" ਹਾਂ ਕਦੇ -ਕਦੇ ਹੋ ਜਾਂਦਾ ਹੈ। " ਅਚਾਨਕ ਨਾਨੀ ਤੋਂ ਖੁਦ ਬ ਖੁਦ ਬੋਲ ਹੋ ਗਿਆ। ਵਾਕ ਪੂਰਾ ਕਰਦਿਆਂ ਲੱਗਿਆ ਕਿ ਉਹ ਓਸ ਸਵਰਗ 'ਚ ਪਹੁੰਚ ਗਈ ਹੋਵੇ।  
" ਆਪ ਨੂੰ ਕਿਵੇਂ ਪਤਾ ?"
 "ਮੈਂ ਗਈ ਸੀ ਨਾ। " ਹੁਣ ਭੇਤ ਖੁੱਲ੍ਹ ਗਿਆ ਸੀ। 
"ਸੱਚ " ਤੁਸੀਂ ਕੀ -ਕੀ ਵੇਖਿਆ ਉੱਥੇ ?" 
" ਆਪਣੇ ਸਭ ਰਿਸ਼ਤੇਦਾਰ ਘੁੰਮਦੇ ਦੇਖੇ। ਪਰ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ। ਪਲਕ ਝਪਕਦਿਆਂ ਹੀ ਕੋਈ ਮੈਨੂੰ ਵਾਪਸ ਛੱਡ ਗਿਆ। " 
" ਤੁਸੀਂ ਉਦੋਂ ਕਿਉਂ ਨਹੀਂ ਦੱਸਿਆ ?" 
ਨਾਨੀ ਕਹਿਣ ਲੱਗੀ," ਬੱਚਿਆਂ ਨੂੰ ਅੰਧ -ਵਿਸ਼ਵਾਸ਼ 'ਚ ਕਿਓਂ ਬੰਨਦੀ ? ਤੂੰ ਜਾ ਕੇ ਆਪਣੀ ਸਹੇਲੀਆਂ ਨੂੰ ਦੱਸਦੀ। ਅਜਿਹੀਆਂ ਅਸੰਭਵ ਗੱਲਾਂ ਜੋ ਆਮ ਨਹੀਂ ਹੁੰਦੀਆਂ ਉਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਪ੍ਰਚਾਰ ਨਹੀਂ ਕਰਨਾ ਚਾਹੀਦਾ , ਸਮਝੀ ਤੂੰ। ਸਵਰਗ ਤਾਂ ਇਸੇ ਜਗਤ 'ਚ ਹੈ। ਬੱਚਿਆਂ ਦੇ ਨਿਰਮਲ ਪਿਆਰ 'ਚ। "
 ਨਾਨੀ ਨੇ ਐਨੇ ਵਧੀਆ ਤਰੀਕੇ ਨਾਲ ਕਿਹਾ ਕਿ ਮੈਂ ਵੀ ਖੁਦ ਨੂੰ ਸਮਝਾਉਣ ਲੱਗੀ। ਕਿਉਂ ਲੱਭਾਂ ਸਵਰਗ, ਅੱਖਾਂ ਲਾ ਅੰਬਰ ਵੱਲ ,ਸਵਰਗ ਤਾਂ ਪਿਆਰ 'ਚ ਹੀ ਹੈ। 

