ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Dec 2015

ਜੋੜ ਘਟਾਓ (ਸੇਦੋਕਾ)

.
1.
ਇਹ ਜ਼ਿੰਦਗੀ
ਸਮੇਂ ਦਾ ਵਹੀ ਖਾਤਾ
ਸਭ ਜੋੜ ਘਟਾਓ

ਸਮੇਂ ਦੇ ਨਾਲ 
ਨਦੀ  ਵਾਂਗ ਵਹਿਣਾ
ਬਸ ਇਹੋ ਜ਼ਿੰਦਗੀ। 

2.
ਫੈਲ ਗਿਆ ਤਾਂ
ਇੱਕ ਸਮੁੰਦਰ ਹਾਂ
ਕੋਈ ਬੂੰਦ ਤਾਂ ਨਹੀਂ 
ਸੱਚਾ ਇਸ਼ਕ
ਨਾਜ਼ੁਕ ਹੈ ਰਿਸ਼ਤਾ 
ਹੈ ਇੱਕ ਕੱਚਾ ਘੜਾ। 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ)
ਨੋਟ: ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ

10 Dec 2015

ਉਧਾਰੇ ਬੋਲ            ਬਸੰਤੀ ਰੁੱਤ ਦਾ ਆਮ ਜਿਹਾ ਧੁੱਪੀਲਾ ਦਿਨ। ਖਿੜੇ ਫੁੱਲਾਂ ਜਿਹੀ ਹਾਸੀ  ਡੋਲ੍ਹਦੇ ਗੱਲਾਂ 'ਚ ਗੜੁਚ ਵਿਦਿਆਰਥੀ। ਪਰ ਉਹ ਤਾਂ ਅੱਜ ਵੀ ਹਮੇਸ਼ਾਂ ਵਾਂਗ ਇੱਕ ਪਾਸੇ ਚੁੱਪ -ਗੜੁੱਪ ਬੈਠੀ ਸੀ। ਉਹੀਓ ਭਾਵਹੀਣ ਚਿਹਰਾ, ਸਿਉਂਤੇ ਬੁੱਲ੍ਹ ਤੇ ਝੁਕੀਆਂ ਨਜ਼ਰਾਂ। ਲੱਗਦਾ ਸੀ ਕਿ ਉਸ ਨੇ ਉਮਰਾਂ ਲੰਬੀ ਚੁੱਪ ਨਾਲ ਸਾਂਝ ਪਾ ਲਈ ਹੈ। ਨਾ ਉਹ ਗੂੰਗੀ ਹੈ ਤੇ ਨਾ ਹੀ ਬੋਲੀ ਪਰ ਫਿਰ ਵੀ ਓਹ ਆਪਣੇ ਦੁਆਲੇ ਦੂਰ -ਦੂਰ ਤੱਕ ਪਸਰੀ ਚੁੱਪੀ ਦੇ ਮਾਰੂਥਲਾਂ ਦੇ ਪੈਂਡੇ ਨਿੱਤ ਤਹਿ ਕਰਦੀ ਜਾਪਦੀ ਹੈ ।
