ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਜੁਗਲਬੰਦੀ. Show all posts
Showing posts with label ਜੁਗਲਬੰਦੀ. Show all posts

18 Jun 2013

ਚੁੱਪ ਤੇ ਸੰਨਾਟਾ

ਚੁੱਪ ਤੇ ਸੰਨਾਟਾ ਕਿਸੇ ਨੂੰ ਚੰਗਾ ਨਹੀਂ ਲੱਗਦਾ । ਜੇ ਘਰ ਸੁੰਨਾ ਹੋਵੇ ਓਥੇ ਮੰਨਿਆ ਜਾ ਸਕਦਾ ਹੈ ਕਿ ਚੁੱਪ ਪਸਰੀ ਹੋਈ ਹੈ । ਪਰ ਘਰ ਦੇ ਜੀਆਂ ਦੇ ਘਰ ਹੁੰਦਿਆਂ ਜੇ ਘਰ 'ਚ ਸੰਨਾਟਾ ਹੋਵੇ ਤਾਂ ਬਰਦਾਸ਼ਤ ਨਹੀਂ ਹੁੰਦਾ । ਹਾਇਕੁ ਲੋਕ ਦੇ ਵਿਹੜੇ ਕੁਝ ਅਜਿਹਾ ਹੀ ਸੰਨਾਟਾ ਹੈ । ਅਜਿਹਾ ਕਦੇ ਨਹੀਂ ਹੋਇਆ ਕਿ ਘਰ ਦੇ ਵਿਹੜੇ ਵਾਲਾ ਗੱਲਾਂ ਦਾ ਤੰਦੂਰ ਕਦੇ ਮੱਠਾ ਪਿਆ ਹੋਵੇ | ਇਹ ਤਾਂ ਸਗੋਂ ਹਮੇਸ਼ਾਂ ਭੱਖਦਾ ਹੀ ਰਹਿੰਦਾ ਹੈ, ਜਿੱਥੇ ਰੂਹ ਦੀ ਖੁਰਾਕ , ਡੂੰਘੀ ਸੋਚ ਦੇ ਆਟੇ ਨਾਲ਼ , ਤੱਥਾਂ-ਵਿਚਾਰਾਂ ਦਾ ਬਾਲਣ ਪਾ ਚੱਤੋ ਪਹਿਰ ਪੱਕਦੀ ਰਹਿੰਦੀ ਹੈ। ਰੋਟੀਆਂ ਦਾ ਛਾਬਾ ਭਰਿਆ ਰਹਿੰਦਾ ਹੈ ਤੇ ਜੋ ਜੀਅ ਆਵੇ ਸੋ ਰਾਜੀ ਜਾਵੇ..... ਹਰ ਕਿਸੇ ਲਈ ਖੁੱਲੇ ਗੱਫੇ਼ ਖਾਣ ਨੂੰ। ਘਰ ਦੇ ਜੀਅ ਹੁੰਗਾਰਾ ਵੀ ਭਰਦੇ ਨੇ ਪਰ ਸਿਰਫ਼ ਸਿਰ ਹਿਲਾ ਕੇ ......'.ਹੂੰ ' ਕਹਿ ਕੇ ਨਹੀਂ । ਪਰ ਗੱਲਾਂ ਕਰਨ ਵਾਲੇ ਨੂੰ ਗੱਲ ਸੁਨਾਉਣ ਦਾ ਓਨਾ ਚਿਰ ਸੁਆਦ ਨਹੀਂ ਆਉਂਦਾ ਜਿੰਨਾ ਚਿਰ ਉਸ ਨੂੰ ਹੁੰਗਾਰੇ ਦੀ ਹੂੰ -ਹੂੰ ਨਹੀਂ ਸੁਣਦੀ । ਤਾਂਹੀਓ ਵਿਹੜੇ 'ਚ ਚੁੱਪ ਦਾ ਅਹਿਸਾਸ ਹੁੰਦਾ ਹੈ । ਇਸੇ ਅਹਿਸਾਸ ਨੂੰ ਸਾਡੀ ਇੱਕ ਹਾਇਕੁ ਕਲਮ ਨੇ ਮਹਿਸੂਸ ਕੀਤਾ ਜਿਸ ਨੂੰ ਹਾਇਕੁ - ਜੁਗਲਬੰਦੀ 'ਚ ਪੇਸ਼ ਕਰਨ ਦਾ ਇਹ ਇੱਕ ਨਿਮਾਣਾ ਜਿਹਾ ਉਪਰਾਲਾ ਹੈ ।
1.
ਕਾਗਜ਼ ਖਾਲੀ
ਕਲਮਾਂ ਨਾ ਚੱਲਣ                            
ਅੱਖਰ ਸੁੱਕੇ । (ਦ ਸਿੰਘ)