ਕਮਲਾ ਘਟਾਔਰਾ 
ਯੂ ਕੇ 
ਹਿੰਦੀ ਤੋਂ ਅਨੁਵਾਦ : ਡਾ ਹਰਦੀਪ ਕੌਰ ਸੰਧੂ 

*ਟੌਫ਼ੀਆਂ ਹਾਇਬਨ ਤੋਂ ਪ੍ਰੇਰਿਤ ਹੋ ਕੇ ਲਿਖੀ ਵਾਰਤਾ। 

ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।

28 Sept 2016

ਦੋਸਤੀ ਦੀ ਗੰਢ

Image result for shaking hands drawing
ਸਾਡਾ ਵਿਹੜਾ ਕਾਫ਼ੀ ਵੱਡਾ ਸੀ। ਸ਼ਾਮ ਦੇ ਸਮੇਂ ਮੈਂ ਤੇ ਮੇਰੀ ਸਹੇਲੀਆਂ ਇੱਕਠੀਆਂ ਹੋ ਕੇ ਉੱਥੇ ਆਪਣੇ ਮਨ -ਪਸੰਦ ਖੇਲ ਖੇਡਦੀਆਂ। ਕਦੇ ਦੋ ਕੁੜੀਆਂ ਰੱਸੀ ਘੁੰਮਾਉਂਦੀਆਂ ਤੇ ਅਸੀਂ ਵਾਰੋ -ਵਾਰੀ ਵਿੱਚ ਜਾ ਕੇ ਬਿਨਾਂ ਆਊਟ ਹੋਏ ਬਾਹਰ ਆ ਜਾਂਦੀਆਂ। ਕਦੇ ਸਟਾਪੂ ਖੇਡਦੀਆਂ ਤੇ ਕਦੇ ਕਿੱਕਲੀ। ਬੈਠ ਕੇ ਗੀਟੇ ਖੇਲਣਾ ਸਾਨੂੰ ਪਸੰਦ ਨਹੀਂ ਸੀ। ਇਹ ਛੋਟੀਆਂ  ਕੁੜੀਆਂ ਖੇਡਦੀਆਂ। 
     ਉਸ ਦਿਨ ਅਸੀਂ  ਸਟਾਪੂ ਖੇਡ ਰਹੀਆਂ ਸਾਂ। ਮੇਰੀ ਇੱਕ ਸਹੇਲੀ ਤੋਂ ਖੇਡ 'ਚ ਉਸਦਾ ਸਟਾਪੂ ਏਸ ਪਾਰ ਰਹਿ ਗਿਆ ਤੇ ਲਕੀਰ ਨੂੰ ਛੂਹ ਰਿਹਾ ਸੀ। ਸਾਰਿਆਂ ਨੇ ਰੌਲ਼ਾ ਪਾ ਦਿੱਤਾ ਕਿ ਉਹ ਆਊਟ ਹੋ ਗਈ ਹੈ। ਇੱਕ ਹੋਰ ਕੁੜੀ ਬੋਲੀ, "ਹੱਟ ਪਾਸੇ , ਹੁਣ ਮੇਰੀ ਵਾਰੀ ਹੈ। " ਉਸ ਨੇ ਆਊਟ ਹੋਈ ਮੇਰੀ ਸਹੇਲੀ ਨੂੰ ਖਾਨਿਆਂ ਤੋਂ ਬਾਹਰ ਕੱਢ ਦਿੱਤਾ। ਉਹ ਪੈਰ ਪਟਕਾਉਂਦੀ ਗੁੱਸੇ ਹੋ ਕੇ ਘਰ ਚੱਲੀ ਗਈ। ਅਸੀਂ ਖੇਡਣਾ ਜਾਰੀ ਰੱਖਿਆ। ਉਸ ਨੇ ਨਹੀਂ ਖੇਡਣਾ, ਜਾਣ ਦਿਓ -ਅਸੀਂ ਸੋਚਿਆ। 
      ਪਰ ਜਾਣ ਕਿੱਥੇ ਦੇ ਸਕਦੀ ਸੀ ਉਹ। ਉਹ ਤਾਂ ਆਪਣੀ ਮਾਂ ਨੂੰ ਲੈ ਆਈ ਸਾਡੀ ਸ਼ਕਾਇਤ ਕਰਕੇ ਕਿ ਅਸੀਂ ਉਸ ਨੂੰ ਆਪਣੇ ਨਾਲ ਨਹੀਂ ਖਿਡਾਉਂਦੀਆਂ। ਉਸ ਦੀ ਮਾਂ ਬੋਲੀ ," ਕੀ ਗੱਲ ਹੈ ਬਈ ? ਇਸ ਨੂੰ ਨਾਲ ਕਿਉਂ ਨਹੀਂ ਖਿਡਾਉਂਦੀਆਂ ਤੁਸੀਂ ?"
ਮੈਂ ਕਿਹਾ, "ਆਂਟੀ , ਸਾਡੇ ਨਾਲ ਖੇਡਦੇ -ਖੇਡਦੇ ਖੁਦ ਹੀ ਉਹ ਖੇਡ ਛੱਡ ਕੇ ਚਲੀ ਗਈ। "
ਆਂਟੀ ਨੇ ਓਸ ਵੱਲ ਅੱਖਾਂ ਨਾਲ ਘੂਰਦਿਆਂ ਪੁੱਛਿਆ, " ਕੀ ਇਹ  ਸੱਚ ਬੋਲਦੀਆਂ ਨੇ ?"
ਉਸ ਨੇ ਹਾਂ 'ਚ ਸਿਰ  ਝੁਕਾ ਲਿਆ। 
ਆਂਟੀ ਬੋਲੀ ," ਚੱਲੋ ਹੱਥ ਮਿਲਾਓ , ਕਰੋ ਸੁਲਾਹ। "
ਉਹ ਆਪਣੇ ਭਰਾਵਾਂ ਦੀ ਲਾਡਲੀ ਛੋਟੀ ਭੈਣ ਕੁਝ ਜ਼ਿਆਦਾ ਹੀ ਜਿੱਦੀ ਸੀ। ਮੈਂ ਹੱਥ ਅੱਗੇ ਕਰਕੇ ਖੜੀ ਰਹੀ। ਪਰ ਉਹ ਸੁਲਾਹ ਕਰਨ ਨੂੰ ਤਿਆਰ ਨਹੀਂ ਸੀ। ਆਂਟੀ ਨੇ ਦੁਬਾਰਾ ਕੁਝ ਨਹੀਂ ਕਿਹਾ। ਬੱਸ ਸਾਡੀਆਂ  ਦੋਹਾਂ ਦੀਆਂ ਗੁੱਤਾਂ ਬੰਨ ਦਿੱਤੀਆਂ। ਮੇਰੀ ਮਾਂ ਵੀ ਉੱਥੇ ਸਾਨੂੰ ਵੇਖ ਰਹੀ ਸੀ। ਆਂਟੀ ਨੇ ਕਿਹਾ, " ਜਦ ਤੱਕ ਇਹ ਹੱਥ ਮਿਲਾ ਕੇ ਫੇਰ ਤੋਂ ਦੋਸਤੀ ਨਹੀਂ ਕਰਦੀ ਇਸੇ ਤਰਾਂ ਰਹਿਣਗੀਆਂ। ਤੁਸੀਂ  ਵੀ ਇਹਨਾਂ ਨੂੰ ਅਲੱਗ ਨਾ ਕਰਨਾ। "
ਫਿਰ ਆਂਟੀ ਨੇ ਸਾਨੂੰ ਕਿਹਾ ," ਕੁੜੇ ਬੇਫਕੂਫ਼ੋ ! ਬਚਪਨ ਹੱਸਣ ਖੇਡਣ ਲਈ ਹੁੰਦਾ ਹੈ ਜਾਂ ਰੁੱਸ ਕੇ ਆਪਣਾ ਤੇ ਆਪਣੇ ਦੋਸਤਾਂ ਦਾ ਮਨ ਦੁਖਾਉਣ ਲਈ। " ਅਸੀਂ ਜਿਉਂ ਹੀ ਆਪਣੇ ਆਪ ਨੂੰ ਇੱਕ ਦੂਜੇ ਤੋਂ ਦੂਰ ਕਰਦੀਆਂ ਸਾਡੇ ਵਾਲ਼ ਖਿੱਚ ਹੋ ਜਾਂਦੇ ਤੇ ਅਸੀਂ ਫੇਰ ਨੇੜੇ ਆ ਜਾਂਦੀਆਂ। ਇਸੇ ਚੱਕਰ 'ਚ ਸਾਡੀ ਹਾਸੀ ਨਿਕਲ ਗਈ। ਅਸੀਂ ਦੋਸਤੀ ਲਈ ਹੱਥ ਅੱਗੇ ਕਰ ਦਿੱਤੇ। ਜਦ ਤੱਕ ਸਾਡੇ ਬਚਪਨ ਨੇ ਸਾਥ ਨਹੀਂ ਛੱਡਿਆ ਦੁਬਾਰਾ ਅਜਿਹੀ ਨੌਬਤ ਨਹੀਂ ਆਈ। ਆਂਟੀ ਦੀ ਦਿੱਤੀ ਸਿੱਖਿਆ ਹੁਣ ਵੀ ਯਾਦ ਹੈ। ਦੋਸਤੀ ਤੋੜਨ ਨਾਲ ਇੱਕ ਦਾ ਨਹੀਂ ਦੋਹਾਂ ਦਾ ਮਨ ਦੁੱਖਦਾ ਹੈ ਜਿਵੇਂ ਖਿੱਚਣ ਨਾਲ ਵਾਲ਼। 

ਸ਼ਾਮ ਦਾ ਸਮਾਂ 
ਖੇਡਦੀਆਂ ਕੁੜੀਆਂ 
ਗੰਢ ਦੋਸਤੀ । 

ਕਮਲਾ ਘਟਾਔਰਾ 
ਯੂ ਕੇ 
ਅਨੁਵਾਦ : ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ


12 Sept 2016

ਖ਼ਬਰੀ ਤਾਈ

Image result for indian old woman  sketchਪਿੰਡ 'ਚ ਸਭ ਉਸ ਨੂੰ ਤਾਈ ਕਹਿੰਦੇ। ਦੂਰੋਂ ਆਉਂਦੀ ਨੂੰ ਵੇਖ ਕੇ ਖ਼ਬਰੀ ਤਾਈ ਕਹਿ ਕੇ ਅੱਖਾਂ 'ਚ ਮੁਸਕਰਾਉਂਦਿਆਂ ਉਸ ਦਾ ਮਜ਼ਾਕ ਵੀ ਉਡਾਉਂਦੇ। ਮੇਰੀ ਦਾਦੀ ਦੀ ਉਹ ਹਮ ਉਮਰ ਸੀ, ਪਰ ਸਭ ਦੀ ਦੇਖਾ -ਦੇਖੀ ਮੈਂ ਵੀ ਉਸ ਨੂੰ ਤਾਈ ਹੀ ਕਹਿੰਦੀ। ਸਾਰਾ ਪਿੰਡ ਉਸ ਲਈ ਇੱਕ ਪਰਿਵਾਰ ਸੀ।  ਉਸ ਦੀ ਮੌਜੂਦਗੀ 'ਚ ਕਿਸੇ ਆਦਮੀ ਦੀ ਹਿੰਮਤ ਨਹੀਂ ਸੀ ਕਿ ਉਹ ਗਲੀ 'ਚੋਂ ਲੰਘਦਿਆਂ ਕਿਸੇ ਦੀ ਨੂੰਹ ਧੀ ਵੱਲ ਅੱਖ ਚੁੱਕ ਕੇ ਵੀ ਵੇਖ ਸਕਦਾ। ਉਸ ਦਾ ਡਾਢਾ ਰੌਹਬ ਸੀ। ਦੁਪਹਿਰ ਤੋਂ ਬਾਦ ਸਭ ਤਾਈਆਂ ,ਚਾਚੀਆਂ, ਨੂੰਹਾਂ ਤੇ ਧੀਆਂ ਸਾਡੀ ਡਿਓੜੀ ਦੇ ਅੱਗੇ ਚਰਖਾ ਜਾਂ ਬੁਣਾਈ -ਕਢਾਈ ਦਾ ਕੋਈ ਨਾ ਕੋਈ ਕੰਮ ਲੈ ਕੇ ਬੈਠ ਜਾਂਦੀਆਂ। ਮੇਰੇ ਹੱਥ 'ਚ ਕਰੋਸ਼ੀਆ ਹੁੰਦਾ। 