    ਪਹਿਲਾਂ -ਪਹਿਲਾਂ ਤਾਂ ਮੈਨੂੰ ਲੱਗਾ ਕਿ ਉਹ ਹੱਦ ਤੋਂ ਵੱਧ ਸ਼ਰਮੀਲੀ ਹੈ। ਹੌਲ਼ੀ  -ਹੌਲ਼ੀ ਖੁੱਲ੍ਹ ਜਾਵੇਗੀ। ਪਰ ਇਹ ਦਿਨ ਕਦੇ ਨਹੀਂ ਆਇਆ। ਪੰਦਰਾਂ ਕੁ ਸਾਲਾਂ ਨੂੰ ਢੁੱਕੀ ਇਸ ਅਣਭੋਲ ਜਿਹੀ ਕੁੜੀ ਨੂੰ ਮੈਂ ਤਾਂ ਸਦਾ ਹੀ ਚੁੱਪ ਦੀ ਬੁੱਕਲ ਮਾਰੀ ਖ਼ਾਮੋਸ਼ ਪਰਛਾਵਿਆਂ ਹੇਠ ਖੜ੍ਹੋਤੇ ਤੱਕਿਆ ਹੈ। ਕਦੇ -ਕਦੇ ਉਹ ਮੈਨੂੰ ਇੱਕ ਅਣਬੁੱਝ ਸੁਆਲ ਜਿਹੀ ਜਾਪਦੀ ਹੈ ਤੇ ਕਦੇ ਧਰਤ -ਅੰਬਰਾਂ ਦੇ ਡੂੰਘੇ ਰਹੱਸ ਵਰਗੀ । ਉਸ  ਦੇ ਕੋਮਲ ਬੁੱਲ੍ਹਾਂ 'ਤੇ ਹਾਸੀ ਨੇ ਕਦੇ ਦਸਤੱਕ ਨਹੀਂ ਦਿੱਤੀ ਸੀ, ਸ਼ਾਇਦ ਜਨਮੀ ਤਾਂ ਉਹ ਚੁੱਪੀ ਵਿੱਚ ਨਹੀਂ ਹੋਵੇਗੀ। ਸਧਾਰਨ ਜਿਹੇ ਨੈਣ -ਨਕਸ਼ਾਂ ਵਾਲੀ ਉਹ ਦੀਵਾਨਗੀ ਦੀ ਹੱਦ ਤੱਕ ਵਿਵਸਥਿਤ ਤੇ ਸਲੀਕੇ ਵਾਲੀ ਹੈ। ਹੁਣ ਵੀ ਉਹ ਸੂਹੇ -ਸੂਹੇ ਅੱਖਰਾਂ ਨੂੰ ਚਿਣ -ਚਿਣ ਕੇ ਕੋਰੇ ਪੰਨਿਆਂ 'ਤੇ ਸਜਾ ਰਹੀ ਹੈ।
        ਧੁਰ ਅੰਦਰ ਤੱਕ ਲਹਿੰਦੀ ਉਸਦੀ ਚੁੱਪੀ ਨੇ ਮੇਰੇ ਦਿਲ -ਦਿਮਾਗ ਦੀਆਂ ਪਰਤਾਂ ਫਰੋਲ ਦਿੱਤੀਆਂ। ਚੁੱਪੀ ਦੀ ਭਾਸ਼ਾ ਮਹਿਸੂਸਣ 'ਤੇ ਮੈਨੂੰ ਉਸ ਦੇ ਨਿੱਜ ਨਾਲ ਜੁੜੀ ਅੰਦਰੂਨੀ ਪੀੜ ਦਾ ਅਹਿਸਾਸ ਹੋਇਆ। ਉਹ ਤਾਂ 'ਸਿਲੈਕਟਿਵ ਮਿਊਟਿਜ਼ਮ' ਨਾਂ ਦੇ ਇੱਕ ਅਵੱਲੇ ਜਿਹੇ ਰੋਗ ਨਾਲ ਪੀੜਿਤ ਹੈ। ਉਸ ਨੇ ਆਪਣੇ ਬੋਲਾਂ ਦੀ ਸਾਂਝ ਸਿਰਫ਼ ਆਪਣੇ ਖੂਨੀ ਰਿਸ਼ਤਿਆਂ ਨਾਲ ਹੀ ਪਾਈ ਹੋਈ ਹੈ। ਘਰ ਦੀਆਂ ਬਰੂਹਾਂ ਤੋਂ ਬਾਹਰ ਪੈਰ ਧਰਦੇ ਹੀ ਉਹ ਚੁੱਪੀ ਦੀ ਹਨ੍ਹੇਰੀ ਗੁਫ਼ਾ 'ਚ ਕਿਧਰੇ ਗੁੰਮ ਹੋ ਜਾਂਦੀ ਹੈ। ਉਸ ਦੇ ਮੂੰਹੋਂ ਕਦੇ ਇੱਕ ਬੋਲ ਵੀ ਨਹੀਂ ਕਿਰਿਆ ਘਰ ਦੀ ਜੂਹ ਦੇ ਏਸ ਪਾਰ। ਉਹ ਤਾਂ ਇੱਕ ਬੰਦ ਸ਼ੀਸ਼ੇ ਦੇ ਡੱਬੇ ਵਿੱਚ ਜਿਉਂ ਰਹੀ ਹੈ ਜਿੱਥੋਂ ਉਹ ਦੁਨੀਆਂ ਨੂੰ ਵੇਖ ਤਾਂ ਸਕਦੀ ਹੈ ਪਰ ਆਪ ਬਾਹਰ ਨਹੀਂ ਨਿਕਲ ਸਕਦੀ। ਓਥੇ  ਬੈਠੀ ਉਹ ਚੀਖਦੀ ਤਾਂ ਹੈ ਪਰ ਕੋਈ ਉਸ ਨੂੰ ਸੁਣ ਨਹੀਂ ਸਕਦਾ।ਨਾ  ਕਿਸੇ ਨੇ ਉਸ ਨੂੰ ਕੁਝ ਖਾਂਦੇ -ਪੀਂਦੇ ਤੱਕਿਆ ਹੈ ਤੇ ਨਾ ਸੱਟ -ਫੇਟ ਲੱਗਣ 'ਤੇ ਕਦੇ  ਰੋਂਦੇ। ਸ਼ਾਇਦ ਆਪਣੇ ਹੰਝੂਆਂ ਨੂੰ ਉਹ ਅੰਦਰ ਹੀ ਪੀ ਜਾਂਦੀ ਹੋਵੇਗੀ । ਸ਼ਬਦ ਉਸ ਦੇ ਮੂੰਹ 'ਚ ਹੁੰਦੇ ਨੇ ਪਰ ਬਾਹਰ ਨਹੀਂ ਆਉਂਦੇ। ਸ਼ੋਰ -ਸ਼ਰਾਬਾ ਉਸ ਦੀ ਏਸ ਚੁੱਪੀ ਨੂੰ ਹੋਰ ਗਾੜ੍ਹਾ ਕਰ ਦਿੰਦਾ ਹੈ। ਹੁਣ ਤਾਂ ਚੁੱਪੀ ਹੀ ਉਸ ਦੀ ਪਛਾਣ ਬਣ ਗਈ ਹੈ।
        ਭਰੇ ਦਰਿਆਵਾਂ ਜਿਹੇ ਮਨ ਤੇ ਸੱਖਣੀਆਂ ਜਿਹੀਆਂ ਨਿਗ੍ਹਾਵਾਂ ਨਾਲ ਹੁਣ ਵੀ ਉਹ ਖਿੜਕੀ 'ਚੋਂ ਬਾਹਰ ਤੱਕ ਰਹੀ ਹੈ, ਰੁੱਖ ਦੀ ਟਹਿਣੀ ਬੈਠੀਆਂ ਰੰਗੀਨ ਚਿੜੀਆਂ ਵੱਲ । ਸ਼ਾਇਦ ਇਹ ਚਿੜੀਆਂ ਹੀ ਉਸ ਦੀ ਏਸ ਚੁੱਪੀ ਨੂੰ ਦੋ ਬੋਲ ਉਧਾਰੇ ਦੇ ਜਾਣ। 
ਡੂੰਘੀਆਂ ਸ਼ਾਮਾਂ
ਚਹਿਕਣ ਚਿੜੀਆਂ
ਛੰਡਦੀ ਚੁੱਪ।