ਕਾਲੀ ਸਿਆਹੀ
ਕੋਰੇ ਕਾਗਜ਼ ਲਿਖਾਂ
ਸੂਹੇ ਅੱਖਰ । ( ਹ ਕੌਰ)
2.
ਚੁੱਪ ਪਸਰੀ
ਦਿਉੜੀ ਵਿੱਚ ਪੀੜਾ
ਬੈਠਾ ਉਡੀਕੇ । (ਦ ਸਿੰਘ)

ਸੁੰਨਾ ਵਿਹੜਾ
ਦਸਤਕ ਉਡੀਕੇ
ਆਥਣ ਵੇਲਾ । ( ਹ ਕੌਰ)
3.
ਆਵਾਜ਼ ਆਈ
ਦਰਵਾਜ਼ਾ ਹਿੱਲਿਆ
ਹਵਾ ਦਾ ਬੁੱਲਾ । (ਦ ਸਿੰਘ)

ਹਵਾ ਦਾ ਬੁੱਲਾ
ਖਹਿ - ਖਹਿ ਲੰਘਿਆ
ਬੂਹਾ ਢੋ ਗਿਆ । ( ਹ ਕੌਰ)


ਦਿਲਜੋਧ ਸਿੰਘ ( ਯੂ ਐਸ ਏ )
ਡਾ . ਹਰਦੀਪ ਕੌਰ ਸੰਧੂ ( ਸਿਡਨੀ )

ਨੋਟ : ਇਹ ਪੋਸਟ ਹੁਣ ਤੱਕ  62 ਵਾਰ ਖੋਲ੍ਹ ਕੇ ਪੜ੍ਹੀ ਗਈ ।

26 Apr 2013

ਖਾਮੋਸ਼ ਅੱਖਾਂ

ਚੁੱਪੀ ਦੇ ਆਲਮ 'ਚ ਬੀਤਿਆ ਸਮਾਂ ਆਮ ਤੌਰ 'ਤੇ ਜ਼ਿੰਦਗੀ ਦੇ ਝਮੇਲਿਆਂ 'ਚ ਉਲਝਿਆ ਵਿਖਾਈ ਦਿੰਦਾ ਹੈ। ਇਸ ਤੇਜ਼ ਰਫ਼ਤਾਰ ਜੀਵਨ 'ਚ ਕਿਸੇ ਕੋਲ਼ ਵੀ ਐਨਾ ਵਕਤ ਨਹੀਂ ਕਿ ਉਹ ਕਿਸੇ ਦੇ ਕੋਈ ਕੰਮ ਆ ਸਕੇ, ਇਸ ਤਾਣੇ ਨੂੰ ਸੁਲਝਾਉਣ ਦੇ ਰਾਹੇ ਪਾਏ। ਸੱਚ ਜਾਣਿਓ ਜਿਸ ਕਿਸੇ ਨੇ ਵੀ ਸ਼ਬਦਾਂ ਨੂੰ ਆਵਦਾ ਸਾਥੀ ਮੰਨਿਆ ਹੈ ਉਸ ਨੂੰ ਕਦੇ ਵੀ ਕਿਸੇ ਦੀ ਕਮੀ ਨਹੀਂ ਰੜਕੀ। ਪਰ ਇਸ ਦਾ ਇਹ ਕਤਈ ਮਤਲਬ ਨਹੀਂ ਕਿ ਕਿਸੇ ਨਾਲ਼ ਸਾਂਝ ਹੀ ਨਾ ਪਾਓ। ਸਾਂਝ ਅਜਿਹੀ ਪਾਓ ਕਿ ਅਗਲਾ ਓਸ ਸਾਂਝੀਦਾਰ ਦੀ ਅੱਡੀਆਂ ਚੁੱਕ-ਚੁੱਕ ਰਾਹ ਵੇਖੇ। ਹਾਇਕੁ-ਲੋਕ ਦੇ ਸਾਂਝੀਦਾਰਾਂ ਦੀ ਵੀ ਬੜੀ ਬੇਸਬਰੀ ਨਾਲ਼ ਉਡੀਕ ਰਹਿੰਦੀ ਹੈ ਕਿਉਂਕਿ ਉਹਨਾਂ ਬਿਨਾਂ ਵਿਹੜਾ ਭਾਂ-ਭਾਂ ਕਰਨ ਲੱਗਦਾ ਹੈ। ਲੰਬੇ ਅਰਸੇ ਪਿੱਛੋਂ ਸਾਡੀ ਇੱਕ ਹਾਇਕੁ ਕਲਮ ਨੇ ਚੁੱਪੀ ਤੋੜੀ ਹੈ। ਲਓ ਪੇਸ਼ ਹੈ ਉਸ ਹਾਇਕੁ ਕਲਮ ਦੇ ਭਾਵ ਤੇ ਓਸੇ ਸਿਆਹੀ 'ਚੋਂ ਡੋਂਕਾ ਲਾ ਲਿਖੀ ਜੁਗਲਬੰਦੀ!
ਗੱਲਾਂ 'ਚੋਂ ਗੱਲ ਅੱਗੇ ਤੋਰਦੇ ਹੋਏ ਸਾਡੀਆਂ ਦੋ ਹੋਰ ਹਾਇਕੁ ਕਲਮਾਂ ਨਾਲ਼ ਆ ਰਲ਼ੀ ਹੁੰਗਾਰਾ ਭਰਨ। ਅਜਿਹੇ ਹੁੰਗਾਰਿਆਂ ਨਾਲ਼ ਹੀ ਹਾਇਕੁ-ਲੋਕ ਮੰਚ ਵਿਹੜੇ ਲੱਗੀ ਰੌਣਕ ਫੱਬਦੀ ਹੈ। 