    ਤਾਈ ਦਾ ਇੱਕ ਗੇੜਾ ਪਿੰਡ 'ਚ ਰੋਜ਼ ਲੱਗਦਾ। ਆਉਂਦੇ ਵਕਤ ਉਸ ਕੋਲ ਕੋਈ ਨਵੀਂ ਖਬਰ ਜ਼ਰੂਰ ਹੁੰਦੀ। ਸਭ ਦੇ ਕੰਨ ਖੜੇ ਹੋ ਜਾਂਦੇ ਖਬਰ ਸੁਣਨ ਲਈ। ਉਸ ਦੀ ਤੇਜ਼ ਨਿਗ੍ਹਾ ਖਬਰ ਸੁਨਾਉਣ ਤੋਂ ਪਹਿਲਾਂ ਚਾਰੇ ਪਾਸੇ ਘੁੰਮਦੀ। ਜੇ ਕੋਈ ਕੰਮ ਰੋਕ ਕੇ ਬੈਠ ਜਾਂਦੀ ਤਾਂ ਤਾਈ ਉਸ ਨੂੰ ਝਿੜਕ ਦਿੰਦੀ। ਇੱਕ ਦਿਨ ਉਹ ਖਬਰ ਲੈ ਕੇ ਆਈ ਕਿ ਲੋਕ ਕਹਿ ਰਹੇ ਨੇ ਕਿ ਖੇਤਾਂ 'ਚ ਗੁਆਂਢੀ ਦੇਸ਼ ਦੇ ਲੋਕ ਪੈਰਾਸ਼ੂਟ ਨਾਲ ਉਤਰਦੇ ਦੇਖੇ ਨੇ। ਓਥੇ ਹੀ ਇੱਕ ਵਿਅਕਤੀ ਮਰਿਆ ਪਾਇਆ ਗਿਆ ਨਹਿਰ ਕੰਢੇ। 
"ਤੂੰ ਵੀ ਬੀਬੀ ਕਿਥੋਂ ਅਫਵਾਹਾਂ ਸੁਨ ਕੇ ਆ ਜਾਂਦੀ ਏਂ ਸਾਨੂੰ ਡਰਾਉਣ," ਕਿਸੇ ਹਮ ਉਮਰ ਨੇ ਉਸ ਨੂੰ ਟੋਕ ਦਿੱਤਾ। ਪਰ ਮੈਂ ਓਸੇ ਦਿਨ ਦਾਦੀ ਨਾਲ ਕਿਸੇ ਕੰਮ ਸ਼ਹਿਰ ਗਈ ਇਹੋ ਕੁਝ ਸੁਣ ਕੇ ਆਈ ਸਾਂ। ਮੈਂ ਓਸੇ ਗੱਲ ਦੀ ਪੁਸ਼ਟੀ ਕੀਤੀ ਤਾਂ ਸਭ ਨੂੰ ਯਕੀਨ ਹੋ ਗਿਆ। ਸ਼ੱਕ ਸੀ ਕਿ ਸ਼ਾਇਦ ਬਲੈਕ ਆਊਟ ਹੋ ਜਾਵੇ। ਘਰਾਂ 'ਚ ਦੀਵੇ ਜਾਂ ਲਾਲਟੈਣ ਤੋਂ ਕੰਮ ਲੈਣਾ ਹੋਵੇਗਾ। ਬੱਤੀ ਨਹੀਂ ਜਗਾ ਸਕਦੇ ਸੀ। ਸਭ ਦੇ ਚਿਹਰਿਆਂ 'ਤੇ  ਅਣਦੇਖਿਆ ਡਰ ਛਾ ਗਿਆ।  
"ਤਾਈ ਤੂੰ ਬੁਰੀ ਖਬਰਾਂ ਤਾਂ ਨਾ ਲਿਆਇਆ ਕਰ ਡਰਾਉਣ ਵਾਲੀਆਂ, " ਕਿਸੇ ਕਮਜ਼ੋਰ ਦਿਲ ਵਾਲੀ ਨੇ ਫੇਰ ਟੋਕ ਦਿੱਤਾ। 
"ਕੁੜੇ ਡਰਦੀਆਂ ਕਿਓਂ ਹੋ। ਦੇਸ਼ ਦੇ ਜਵਾਨ ਬੈਠੇ ਨੇ ਸਰਹੱਦਾਂ 'ਤੇ। ਉਹ ਕਰਨਗੇ ਦੁਸ਼ਮਣਾਂ ਦਾ ਮੁਕਾਬਲਾ।ਜੋ ਹੋਵੇਗਾ ਦੇਖੀ ਜਾਵੇਗਾ। ਆਪਾਂ ਕੋਈ ਦੁਨੀਆਂ ਤੋਂ ਅੱਡ ਥੋੜੇ ਹਾਂ। " ਤਾਈ ਦੇ ਆਪਣੇ ਦੋ ਪੁੱਤਰ ਵੀ ਫੌਜ 'ਚ ਸੀ। ਉਸ ਦੀਆਂ ਗੱਲਾਂ ਨਾਲ ਥੋੜੀ ਹਿੰਮਤ ਆ ਜਾਂਦੀ। ਪਰ ਜਦੋਂ ਪਿੰਡ ਉਪਰੋਂ ਕੋਈ ਹਵਾਈ ਜਹਾਜ਼ ਲੰਘਦਾ ਮਨ ਕੰਬ ਜਾਂਦਾ।ਕਿਤੇ ਇਹ ਬੰਬ ਸੁੱਟਣ ਵਾਲੇ ਨਾ ਹੋਣ। ਓਦੋਂ ਹੀ ਮੇਰੀ ਇੱਕ ਹੱਸਮੁੱਖ ਸਹੇਲੀ ਕਹਿ ਦਿੰਦੀ,"ਲਓ ਫੇਰ ਆ ਗਏ ਡਾਕੂ ਬੇਈਮਾਨ।" ਉਹ ਲੜਾਕੂ ਜਹਾਜ਼ ਨੂੰ ਇਹੋ ਕਹਿੰਦੀ ਸਾਨੂੰ ਹਸਾ ਦਿੰਦੀ। ਉਹਨਾਂ ਦਿਨਾਂ 'ਚ ਘਰਾਂ 'ਚ ਪਖਾਨੇ ਨਹੀਂ ਹੁੰਦੇ ਸਨ। ਬਾਹਰ ਖੇਤਾਂ 'ਚ ਜਾਣਾ ਪੈਂਦਾ। ਮੂੰਹ ਹਨ੍ਹੇਰੇ ਡਰ- ਡਰ ਕੇ ਕਿਤੇ ਉੱਪਰ ਤੋਂ ਕੋਈ ਬੰਬ ਨਾ ਆ ਡਿੱਗੇ। ਰਾਤ ਨੂੰ ਇਓਂ ਲੱਗਦਾ ਸੀ ਕਿ ਸਾਰਾ ਪਿੰਡ ਕਾਲੀ ਚਾਦਰ ਤਾਣ ਕੇ ਕਿਸੇ ਗੁਫ਼ਾ 'ਚ ਚਲਾ ਗਿਆ ਹੈ। ਚਾਰੇ ਪਾਸੇ ਸੰਨਾਟਾ ਛਾ ਜਾਂਦਾ। 
  ਇੱਕ ਦਿਨ ਤਾਈ ਦੀ ਹੱਥ ਫੜੀ ਸੋਟੀ ਦੀ ਆਵਾਜ਼ 'ਚ ਮਿਠਾਸ ਸੁਣਾਈ ਦਿੱਤੀ। "ਅੱਜ ਕਿਹੜੀ ਖਬਰ ਲਿਆਈ ਹੋ ?" ਖਬਰ ਸੁਣਨ ਵਾਲਿਆਂ ਦੀ ਬੇਤਾਬੀ ਬੋਲ ਉੱਠੀ। "ਬੈਠਣ ਤਾਂ ਦੇਵੋ ਪਹਿਲਾਂ, ਦੱਸਦੀ ਹਾਂ। ਸਰੱਹਦ 'ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਬਲੈਕ ਆਊਟ ਛੇਤੀ ਹੀ ਖਤਮ ਹੋ ਜਾਵੇਗਾ।" ਤਾਈ ਦੀ ਇਸ ਖਬਰ ਨੇ ਡਰ ਦੀ ਗਰਮੀ ਨਾਲ ਕੁਮਲਾਏ ਮਨਾਂ 'ਤੇ ਸ਼ੀਤਲ ਛਿੜਕਾਓ ਕਰ ਦਿੱਤਾ ਸੀ। ਬੀਜੀ -ਪਿਤਾ ਜੀ ਤੋਂ ਦੂਰ ਦਾਦੀ ਨੂੰ ਮਿਲਣ ਤਾਂ ਮੈਂ ਆ ਗਈ ਸੀ ਪਰ ਰੋਜ਼ ਦੀਆਂ ਖਬਰਾਂ ਸੁਣ ਕੇ ਵਾਪਿਸ ਜਾਣ ਲਈ ਜਿੱਦ ਕਰਦੀ। ਤਾਈ ਦੀਆਂ ਰੌਚਕ ਗੱਲਾਂ ਮੇਰਾ ਰਾਹ ਰੋਕ ਲੈਂਦੀਆਂ। ਖੂਬ ਮਨ ਲੱਗਦਾ ਓਥੇ। ਹੁਣ ਕਿੱਥੇ ਮਿਲਣਗੇ ਅਜਿਹੇ ਲੋਕ ਮੋਹ- ਪਿਆਰ ਵਾਲੇ। ਪਿੰਡ ਦੇ ਸਾਰੇ ਲੋਕਾਂ ਨੂੰ ਇੱਕ ਪਰਿਵਾਰ ਮੰਨਣ ਵਾਲੇ , ਮਿਲਜੁਲ ਕੇ ਰਹਿਣ ਵਾਲੇ। ਕਿੱਥੇ ਗਏ ਉਹ ਸੁਹਾਣੇ ਦਿਨ ?