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ

6 Dec 2015

ਚੰਦ ਚਾਨਣੀ

1.
ਨੀਲਾ ਅੰਬਰ 
ਚੰਦ ਤਾਰੇ ਤੁਰਦੇ 
ਬੈਠਾ ਹੇਠਾਂ 'ਕੱਲਾ ਮੈਂ 
ਟੁੱਟਿਆ ਤਾਰਾ 
ਪਲ ਦਾ ਝਲਕਾਰਾ 
ਫਿਰ ਛਾਈ ਉਦਾਸੀ। 
2.
ਚੰਦ ਚਾਨਣੀ 
ਰਾਤ ਦੇ ਜ਼ਖਮਾਂ ਦੀ 
ਭਰ ਰਹੀ ਗਵਾਹੀ 
ਬ੍ਰਿਛਾਂ ਓਹਲੇ 
ਚੰਦ ਲੁਕ ਕੇ ਦੇਖੇ 
ਸਭ ਸਾਡੇ ਗੁਨਾਹ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ :ਹੁਸ਼ਿਆਰਪੁਰ 

ਨੋਟ: ਇਹ ਪੋਸਟ ਹੁਣ ਤੱਕ 111 ਵਾਰ ਪੜ੍ਹੀ ਗਈ

3 Dec 2015

ਚੁੰਬਕੀ ਮੁਸਕਾਨ

ਐਤਵਾਰ ਦਾ ਠੰਡ ਵਾਲਾ ਦਿਨ। ਅਖੰਡਪਾਠ ਦੇ ਭੋਗ 'ਤੇ ਜਾਣ ਲਈ ਹੰਸਲੋ ਤੋਂ ਈਸਟ ਲੰਡਨ ਤੱਕ ਅੰਡਰ ਗਰਾਉਂਡ ਟਿਊਬ ਦਾ ਸਫ਼ਰ। ਬਾਹਰ ਠੰਡ ਤੇ ਮਨ 'ਚ ਗਰਮਾ -ਗਰਮ ਵਿਚਾਰੋਂ ਦਾ ਸੰਘਰਸ਼। ਤੇਜ਼ੀ 'ਚ ਟਰੇਨਾਂ 'ਚ ਧੱਕੇ ਖਾਂਦੇ ਜਾਓ ਤੇ ਹਨ੍ਹੇਰਾ ਹੋਣ ਦੇ ਡਰ ਨਾਲ ਝੱਟ ਮੁੜ ਪਓ। ਨਾ ਕਿਸੇ ਨਾਲ ਠੀਕ ਤਰਾਂ ਮਿਲਿਆ ਜਾਂਦਾ ਤੇ ਨਾ ਹੀ ਕੋਈ ਗੱਲ ਬਾਤ।
         ਛੁੱਟੀ ਵਾਲੇ ਦਿਨ ਵੀ ਬਹੁਤ ਭੀੜ ਸੀ ਟ੍ਰੇਨ 'ਚ। ਕਿਸਮਤ ਨਾਲ ਸੀਟ ਮਿਲ ਗਈ ਸੀ। ਸਮਾਨ ਦੇ ਨਾਲ ਲੋਕਾਂ ਦਾ ਚੜ੍ਹਨਾ -ਉਤਰਨਾ ਹੋਣ ਕਰਕੇ ਗੋਡੇ 'ਕੱਠੇ ਕਰਕੇ ਬਹਿਣਾ ਪਿਆ। ਹਰ ਸਟੇਸ਼ਨ 'ਤੇ ਜਿੰਨੇ ਉਤਰਦੇ ਓਨੇ ਹੀ ਚੜ੍ਹ ਜਾਂਦੇ। ਭੀੜ ਓਵੇਂ ਦੀ ਓਵੇਂ। ਕਿਸੇ ਨੂੰ ਕਿਸੇ ਤੋਂ ਕੋਈ ਪਰੇਸ਼ਾਨੀ ਨਹੀਂ ਸੀ। ਪਰ ਫਿਰ ਵੀ ਠੰਡੇ ਮੌਸਮ 'ਚ ਅਣਚਾਹੇ ਮਨ ਨਾਲ ਸਫ਼ਰ ਕਰਦਿਆਂ ਮੇਰਾ ਆਪਣੇ ਆਪ ਨੂੰ ਸਹਿਜ ਰੱਖਣ ਵਾਲਾ ਮਖੌਟਾ ਹੌਲੀ ਹੌਲੀ ਉਤਰਨ ਲੱਗਾ। ਮੈਂ ਵਾਰ ਵਾਰ ਸਟੇਸ਼ਨ ਗਿਣਦੀ ਕਿ ਕਿੰਨੇ ਬਾਕੀ ਹਨ।