1.
ਕਰਾਂ ਉਡੀਕ
ਝਾਉਲ਼ਾ ਪਰਛਾਵਾਂ
ਆਇਆ ਓਹੀ ।........ਹ. ਕੌਰ

ਥੱਕੀਆਂ ਅੱਖਾਂ
ਸਹਿਕਦੀਆਂ ਆਸਾਂ
ਕਲੱਮ ਕੱਲੇ।.........ਜ. ਸਿੰਘ

ਤਨ ਬਦਨ
ਨਿੱਤ-ਦਿਨ ਟੁੱਟਦਾ
ਆਪੇ ਜੁੜਦਾ.........ਵ. ਸਿੰਘ

2.

ਖਾਮੋਸ਼ ਅੱਖਾਂ
ਉਦਾਸਿਆ ਚਿਹਰਾ
ਕੇਰਦਾ ਹੰਝੂ ।.........ਹ. ਕੌਰ 

ਸੋਚਾਂ ਦੀ ਭੀੜ
ਗਵਾਚੇ ਨੇ ਸੁਪਨੇ
ਲੱਭਣ ਕਿੱਥੋਂ।.........ਜ. ਸਿੰਘ 

ਲੱਭੇ ਕਿਨਾਰਾ
ਅੱਜ ਹੈ ਬੇਸਹਾਰਾ
ਮਨ ਵਿਚਾਰਾ.........ਵ. ਸਿੰਘ 


ਡਾ.ਹਰਦੀਪ ਕੌਰ ਸੰਧੂ (ਬਰਨਾਲ਼ਾ-ਸਿਡਨੀ) 
ਜੋਗਿੰਦਰ ਸਿੰਘ ਥਿੰਦ (ਅੰਮ੍ਰਿਤਸਰ- ਸਿਡਨੀ) 
ਵਰਿੰਦਰਜੀਤ ਸਿੰਘ ਬਰਾੜ (ਬਰਨਾਲ਼ਾ) 