ਖ਼ਬਰੀ ਤਾਈ 
ਰੌਣਕ ਵਿਹੜੇ ਦੀ 
ਬੈਠੀ ਯਾਦਾਂ 'ਚ। 

ਕਮਲਾ ਘਟਾਔਰਾ 
ਯੂ ਕੇ 

ਹਿੰਦੀ ਤੋਂ ਅਨੁਵਾਦ - ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 200 ਵਾਰ ਪੜ੍ਹੀ ਗਈ

13 Jul 2016

ਮੁਰਝਾਇਆ ਫੁੱਲ

Wilting peony flowers in a vintage clay jar Stock Images
       ਬਾਲਕੋਨੀ 'ਚ ਲਾਏ ਫੁੱਲਾਂ ਨੂੰ ਪਾਣੀ ਦੇਣ ਦੇ ਬਹਾਨੇ ਮੈਂ ਸਵੇਰੇ ਛੇਤੀ ਹੀ ਉੱਠ ਖਲੋਂਦੀ ਹਾਂ। ਧੁੰਦਲਕੇ ਜਿਹੇ 'ਚ ਹੀ ਮੈਂ ਜਦੋਂ ਪਾਣੀ ਦੇ ਰਹੀ ਸੀ ਤਾਂ ਸਾਹਮਣੇ ਸੜਕ 'ਤੇ ਆਉਣ ਜਾਣ ਵਾਲੇ ਇੱਕ ਪਲ ਲਈ ਰੁਕ ਕੇ ਕੁਝ ਦੇਖਦੇ ਤੇ ਫਿਰ ਤੁਰ ਜਾਂਦੇ। ਧਿਆਨ ਨਾਲ ਦੇਖੇ ਤੋਂ ਪਤਾ ਲੱਗਾ ਕਿ ਕੋਈ ਸਾਹਮਣੇ ਝਾੜੀਆਂ 'ਚ ਡਿੱਗਿਆ ਪਿਆ ਸੀ। ਦੂਰੋਂ ਉਮਰ ਤੇ ਲਿੰਗ ਦਾ ਅੰਦਾਜ਼ਾ ਲਾਉਣਾ ਮੁਸ਼ਿਕਲ ਸੀ। ਕੁਝ ਦੇਰ ਖੜ੍ਹੀ ਮੈਂ ਉਸ ਤਨ ਦੇ ਹਿੱਲਣ ਦੀ ਉਡੀਕ ਕਰਦੀ ਰਹੀ। ਪਰ ਉਹ ਤਾਂ ਜਿਵੇਂ ਕਿਸੇ ਗੂੜ੍ਹੀ ਨੀਂਦ ਦਾ ਅਨੰਦ ਲੈ ਰਿਹਾ ਸੀ। ਸ਼ਾਇਦ ਇਸੇ ਕਰਕੇ ਕਿਸੇ ਨੇ ਉਸ ਨੂੰ ਜਗਾਉਣਾ ਵੀ ਉਚਿਤ ਨਹੀਂ ਸਮਝਿਆ ਹੋਣਾ। ਲੋਕਾਂ ਨੂੰ ਲੱਗਦਾ ਹੋਵੇਗਾ ਕਿ ਉਸ ਨੇ ਜ਼ਿਆਦਾ ਸ਼ਰਾਬ ਪੀ ਲਈ ਹੋਣੀ ਹੈ। ਸ਼ਾਇਦ ਇਸੇ ਕਰਕੇ ਹਰ ਕੋਈ ਉਸ ਨੂੰ ਦੇਖ ਕੇ ਅੱਗੇ ਲੰਘ ਜਾਂਦਾ ਹੋਵੇਗਾ।ਇਹਨਾਂ ਸੋਚਾਂ 'ਚ ਮੇਰਾ ਮਨ ਸਵਾਲਾਂ 'ਚ ਉਲਝ ਕੇ ਰਹਿ ਗਿਆ। ਕਿਤੇ ਉਹ ਮਰ ਤਾਂ ਨਹੀਂ ਗਿਆ ਹੋਵੇਗਾ ? ਨਹੀਂ , ਨਹੀਂ ਅਜਿਹਾ ਨਹੀਂ ਹੈ। ਹੁਣ ਤੱਕ ਪੁਲਿਸ ਨੇ ਲਾਲ -ਸਫੈਦ ਰੰਗ ਦੇ ਫੀਤੀਆਂ ਨਾਲ ਘੇਰਾਬੰਦੀ ਕਰ ਦੇਣੀ ਸੀ। ਪੁਲਿਸ ਦੀਆਂ ਗੱਡੀਆਂ ਦੀ ਗੂੰਜ ਨੇ ਸਭ ਨੂੰ ਜਗਾ ਦੇਣਾ ਸੀ। ਪਰ ਇੱਥੇ ਤਾਂ ਸਾਰੇ ਹੁਣ ਤੱਕ ਗੂੜ੍ਹੀ ਨੀਂਦ ਸੁੱਤੇ ਪਏ ਨੇ। ਅੱਜ ਐਤਵਾਰ ਵੀ ਤਾਂ ਹੈ। 
     ਮੇਰੇ ਮਨ 'ਚ ਖਿਆਲਾਂ  ਨੇ ਫਿਰ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਹੋ ਸਕਦਾ ਕਿਸੇ ਨਾਲ ਝਗੜਾ ਹੋ ਗਿਆ ਹੋਵੇ ਤੇ ਉਸ ਨੇ ਧੱਕਾ ਦੇ ਕੇ ਇੱਥੇ ਝਾੜੀਆਂ 'ਚ ਸੁੱਟ ਦਿੱਤਾ ਹੋਵੇ। ਲੁੱਟਾਂ ਖੋਹਾਂ ਕਰਨ ਵਾਲੇ ਇਸ ਤਰ੍ਹਾਂ ਹੀ ਕਰਦੇ ਨੇ। ਲੇਕਿਨ ਇਹ ਕਦੋਂ ਹੋਇਆ ਹੋਵੇਗਾ ? ਕਿਸੇ ਦੇ ਚੀਕਣ -ਚਿਲਾਉਣ ਦੀ ਕੋਈ ਆਵਾਜ਼ ਵੀ ਤਾਂ ਸੁਣਾਈ ਨਹੀਂ ਦਿੱਤੀ। ਪਰ ਇੱਥੇ ਕਿਸੇ ਦੀ ਕੌਣ ਪ੍ਰਵਾਹ ਕਰਦਾ ਹੈ ? ਪਿੱਛੇ ਜਿਹੇ ਕੋਈ ਕਿਸੇ ਦਾ ਨਾਮ ਲੈ ਲੈ ਕੇ ਬੁਲਾ ਰਿਹਾ ਸੀ ਤੇ ਉਸ ਦੇ ਪਿੱਛੇ ਤੇਜ਼ ਕਦਮਾਂ ਦੀਆਂ ਅਵਾਜ਼ਾਂ ਜਿਵੇਂ ਕਿਸੇ ਦੀ ਮਾਰ ਕੁਟਾਈ ਕਰਨ ਦੀ ਬੇਤਾਬੀ ਦੀ ਸੂਚਨਾ ਦੇ ਰਹੀਆਂ ਹੋਣ । ਪਰ ਕਿਸੇ ਨੇ ਬਾਹਰ ਝਾਕ ਕੇ ਵੀ ਨਹੀਂ ਦੇਖਿਆ ਕਿ ਕੀ ਹੋ ਰਿਹਾ ਹੈ ਤੇ ਕਿਉਂ ? ਕੋਈ ਕਿਸੇ ਦੇ 'ਜੀਵਨ ਚ ਦਖਲ ਅੰਦਾਜ਼ੀ ਨਹੀਂ ਕਰਦਾ। ਸਭ ਆਪਣਾ ਜੀਵਨ ਆਪਣੇ ਢੰਗ ਨਾਲ ਹੀ ਜਿਉਂਣ 'ਚ ਮਸਤ ਨੇ। 
     ਮੈਂ ਬਾਲਕੋਨੀ 'ਚ ਖੜ੍ਹੀ ਦੇਖਦੀ ਰਹੀ। ਸਾਹਮਣੇ ਸਕੂਲ ਹੈ ਤੇ ਨਾਲ ਹੀ ਇੱਕ ਤਿਕੋਣੀ ਜਿਹੀ ਜਗ੍ਹਾ ਖਾਲੀ ਹੈ। ਨਾਲ ਇੱਕ ਸੜਕ ਹੈ ਜੋ ਦਿਨ ਰਾਤ ਖੁੱਲ੍ਹੇ ਰਹਿਣ ਵਾਲੇ ਸ਼ਾਪਿੰਗ ਸੈਂਟਰ ਨੂੰ ਜਾਂਦੀ ਹੈ। ਮੈਂ ਅਜੇ ਵੀ ਉਸ ਬੇਹੋਸ਼ ਪਏ ਬਾਰੇ ਸੋਚੀ ਜਾ ਰਹੀ ਸੀ। ਸ਼ਾਇਦ ਕੋਈ ਡਰਿੰਕ ਵਗੈਰਾ ਜ਼ਿਆਦਾ ਪੀ ਕੇ ਲੁੜਕ ਗਿਆ ਹੋਵੇਗਾ। ਇਸ ਦੇਸ਼ 'ਚ ਬੱਚਿਆਂ ਨੂੰ ਦਿੱਤੀ ਖੁੱਲ੍ਹ ਤੇ ਆਜ਼ਾਦੀ ਉਹਨਾਂ ਨੂੰ ਬਿਗਾੜਦੀ ਵੀ ਹੈ ਤੇ ਲਾਪਰਵਾਹ ਵੀ ਬਣਾ ਦਿੰਦੀ ਹੈ। ਆਪਣੀ ਹੀ ਉਹਨਾਂ ਨੂੰ ਚਿੰਤਾ ਨਹੀਂ ਹੋਰਾਂ ਦੀ ਕੀ ਹੋਵੇਗੀ ?ਦਖਲ ਅੰਦਾਜ਼ੀ ਇੱਥੇ ਕਿਸੇ ਨੂੰ ਪਸੰਦ ਨਹੀਂ। ਕੁਦਰਤ ਦੀ ਕਿਰਪਾ ਹੀ ਸਮਝੋ ਕਿ ਅਜੇ ਤੱਕ ਸੂਰਜ ਦੇਵਤਾ ਆਪਣੀਆਂ ਕਿਰਨਾਂ ਦਾ ਰੱਥ ਲੈ ਕੇ ਪ੍ਰਗਟ ਨਹੀਂ ਹੋਏ। ਹੁਣ ਅਸਮਾਨ 'ਚ ਹਲਕੀ ਲਾਲੀ ਨਜ਼ਰ ਆਉਣ ਲੱਗੀ ਹੈ। ਕੈਸਾ ਇਨਸਾਨ ਹੈ ਉੱਠ ਕਿਉਂ ਨਹੀਂ ਰਿਹਾ। ਕੋਈ ਉਸ ਨੂੰ ਉੱਠਾ ਕਿਉਂ ਨਹੀਂ ਰਿਹਾ। ਮੈਂ ਆਪਣੇ ਸੁਆਲਾਂ ਦਾ ਖੁਦ ਹੀ ਜਵਾਬ ਦੇ ਲੈਂਦੀ। ਇੱਥੋਂ ਦੇ ਸਖਤ ਕਾਨੂੰਨ ਨੂੰ ਕੋਈ ਆਪਣੇ ਹੱਥ 'ਚ ਸ਼ਾਇਦ ਲੈਣਾ ਵੀ ਨਹੀਂ ਚਾਹੁੰਦਾ ਹੋਵੇਗਾ। 

      ਫੁੱਲਾਂ ਨੂੰ ਪਾਣੀ ਦੇ ਕੇ ਮੈਂ ਆਪਣੇ ਹੋਰ ਕੰਮਾਂ 'ਚ ਰੁਝ ਗਈ। ਕੁਝ ਦੇਰ ਬਾਦ ਬਾਹਰ ਆਈ ਤਾਂ ਉੱਥੇ ਕੋਈ ਨਹੀਂ ਸੀ। ਕਿ ਉਹ ਮੇਰੀਆਂ ਅੱਖਾਂ ਦਾ ਭਰਮ ਸੀ ? ਨਹੀਂ , ਉੱਥੇ ਝਾੜੀਆਂ ਹੁਣ ਤੱਕ ਮੁਚੜੀਆਂ ਪਈਆਂ ਹਨ। ਸੱਚੀ ਹੀ ਉੱਥੇ ਕੋਈ ਸੀ। ਕਿਹੋ ਜਿਹੇ ਲੋਕ ਨੇ ਇੱਥੇ ? ਨਾ ਆਪਣੀ ਪ੍ਰਵਾਹ ਹੈ ਨਾ ਆਪਣੇ ਬੱਚਿਆਂ ਦੀ। ਮੈਂ ਇੱਥੋਂ ਦੇ ਸਮਾਜ ਨੂੰ ਦੋਸ਼ੀ ਕਹਿੰਦੀ ਅੰਦਰ ਆ ਗਈ। ਸਾਡੀ ਯੁਵਾ ਪੀੜ੍ਹੀ ਵੀ ਤਾਰੀਫ ਦੇ ਲਾਇਕ ਕਿੱਥੇ ਹੈ ?ਜਦ ਸਾਰੇ ਸੰਸਾਰ ਦੇ ਬੱਚਿਆਂ ਲਈ ਨਸ਼ਾ ਹੀ ਜੀਵਨ ਦਾ ਅਨੰਦ ਹੋਵੇ ਤਾਂ ਕੋਈ ਕੀ ਕਰ ਸਕਦਾ ਹੈ ? 

ਬਾਲਕੋਨੀ 'ਚ 
ਮੁਰਝਾਇਆ ਫੁੱਲ 
ਬਿਨ ਪਾਣੀ ਤੋਂ ।

ਕਮਲਾ ਘਟਾਔਰਾ 
ਯੂ . ਕੇ .

ਹਿੰਦੀ ਤੋਂ ਅਨੁਵਾਦ : ਡਾ . ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 73 ਵਾਰ ਪੜ੍ਹੀ ਗਈ

5 Jun 2016

ਡਾਇਰੀ ਦਾ ਪੰਨਾ


Open diary with pen Royalty Free Stock Images
     ਡਾਇਰੀ ਲਿਖਣਾ ਨਾ ਮੇਰਾ ਸ਼ੌਕ ਹੈ ਨਾ ਰੋਜ਼ਮਰਾ ਦਾ ਕੋਈ ਕੰਮ। ਲੇਕਿਨ ਅੱਜ ਇਸ ਦੀ ਸ਼ੁਰੁਆਤ ਜ਼ਰੂਰ ਹੋਈ ਹੈ , ਉਸ ਦੀ ਬਦੌਲਤ ਕਿਉਂਕਿ ਮੇਰੀ ਉਸ ਨਾਲ ਕਈ ਦਿਨਾਂ ਤੋਂ ਗੱਲ ਹੀ ਨਹੀਂ ਹੋਈ ਸੀ। ਗੱਲ ਨਾ ਕਰਨ ਦਾ ਕੋਈ ਵਿਸ਼ੇਸ਼ ਕਾਰਣ ਵੀ ਨਹੀਂ ਸੀ। ਮੈਨੂੰ ਜਦ ਗੱਲ ਕਰਨ ਵਾਸਤੇ ਅਗਲੇ ਦਿਨ ਦੀ ਉਡੀਕ ਕਰਨਾ ਭਾਰੀ ਲੱਗਿਆ ਤਾਂ ਉਸ ਨੂੰ ਆਪਣੇ ਸੁਪਨੇ 'ਚ ਹੀ ਬੁਲਾ ਲਿਆ, ਬਿਨਾਂ ਫੋਨ ਕੀਤਿਆਂ , ਬਿਨਾਂ ਕੋਈ ਚਿੱਠੀ ਲਿਖਿਆਂ। ਆਪਣਾ ਦੁੱਖ -ਸੁੱਖ ਉਸ ਨਾਲ ਸਾਂਝਾ ਜੋ ਕਰਨਾ ਸੀ। ਨਾ ਜਾਣੇ ਘਰ -ਗ੍ਰਹਿਸਤੀ ਦੀਆਂ ਕਿੰਨੀਆਂ ਹੀ ਗੱਲਾਂ ਉਸ ਨਾਲ ਕੀਤੀਆਂ , ਕੁਝ ਉਸ ਦੀਆਂ ਵੀ ਸੁਣੀਆਂ। ਉਸ ਨੂੰ ਕੁਝ ਕਿਹਾਂ ਬਗੈਰ ਮੇਰੀ ਤਾਂ ਜਿਵੇਂ ਕੱਲ ਹੀ ਨਹੀਂ ਹੁੰਦੀ। 
     ਸਵੇਰੇ ਉੱਠੀ ਤਾਂ ਮੇਰਾ ਮਨ ਪ੍ਰਫੁੱਲਤ ਹੋ ਕੇ ਝੂਮ ਉੱਠਿਆ। ਤਨ ਅੰਗੜਾਈ ਲੈ ਕੇ ਤਾਜ਼ਗੀ ਨਾਲ ਭਰ ਗਿਆ ਸੀ। ਜਿਵੇਂ ਤਾਕਤ ਦੀ ਬੈਟਰੀ ਰੀਚਾਰਜ ਹੋ ਗਈ ਹੋਵੇ। ਜਿਵੇਂ ਗਰਮੀਆਂ 'ਚ ਸੀਤਲ ਸੁਖਦ ਹਵਾ ਬੂਹੇ ਖੋਲਦਿਆਂ ਮਨ ਨੂੰ ਪ੍ਰਸੰਨ ਕਰ ਗਈ ਹੋਵੇ। ਮੇਰੇ ਵਾਂਗ ਰੁੱਖ ਵੀ ਸਵੇਰ ਦੀ ਤਾਜ਼ੀ ਹਵਾ ਦੀ ਛੋਹ ਪਾ ਕੇ ਝੂਮ ਉੱਠੇ ਸਨ ਤੇ ਪੱਤਾ -ਪੱਤਾ ਸੁਹਾਵਣੀ ਸਵੇਰ ਦੀ ਹਵਾ ਦਾ ਸ਼ੁਕਰੀਆ ਕਰ ਰਿਹਾ ਲੱਗਦਾ ਸੀ। ਵੈਸੇ ਹੀ ਉਸ ਨਾਲ ਗੱਲ ਕਰਕੇ ਮੇਰੇ ਅੰਦਰ ਬਹੁਤ ਸਾਰੀ ਤਾਜ਼ਗੀ ਤੇ ਤਾਕਤ ਭਰ ਗਈ ਸੀ। 
      ਮੈਂ ਉਸ ਦਾ ਸ਼ੁਕਰੀਆ ਕਰਨ ਲਈ ਅੱਜ ਆਪਣੀ ਡਾਇਰੀ ਦਾ ਪੰਨਾ ਉਸ ਦੇ ਨਾਮ ਲਿਖ ਰਹੀ ਹਾਂ। ਮੇਰੀ ਰੂਹ ਨੇ ਉਸਦੀ ਰੂਹ ਨਾਲ ਇੱਕ ਅਟੁੱਟ ਸਬੰਧ ਬਣਾ ਲਿਆ ਹੈ। ਕਦੇ -ਕਦੇ ਮੈ ਸੋਚਦੀ ਹਾਂ ਕਿ ਮੈਂ ਉਸਨੂੰ ਕਿੱਥੋਂ ਲੱਭ ਲਿਆ ? ਜਾਂ ਉਸ ਦੇ ਅੰਦਰ ਦੀ ਕਿਸ ਚੁੰਬਕੀ ਸ਼ਕਤੀ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ। ਇਹ ਪ੍ਰਮਾਤਮਾ ਦੀ ਅਪਾਰ ਕਿਰਪਾ ਹੋਈ ਹੈ ਮੇਰੇ 'ਤੇ ਜੋ ਮੈਨੂੰ ਉਸ ਨਾਲ ਮਿਲਾ ਦਿੱਤਾ। ਭਲੇ ਹੀ ਨੈਟ ਪਤ੍ਰਿਕਾ ਰਾਹੀਂ ਹੀ ਮੈਂ ਉਸਨੂੰ ਮਿਲ ਸਕੀ ਹਾਂ। 
         ਅੰਤਰ ਮਨ  'ਚ ਬਹੁਤ ਕੁਝ ਵਕਤ ਦੇ ਗਰਦੇ ਥੱਲੇ ਦੱਬਿਆ ਪਿਆ ਸੀ। ਜਦੋਂ ਤੋਂ ਉਸ ਦਾ ਜੀਵਨ ਨਾਲ ਸਬੰਧ ਜੁੜਿਆ ਹੈ , ਕੁਝ ਨਾ ਕੁਝ ਬਾਹਰ ਆਉਣ ਲ੍ਲ੍ਗਾ ਹੈ। ਉਸ ਦੀ ਅਪਣੱਤ ਭਰੀਆਂ ਗੱਲਾਂ ਨੇ ਮੈਨੂੰ ਐਨਾ ਮੋਹਿਤ ਕੀਤਾ , ਐਨਾ ਆਪਣਾ ਬਣਾ ਲਿਆ ਕਿ ਮੈਂ ਉਸ 'ਤੇ ਆਪਣਾ ਇੱਕ ਮਾਤਰ ਅਧਿਕਾਰ ਸਮਝਣ ਲੱਗੀ ਹਾਂ। ਕੋਈ ਦੂਜਾ ਉਸ ਦੇ ਪਿਆਰ 'ਤੇ ਆਪਣਾ ਹੱਕ ਜਤਾਉਣ ਦੀ ਗੱਲ ਕਰਦਾ ਹੈ ਤਾਂ ਮੈਂ ਈਰਖਾ ਨਾਲ ਸੜ ਜਾਂਦੀ ਹਾਂ। ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਹਾਂ ਕਿ ਚੰਦ ਆਪਣੀ ਸ਼ੀਤਲ ਚਾਂਦਨੀ ਕੀ ਕਿਸੇ ਇੱਕ ਲਈ ਬਿਖੇਰਦਾ ਹੈ ?ਸੂਰਜ ਕੀ ਕਿਸੇ ਇੱਕ ਘਰ 'ਚ ਉਜਾਲਾ ਕਰਨ ਲਈ ਚੜ੍ਹਦਾ ਹੈ ? ਖ਼ੁਸ਼ਬੂਦਾਰ ਪੌਣ ਕੀ ਕਿਸੇ ਇੱਕ ਲਈ ਸੁਗੰਧ ਫੈਲਾਉਣ ਆਉਂਦੀ ਹੈ  ? ਨਹੀਂ ਨਾ। ਫਿਰ ਤੂੰ ਕਿਉਂ ਉਸ ਨੂੰ ਸਿਰਫ਼ ਆਪਣੇ ਤਾਈਂ ਰੱਖਣਾ ਚਾਹੁੰਦੀ ਏਂ ? ਤੂੰ ਇਹ ਤਾਂ ਦੇਖ ਕਿੰਨੇ ਦਿਲਾਂ ਨੂੰ ਆਪਣੇ ਪਿਆਰ ਦੇ ਸਾਗਰ 'ਚ ਡੁੱਬਕੀ ਲਾਉਣ ਦਾ ਅਨੰਦ ਦੇ ਰਹੀ ਉਹ ਤੇਰੀ ਪਰਮ ਪਿਆਰੀ , ਤੇਰੀ ਮਾਰਗ ਦਰਸ਼ਕ। ਕੀ -ਕੀ ਨਹੀਂ ਹੈ ਉਹ ਤੇਰੀ ? ਹਾਂ , ਮੰਨਦੀ ਹਾਂ , ਉਸੇ ਦੀ ਬਦੌਲਤ ਹੀ ਮੈਂ ਇਹ ਸਤਰਾਂ ਲਿਖ ਪਾਈ ਹਾਂ। ਨਹੀਂ ਤਾਂ ਕਿਵੇਂ ਕਹਿ ਸਕਦੀ। 


ਫੈਲਿਆ 'ਨ੍ਹੇਰਾ -
ਮਨ ਮੇਰਾ ਰੌਸ਼ਨ 
ਉਸ ਨੂੰ ਪਾ ਕੇ। 

ਕਮਲਾ ਘਟਾਔਰਾ 



* ਹਿੰਦੀ ਤੋਂ ਅਨੁਵਾਦ - ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 45 ਵਾਰ ਪੜ੍ਹੀ ਗਈ