          ਮੇਰੀ ਦ੍ਰਿਸ਼ਟੀ ਮੁਸਾਫਰਾਂ ਨੂੰ ਘੁੰਮ -ਘੁੰਮ ਕੇ ਵੇਖ ਰਹੀ ਸੀ। ਬਾਹਰੀ ਦੁਨੀਆਂ ਤੋਂ ਬੇਖਬਰ ਸਾਰੇ ਆਪਣੇ ਆਪ 'ਚ ਮਸਤ ਆਪਣੀ ਮੰਜ਼ਿਲ ਵੱਲ ਜਾ ਰਹੇ ਸਨ। ਮੌਨ ਧਾਰਨ ਕੀਤੇ ਹੋਏ। ਹਰ ਸਟੇਸ਼ਨ 'ਤੇ ਨਵੇਂ ਚਿਹਰੇ ਦਿਖਦੇ ਪੁਰਾਣੇ ਉਤਰ ਜਾਂਦੇ। ਦੇਸ਼ -ਵਿਦੇਸ਼ ਤੋਂ ਵੱਖੋ ਵੱਖਰੇ ਲੋਕ। ਧਿਆਨ ਓਦੋਂ ਹੀ ਭੰਗ ਹੁੰਦਾ ਜਦੋਂ ਆਉਣ ਵਾਲੇ ਸਟੇਸ਼ਨ ਦੀ ਅਨਾਊਸਮੈਂਟ ਹੁੰਦੀ ਤੇ ਸਟੇਸ਼ਨ ਆਉਣ 'ਤੇ ਸਾਵਧਾਨ ਕੀਤਾ ਜਾਂਦਾ," ਮਾਇੰਡ ਦਾ ਗੈਪ ਬਿਟਵੀਨ ਸਟੇਸ਼ਨ ਐਂਡ ਪਲੇਟਫਾਰਮ। "
        ਓਦੋਂ ਹੀ ਡੱਬੇ 'ਚ ਇੱਕ ਹੱਸਮੁੱਖ ਚਿਹਰੇ ਨੇ ਪ੍ਰਵੇਸ਼ ਕੀਤਾ। ਉਸਦੀ ਮੁਸਕਾਨ ਨੇ ਸਾਰੇ ਡੱਬੇ  ਨੂੰ ਜਗਮਗਾ ਦਿੱਤਾ। ਤਾਜ਼ੇ ਗੁਲਾਬ ਦੀ ਖਿੜੀ ਜਿਹੀ ਮੁਸਕਾਨ ਦੀ ਸੁਗੰਧ ਨੇ ਜਿਵੇਂ ਕਿਸੇ ਬਾਗ 'ਚ ਪਹੁੰਚਾ ਦਿੱਤਾ। ਖਿਝ ਵੀ ਗਾਇਬ ਹੋ ਗਈ।ਉਸਦੇ ਚਿਹਰੇ ਦੀ ਚੁੰਬਕੀ ਮੁਸਕਾਨ ਨੇ ਮੇਰੀ ਨਜ਼ਰ ਨੂੰ ਬੰਨ ਲਿਆ ਸੀ। ਮੇਰੇ ਅੰਦਰ ਜੋ ਨਿਰਾਸਤਾ ਭਰੀ ਸੀ ਪਤਾ ਨਹੀਂ ਕਿੱਥੇ ਚਲੀ ਗਈ ? ਨਾ ਉਹ ਜਾਣ -ਪਛਾਣ ਵਾਲੀ ਸੀ ਨਾ ਹੀ ਕੋਈ ਸਖੀ ਸਹੇਲੀ। ਕਿਸ ਦੇਸ਼ ਤੋਂ ਸੀ ? ਚਿਹਰੇ ਤੋਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਸੀ। ਉਹ ਕਿਤੋਂ ਸ਼ਾਇਦ ਛੁੱਟੀਆਂ ਕੱਟ ਕੇ ਆ ਰਹੀ ਸੀ। ਸਮਾਨ ਨਾਲ ਲੱਦੇ ਹੋਏ ਦੋ ਭਾਰੀ ਅਟੈਚੀ। ਏਅਰ ਪੋਰਟ ਦੇ ਟੈਗ ਵੀ ਅਜੇ ਲੱਗੇ ਹੋਏ ਸਨ। 