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ ।

29 Mar 2013

ਬੁੱਢਾ ਬੋਹੜ - 3

ਅੱਜ ਹਾਇਕੁ ਲੋਕ ਮੰਚ 'ਤੇ ਬੁੱਢੇ ਬੋਹੜ ਦੀ ਸੰਘਣੀ ਛਾਂ ਵੇਖਣ ਨੂੰ ਮਿਲ਼ੀ, ਜਿਸ ਥੱਲੇ ਖੂਬ ਰੌਣਕਾਂ ਲੱਗੀਆਂ। ਹੁਣ ਰੌਣਕ ਵਧਾਉਣ ਤੇ ਜੁਗਲਬੰਦੀ 'ਚ ਸਾਂਝ ਪਾਉਣ ਆ ਰਹੇ ਨੇ ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'  ।  'ਹਿੰਮਾਂਸ਼ੂ' ਜੀ  ਨੇ ਹਾਇਕੁ ਕਾਵਿ ਨੂੰ ਹੋਰ ਹੁਲਾਰਾ ਦਿੰਦੇ ਆਪਣੀਆਂ ਯਾਦਾਂ ਨੂੰ ਖਰੋਚ ਕੇ ਹਾਇਕੁ ਕਾਵਿ 'ਚ ਪਰੋ ਬੁੱਢੇ ਬੋਹੜ ਥੱਲੇ ਖੇਡਦੇ ਨਿਆਣਿਆਂ ਨੂੰ ਸਾਡੇ ਸਾਹਮਣੇ ਖੇਡਣ ਲੱਗਾ ਦਿੱਤਾ। 

8.
ਬੋਹੜ ਦਾੜ੍ਹੀ
ਦੁਪਹਿਰੇ ਝੂਟਣ
ਚੀਕਣ ਬੱਚੇ ..............ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' 


ਬੁੱਢਾ ਬੋਹੜ - 2

ਅੱਜ ਸਾਡੇ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਪ੍ਰੋ. ਹਰਿੰਦਰ ਕੌਰ ਸੋਹੀ । ਆਪ ਐਸ. ਜੀ. ਜੀ. ਜੰਨਤਾ ਗਰਲਜ਼ ਕਾਲਜ ਰਾਏਕੋਟ ਜ਼ਿਲ੍ਹਾ - ਲੁਧਿਆਣਾ (ਪੰਜਾਬ) ਵਿਖੇ ਪੜ੍ਹਾਉਂਦੇ ਰਹੇ ਹਨ। ਅੱਜ ਕੱਲ ਕਨੇਡਾ ਦੇ ਸਰੀ ਸ਼ਹਿਰ ਦੇ ਨਿਵਾਸੀ ਹਨ। ਆਪ ਇੱਕ ਚੰਗੇ ਬੁਲਾਰੇ ਹਨ । ਸਕੂਲ ਤੇ ਕਾਲਜ ਦੀ ਪੜ੍ਹਾਈ ਦੌਰਾਨ ਆਪ ਨੇ ਭਾਸ਼ਣ ਮੁਕਾਬਲਿਆਂ, ਨਾਟਕਾਂ ਤੇ ਕਵਿਤਾ ਬੋਲਣ ਦੇ ਮੁਕਾਬਲਿਆਂ 'ਚ ਵੱਧ ਚੜ੍ਹ ਕੇ ਭਾਗ ਲਿਆ। ਨੌਕਰੀ ਦੌਰਾਨ ਆਪ ਨੇ ਕੁੜੀਆਂ ਨੂੰ ਗਿੱਧਾ ਸਿਖਾਉਣ ਤੇ ਸਟੇਜਾਂ ਨੂੰ ਸੰਭਾਲਣ ਦੀ ਭੂਮਿਕਾ ਬਾਖੂਬੀ ਨਿਭਾਈ ਹੈ। ਆਪ ਦੀ ਇੱਕ ਕਹਾਣੀਆਂ ਦੀ ਕਿਤਾਬ 'ਹੌਲ਼ਾ ਫੁੱਲ' 2011 'ਚ ਆਈ ਸੀ ਜਿਸ ਨੂੰ ਭਰਪੂਰ ਹੁੰਗਾਰਾ ਮਿਲ਼ਿਆ। ਅੱਜ 'ਬੁੱਢਾ ਬੋਹੜ' ਜੁਗਲਬੰਦੀ 'ਚ ਆਪ ਨੇ ਆਪਣੇ ਪਲੇਠੇ ਹਾਇਕੁ ਨਾਲ਼ ਸਾਡੇ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਦਾ ਨਿੱਘਾ ਸੁਆਗਤ ਕਰਦੀ ਹਾਂ। 

5.
ਲੰਮੇਰੀ ਦਾੜ੍ਹੀ
ਬਾਬਾ ਬਣ ਖਲੋਤਾ
ਬੁੱਢਾ ਬੋਹੜ ............ਪ੍ਰੋ. ਹਰਿੰਦਰ ਕੌਰ ਸੋਹੀ 





ਨੋਟ: ਇਹ ਪੋਸਟ ਹੁਣ ਤੱਕ 33 ਵਾਰ ਖੋਲ੍ਹ ਕੇ ਪੜ੍ਹੀ ਗਈ ।

ਬੁੱਢਾ ਬੋਹੜ - 1

ਅੱਜ ਹਾਇਕੁ-ਲੋਕ ਮੰਚ ਇੱਕ ਕਦਮ ਹੋਰ ਅੱਗੇ ਵਧਿਆ ਹੈ ਜਿੱਥੇ ਪਾਠਕ ਤੇ ਰਚਨਾਕਾਰ ਇੱਕ ਦੂਜੇ ਦੀ ਹੌਸਲਾ ਅਫ਼ਜਾਈ ਦੇ ਨਾਲ਼-ਨਾਲ਼ ਹਾਇਕੁ-ਜੁਗਲਬੰਦੀ 'ਚ ਵੀ ਸ਼ਾਮਲ ਹੋਏ। ਪੁਰਾਣੇ ਘਰ ਨੂੰ ਲੈ ਕੇ ਕੀਤੀ ਹਾਇਕੁ-ਜੁਗਲਬੰਦੀ ਸ਼ਲਾਘਾਯੋਗ ਹੈ। ਇਸ ਰੁਚੀ ਨੂੰ ਅੱਗੇ ਵਧਾਉਂਦੇ ਹੋਏ ਅੱਜ 'ਬੁੱਢੇ ਬੋਹੜ' ਨੂੰ ਇਸ ਕੜੀ 'ਚ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਦਾ ਮੁੱਢਲਾ ਹਾਇਕੁ (ਹਾਇਗਾ) ਸਾਡੀ ਨਿੱਕੀ ਹਾਇਕੁਕਾਰਾ ਸੁਪ੍ਰੀਤ ਦਾ ਹੈ। ਇਸ ਨੂੰ ਹਾਇਕੁ ਜੁਗਲਬੰਦੀ ਦੇ ਰੂਪ 'ਚ ਮੈਂ ਅੱਗੇ ਵਧਾਉਂਦੀ ਹੋਈ ਸਾਡੇ ਮੰਚ ਦੇ ਸਾਰੇ ਪਾਠਕਾਂ ਤੇ ਲੇਖਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੰਦੀ ਹਾਂ। ਆਸ ਕਰਦੀ ਹਾਂ ਕਿ ਆਪ ਇਸ ਨਿੱਘੇ ਸੱਦੇ ਨੂੰ ਕਬੂਲਦੇ ਹੋਏ ਆਪਣੀਆਂ ਹਾਇਕੁ ਪੈੜਾਂ ਜ਼ਰੂਰ ਪਾਓਗੇ।



1.
ਬੁੱਢਾ ਬੋਹੜ
ਬਾਬੇ ਦੀਆਂ ਝੁਰੀਆਂ
ਲੱਗਣ ਇੱਕੋ 

ਸੁਪ੍ਰੀਤ ਕੌਰ ਸੰਧੂ-ਜਮਾਤ ਨੌਵੀਂ 

2.
ਆਥਣ ਵੇਲ਼ਾ
ਨੀਝ ਲਾ ਬਾਬਾ ਤੱਕੇ
ਬੁੱਢਾ ਬੋਹੜ 

ਡਾ. ਹਰਦੀਪ ਕੌਰ ਸੰਧੂ

3.
ਬਾਬਾ ਬੋਹੜ 
ਦਾੜੀ ਬਣੀ ਏ ਪੀਂਘ
ਬੱਚੇ ਝੂਟਣ

ਦਿਲਜੋਧ ਸਿੰਘ 

4.
ਬੁੱਢਾ ਬੋਹੜ 
ਉਡੀਕੇ ਆਰੀ ਵਾਲੇ 
ਧੂੰਆਂ ਅਸਹਿ ।



ਬੁੱਢਾ ਬੋਹੜ
ਸੜਕ ਦੇ ਕਿਨਾਰੇ
ਕਾਰਾਂ ਗਿਣਦਾ ।

ਬੁੱਢਾ ਬੋਹੜ
ਬਰਖਾ ਨੂੰ ਉਡੀਕੇ
ਮਿੱਟੀ ਝੜ੍ਹ ਜੂ ।


ਜਨਮੇਜਾ ਸਿੰਘ ਜੌਹਲ 
ਨੋਟ: ਇਹ ਪੋਸਟ ਹੁਣ ਤੱਕ 42 ਵਾਰ ਖੋਲ੍ਹ ਕੇ ਪੜ੍ਹੀ ਗਈ ।

25 Mar 2013

ਪੁਰਾਣਾ ਘਰ

ਪੁਰਾਣਾ ਘਰ ਜਿੱਥੇ ਸਾਡੀ ਰੂਹ ਵੱਸਦੀ ਹੋਵੇ ਚੇਤਿਆਂ 'ਚ ਸਦਾ ਸਾਡੇ ਅੰਗ-ਸੰਗ ਰਹਿੰਦਾ ਹੈ ਅਸੀਂ ਚਾਹੇ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਚਲੇ ਜਾਈਏ ! 

ਆਇਆ ਯਾਦ
ਚੇਤਿਆਂ 'ਚ ਵੱਸਦਾ
ਪੁਰਾਣਾ ਘਰ..............ਬਾਜਵਾ

ਪੁਰਾਣਾ ਘਰ
ਬੈਠਕ 'ਚ ਅੰਗੀਠੀ
ਬਾਬੇ ਦੀ ਫੋਟੋ ............ਸੰਧੂ 

ਪੁਸ਼ਤੀ ਘਰ
ਡਿਓੜ੍ਹੀ ਬੈਠਾ ਬਾਪੂ
ਮੰਜੇ 'ਤੇ ਖੂੰਡਾ ............ਥਿੰਦ

ਵਿਹੜੇ ਵਿੱਚ
ਇੱਕ ਰੁੱਖ ਸੁੱਕਿਆ
ਉਡੀਕਾਂ ਖਾਧਾ...........ਦਿਲਜੋਧ ਸਿੰਘ

ਬਾਜਵਾ ਸੁਖਵਿੰਦਰ- ਪਟਿਆਲ਼ਾ
ਡਾ. ਹਰਦੀਪ ਸੰਧੂ- ਬਰਨਾਲ਼ਾ 
ਜੋਗਿੰਦਰ ਸਿੰਘ 'ਥਿੰਦ'-ਅੰਮ੍ਰਿਤਸਰ
ਦਿਲਜੋਧ ਸਿੰਧ- ਨਵੀਂ ਦਿੱਲੀ 

11 Mar 2013

ਅਰਸ਼ੋਂ ਨੂਰ ਵਹੇ

ਤਾਂਕਾ - ਪੰਜ ਸਤਰਾਂ 'ਚ ਲਿਖਿਆ ਜਾਂਦਾ ਹੈ ਜਿਸ ਦੇ 5+7+5+7+7 ਦੇ ਅਨੁਸਾਰ ਧੁਨੀ ਖੰਡ ਹੁੰਦੇ ਹਨ। ਅੱਜ ਇੱਕ ਨਵਾਂ ਪ੍ਰਯੋਗ ਕੀਤਾ ਜਾ ਰਿਹਾ ਹੈ- ਤਾਂਕਾ ਜੁਗਲਬੰਦੀ । ਹਾਇਕੁ-ਲੋਕ ਮੰਚ ਪਹਿਲੀ ਵਾਰ ਤਾਂਕਾ - ਜੁਗਲਬੰਦੀ ਲੈ ਕੇ ਹਾਜ਼ਰ ਹੈ। ਆਸ ਕਰਦੀ ਹਾਂ ਕਿ ਆਪ ਸਭ ਨੂੰ ਇਹ ਨਿਮਾਣਾ ਜਿਹਾ ਯਤਨ ਚੰਗਾ ਲੱਗੇਗਾ। 

1.
ਚਾਂਦੀ -ਰੰਗਾ ਸੀ
ਚੰਦ ਦਾ ਹਰਫ਼ ਵੀ
ਕਾਵਿ ਪਰੋਏ
ਰਾਤ ਵੀ ਸੁਰਮਈ 
ਸਿਤਾਰਿਆਂ ਦੇ ਨਾਲ਼ ..........ਦ. ਕੌਰ 

ਚੰਦ ਚਾਨਣੀ 
ਤਾਰਿਆਂ ਦੀ ਲੋਅ 'ਚ 
ਹੱਸਦੀ ਰਾਤ
ਅਰਸ਼ੋਂ ਨੂਰ ਵਹੇ
ਬੁੱਕ ਭਰ ਪੀ ਜਾਵਾਂ ..........ਹ. ਕੌਰ

2.
ਕੋਇਲ ਕੂਕਾਂ 
ਹਿਜ਼ਰਾਂ ਦੀਆਂ ਹੂਕਾਂ 
ਚਰਖੇ ਡਾਹੇ
ਦੱਸ ਤਾਂ ਵੇ ਫੌਜੀਆ 
ਸਾਡੀ ਯਾਦ ਵੀ ਆਵੇ ........ਦ. ਕੌਰ 

ਬਾਗੀਂ ਕੋਇਲਾਂ
ਲਿਫ਼-ਲਿਫ਼ ਟਾਹਣਾ
ਤੱਕਣ ਰਾਹਾਂ 
ਮਾਹੀ ਪਰਦੇਸੀਆ 
ਅੱਖਾਂ ਉੱਡੀਕਦੀਆਂ ........ਹ. ਕੌਰ 

ਪ੍ਰੋ. ਦਵਿੰਦਰ ਕੌਰ ਸਿੱਧੂ ( ਦੌਧਰ-ਮੋਗਾ)

ਡਾ. ਹਰਦੀਪ ਕੌਰ ਸੰਧੂ (ਬਰਨਾਲ਼ਾ-ਸਿਡਨੀ) 

ਨੋਟ: ਇਹ ਪੋਸਟ ਹੁਣ ਤੱਕ 27 ਵਾਰ ਖੋਲ੍ਹ ਕੇ ਪੜ੍ਹੀ ਗਈ ।

3 Mar 2013

ਸਾਗਰ ਤੇ ਅੰਬਰ- ਜੁਗਲਬੰਦੀ


ਕਈ ਵਾਰ ਰੁਝੇਵੇਂ ਐਨੇ ਵੱਧ ਜਾਂਦੇ ਹਨ ਕਿ ਸਾਡੇ ਕੋਲ਼ ਆਪਣੇ-ਆਪ ਲਈ ਵਕਤ ਨਹੀਂ ਹੁੰਦਾ। ਇਹ ਗੱਲ ਤਾਂ ਸਾਫ਼ ਹੈ ਕਿ ਇੱਕ ਲਿਖਾਰੀ ਕੋਲ਼ ਜਦੋਂ ਆਪਣੇ -ਆਪ ਲਈ ਸਮਾਂ ਹੋਵੇਗਾ ਤਾਂ ਓਹ ਕੁਝ ਨਾ ਕੁਝ ਲਿਖੇਗਾ ਜ਼ਰੂਰ । ਸ਼ਾਇਦ ਏਹੋ ਕਾਰਨ ਹੋਵੇ ਇਸ ਕਲਮ ਦੀ ਲੰਬੀ ਚੁੱਪੀ ਦਾ, ਜਿਸ ਨੇ ਅੱਜ ਫਿਰ ਹਾਜ਼ਰੀ ਲੁਆਈ ਹੈ। ਜਦੋਂ-ਜਦੋਂ ਕੋਈ ਆਪਣੀ ਚੁੱਪੀ ਤੋੜਦਾ ਹੈ ਤਾਂ ਮੇਰੀ ਕਲਮ ਖੁਦ-ਬ-ਖੁਦ ਓਸ ਦਾ ਹੁੰਗਾਰਾ ਭਰਨ ਲਈ ਨਾਲ਼ ਹੋ ਤੁਰਦੀ ਹੈ; ਜੋ ਅੰਤਿਮ ਰੂਪ 'ਚ ਜੁਗਲਬੰਦੀ ਹੋ ਨਿਬੜਦੀ ਹੈ। ਲਓ ਪੇਸ਼ ਹੈ ਇੱਕ ਝਲਕ........


1.
ਕਦੇ ਸਾਗਰ 
ਕਦੇ ਅੰਬਰ ਹੋਈ
ਇੱਕ ਕਿਤਾਬ......... ਸ. ਬਾਜਵਾ

ਪੜ੍ਹੇ ਕਿਤਾਬ
ਸਾਗਰ ਤੇ ਅੰਬਰ
ਲੰਘਦਾ ਪਾਰ...........ਹ. ਸੰਧੂ

2.
ਕਿੰਨੇ ਕੁ ਡੂੰਘੇ
ਦਿਲ ਅਤੇ ਦਰਿਆ 
ਡੁੱਬ ਤਾਂ ਜਾਣਾ........ਸ. ਬਾਜਵਾ

ਦਿਲ ਧੜਕੇ
ਕਲ-ਕਲ ਦਰਿਆ
ਵਹਿੰਦਾ ਜਾਵਾਂ ........ਹ. ਸੰਧੂ 


ਬਾਜਵਾ ਸੁਖਵਿੰਦਰ
ਮਹਿਮਦ ਪੁਰ( ਪਟਿਆਲਾ)
ਡਾ. ਹਰਦੀਪ ਕੌਰ ਸੰਧੂ
ਸਿਡਨੀ-ਬਰਨਾਲ਼ਾ

ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ।

21 Feb 2013

ਰੰਗ ਬਸੰਤੀ

ਬਸੰਤ ਦੀ ਰੁੱਤ ਆਉਣ 'ਤੇ ਅਸੀਂ ਇਹ ਸਮਝ ਲੈਂਦੇ ਹਾਂ ਕਿ ਇਹ ਹਰ ਇੱਕ ਲਈ ਇੱਕੋ ਜਿਹੇ ਰੰਗਾਂ ਦੀ ਬਹਾਰ ਲੈ ਕੇ ਆਈ ਹੈ । ਪਰ ਅਜਿਹਾ ਹੁੰਦਾ ਨਹੀਂ ਸਦਾ। ਬਾਹਰੀ ਬਸੰਤ ਦੇ ਨਾਲ਼-ਨਾਲ਼ ਮਨ ਦੀ ਬਸੰਤ ਦਾ ਖਿੜਨਾ ਵੀ ਜ਼ਰੂਰੀ ਹੁੰਦਾ ਹੈ । ਸੋ ਕੋਸ਼ਿਸ਼ ਕਰੀਏ ਕਿ ਮਨ ਵਿਹੜੇ ਨੂੰ ਬਸੰਤੀ ਰੰਗਾਂ ਤੋਂ ਵਾਂਝੇ ਨਾ ਹੋਣ ਦੇਈਏ । ਅੱਜ ਦੀ ਪੋਸਟ ਹਾਇਕੁ -ਜੁਗਲਬੰਦੀ ਦੀ ਪੋਸਟ ਹੈ ਜੋ ਬਾਹਰੀ ਤੇ ਅੰਦਰੂਨੀ ਬਸੰਤ ਦੀ ਬਾਤ ਪਾਉਂਦੀ ਹੈ ।

1.
ਵਿੱਚ ਪ੍ਰਦੇਸਾਂ
ਬਸੰਤ ਨਾ ਆਉਂਦੀ
ਝੂਠ ਦਲੀਲਾਂ ...............ਦ. ਸਿੰਘ

ਪ੍ਰਦੇਸੀਂ ਆਈ
ਬਸੰਤ ਨਾ ਦਿੱਖਦੀ
ਸੱਜਣਾਂ ਬਿਨਾ ..............ਹ. ਕੌਰ

2.
ਫੁੱਲ ਸਰੋਂ ਦਾ
ਜਿਸ ਧਰਤੀ ਦਿੱਸੇ
ਛੱਡ ਏ ਦਿੱਤੀ ...............ਦ. ਸਿੰਘ

ਧਰਤੀ ਛੱਡੀ
ਸਰੋਂ ਫੁੱਲਾਂ ਵਾਲੜੀ 
ਮੋਹ ਨਹੀਂਓ.................ਹ.ਕੌਰ

3.
ਫਿੱਕਾ ਹੋਇਆ
ਹੁਣ ਰੰਗ ਬਸੰਤੀ
ਕੱਚੇ ਰੰਗ ਨੇ ...............ਦ. ਸਿੰਘ

ਰੰਗ ਬਸੰਤੀ
ਰੰਗਦੇ ਕੁਦਰਤ
ਖਿੜੇ ਚੁਫੇਰਾ ...............ਹ. ਕੌਰ

4.
ਮਰੀ ਬਸੰਤ
ਮੋਹਣ ਕਵੀ ਬਣ
ਲਿਖੀ ਬਸੰਤ ...............ਦ. ਸਿੰਘ

ਤੇਰੇ ਵਿਹੜੇ
ਅਜੇ ਜੀਵੇ ਬਸੰਤ
ਭਰ ਝੋਲੀਆਂ ...............ਹ. ਕੌਰ

ਦਿਲਜੋਧ ਸਿੰਘ 
(ਨਵੀਂ ਦਿੱਲੀ-ਯੂ.ਐਸ.ਏ.)
ਡਾ.ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)
 ( ਨੋਟ: ਇਹ ਪੋਸਟ ਹੁਣ ਤੱਕ 43 ਵਾਰ ਖੋਲ੍ਹ ਕੇ ਪੜ੍ਹੀ ਗਈ )