         ਕੋਈ ਅਣਜਾਨ ਆਪਣੀ ਮਿੱਠੀ ਮੁਸਕਾਨ ਨਾਲ ਆਕਰਸ਼ਿਤ ਕਰਦਾ ਹੋਇਆ ਕਈਆਂ ਨੇ ਦੇਖਿਆ ਹੋਵੇਗਾ। ਲੇਕਿਨ ਅਜਿਹੀ ਚੁੰਬਕੀ ਮੁਸਕਾਨ ਕਿਤੇ ਨਹੀਂ ਮਿਲਦੀ। ਸਾਡਾ ਇੱਕ ਦੂਜੇ ਨਾਲ ਮੂਕ ਵਾਰਤਾਲਾਪ ਕੁਝ ਪਲਾਂ ਦਾ ਹੀ ਸੀ। ਮੇਰਾ ਸਟੇਸ਼ਨ ਵੀ ਆ ਗਿਆ ਸੀ। ਮੈਂ ਉਤਰ ਕੇ ਮੁੜ ਕੇ ਦੇਖਿਆ ਜਿਵੇਂ ਉਸ ਤੋਂ ਵਿਦਾ ਲੈ ਰਹੀ ਹੋਵਾਂ। ਪਰ ਟਰੇਨ ਜਾ ਚੁੱਕੀ ਸੀ। ਮਨ ਉਦਾਸ ਸੀ ਕਿ ਉਸ ਮੁਸਕਾਨ ਦੀ ਸ਼ੀਤਲਤਾ ਤੇ ਮਧੁਰਤਾ ਭਰੀ ਖਿੱਚ ਕਿਤੋਂ ਮਿਲਣ ਵਾਲੀ ਨਹੀਂ ਸੀ। ਐਨੇ ਵੱਡੇ ਵਿਸ਼ਵ 'ਚ ਬਿਨਾ ਨਾਮ ਪਤੇ ਤੋਂ ਕਿਸੇ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ। ਓਦੋਂ ਹੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਉਸਨੂੰ ਟਰੇਨ 'ਚ ਛੱਡ ਕੇ ਨਹੀਂ ਆਈ ਬਲਕਿ ਉਹ ਤਾਂ ਮੇਰੇ ਨਾਲ -ਨਾਲ ਚੱਲੀ ਆਈ ਹੈ ਮੇਰੇ ਮਨ 'ਚ ਬੈਠ ਕੇ, ਜੁਦਾ ਨਾ ਹੋਣ ਲਈ। ਉਦਾਸੀ ਭਰੇ ਮਨ ਨੂੰ ਸ਼ੀਤਲਤਾ ਦਾ ਛਿੜਕਾਵ ਕਰਕੇ ਜਿਵੇਂ ਪ੍ਰਭੂ ਦੀ ਮਾਇਆ ਹੀ ਆਪਣੀ ਜਾਦੁਈ ਮੁਸਕਾਨ ਬਿਖੇਰਨ ਆਈ ਸੀ ਉਹ। ਮੇਰੇ ਕਦਮ ਬਿਨਾਂ ਕਿਸੇ ਆਨਾ ਕਾਨੀ ਤੋਂ ਟਰੇਨ ਸਟੇਸ਼ਨ ਤੋਂ ਬਾਹਰ ਆਪਣੀ ਰਾਹ ਚੱਲ ਪਏ। 

ਛਟੇ ਬੱਦਲ
ਸੂਰਜ ਦੀ ਕਿਰਨ
ਕੀਤਾ ਉਜਾਲਾ।

ਕਮਲਾ ਘਟਾਔਰਾ 

ਨੋਟ: ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ।